ਗੁਰਦੁਆਰਾ ਸੰਤ ਸਾਗਰ ਵਲੋਂ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ

ਗੁਰਦੁਆਰਾ ਸੰਤ ਸਾਗਰ ਵਲੋਂ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ

ਨਿਊਯਾਰਕ/ਬਿਊਰੋ ਨਿਊਜ਼:
ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਵੱਲੋਂ ਗੁਰਪੁਰਬ ਨੂੰ ਸਮਰਪਿਤ ਗਿਆਰਵਾਂ ਮਹਾਨ ਨਗਰ ਕੀਰਤਨ ਬੜੀ ਸ਼ਰਧਾ ਭਾਵਨਾ ਨਾਲ ਬੈਲਰੋਜ਼ ਦੀ ਧਰਤੀ ਤੋਂ ਕੱਢਿਆ ਗਿਆ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਨੂੰ ਗੁਰੂ ਘਰ ਤੋਂ ਅਰਦਾਸ ਕਰਕੇ ਪਾਲਕੀ ਸਾਹਿਬ ਵਿਚ ਸਜਾਇਆ ਗਿਆ। ਬਾਬਾ ਸੱਜਣ ਸਿੰਘ ਅਤੇ ਗਿਆਨੀ ਹਰਦੇਵ ਸਿੰਘ ਹੈੱਡ ਗ੍ਰੰਥੀ ਜੀ ਦੇ ਨਾਲ ਸਮੁੱਚੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਲੋਟ ਦੇ ਪਿੱਛੇ ਪਿੱਛੇ ਚਲੀਆਂ। ਪ੍ਰਸਿੱਧ ਰਾਗੀ ਭਾਈ ਬਲਜਿੰਦਰ ਸਿੰਘ ਨੇ ਕੀਰਤਨ ਆਰੰਭ ਕੀਤਾ।
ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਗੁਰੂ ਘਰ ਤੋਂ ਹਿੱਲ ਸਾਈਡ ਐਵਨਿਓ ਉਤੋਂ ਚਲਦਾ ਹੋਇਆ ਲਿਟਲ ਨੈਕ ਐਵਿਨਿਉ ਉਤੇ ਪਹੁੰਚਿਆ। ਗੁਰੂ ਘਰ ਵੱਲੋਂ ਹੈਲੀਕੈਪਟਰ ਰਾਹੀਂ ਫੁੱਲਾਂ ਦੀ ਵਰਖਾ ਕਰਵਾਉਣ ਦਾ ਬੰਦੋਬਸਤ ਕੀਤਾ ਗਿਆ ਸੀ ਕੋਈ 10 ਮਿੰਟ ਗੁਰੂ ਗ੍ਰੰਥ ਸਾਹਿਬ ਉਤੋਂ ਹੈਲੀਕੈਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਸੰਗਤ ਨੇ ਇਸ ਮਨਮੋਹਕ ਦ੍ਰਿਸ਼ ਦਾ ਆਨੰਦ ਮਾਣਿਆ।
ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਦਾ ਫਲੋਟ ਅੱਗੇ ਤੋਰਿਆ ਜੋ 263 ਸਟਰੀਟ ਤੋਂ ਖੱਬੇ ਪਾਸੇ 82 ਐਵਿਨਿਊ ਤੋਂ ਹੁੰਦਿਆ ਹੋਇਆ ਹੌਲੀ ਹੌਲੀ ਦੁਬਾਰਾ ਗੁਰਦੁਆਰਾ ਸਾਹਿਬ ਪਹੁੰਚਿਆ।
ਰਾਗੀ ਭਾਈ ਬਲਜਿੰਦਰ ਸਿੰਘ ਤੋਂ ਇਲਾਵਾ ਭਾਈ ਪਰਮਜੀਤ ਸਿੰਘ ਜੀ ਖਾਲਸਾ ਦਿੱਲੀ ਵਾਲੇ ਭਾਈ ਭਾਨ ਸਿੰਘ ਭੋਰਾ ਨੇ ਗੁਰੂ ਮਹਾਰਾਜ ਦੇ ਗੁਣ ਗਾਇਨ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਬਾਬਾ ਸੱਜਣ ਸਿੰਘ ਜੀ ਨੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਅਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ।
ਇਸ ਨਗਰ ਕੀਰਤਨ ਨੂੰ ਜਸ ਪੰਜਾਬੀ ਟੀ ਵੀ ਨੇ ਅਤੇ ਬੀ ਜੇ ਸਟੂਡੀਓ ਦੇ ਬਲਦੇਵ ਸਿੰਘ ਨੇ ਲਾਈਵ ਪ੍ਰੋਗਰਾਮ ਕਰਕੇ ਵਰਲਡ ਵਾਈਡ ਦਰਸ਼ਨ ਕਰਵਾਏ।