ਕਰਤਾਰਪੁਰ ਲਾਂਘੇ ਦੇ ਮੁੱਦੇ ‘ਤੇ ਭਾਰਤ ਸਰਕਾਰ ਭੱਜੀ

ਕਰਤਾਰਪੁਰ ਲਾਂਘੇ ਦੇ ਮੁੱਦੇ ‘ਤੇ ਭਾਰਤ ਸਰਕਾਰ ਭੱਜੀ

* ਦਹਿਸ਼ਤਗਰਦਾਂ ਵਲੋਂ ਬੀਐਸਐਫ ਜਵਾਨ ਦੀ ਹੱਤਿਆ ਨੂੰ ਬਣਾਇਆ ਬਹਾਨਾ 
* ਇਮਰਾਨ ਨੇ ਕਿਹਾ ਜਾਂਚ ਕਰਵਾ ਲਵੋ, ਸਾਡਾ ਕੋਈ ਹੱਥ ਨਹੀਂ, ਭਾਰਤ ਬਹਾਨੇ ਨਾ ਬਣਾਵੇ 
* ਜਿੰਨਾ ਚਿਰ ਤੱਕ ਸਾਡੇ ਫੌਜੀ ਕਤਲ ਹੋਣਗੇ, ਅਸੀਂ ਨਹੀਂ ਕਰਾਂਗੇ ਗੱਲਬਾਤ—ਭਾਜਪਾ
ਨਵੀਂ ਦਿੱਲੀ/ਬਿਊਰੋ ਨਿਊਜ਼ :
ਕਰਤਾਰਪੁਰ ਲਾਂਘੇ ਦੇ ਖੋਲ੍ਹਣ ਦੇ ਮੁੱਦੇ ‘ਤੇ ਭਾਰਤ ਸਰਕਾਰ ਫਿਰ ਭੱਜ ਗਈ ਹੈ ਤੇ ਉਸ ਨੇ ਪਾਕਿਸਤਾਨ ਨਾਲ ਨਿਊਯਾਰਕ ਵਿਚ ਹੋਣ ਵਾਲੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਰੱਦ ਕਰ ਦਿੱਤੀ ਹੈ। ਇਸ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਮਾਮਲਾ ਇਕ ਵਾਰ ਫਿਰ ਲਟਕਦਾ ਨਜ਼ਰ ਆ ਰਿਹਾ ਹੈ। ਇਹ ਮੁਲਾਕਾਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਸ਼ਾਹ ਮਹਿਮੂਦ ਕੁਰੈਸ਼ੀ ਵਿਚਾਲੇ ਹੋਣੀ ਸੀ। ਭਾਰਤ ਸਰਕਾਰ ਨੇ ਹੁਣ ਪਾਕਿਸਤਾਨ ਨੂੰ ਤਾੜਨਾ ਕੀਤੀ ਹੈ ਕਿ ਜਦੋਂ ਤਕ ਪਾਕਿਸਤਾਨ ਆਪਣੀ ਧਰਤੀ ‘ਤੇ ਦਹਿਸ਼ਤਗਰਦਾਂ ‘ਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਪੁਸ਼ਤ-ਪਨਾਹੀ ਖਤਮ ਨਹੀਂ ਕਰ ਦਿੰਦਾ, ਤਦ ਤਕ ਆਪਸੀ ਗੱਲਬਾਤ ਦੀ ਕੋਈ ਸੰਭਾਵਨਾ ਪੈਦਾ ਨਹੀਂ ਹੋ ਸਕਦੀ ਹੈ। ਸਰਕਾਰ ਨੇ ਅਜਿਹਾ ਕਦਮ ਜੰਮੂ -ਕਸ਼ਮੀਰ ਵਿਚ ਦਹਿਸ਼ਤਗਰਦਾਂ ਵਲੋਂ ਪੁਲਸ ਦੇ ਤਿੰਨ ਜਵਾਨਾਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਕਤਲ ਕਰਨ ਦੀ ਘਟਨਾ ਵਾਪਰਨ ਤੋਂ ਬਾਅਦ ਚੁੱਕਿਆ ਹੈ।

ਇਮਰਾਨ ਨੇ ਭਾਰਤ ਨੂੰ ਹੰਕਾਰੀ ਕਿਹਾ : ਭਾਰਤ ਵੱਲੋਂ ਨਿਊਯਾਰਕ ਵਿਚ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਰੱਦ ਕਰਨ ਦੇ ਫ਼ੈਸਲੇ ਨੂੰ ‘ਹੰਕਾਰ’ ਦੱਸਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਨਵੀਂ ਦਿੱਲੀ ਦੇ ਨਾਂਹ-ਪੱਖੀ ਹੁੰਗਾਰੇ ਤੋਂ ਨਿਰਾਸ਼ ਹਨ।  ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਿਹਾ ਕਿ ਬੀਐਸਐਫ ਜਵਾਨ ਦੀ ਹੱਤਿਆ ਭਾਰਤ ਵੱਲੋਂ ਦੁਵੱਲੀ ਬੈਠਕ ਕਰਨ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਰਾਹੀਂ ਬੀਐਸਐਫ ਨੂੰ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਮੁਲਕ (ਪਾਕਿਸਤਾਨ) ਦਾ ਜਵਾਨ ਦੀ ਹੱਤਿਆ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਅਤੇ ਉਹ ਸਚਾਈ ਲਈ ਸਾਂਝੀ ਜਾਂਚ ਕਰਵਾਉਣ ਨੂੰ ਤਿਆਰ ਹਨ।  ਉਸ ਨੇ ਕਿਹਾ ਕਿ ਭਾਰਤ ਨੇ ਦੁਵੱਲੇ ਰਿਸ਼ਤਿਆਂ ਵਿਚ ਸੁਧਾਰ ਅਤੇ ਖ਼ਿੱਤੇ ਨੂੰ ਸ਼ਾਂਤੀ ਤੇ ਵਿਕਾਸ ਦੇ ਰਾਹ ‘ਤੇ ਪਾਉਣ ਲਈ ਸੰਜੀਦਾ ਕੋਸ਼ਿਸ਼ਾਂ ਦਾ ਮੌਕਾ ਗੁਆ ਲਿਆ ਹੈ।
ਭਾਜਪਾ ਵੱਲੋਂ ਇਮਰਾਨ ਦੀ ਆਲੋਚਨਾ :
ਭਾਜਪਾ ਨੇ ਇਮਰਾਨ ਖ਼ਾਨ ‘ਤੇ ਵਰ੍ਹਦਿਆਂ ਕਿਹਾ ਕਿ ਇਮਰਾਨ ਖ਼ਾਨ ਫ਼ੌਜ ਦੇ ਨਿਰਦੇਸ਼ਾਂ ‘ਤੇ ਕੁਰਸੀ ‘ਤੇ ਬੈਠਾ ਹੈ ਅਤੇ ਭਾਰਤ ਆਪਣੇ ਗੁਆਂਢੀ ਨਾਲ ਉਸ ਸਮੇਂ ਤਕ ਗੱਲਬਾਤ ਨਹੀਂ ਕਰੇਗਾ ਜਦੋਂ ਤਕ ਕਿ ਸਾਡੇ ਫ਼ੌਜੀ ਮਾਰੇ ਜਾਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਇਮਰਾਨ ਨੇ ਦੋਵੇਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਰੱਦ ਹੋਣ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਸੀ।

ਜੰਗ ਲਈ ਅਸੀਂ ਤਿਆਰ-ਰਾਵਤ : ਪਾਕਿਸਤਾਨੀ ਫੌਜ ਅਤੇ ਅਤਿਵਾਦੀਆਂ ਵੱਲੋਂ ਭਾਰਤੀ ਜਵਾਨਾਂ ਨਾਲ ਕੀਤੀ ਗਈ ਵਧੀਕੀ ਦਾ ਬਦਲਾ ਲੈਣ ਲਈ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਗੱਲ ਥਲ ਸੈਨਾ ਮੁਖੀ ਬਿਪਨ ਰਾਵਤ ਨੇ ਕਹੀ।
