ਟਰੰਪ ਦੀਆਂ ਮੁਸ਼ਕਲਾਂ ਵਧੀਆਂ- ਪੰਜ ਔਰਤਾਂ ਨੇ ਜਿਨਸੀ ਸੋਸ਼ਣ ਦਾ ਲਾਇਆ ਦੋਸ਼

ਟਰੰਪ ਦੀਆਂ ਮੁਸ਼ਕਲਾਂ ਵਧੀਆਂ- ਪੰਜ ਔਰਤਾਂ ਨੇ ਜਿਨਸੀ ਸੋਸ਼ਣ ਦਾ ਲਾਇਆ ਦੋਸ਼

ਨਿਊ ਯਾਰਕ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਵਿਵਾਦਾਂ ਵਿੱਚ ਘਿਰ ਗਏ ਹਨ, ਜਿਸ ਦਾ ਅਸਰ ਉਨ੍ਹਾਂ ਦੀ ਪਹਿਲਾਂ ਤੋਂ ਕਮਜ਼ੋਰ ਮੁਹਿੰਮ ‘ਤੇ ਵੀ ਪੈ ਰਿਹਾ ਹੈ। ਹੁਣ ਪੰਜ ਹੋਰ ਔਰਤਾਂ ਨੇ ਟਰੰਪ ‘ਤੇ ਜਿਨਸੀ ਸੋਸ਼ਣ ਕਰਨ ਤੇ ਜਬਰਦਸਤੀ ਛੂਹਣ ਦੇ ਦੋਸ਼ ਲਗਾਏ ਹਨ। 70 ਸਾਲ ਦੇ ਰਿਪਬਲਿਕਨ ਉਮੀਦਵਾਰ ‘ਤੇ ਲੱਗੇ ਦੋਸ਼ਾਂ ਤੋਂ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਸਾਲ 2005 ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਹ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਰਹੇ ਹਨ ਅਤੇ ਸ਼ੇਖ਼ੀ ਮਾਰ ਰਹੇ ਹਨ ਕਿ ਕਿਵੇਂ ਔਰਤਾਂ ਨੂੰ ਜਬਰਦਸਤੀ ਛੂੰਹਦੇ ਤੇ ਫੜਦੇ ਸਨ ਪਰ ਸਟਾਰ ਹੋਣ ਕਾਰਨ ਬੜੇ ਸੌਖਿਆਂ ਹੀ ਬੱਚ ਜਾਂਦੇ ਸਨ। ਨਿਊ ਯਾਰਕ ਟਾਈਮਜ਼ ਨੇ ਦੋ ਔਰਤਾਂ ਵੱਲੋਂ ਟਰੰਪ ‘ਤੇ ਲਗਾਏ ਦੋਸ਼ਾਂ ਨੂੰ ਵਿਸਥਾਰ ਨਾਲ ਛਾਪਿਆ ਹੈ। ਪਾਮ ਬੀਚ ਪੋਸਟ ਮੁਤਾਬਕ ਇਕ ਹੋਰ ਔਰਤ ਨੇ ਵੀ ਅਜਿਹੇ ਹੀ ਦੋਸ਼ ਲਗਾਏ ਹਨ। ਅਪ੍ਰੈਂਟਾਈਮ ਦੀ ਜੈਨੀਫਰ ਮਰਫੀ ਦੀ ਤੇ ਪੀਪਲਜ਼ ਰਸਾਲੇ ਦੀ ਲੇਖਿਕਾ ਨਤਾਸ਼ਾ ਸਟਾਯਨਾਫ ਨੇ ਵੀ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਹਨ। 74 ਸਾਲ ਦੀ ਜੈਸਿਕਾ ਲੀਡਸ ਦਾ ਦੋਸ਼ ਹੈ ਕਿ ਤਿੰਨ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪਹਿਲਾਂ ਜਦੋਂ ਉਹ ਦੋਵੇਂ ਹਵਾਈ ਜਹਾਜ਼ ਵਿੱਚ ਇਕ ਦੂਜੇ ਨਾਲ ਬੈਠੇ ਸਨ ਤਾਂ ਟਰੰਪ ਨੇ ਉਨ੍ਹਾਂ ਨੂੰ ਜ਼ਬਰਦਸਤੀ ਛੂਹਿਆ। ਨਿਊ ਯਾਰਕ ਟਾਈਮਜ਼ ਮੁਤਾਬਕ ਰਾਸ਼ੇਲ ਨੇ ਸਾਲ 2005 ਦੀ ਘਟਨਾ ਦੱਸੀ ਹੈ ਜਦੋਂ ਉਹ ਟਰੰਪ ਟਾਵਰ ਵਿੱਚ ਇਕ ਕੰਪਨੀ ਵਿੱਚ ਕੰਮ ਕਰਦੀ ਸੀ। ਉਦੋਂ ਰਾਸ਼ੇਲ 22 ਸਾਲ ਦੀ ਸੀ ਤੇ ਉਹ ਅਤੇ ਟਰੰਪ ਇਕ ਲਿਫਟ ਵਿੱਚ ਸਨ। ਜਦੋਂ ਰਾਸ਼ੇਲ ਨੇ ਉਨ੍ਹਾਂ ਨਾਲ ਹੱਥ ਮਿਲਾਉਣਾ ਚਾਹਿਆ ਤਾਂ ਟਰੰਪ ਨੇ ਉਸ ਨੂੰ ਚੁੰਮ ਲਿਆ। 36 ਸਾਲਾ ਮਿੰਡੀ ਮੈਕਗਿਲਿਵੇਰੀ ਨੇ ਪਾਮ ਬੀਚ ਪੋਸਟ ਨੂੰ ਦੱਸਿਆ ਸੀ ਕਿ 13 ਸਾਲ ਪਹਿਲਾਂ ਟਰੰਪ ਨੇ ਉਸ ਨੂੰ ਜ਼ਬਰਦਸਤੀ ਛੂਹਿਆ ਸੀ ਤੇ ਮਰਫੀ ਨੇ ਇਕ ਅਖ਼ਬਾਰ ਨੂੰ ਦੱਸਿਆ ਕਿ 2005 ਵਿੱਚ ਇਕ ਨੌਕਰੀ ਦੀ ਇੰਟਰਵਿਊ ਦੌਰਾਨ ਟਰੰਪ ਨੂੰ ਉਸ ਨੂੰ ਚੁੰਮ ਲਿਆ ਸੀ। ਸਟਾਯਨਾਫ ਨੇ ਵੀ 2005 ਦੀ ਅਜਿਹੀ ਹੀ ਘਟਨਾ ਦਾ ਜ਼ਿਕਰ ਕੀਤਾ ਹੈ। ਬੀਤੇ ਐਤਵਾਰ ਟਰੰਪ ਨੇ ਔਰਤਾਂ ਦਾ ਸੋਸ਼ਣ ਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ ਸੀ। ਟਰੰਪ ਨੇ ਨਿਊ ਯਾਰਕ ਟਾਈਮਜ਼ ਉਪਰ ਮੁਕੱਦਮਾ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਪਹਿਲਾਂ ਬਜਫੀਡ ਨਿਊਜ਼ ਨੇ 1997 ਦੇ ਮਿਸ ਟੀਨ ਯੂਐਸਏ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਚਾਰ ਲੜਕੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਜਦੋਂ ਉਹ ਕੱਪੜੇ ਬਦਲ ਰਹੀਆਂ ਸਨ ਤਾਂ ਟਰੰਪ ਅਚਾਨਕ ਉਨ੍ਹਾਂ ਦੇ ਡਰੈਸਿੰਗ ਰੂਮ ਵਿੱਚ ਆ ਗਿਆ।
ਡੋਨਲਡ ਟਰੰਪ ਦੀਆਂ ਔਰਤਾਂ ਬਾਰੇ ਕੀਤੀਆਂ ਟਿੱਪਣੀਆਂ ਤੇ ਵੀਡੀਓ ਉਸ ਦਾ ਪਿੱਛਾ ਨਹੀਂ ਛੱਡ ਰਹੀਆਂ। ਹੁਣ ਉਸ ਦਾ 1992 ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਇਕ ਲੜਕੀ ਨੂੰ ਕਹਿ ਰਿਹਾ ਹੈ ਕਿ ਉਹ ਅਗਲੇ ਦਸ ਸਾਲ ਉਸ ਨਾਲ ਡੇਟਿੰਗ ਕਰੇਗਾ।