ਕੈਬਨਿਟ ਵਿਚ ਵਿਚਾਰ ਕੀਤੇ ਤੋਂ ਬਿਨਾਂ ਹੀ ਰਿਪੋਰਟ ਸੀਬੀਆਈ ਨੂੰ ਸੌਂਪਣ ਪਿੱਛੇ ਕੀ ਰਾਜ਼ ਸੀ?

ਕੈਬਨਿਟ ਵਿਚ ਵਿਚਾਰ ਕੀਤੇ ਤੋਂ ਬਿਨਾਂ ਹੀ ਰਿਪੋਰਟ ਸੀਬੀਆਈ ਨੂੰ ਸੌਂਪਣ ਪਿੱਛੇ ਕੀ ਰਾਜ਼ ਸੀ?

ਬੀਰ ਦਵਿੰਦਰ ਸਿੰਘ
9814033362
28 ਅਗਸਤ 2018 ਦਾ ਦਿਨ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦਾ ਇੱਕ ਅਹਿਮ ਦਿਨ ਸੀ। ਸਾਰੀਆਂ ਦਰਸ਼ਕ ਗੈਲਰੀਆਂ ਖਚਾ-ਖਚ ਭਰੀਆਂ ਹੋਈਆਂ ਸਨ। ਲੋਕਾਂ ਦੀ ਗੂੜ੍ਹੀ ਦਿਲਚਸਪੀ ਦੀ ਅਵਸਥਾ ਇਹ ਸੀ ਕਿ ਦਰਸ਼ਕ ਗੈਲਰੀਆਂ ਵਿੱਚ  ਜੋ ਵਿਅਕਤੀ ਇੱਕ ਵਾਰ ਬੈਠ ਗਿਆ, ਉਹ ਸਦਨ ਦੇ ਅਣਮਿੱਥੇ ਸਮੇਂ ਲਈ ਉਠਾਏ ਜਾਣ ਤੀਕਰ ਆਪਣੀ ਸੀਟ ‘ਤੇ ਡਟਿਆ ਰਿਹਾ। ਸਭ ਦੀ ਦਿਲਚਸਪੀ ਦਾ ਮਰਕਜ਼ ਕੇਵਲ ਇੱਕ ਹੀ ਸੀ; ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਤੇ ਹੋਣ ਵਾਲੀ ਬਹਿਸ ਦਾ ਤਰਕ-ਵਿਤਰਕ ਕੀ ਰਹੇਗਾ ਅਤੇ ਇਸ ਬਹਿਸ ਦਾ ਨਿਰਣਾਇਕ ਪਰਿਣਾਮ ਕੀ ਹੋਵੇਗਾ। ਸੱਤ ਘੰਟੇ ਲੰਮੀ ਮਿਆਦ ਦੀ ਬਹਿਸ ਨੂੰ ਸਮੇਟਣ ਵੇਲੇ ਸਦਨ ਦੇ ਨੇਤਾ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਦਨ ਵਿੱਚ ਕੀ ਮੁਤਲਿਕ ਐਲਾਨ ਕਰਨਗੇ। ਇਹ ਐਲਾਨ ਹੀ ਦੇਸ਼-ਵਿਦੇਸ਼ ਵਿੱਚ ਵੱਸਦੇ, ਸਮੁੱਚੇ ਸਿੱਖ-ਜਗਤ ਦੀ ਉਤਸੁਕਤਾ ਤੇ ਆਕਰਸ਼ਨ ਦਾ ਕੇਂਦਰ ਬਿੰਦੂ ਸੀ।
ਦੂਜੀ ਲੋਕ ਮਨਾਂ ਦੀ ਗੰਭੀਰ ਉਤਸੁਕਤਾ ਇਹ ਵੀ ਸੀ, ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਚੋਰੀ ਅਤੇ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਖਿੱਲਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਦੀ ਘੋਰ ਬੇਅਦਬੀ, 14 ਅਕਤੂਬਰ 2015 ਨੂੰ, ਬਹਿਬਲ ਕਲਾਂ ਵਿੱਚ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਤੇ ਪੁਲਿਸ ਦਾ ਅੰਨ੍ਹੇਵਾਹ ਲਾਠੀਚਾਰਜ ਅਤੇ ਬਿਨਾਂ ਕਿਸੇ ਭੜਕਾਹਟ ਦੇ ਸਤਿਨਾਮ ਵਾਹਿਗੁਰੂ ਜਪਦੀ ਸਿੱਖ ਸੰਗਤ ‘ਤੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਦੇ ਕਤਲ ਦੇ ਸਮੁੱਚੇ ਮਾਮਲੇ ਉੱਤੇ, ਸਦਨ ਵਿੱਚ ਨੁਮਾਇੰਦਾ, ਰਾਜਨੀਤਕ ਪਾਰਟੀਆਂ ਦਾ ਤਰਕ ਕੀ ਹੋਵੇਗਾ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਇਸ ਸਾਰੇ ਘਟਨਾਕ੍ਰਮ ਵੇਲੇ ਪੰਜਾਬ ਦੇ ਗਹ੍ਰਿ ਮੰਤਰੀ ਸਨ ਅਤੇ ਸਾਰੀਆਂ ਘਟਨਾਵਾਂ ਦੀਆਂ ਸੂਖਮ ਤੰਦਾਂ ਤੋਂ ਭਲੀਭਾਂਤ ਜਾਣੂ ਸਨ, ਉਹ ਆਪਣੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਭੂਮਿਕਾ ਦਾ ਬਚਾਓ, ਕਿਸ ਤਰਕ ‘ਤੇ ਦਲੀਲ ਨਾਲ ਕਰਦੇ ਹਨ, ਲੋਕਾਂ ਦਾ ਰੁਚੀ ਇਸ ਗੱਲ ‘ਤੇ ਵੀ ਕੇਂਦਰਿਤ ਸੀ।
ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਤੇ, ਸਦਨ ਵਿੱਚ ਹੋਈ ਬਹਿਸ ਦੀ ਪਹਿਲੀ ਪਾਰੀ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਉਦੋਂ ਹੀ ਹਾਰ ਗਿਆਂ ਜਦੋਂ ਉਹ ਬਹਿਸ ਵਿੱਚ ਹਿੱਸਾ ਲੈਣ ਤੋਂ ਭੱਜ ਗਏ। ਬਹਾਨਾ ਮਹਿਜ਼ ਇਹ ਬਣਾ ਲਿਆ ਕਿ ਅਕਾਲੀ ਦਲ ਦੇ ਮੈਂਬਰਾਂ ਲਈ ਬੋਲਣ ਦਾ ਸਮਾਂ ਘੱਟ ਰੱਖਿਆ ਗਿਆ ਸੀ। ਬਾਵਜੂਦ ਇਸ ਸੱਚ ਦੇ ਕਿ ਮਾਣਯੋਗ ਸਪੀਕਰ ਰਾਣਾ ਕੇ.ਪੀ ਸਿੰਘ, ਬਾਰ ਬਾਰ ਇਹ ਕਹਿੰਦੇ ਸੁਣਾਈ ਦੇ ਰਹੇ ਸਨ ਕਿ “ਭਾਵੇਂ ਅਕਾਲੀ ਦਲ ਦੇ ਮੈਂਬਰਾਂ ਦੀ ਗਿਣਤੀ ਅਨੁਸਾਰ, ਸਮੇਂ ਦੀ ਵੰਡ ਕਰਦਿਆਂ, ਤੁਹਾਡੇ ਕੇਵਲ 14 ਮਿੰਟ ਹੀ ਬਣਦੇ ਹਨ, ਪਰ ਮੈਂ ਤੁਹਾਨੂੰ ਗੱਲ ਕਹਿਣ ਲਈ ਖੁੱਲ੍ਹਾ ਸਮਾਂ ਦੇਵਾਂਗਾ, ਭਾਵੇ ਸਦਨ ਦੀ ਬੈਠਕ ਸਾਰੀ ਰਾਤ ਚਲਦੀ ਰਹੇ”। ਪਰ ਸਪੀਕਰ ਦੇ ਇਸ ਭਰੋਸੇ ਨੂੰ ਦਰਕਿਨਾਰ ਕਰਦੇ ਹੋਏ, ਉਹ ਪਹਿਲੋਂ ਹੀ ਮਿਥੀ ਕਾਰਜਨੀਤੀ ਅਨੁਸਾਰ, ਇੱਕ ਅਤੀ ਸੰਵੇਦਨਸ਼ੀਲ ਮੁੱਦੇ ਤੇ ਸਦਨ ਵਿੱਚ ਹੋਣ ਵਾਲੀ ਬਹਿਸ ਤੋਂ ਤੋੜ-ਵਿਛੋੜਾ ਕਰਕੇ, ਸਦਨ ਤੋਂ ਬਾਹਰ ਚਲੇ ਗਏ ਅਤੇ ਸਦਨ ਤੋਂ ਬਾਹਰ ਆਪਣਾ ਵੱਖਰਾ ਗ਼ੈਰਸੰਜੀਦਾ ਮਜਮਾ ਲਗਾਉਣ ਨੂੰ ਤਰਜੀਹ ਦਿੱਤੀ, ਜਿਸ ਦਾ ਸਿੱਧਾ ਮੁਤਵਾਜ਼ੀ ਪ੍ਰਸਾਰਣ, ਬਾਦਲ ਪਰਿਵਾਰ ਦੇ ਇੱਕ ਨਿੱਜੀ ਟੀਵੀ ਚੈਨਲ ‘ਤੇ ਲਗਾਤਾਰ ਦਿਖਾਇਆ ਜਾ ਰਿਹਾ ਸੀ।
ਸਦਨ ਵਿੱਚ ਹੋਈ ਇਸ ਬਹਿਸ ਦਾ ਇੱਕ ਨਿਵੇਕਲਾ ਪਹਿਲੂ ਇਹ ਵੀ ਰਿਹਾ ਕਿ ਮਾਣਯੋਗ ਸਪੀਕਰ ਨੇ ਸਾਰੇ ਮੈਂਬਰਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਸਮਾਂ ਦਿੱਤਾ। ਸਾਰੇ ਦੇ ਸਾਰੇ ਬਿਰਤਾਂਤ ਦੀ ਰਚਨਾ ਤੇ ਕਥਾਤਮਿਕ ਕਿੱਸਿਆਂ ਵਿੱਚ ਬਾਦਲ ਸਰਕਾਰ ਦੀਆਂ ਅਣਗਹਿਲੀਆਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖ ਤਖਤਾਂ ਦੇ ਜੱਥੇਦਾਰ ਤੇ ਉਨ੍ਹਾਂ ਦੀ ਨਕਾਰਾਤਮਕ ਭੂਮਿਕਾ, ਡੇਰਾ ਸਿਰਸਾ ਦੇ ਮੁਖੀ ਨਾਲ ਬਾਦਲ ਪਰਿਵਾਰ ਦੀਆਂ ਅੱਖਮਚੋਲੀਆਂ, ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਅਤੇ ਸਿੱਖਾਂ ਦੀਆਂ ਸਰਵਉੱਚਤਮ ਧਾਰਮਿਕ ਸੰਸਥਾਵਾਂ ‘ਚ ਆਈ ਗਿਰਾਵਟ, ਇਸ ਸਮੁੱਚੇ ਨਿਘਾਰ ਵਿੱਚ ਬਾਦਲ ਪਰਿਵਾਰ ਦੀ ਭੂਮਿਕਾ ਅਤੇ ਬਾਦਲਾਂ ਦੇ ਰਾਜ ਸਮੇਂ ਦਾ ਪੁਲਿਸ ਪ੍ਰਸਾਸ਼ਨ, ਇਹ ਸਾਰੇ ਪ੍ਰਕਰਨ ਬਹਿਸ ਦੇ ਮਜ਼ਮੂਨਾਂ ਦਾ ਕੇਂਦਰੀ ਬਿੰਦੂ ਬਣੇ ਰਹੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੈਂਬਰਾਂ ਦੀ ਗ਼ੈਰ ਹਾਜ਼ਰੀ ਕਾਰਨ ਸਾਰੀ ਬਹਿਸ ਇੱਕ ਪਾਸੜ ਰਹੀ। ਸਾਰੀ ਬਹਿਸ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੇਵਾ ਮੁਕਤ ਡੀ.ਜੀ.ਪੀ ਸੁਮੇਧ ਸਿੰਘ ਸੈਣੀ, ਡੇਰਾ ਸਿਰਸਾ ਤੇ ਮੁਖੀ ਅਤੇ ਡੇਰਾ ਪ੍ਰੇਮੀ ਬਹਿਸ ਦੇ ਹਮਲਿਆਂ ਦਾ ਮਰਕਜ਼ ਬਣੇ ਰਹੇ।