ਥਲ ਸੈਨਾ ਮੁਖੀ ਦੀ ਇਹ ਟਿੱਪਣੀ ਇਕ ਬੀਐਸਐਫ ਜਵਾਨ ਨੂੰ ਗੋਲੀ ਮਾਰਨ ਤੇ ਉਸ ਦੀ ਗਰਦਨ ਵੱਢੇ ਜਾਣ ਤੇ ਜੰਮੂ-ਕਸ਼ਮੀਰ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਤਿਵਾਦੀਆਂ ਵੱਲੋਂ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਬਾਅਦ ਆਈ ਹੈ। ਪਾਕਿਸਤਾਨੀ ਫੌਜ ਅਤੇ ਅਤਿਵਾਦੀਆਂ ਵੱਲੋਂ ਭਾਰਤੀ ਜਵਾਨਾਂ ਨਾਲ ਕੀਤੀ ਗਈ ਵਧੀਕੀ ਦਾ ਬਦਲਾ ਲੈਣ ‘ਤੇ ਜ਼ੋਰ ਦਿੰਦਿਆਂ ਥਲ ਸੈਨਾ ਮੁਖੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇ ਪਰ ਉਨ੍ਹਾਂ ਵਰਗਾ ਵਿਹਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਤਿਵਾਦ ਅਤੇ ਗੱਲਬਾਤ ਨਾਲੋ ਨਾਲ ਨਹੀਂ ਚੱਲ ਸਕਦੇ। ਅਸੀਂ ਜੰਗ ਲਈ ਵੀ ਤਿਆਰ ਹਾਂ। ਪਾਕਿਸਤਾਨ ਨੂੰ ਅਤਿਵਾਦ ਦਾ ਖਾਤਮਾ ਕਰਨਾ ਚਾਹੀਦਾ ਹੈ ਤੇ ਉਸ ਨੂੰ ਆਪਣੀ ਧਰਤੀ ਅਤਿਵਾਦੀਆਂ ਨੂੰ ਭਾਰਤ ਖ਼ਿਲਾਫ਼ ਵਰਤਣ ਦੀ ਖੁੱਲ੍ਹ ਨਹੀਂ ਦੇਣੀ ਚਾਹੀਦੀ।

ਅਸੀਂ ਵੀ ਜੰਗ ਲਈ ਤਿਆਰ : ਪਾਕਿ ਫੌਜ : ਪਾਕਿ ਫੌਜ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਜੰਗ ਲਈ ਤਿਆਰ ਹਾਂ, ਪਰ ਪਾਕਿਸਤਾਨ ਦੇ ਲੋਕਾਂ, ਗੁਆਂਢੀਆਂ ਤੇ ਖੇਤਰ ਦੇ ਹਿੱਤ ਲਈ ਸ਼ਾਂਤੀ ਦਾ ਰਾਹ ਚੁਣਾਂਗੇ। ਪਾਕਿ ਦੇ ਡਾਇਰੈਕਟਰ ਜਨਰਲ ਆਫ ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ ਮੇਜਰ ਜਨਰਲ ਆਸਿਫ਼ ਗਫੂਰ ਨੇ ਦੁਨੀਆ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ, ”ਭਾਰਤ ਨੇ ਪਹਿਲਾਂ ਵੀ ਫੌਜੀ ਜਵਾਨਾਂ ਦੀਆਂ ਲਾਸ਼ਾਂ ਨਾਲ ਬੇਹੁਰਮਤੀ ਦੇ ਦੋਸ਼ ਲਗਾਏ ਹਨ, ਪਰ ਸਾਡੀ ਫੌਜ ਕਦੇ ਵੀ ਅਜਿਹਾ ਨਹੀਂ ਕਰ ਸਕਦੀ।”

ਖੁੱਲ੍ਹੇ ਲਾਂਘੇ ਬਾਰੇ ਇਤਿਹਾਸ :

ਖੁੱਲ੍ਹੇ ਲਾਂਘੇ ਬਾਰੇ ਇਤਿਹਾਸ ਦਾ ਜ਼ਿਕਰ ਕਰੀਏ ਤਾਂ ਇਹ ਲਹਿਰ ਪ੍ਰਵਾਸੀ ਖਾਲਸਾ ਜੀ ਨੇ ਚਲਾਈ ਸੀ ਤੇ ਖਾਸ ਕਰਕੇ ਉਸ ਸਮੇਂ ਗੰਗਾ ਸਿੰਘ ਢਿੱਲੋਂ ਨੇ ਸੰਨ 1981 ਦੌਰਾਨ ਇਹ ਮੁੱਦਾ ਚੁੱਕਿਆ ਸੀ ਤੇ ਪੂਰੇ ਵਿਸ਼ਵ ਵਿਚ ਸਿੱਖਾਂ ਨੂੰ ਇਸ ਮਸਲੇ ‘ਤੇ ਇਕਮੁਠ ਕੀਤਾ ਸੀ। ਪਰ ਭਾਰਤ ਸਰਕਾਰ ਨੇ ਸੰਨ 1981 ਵਿਚ ਖਾਲਿਸਤਾਨੀ ਹੋਣ ਕਰਕੇ ਗੰਗਾ ਸਿੰਘ ਢਿੱਲੋਂ ਨੂੰ ਬੈਨ ਕਰ ਦਿੱਤਾ। ਸੰਨ 