ਹਿੰਦੂਤਵੀ ਖ਼ੌਫ਼ ਖ਼ਿਲਾਫ਼ ਦੱਖਣੀ ਏਸ਼ਿਆਈ ਭਾਈਚਾਰੇ ਨੇ ਸਰੀ ਵਿੱਚ ਕੀਤਾ ਪ੍ਰਦਰਸ਼ਨ

ਹਿੰਦੂਤਵੀ ਖ਼ੌਫ਼ ਖ਼ਿਲਾਫ਼ ਦੱਖਣੀ ਏਸ਼ਿਆਈ ਭਾਈਚਾਰੇ ਨੇ ਸਰੀ ਵਿੱਚ ਕੀਤਾ ਪ੍ਰਦਰਸ਼ਨ

ਕੈਪਸ਼ਨ-ਰੋਸ ਵਿਖਾਵੇ ਵਿੱਚ ਹਿੱਸਾ ਲੈ ਰਹੇ ਚਿੱਤਰਕਾਰ ਜਰਨੈਲ ਸਿੰਘ ਅਤੇ ਹੋਰ।
ਸਰੀ/ਬਿਊਰੋ ਨਿਊਜ਼ :
ਇਥੇ ਵੱਸਦੇ ਦੱਖਣੀ ਏਸ਼ਿਆਈ ਪਿਛੋਕੜ ਵਾਲੇ ਭਾਈਚਾਰੇ ਨੇ ਹੌਲੈਂਡ ਪਾਰਕ ਵਿੱਚ ਰੋਸ ਵਿਖਾਵਾ ਕੀਤਾ ਜਿਸ ਦਾ ਮੁੱਖ ਮਕਸਦ ਭਾਰਤ ਵਿੱਚ ਹਿੰਦੂਤਵ ਦਹਿਸ਼ਤਗਰਦੀ ਦੇ ਵਧ ਰਹੇ ਖ਼ੌਫ਼ ਦੀ ਮੁਖ਼ਾਲਫ਼ਤ ਕਰਨਾ ਸੀ। ਇਹ ਰੋਸ ਵਿਖਾਵਾ ਗੁਜਰਾਤ ਕਤਲੇਆਮ ਦੀ 15ਵੀਂ ਅਤੇ ਸਮਝੌਤਾ ਬੰਬ ਧਮਾਕੇ ਦੀ 10ਵੀਂ ਵਰ੍ਹੇਗੰਢ ਮੌਕੇ ਮਾਸਕ ਪਰਚੇ ‘ਰੈਡੀਕਲ ਦੇਸੀ’ ਦੀ ਅਗਵਾਈ ਵਿੱਚ ਕੀਤਾ ਗਿਆ।
ਰੋਸ ਵਿਖਾਵੇ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਧਾਰਮਿਕ ਘੱਟ-ਗਿਣਤੀਆਂ ਉੱਤੇ ਲਗਾਤਾਰ ਹੋ ਰਹੇ ਹਮਲਿਆਂ ਦੀ ਤਿੱਖੀ ਨੁਕਤਾਚੀਨੀ ਕੀਤੀ। ਇਸ ਮੌਕੇ ਉਨ੍ਹਾਂ ਗੁਜਰਾਤ ਕਤਲੇਆਮ ਅਤੇ ਸਮਝੌਤਾ ਬੰਬ ਧਮਾਕਿਆਂ ਦੇ ਪੀੜਤਾਂ ਨੂੰ ਨਿਆਂ ਦੇਣ ਦਾ ਹੋਕਾ ਦਿੱਤਾ। ਵਿਖਾਵੇ ਵਿੱਚ ਸ਼ਾਮਲ ਲੋਕਾਂ ਨੇ ਕੱਟੜ ਹਿੰਦੂਤਵੀ ਜਥੇਬੰਦੀਆਂ ਵੱਲੋਂ ਪੈਦਾ ਕੀਤੇ ਜਾ ਰਹੇ ਖ਼ੌਫ਼ ਬਾਰੇ ਫ਼ਿਕਰ ਜ਼ਾਹਰ ਕਰਦਿਆਂ ਇਸ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਮੰਗ ਕੀਤੀ ਕਿ ਅਜਿਹੀ ਜਥੇਬੰਦੀ ਨੂੰ ਨਕੇਲ ਪਾਈ ਜਾਵੇ ਤਾਂ ਕਿ ਬੇਕਸੂਰ ਲੋਕਾਂ ਨੂੰ ਨੁਕਸਾਨ ਨਾ ਪੁੱਜੇ। ਬੁਲਾਰਿਆਂ ਵਿੱਚ ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼ ਵੱਲੋਂ ਸ਼ਾਹਜ਼ਾਦ ਨਜ਼ੀਰ ਖ਼ਾਨ, ਕੁਲੀਸ਼ਨ ਅਗੇਂਸਟ ਬਿਗਟਰੀ ਵੱਲੋਂ ਇਮਤਿਆਜ਼ ਪੋਪਟ, ਜਰਨੈਲ ਸਿੰਘ ਚਿੱਤਰਕਾਰ, ਪ੍ਰਗਤੀਸ਼ੀਲ ਲਿਖਾਰੀ ਅੰਮ੍ਰਿਤ ਦੀਵਾਨਾ ਅਤੇ ‘ਰੈਡੀਕਲ ਦੇਸੀ’ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਸ਼ਾਮਲ ਸਨ।
ਇਸ ਮੌਕੇ ਜਰਨੈਲ ਸਿੰਘ ਚਿੱਤਰਕਾਰ ਵੱਲੋਂ ਸਮਝੌਤਾ ਬੰਬ ਧਮਾਕਿਆਂ ਦੇ ਪੀੜਤਾਂ ਦੀ ਯਾਦ ਵਿਚ ਬਣਾਏ ਚਿੱਤਰ ਦੀ ਨੁਮਾਇਸ਼ ਲਾਈ ਗਈ।