ਇਹ ਪਹਿਲੀ ਵਾਰੀ ਦੇਖਣ ਵਿੱਚ ਆਇਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਜੋ ਮੰਤਰੀ ਅਤੇ ਵਿਧਾਨਕਾਰ ਇਸ ਬਹਿਸ ਵਿੱਚ ਹਿੱਸਾ ਲੈਣ ਲਈ ਚੁਣੇ ਗਏ, ਉਨ੍ਹਾਂ ਨੇ ਜਿੱਥੇ ਤਰਕ ਤੇ ਦਲੀਲ ਦਾ ਪ੍ਰਯੋਗ ਕੀਤਾ, ਨਾਲ ਹੀ ਢੁਕਵੇਂ ਇਤਿਹਾਸਿਕ ਹਵਾਲੇ  ਤੇ ਧਾਰਮਿਕ ਪ੍ਰਸੰਗ ਵੀ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕੀਤੇ । ਬਹਿਸ ਦਾ ਆਰੰਭ ਪੱਟੀ ਤੋਂ ਵਿਧਾਇਕ ਸਰਦਾਰ ਹਰਮਿੰਦਰ ਸਿੰਘ ਗਿੱਲ ਨੇ ਬੜੇ ਸੂਖਮ ਲਹਿਜ਼ੇ ਨਾਲ ਸ਼ੁਰੂ ਕੀਤਾ, ਹੌਲ਼ੀ-ਹੌਲ਼ੀ ਦਲੀਲਾਂ ਤੇ ਇਤਿਹਾਸਕ ਹਵਾਲਿਆਂ ਨਾਲ, ਇੱਕ ਪ੍ਰਭਾਵਸ਼ਾਲੀ ਸਿਖਰ ਤੱਕ ਲੈ ਗਏ, ਜਿਸ ਨਾਲ ਸਦਨ ਵਿੱਚ ਕਮਿਸ਼ਨ ਦੀ  ਰਿਪੋਰਟ ਤੇ ਹੋਣ ਵਾਲੀ ਬਹਿਸ ਵਿੱਚ, ਬਾਦਲ ਪਰਿਵਾਰ ਦੀ ਸਿਆਸਤ ਦੀ ਤਿੱਖੀ ਅਲੋਚਨਾ ਦਾ, ਇੱਕ ਪਾਸੜ ਤੇ ਉਲਾਰੂ ਮਾਹੌਲ ਸਿਰਜਿਆ ਗਿਆ। ਬਸ ਉਸ ਤੋਂ ਪਿੱਛੋ ਜਿੰਨੇ ਵੀ ਸਦਨ ਦੇ ਮੈਂਬਰ ਜਾਂ ਵਜ਼ੀਰ ਇਸ ਵਿਸ਼ੇ ਤੇ ਬੋਲੇ ਉਹ ਸਭ, ਇਸੇ ਧੁਨ ਤੇ ਪਹਿਰਾ ਦਿੰਦੇ ਗਏ। ਸ. ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਮਨਪ੍ਰੀਤ ਸਿੰਘ ਬਾਦਲ, ਇਨ੍ਹਾਂ ਸਾਰੇ ਵਜ਼ੀਰਾਂ ਨੇ ਮੌਜੂਦਾ ਹਾਲਾਤ ਦੇ ਕੁੱਝ ਬੜੇ ਹੀ ਮਹੱਤਵਪੂਰਨ ਤੇ ਅਤੀਤਦਰਸ਼ੀ ਪਹਿਲੂ ਵੀ ਉਘਾੜ ਕੇ ਪੇਸ਼ ਕੀਤੇ। ਪਰ ਸਭ ਤੋਂ ਵੱਧ ਉਦਰੇਵਿਆਂ ਭਰਪੂਰ ਤੇ ਸੰਜੀਦਾ ਕਥਾਸਾਰ, ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀਆਂ ਭਾਵਪੂਰਤ ਦਲੀਲਾਂ ਵਿੱਚ ਸੀ, ਜਿਸ ਦੇ ਨਿਰੰਤਰ ਵਹਿਣ ਨੇ ਹਰ ਸੁਨਣ ਵਾਲੇ ਦੀ ਰੂਹ ਨੂੰ ਜਾ ਟੁੰਬਿਆ।
ਸਰਕਾਰੀ ਧਿਰ ਅਤੇ ਵਿਰੋਧੀ ਧਿਰ ਦੇ ਹਰ ਬੁਲਾਰੇ ਦੀ ਮਨ ਦੀ ਵੇਦਨਾ ਵਿੱਚ ਇੱਕ ਵਿਚਾਰਨ ਯੋਗ ਸ਼ਿਕਵਾ ਤੇ ਸਵਾਲ ਜਰੂਰ ਸੀ ਕਿ ਆਖਿਰ ਕਿਸ ਵਜ੍ਹਾ ਕਾਰਨ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਪਹਿਲੀ ਰਿਪੋਰਟ ਜੋ 30 ਜੂਨ 2018 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕੀਤੀ ਗਈ ਅਤੇ ਇਸ ਰਿਪੋਰਟ ਦੇ ਸਬੰਧ ਵਿੱਚ, ਪੂਰੇ ਇੱਕ ਮਹੀਨੇ ਪਿੱਛੋਂ, 30 ਜੁਲਈ ਨੂੰ, ਪੰਜਾਬ ਦੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿਚਾਰੇ ਜਾਣ ਤੋਂ ਬਿਨਾਂ ਹੀ, ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ, ਭਾਰਤ ਸਰਕਾਰ ਦੀ ਪੜਤਾਲੀਆ ਏਜੰਸੀ, ਸੀ.ਬੀ.ਆਈ ਦੇ ਹਵਾਲੇ ਕਰਨ ਦਾ ਆਪਹੁਦਰਾ ਐਲਾਨ, ਇੱਕ ਖਚਾਖਚ ਭਰੇ ਪੱਤਰਕਾਰ ਸੰਮੇਲਨ ਵਿੱਚ ਕਰ ਦਿੱਤਾ। ਹੁਣ ਸਵਾਲ ਹੈ ਕਿ ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਨਿਟ ਨੂੰ ਹਨੇਰ੍ਹੇ ਵਿੱਚ ਰੱਖ ਕੇ, ਕਿਊਂ ਤੇ ਕਿਵੇਂ ਲਿਆ? ਇਸ ਸਵਾਲ ਦਾ ਜਵਾਬ ਆਪਣੇ ਆਪ ਵਿੱਚ, ਬੜੇ ਗੁੱਝੇ ਭੇਦ ਛੁਪਾਈ ਬੈਠਾ ਹੈ। ਆਖਿਰ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਪਹਿਲੀ ਰਿਪੋਰਟ, ਲਗਪਗ 30 ਦਿਨਾਂ ਤੱਕ ਕਿੱਥੇ-ਕਿੱਥੇ ਘੁੰੰਮਦੀ ਰਹੀ? ਸਰਗੋਸ਼ੀਆਂ ਤਾਂ ਇਹ ਵੀ ਹਨ ਕਿ ਇਹ ਰਿਪੋਰਟ ਇੱਕ ਵਿਸ਼ੇਸ਼ ਦੂਤ ਰਾਹੀਂ ਬਾਦਲ ਪਰਿਵਾਰ ਨੂੰ, ਅਧਿਅਨ ਅਤੇ ਵਿਚਾਰ ਲਈ ਭੇਜੀ ਗਈ ਸੀ ਅਤੇ ਉਨ੍ਹਾਂ ਨਾਲ ਖੁਫ਼ੀਆ ਵਿਚਾਰ-ਚਰਚਾ ਕਰਨ ਤੋਂ ਪਿੱਛੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗਿਣੀ ਮਿਥੀ ਸਾਜਿਸ਼ ਅਧੀਨ 14/15 ਅਗਸਤ 2018 ਨੂੰ ਇੱਕ ਸਰਕਾਰੀ ਨੋਟੀਫ਼ਿਕੇਸ਼ਨ ਰਾਹੀਂ, ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਭਾਰਤ ਸਰਕਾਰ ਦੀ ਪੜਤਾਲੀਆ ਏਜੰਸੀ, ਸੀ.ਬੀ.