1998 ਦੌਰਾਨ ਜਥੇਦਾਰ ਅਵਤਾਰ ਸਿੰਘ ਸੰਘੇੜਾ, ਜਥੇਦਾਰ ਬਲਬੀਰ ਸਿੰਘ, ਸ. ਰਜਿੰਦਰ ਸਿੰਘ ਪੁਰੇਵਾਲ ਨੇ ਕਰਤਾਰਪੁਰ ਖੁੱਲ੍ਹਾ ਲਾਂਘਾ ਬਾਰੇ ਕਮੇਟੀ ਬਣਾ ਕੇ ਇਹ ਲਹਿਰ ਉਸਾਰੀ ਸੀ ਤੇ ਇਸੇ ਤਹਿਤ ਕਾਰਸੇਵਾ ਕਮੇਟੀ ਬਣਾਈ ਗਈ ਸੀ। ਇਸ ਸੰਬੰਧ ਵਿਚ ਵਿਸ਼ਵ ਪੱਧਰ ਉਤੇ ਵੱਡੀਆਂ ਮੀਟੰਗਾਂ ਹੋਈਆਂ ਸਨ। 1999 ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨਾਲ ਗੱਲਬਾਤ ਕਰਕੇ ਇੰਗਲੈਂਡ ਦੇ ਪ੍ਰਵਾਸੀ ਖਾਲਸਾ ਜੀ ਜਥੇਦਾਰ ਅਵਤਾਰ ਸਿੰਘ, ਜਥੇਦਾਰ ਬਲਬੀਰ ਸਿੰਘ, ਭਾਈ ਜੋਗਾ ਸਿੰਘ ਤੇ ਰਜਿੰਦਰ ਸਿੰਘ ਪੁਰੇਵਾਲ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ ਬਾਰੇ ਗੱਲਬਾਤ ਕਰਕੇ ਇਕ ਕਮੇਟੀ ਬਣਾਈ ਗਈ ਸੀ, ਜਿਸ ਵਿਚ 11 ਮੈਂਬਰ ਸ਼੍ਰੋਮਣੀ ਕਮੇਟੀ ਵਿਚੋਂ ਲਏ ਜਾਣੇ ਸਨ, 11 ਪਾਕਿਸਤਾਨ ਦੇ ਸਿੱਖ ਤੇ 11 ਹੀ ਪ੍ਰਵਾਸੀ ਖਾਲਸਾ ਜੀ ਵਿਚੋਂ ਚੁਣੇ ਗਏ ਸਨ। ਜਥੇਦਾਰ ਟੌਹੜਾ ਇਸ ਕਮੇਟੀ ਨੂੰ ਮਾਨਤਾ ਵੀ ਦੇਣ ਵਾਲੇ ਸਨ, ਪਰ ਸੰਨ 1999 ਨੂੰ ਭਾਈ ਰਣਜੀਤ ਸਿੰਘ ਦੀ ਜਥੇਦਾਰੀ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਕਮੇਟੀ ਵਿਚ ਵਿਵਾਦ ਪੈਦਾ ਹੋ ਗਿਆ। ਇਸ ਕਾਰਨ ਇਹ ਮਾਮਲਾ ਠੰਡੇ ਬਸਤੇ ਵਿਚ ਪੈ ਗਿਆ। ਉਸ ਤੋਂ ਬਾਅਦ  ਰਜਿੰਦਰ ਸਿੰਘ ਪੁਰੇਵਾਲ ਖਜ਼ਾਨਚੀ ਕਾਰਸੇਵਾ ਕਮੇਟੀ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ। ਬਾਦਲ ਨੇ ਕੁਝ ਚਿਰਾਂ ਪਿਛੋਂ ਉਹ ਇਸ ਸੰਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਮਿਲੇ। ਪਰ ਵਾਜਪਾਈ ਨੇ ਖੁੱਲ੍ਹਾ ਲਾਂਘਾ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਇਹ ਗਲ ਹਾਲੇ ਤੱਕ ਸਿਰੇ ਨਹੀਂ ਚੜ੍ਹ ਸਕੀ। ਭਾਰਤ ਸਰਕਾਰ ਹੁਣ ਵੀ ਟਾਲ ਮਟੋਲ ਕਰ ਰਹੀ ਹੈ ।

