ਹਿੰਦੀ ਫਿਲਮ ‘ਮਨਮਰਜ਼ੀਆਂ’ ‘ਚ ਸਿੱਖਾਂ ਦੀ ਕਿਰਦਾਰਕੁਸ਼ੀ

ਹਿੰਦੀ ਫਿਲਮ ‘ਮਨਮਰਜ਼ੀਆਂ’ ‘ਚ ਸਿੱਖਾਂ ਦੀ ਕਿਰਦਾਰਕੁਸ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਹਿੰਦੀ ਫਿਲਮਾਂ ਵਿਚ ਸਿੱਖ ਪ੍ਰੰਪਰਾਵਾਂ ਦਾ ਮਜ਼ਾਕ ਪਹਿਲਾਂ ਵੀ ਕਈ ਵਾਰ ਉਡਾਇਆ ਜਾ ਚੁੱਕਾ ਹੈ ਤੇ ਸਿੱਖਾਂ ਵੱਲੋਂ ਹਰ ਵਾਰ ਵਿਰੋਧ ਵੀ ਕੀਤਾ ਜਾ ਚੁੱਕਾ ਹੈ ਪਰ ਕੁਝ ਸ਼ਰਾਰਤੀ ਕਿਸਮ ਦੇ ਲੋਕ ਤੇ ਕੁਝ ਪੈਸੇ ਦੇ ਲਾਲਚੀ ਅਜਿਹੀਆਂ ਹਰਕਤਾਂ ਕਰਨ ਤੋਂ ਹਟਦੇ ਨਹੀਂ ਹਨ।
ਸਿੱਖ ਧਰਮ ਦਾ ਮਜ਼ਾਕ ਬਣਾਉਂਦੀ ਇਕ ਹੋਰ ਹਿੰਦੀ ਫਿਲਮ ‘ਮਨਮਰਜ਼ੀਆਂ’ ਰਿਲੀਜ਼ ਹੋਈ ਹੈ। ਸਿੱਖ ਇਸ ਫਿਲਮ ਦਾ ਵਿਰੋਧ ਕਰ ਰਹੇ ਹਨ । ਜਾਣਕਾਰੀ ਮੁਤਾਬਕ ਇਸ ਫਿਲਮ ਵਿਚ ਸਿੱਖ ਧਰਮ ਦਾ ਮਜ਼ਾਕ ਉਡਾਉਣ ਵਾਲੀਆਂ ਇੱਕ ਤੋਂ ਵੱਧ ਹਰਕਤਾਂ ਕੀਤੀਆਂ ਗਈਆਂ ਹਨ ।
ਫਿਲਮ ‘ਚ ਅਭਿਸ਼ੇਕ ਬਚਨ ਨੂੰ ਸਿੱਖ ਪਹਿਰਾਵੇ ‘ਚ ਦਿਖਾਇਆ ਗਿਆ ਹੈ। ਦਸਤਾਰ ਉਤਾਰਨ ਤੋਂ ਬਾਅਦ ਉਸ ਦਾ ਸਿਗਰਟ ਪੀਣਾ ਅਤੇ ਅਨੰਦ ਕਾਰਜ ਸਿੱਖ ਰਹਿਤ ਮਰਿਯਾਦਾ ਨਾਲ ਨਾ ਕਰਨ ‘ਤੇ ਸਿੱਖਾਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਵਿਸ਼ਾ ਸੱਚਮੁੱਚ ਬਹੁਤ ਗੰਭੀਰ ਹੈ। ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ ਨੇ ਕਿਹਾ ਹੈ ਕਿ ਇਹੋ ਜਿਹੀਆਂ ਫਿਲਮਾਂ ਦਾ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ ਤੇ ਇਸ ਰੁਝਾਨ ਨੂੰ ਠੱਲ੍ਹ ਪੈਣੀ ਚਾਹੀਦੀ ਹੈ ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ. ਨੇ ਇਸ ਬਾਰੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਤੇ ਸੈਂਸਰ ਬੋਰਡ ਦੇ ਮੁੱਖੀ ਨੂੰ ਚਿੱਠੀ ਲਿਖਦੇ ਹੋਏ ਸੈਂਸਰ ਬੋਰਡ ‘ਚ ਇਕ ਸਿੱਖ ਮੈਂਬਰ ਦੀ ਨਿਯੂਕਤੀ ਪੱਕੇ ਤੌਰ ‘ਤੇ ਕਰਨ ਦੀ ਮੰਗ ਕੀਤੀ ਹੈ।