ਕੀ ਸੋਚਦੇ ਹਨ ਸਿੱਖ ਵਿਦਵਾਨ ਅਤੇ ਪੰਥਕ ਜਥੇਬੰਦੀਆਂ : ਅਮਰੀਕਾ ਤੋਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ  ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਕਰਤਾਰਪੁਰ ਖੁੱਲ੍ਹੇ ਲਾਂਘੇ ਦੇ ਲਈ ਬਹਾਨਾ ਨਹੀਂ ਬਣਾਉਣਾ ਚਾਹੀਦਾ, ਇਹ ਸਿੱਖ ਪੰਥ ਦਾ ਮਾਮਲਾ ਹੈ। ਦੋਹਾਂ ਦੇਸਾਂ ਨੂੰ ਇਸ ਮਾਮਲੇ ਵਿਚ ਆਪਣੀਆਂ ਨਫ਼ਰਤਾਂ ਖਤਮ ਕਰ ਦੇਣੀਆਂ ਚਾਹੀਦੀਆਂ ਹਨ। ਸਿੱਖ ਪੂਰੇ ਵਿਸ਼ਵ ਸ਼ਾਂਤੀ ਦੇ ਦੂਤ ਹਨ ਤੇ ਉਨ੍ਹਾਂ ਦਾ ਮਨੋਰਥ ਸਰਬੱਤ ਦਾ ਭਲਾ ਹੈ ਤੇ ਕਰਤਾਰਪੁਰ ਹਰੇਕ ਸਿੱਖ ਤੇ ਵਿਸ਼ਵ ਦੇ ਲੋਕਾਂ ਲਈ ਅਜਿਹਾ ਚਾਨਣ ਹੈ, ਜੋ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਲਈ ਦਿੱਤਾ। ਇਸ ਗੱਲ ਦਾ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤ ਸਰਕਾਰ ਨੂੰ ਅਹਿਸਾਸ ਕਰਨਾ ਚਾਹੀਦਾ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਵਿਚ ਚੁੱਪ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਨਿਧ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਵਿਚ ਨਾਂਹ ਪੱਖੀ ਭੂਮਿਕਾ ਨਿਭਾਈ ਹੈ। ਅਜਿਹਾ ਕਰਕੇ ਉਨ੍ਹਾਂ ਨੇ ਸਮੁੱਚੇ ਪੰਥ ਵਿਚ ਆਪਣੇ ਲਈ ਤੇ ਸ਼੍ਰੋਮਣੀ ਅਕਾਲੀ ਦਲ ਲਈ ਨਰਾਜ਼ਗੀ ਸਹੇੜੀ ਹੈ।
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਦਮਮਦਾ ਸਾਹਿਬ ਦਾ ਕਹਿਣਾ ਹੈ ਦੂਰਬੀਨ ਨਾਲ ਤਾਂ ਦਰਸ਼ਨ ਵੀ ਸਹੀ ਨਹੀਂ ਹੋ ਰਹੇ, ਇਸ ਲਈ ਲਾਂਘਾ ਖੁੱਲ੍ਹਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕਰਨ ਸਕਣ। ਕਿਸੇ ਵੀ ਸਰਕਾਰ ਨੂੰ ਇਸ ਵਿਚ ਅੜਿੱਕਾ ਨਹੀਂ ਖੜਾ ਕਰਨਾ ਚਾਹੀਦਾ, ਸਗੋਂ ਗੁਰੂ ਨਾਨਕ ਦੇ ਰਾਹਾਂ ‘ਤੇ ਚਲ ਕੇ ਆਪਸ ਵਿਚ ਗਲਵਕੜੀਆਂ ਪਾ ਕੇ ਨਫ਼ਰਤਾਂ ਮਿਟਾ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਗੱਲਾਂ ਦਾ ਨਬੇੜਾ ਤਾਂ ਹੀ ਹੋਵੇਗਾ ਜੇ ਅਸੀਂ ਟੇਬਲ ‘ਤੇ ਆ ਕੇ ਗੱਲਬਾਤ ਕਰਾਂਗੇ ਤੇ ਇਕ ਦੂਜੇ ਨੂੰ ਸੁਣਾਂਗੇ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ”ਦੋਵੇਂ ਦੇਸ ਦੇ ਨੇਤਾ ਮਹਿਜ਼ ਰਾਜਨੀਤੀ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਤੇ ਅਵਾਮ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਿੱਖੀ ਦਾ ਮਹੱਲ ਹੈ, ਜਿਥੋਂ ਕਿਰਤ ਕਰੋ, ਨਾਮ ਜਪੋ, ਵੰਡ ਛਕਣ ਦਾ ਸੁਨੇਹਾ ਮਿਲਿਆ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਖੇਤੀਬਾੜੀ ਕਰਤਾਰਪੁਰ ਸਾਹਿਬ ਤੋਂ ਸ਼ੁਰੂ ਕੀਤੀ ਸੀ। ਇਤਿਹਾਸ ਵਲ ਝਾਤ ਮਾਰੀਏ ਤਾਂ 22 ਸਤੰਬਰ 1539 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾਏ ਸਨ ਪਰ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਸ ਵਾਰ 4 ਅਕਤੂਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਵਸ ਦੱਸਿਆ ਜਾ ਰਿਹਾ ਹੈ।
ਪਾਕਿਸਤਾਨ ਸਿੱਖ ਕੌਂਸਲ ਦੇ ਆਗੂ ਸਰਦਾਰ ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਸਰਹੱਦ ਨੂੰ ਖੋਲ੍ਹਿਆ ਜਾਵੇ ਤਾਂ ਜੋ ਭਾਰਤ ਵਿਚਲੇ ਸਿੱਖ ਸ਼ਰਧਾਲੂ ਪਾਕਿ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਸੌਖ ਨਾਲ ਦਰਸ਼ਨ ਕਰ ਸਕਣ।
ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਨੇ ਕਿਹਾ ਕਿ ਕਰਤਾਰਪੁਰ ਦਾ ਖੁੱਲ੍ਹਾ ਲਾਂਘਾ ਦੋਹਾਂ ਦੇਸਾਂ ਦੀ ਨਫ਼ਰਤ ਦਾ ਨਿਸ਼ਾਨਾ ਨਹੀਂ ਬਣਨਾ ਚਾਹੀਦਾ। ਇਹ ਲਾਂਘਾ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ। ਦੋਵੇਂ ਦੇਸ਼ ਇਕ ਦੂਸਰੇ ਦੇ ਨੇੜੇ ਆਉਣ, ਸੱਭਿਅਚਾਰਕ ਸਾਂਝਾ ਪਾਉਣ, ਕਿਉਂਕਿ ਦੋਵੇਂ ਦੇਸ਼ਾਂ ਦੇ ਲੋਕ ਇਕ ਮਿੱਟੀ ਦੇ ਹਨ ਤੇ ਸਭ ਨੂੰ ਮਨੁੱਖ ਹੋ ਕੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਗੁਰੂ ਨਾਨਕ ਦੇ ਮਾਰਗ ਉਤੇ ਚਲਦਿਆਂ ਆਪਸੀ ਵਪਾਰ ਵਧਾ ਕੇ ਗਰੀਬੀ ਦੂਰ ਕਰਨੀ ਚਾਹੀਦੀ ਹੈ।

ਮਾਮਲਾ ਕਰਤਾਰਪੁਰ ਲਾਂਘੇ ਹੈ ਜਾਂ ਸਿੱਧੂ ਦਾ?

ਕੀ ਮਾਮਲਾ ਕਰਤਾਰਪੁਰ ਲਾਂਘੇ ਦਾ ਹੈ ਜਾਂ ਮਾਮਲਾ ਨਵਜੋਤ ਸਿੰਘ ਸਿੱਧੂ ਦੇ ਕਰਤਾਰਪੁਰ ਲਾਂਘੇ ਦਾ ਸੁਨੇਹਾ ਲਿਆਉਣ ਦਾ ਹੈ। ਬੁਨਿਆਦੀ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਸਾਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਮਿਲੇ, ਪਰ ਜਿਵੇਂ ਕਿਸੇ ਭੁੱਖੇ ਨੂੰ ਪੁੱਛੋ ਦੋ ਤੇ ਦੋ ਕਿੰਨੇ ਹਨ, ਉਹ ਕਹੇਗਾ ਚਾਰ ਰੋਟੀਆਂ, ਕਿਉਂਕਿ ਉਹ ਭੁੱਖਾ ਹੈ। ਇਹੀ ਹਾਲ ਸਾਡੇ ਰਾਜਨੀਤਕ ਲੀਡਰਾਂ ਦਾ ਹੋ ਗਿਆ ਹੈ। ਮਾਮਲਾ ਤਾਂ ਇਹ ਸੀ ਕਿ ਕਰਤਾਪੁਰ ਦਾ ਲਾਂਘਾ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਸੰਨ 1947 ਤੋਂ ਬਾਅਦ ਹਰ ਸਿੱਖ ਜਦੋਂ ਅਰਦਾਸ ਕਰਦਾ ਹੈ, ਉਹ ਆਪਣੇ ਗੁਰਦੁਆਰਾ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਦੀ ਗੱਲ ਕਰਦਾ ਹੈ, ਹਾਲਾਂਕਿ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਾਨੂੰਨ ਮੁਤਾਬਿਕ ਸਾਡੇ ਸਿੱਖ ਭਰਾ ਹੀ ਕਰ ਰਹੇ ਹਨ। ਇਸ ਸਾਰੇ ਕਾਸੇ ਨੂੰ ਸਿਆਸੀ ਰੰਗਤ ਦੇਣ ਦੀ ਬਜਾਏ ਸਿੱਖਾਂ ਦੀ ਭਾਵਨਾਤਮਿਕ ਅਹਿਮ ਮੁੱਦੇ ਤੋਂ ਧਿਆਨ ਹਟਾ ਕੇ ਸਿੱਧੂ ਦੀ ਬਾਜਵੇ ਨਾਲ ਜੱਫੀ ਤੇ ਕੇਂਦਰਿਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਵੈਸੇ ਤਾਂ ਪੰਜਾਬੀ ਭਾਵੇਂ ਚੜ੍ਹਦੇ ਪੰਜਾਬ ਦਾ ਹੋਵੇ ਤੇ ਚਾਹੇ ਲਹਿੰਦੇ ਪੰਜਾਬ ਦਾ ਜੱਫੀ ਪਾ ਕੇ ਮਿਲਣਾ ਸਾਡੇ ਪਿਆਰ ਦਾ ਹਿੱਸਾ ਹੈ, ਜਿਹੜਾ ਕਿ ਹੱਥ ਮਿਲਾ ਕੇ ਮਿਲਣ ਤੋਂ ਕਿਤੇ ਵੀ ਵੱਖਰਾ ਨਹੀਂ ਹੈ। ਸਿੱਖ ਆਪਣੇ ਗੁਰੂ ਦੇ ਨਾਮ ‘ਤੇ ਇਹਨਾਂ ਭਾਵੁਕ ਹੁੰਦਾ ਹੈ ਉਹ ਆਪਣਾ ਬੰਦ-ਬੰਦ ਕਟਾਉਣਾ, ਖੋਪਰ ਲੁਹਾਉਣ, ਚਰਖੜੀਆਂ ਤੇ ਚੜ੍ਹਣਾ ਸਹਿਜ ਨਾਲ ਹੀ ਕਰ ਵਿਚਰਦਾ ਹੈ। ਸੁਨੇਹਾ ਪੱਗ ਵਾਲਾ ਨਵਜੋਤ ਸਿੰਘ ਸਿੱਧੂ ਲੈ ਕੇ ਆਇਆ ਜਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਪੰਥ ਦਾ ਠੇਕੇਦਾਰ ਥਾਪ ਰੱਖਿਆ ਉਹਨਾਂ ਦੀ ਪਾਰਟੀ ਅਤੇ ਉਹਨਾਂ ਦੀ ਭਾਈਵਾਲ ਰਾਜਸੀ ਪਾਰਟੀ ਦੇ ਉਲਟ ਪਾਰਟੀ ਦਾ ਬੰਦਾ ਸੁਨੇਹਾ ਲੈ ਕਿ ਆਇਆ ਤਕਲੀਫ ਤਾਂ ਹੈ। ਅਸੀਂ ਸੁਨੇਹੇ ਤੇ ਗੌਰ ਕਰੀਏ ਕੌਣ ਲਿਆ ਕਿੱਦਾ ਲਿਆ, ਕਿਸ ਦੇ ਕਹਿਣ ਤੇ ਲਿਆਇਆ, ਆਪਣੇ ਅਖਤਿਆਰ ਲਿਆ ਜਾਂ ਆਪਣੇ ਅਖਤਿਆਰ ਤੋਂ ਬਾਹਰ ਲਿਆਇਆ ਹੈ। ਇਹ ਸਭ ਕੁਝ ਛੱਡ ਦੇਈਏ।