ਸਿੱਖ ਜਥੇਬੰਦੀਆਂ ਵਲੋਂ ਇਸ ਫ਼ਿਲਮ ਵਿਰੁੱਧ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਕਿਰਦਾਰਾਂ ਨੇ ਸਿੱਖ ਹੋਣ ਦੇ ਬਾਵਜੂਦ ਸਿਗਰਟਾਂ ਦੇ ਸੂਟੇ ਖਿੱਚੇ ਹਨ। ਸਿੱਖ ਫ਼ਲਸਫ਼ੇ ਵਿਚ ਸਿਗਰਟ ਪੀਣ ਦੀ ਸਖ਼ਤ ਮਨਾਹੀ ਹੈ। ਸਿਗਰਟ ਪੀਣਾ ਸਿੱਖ ਧਰਮ ਵਿਚ ਬੱਜਰ ਕੁਰਹਿਤ ਹੈ। ਤਕਲੀਫ਼ ਹੁੰਦੀ ਹੈ ਜਦੋਂ ਵੱਡੇ ਪਰਦੇ ਉਤੇ ਸਿੱਖਾਂ ਨੂੰ ਸਿਗਰਟ ਪੀਂਦੇ ਵਿਖਾਇਆ ਜਾਂਦਾ ਹੈ।
ਸੈਂਸਰ ਬੋਰਡ ਕਈ ਸਾਲਾਂ ਤੋਂ ਸਿੱਖ ਵਿਚਾਰਧਾਰਾ ਵਿਰੋਧੀ ਫਿਲਮਾਂ ਨੂੰ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦੇ ਰਿਹਾ ਹੈ, ਜਿਸ ‘ਚ ”ਮਨਮਰਜ਼ੀਆਂ, ਡਿਸ਼ੂੰਮ, ਸੰਤਾ-ਬੰਤਾ ਅਤੇ ਨਾਨਕਸ਼ਾਹ ਫਕੀਰ” ਵਰਗੀਆਂ ਵਿਵਾਦਿਤ ਫਿਲਮਾਂ ਨੂੰ ਸੈਂਸਰ ਬੋਰਡ ਵੱਲੋਂ ਪਾਸ ਕਰਨਾ ਸਿਨੇਮਾਟੋਗ੍ਰਾਫ ਐਕਟ ਅਤੇ ਉਸ ਦੇ ਨਿਯਮਾਂ ਦੀ ਉਲੰਘਣਾ ਹੈ। ਸੈਂਸਰ ਬੋਰਡ ਲਈ ਫਿਲਮ ਨੂੰ ਪਾਸ ਕਰਨ ਵੇਲੇ ਇਸ ਗੱਲ ਨੂੰ ਜ਼ਰੂਰੀ ਤੌਰ ‘ਤੇ ਧਿਆਨ ‘ਚ ਰੱਖਣਾ ਚਾਹੀਦਾ ਹੈ ਕਿ ਫਿਲਮ ਸਮਾਜ ਦੇ ਪ੍ਰਤੀ ਜਵਾਬਦੇਹ ਅਤੇ ਸਮਾਜ ਦੀਆਂ ਭਾਵਨਾਵਾਂ ਨੂੰ ਬੌਧਿਕ ਪੱਧਰ ‘ਤੇ ਕਾਇਮ ਰੱਖਣ ‘ਚ ਸਮਰਥ ਹੋਵੇ।
ਸੈਂਸਰ ਬੋਰਡ ਦੇ ਖੇਤਰੀ ਅਧਿਕਾਰੀ ਨੂੰ ਫਿਲਮ ਸਿੱਖ ਧਰਮ ਦੀ ਜਾਣਕਾਰੀ ਰੱਖਣ ਵਾਲੇ ਵਿਦਵਾਨਾਂ ਨੂੰ ਦਿਖਾਉਣੀ ਚਾਹੀਦੀ ਸੀ। ਸੈਂਸਰ ਬੋਰਡ ‘ਚ ਵੱਖ-ਵੱਖ ਧਰਮਾਂ ਨਾਲ ਸਬੰਧਤ ਇਕ-ਇਕ ਵਿਦਵਾਨ ਮੈਂਬਰ ਨੂੰ ਸ਼ਾਮਲ ਕਰਨ ‘ਤੇ ਗੌਰ ਹੋਣੀ ਚਾਹੀਦੀ ਹੈ।