ਇਥੇ ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਕਰਤੇ ਦੇ ਨਾਮ ਉਪਰ ਆਪ ਵਸਾਇਆ ਹੈ। ਸਿੱਖ ਲਈ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਾ ਗੁਰਦੁਆਰਾ ਸਾਹਿਬ ਬਹੁਤ ਮਹੱਤਾ ਰੱਖਦਾ ਹੈ। ਗੁਰੂ ਸਾਹਿਬ ਆਪਣੀ ਹਰ ਪ੍ਰਚਾਰ ਫੇਰੀ ਤੋਂ ਬਾਅਦ ਕਰਤਾਰਪੁਰ ਸਾਹਿਬ ਆ ਕੇ ਰਹਿੰਦੇ ਸਨ। ਕਰਤਾਰਪੁਰ ਸਾਹਿਬ ਸਿੱਖੀ ਪ੍ਰਚਾਰ ਦਾ ਮੁੱਖ ਕੇਂਦਰ ਵੀ ਸੀ। ਗੁਰੂ ਸਾਹਿਬ ਜੀ ਨੇ  ਹੱਥੀਂ ਕਿਰਤ ਸ਼ੁਰੂ ਤੋਂ ਹੀ ਕੀਤੀ ਪਰ ਆਪਣੇ ਜਿੰਦਗੀ ਦੇ ਬਹੁਤ ਸਾਲ ਇਸ ਨਗਰ ਵਿੱਚ ਗੁਜ਼ਾਰੇ, ਹੱਥੀਂ ਆਪ ਕਿਰਤ (ਖੇਤੀਬਾੜੀ) ਕੀਤੀ। ਕਰਤਾਰਪੁਰ ਸਾਹਿਬ ਕਿਰਤੀ ਸਿੱਖ ਲਈ, ਬਹੁਤ ਪ੍ਰੇਰਨਾ ਸਰੋਤ ਤੇ ਮਾਣ ਮਹਿਸੂਸ ਕਰਵਾਉਂਦਾ ਹੈ, ਕਿਰਤ ਤੋਂ ਭਗੌੜੇ ਹੋ ਚੁੱਕੇ ਵਿਹਲੜਾਂ ਨੂੰ ਮਿਹਨਤੀ ਬਨਣ ਲਈ ਮਾਰਗ ਦਰਸ਼ਨ ਵੀ ਕਰਦਾ ਹੈ। ਕਰਤਾਰਪੁਰ ਸਾਹਿਬ ਵਿਖੇ ਹੀ ਗੁਰੂ ਨਾਨਕ ਸਾਹਿਬ ਜੀ ਆਪਣੇ ਤੋਂ ਬਾਅਦ ਸਿੱਖ ਕੌਮ ਦੀ ਅਗਵਾਈ ਕਰਨ ਲਈ ਸੱਚੇ ਸੁੱਚੇ ਆਗੂ ਗੁਰੂ ਅੰਗਦ ਸਾਹਿਬ (ਭਾਈ ਲਹਿਣਾ ਜੀ) ਦੀ ਚੋਣ  ਕੀਤੀ। ਕਰਤਾਰਪੁਰ ਸਾਹਿਬ ਸਮੁੱਚੇ ਸਿੱਖ ਜਗਤ ਦਾ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਹਰ ਪੱਖੋਂ ਮਾਰਗ ਦਰਸ਼ਨ ਕਰਦਾ ਹੈ।
ਮੇਰੀਆਂ ਸਾਰੀਆਂ ਸਰਕਾਰਾਂ ਦੋਵਾਂ ਦੇਸਾਂ, ਰਾਜਾਂ ਦੀਆਂ ਸਰਕਾਰਾਂ, ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੂੰ ਅਪੀਲ ਹੈ ਕਿ ਸਾਡੀ ਭਾਵਨਾ ਨਾਲ ਖਿਲਵਾੜ ਨਾ ਕਰੋ। ਰਸਤੇ ਦੀ ਮੰਗ ਨੂੰ ਸਾਰਥਿਕਤਾ ਦਾ ਜਾਮਾ ਪਹਿਨਾਓ ਤੇ ਗੁਰੂ ਨਾਨਕ ਦੀਆਂ ਅਸੀਸਾਂ ਦੇ ਪਾਤਰ ਬਣੋ।
ਜਸਵਿੰਦਰ ਸਿੰਘ ਐਡਵੋਕੇਟ,(ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ)
ਪ੍ਰਧਾਨ ਅਕਾਲ ਪੁਰਖ ਕੀ ਫੌਜ (+੯੧ ੯੮੧੪੮ ੯੮੮੦੨)