ਆਈ ਦੇ ਹਵਾਲੇ ਕਰ ਦਿੱਤੀ। ਇੰਝ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਬਾਦਲ ਸਰਕਾਰ ਵੱਲੋਂ ਉਨ੍ਹਾਂ ਵਿਰੱਧ ਅਦਾਲਤਾਂ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ, ਦੋ ਵੱਡੇ ਮੁਕੱਦਮੇ ਵਾਪਿਸ ਲੈਣ ਦੀ ਪਹਿਲ ਕਰਕੇ, ਕੈਪਟਨ ਨੂੰ ਜੋ ਵੱਡਾ ਲਾਭ ਪਹੁੰਚਾਇਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸਦਾ ਇਖਲਾਕੀ ਰਿਣ ਉਤਾਰਨ ਲਈ,  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਸਮੁੱਚਾ ਮਾਮਲਾ ਸੀ.ਬੀ.ਆਈ ਦੇ ਸਰਦਖਾਨੇ ਵਿੱਚ ਸੁੱਟ ਕੇ, ਬਾਦਲਾਂ ਦਾ ਉਸਦੇ ਸਿਰ ਚੜ੍ਹਿਆ ਇਖਲਾਕੀ ਕਰਜ਼ਾ, ਸਮੇਤ ਸੂਦ ਵਾਪਿਸ ਕਰ ਦਿੱਤਾ।
ਇਸੇ ਕਾਰਨ ਪੰਜਾਬ ਵਿਧਾਨ ਸਭਾ ਵਿੱਚ ਹੋਈ ਬਹਿਸ ਵਿੱਚ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ, ਇਸ ਸਮੁੱਚੇ ਮਾਮਲੇ ਵਿੱਚ ਅਲੱਗ-ਥਲੱਗ ਤੇ ਇਕੱਲੇ ਖੜ੍ਹੇ ਨਜ਼ਰ ਆ ਰਹੇ ਸਨ। ਸ਼ਾਇਦ ਇਸੇ ਲਈ ਮੰਤਰੀ ਮੰਡਲ ਦੇ ਸਾਰੇ ਸਹਿਯੋਗੀ ਮੰਤਰੀਆਂ ਨੇ ਯਕਜ਼ੁਬਾਨ ਹੋ ਕੇ ਅਤੇ ਸਦਨ ਵਿੱਚ ਇਹ ਮੰਗ ਬਾਰ-ਬਾਰ ਬੜੇ ਜ਼ੋਰ ਨਾਲ ਉਠਾਈ ਕਿ ਸੀ.ਬੀ.ਆਈ ਦੇ ਹਵਾਲੇ ਕੀਤੀ ਜਾਂਚ ਵਾਪਿਸ ਲਈ ਜਾਵੇ ਤੇ ਪੰਜਾਬ ਸਰਕਾਰ ਦੀ ਦੇਖ-ਰੇਖ ਵਿੱਚ, ਪੰਜਾਬ ਪੁਲਿਸ ਦੀ ਹੀ, ਇੱਕ ਵਿਸ਼ੇਸ਼ ਜਾਂਚ ਟੀਮ ਨਿਸ਼ਚਿੱਤ ਸਮਾਂ ਸੀਮਾਂ ਅੰਦਰ ਇਸਦੀ ਬਣਦੀ ਤਫ਼ਤੀਸ਼ ਕਰੇ। ਮੁੱਖ ਵਿਰੋਧੀ ਧਿਰ ਵੱਜੋਂ ਵਿਚਰ ਰਹੀ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਨਾਰਾਜ਼ ਧੜੇ ਨੇ ਵੀ ਇਹ ਮੰਗ ਸਦਨ ਵਿੱਚ ਪੂਰੇ ਜ਼ੋਰ ਨਾਲ ਉਠਾਈ। ਇਹ ਮੰਗ ਹਰ ਪਾਸਿਓਂ ਏਨਾਂ ਜ਼ੋਰ ਫੜ ਗਈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪ੍ਰਬਲ ਲੋਕ ਆਵਾਜ਼ ਦਾ ਸਨਮਾਨ ਕਰਦੇ ਹੋਏ ਓੜਕ ਆਪਣਾ ਫੈਸਲਾ ਬਦਲਨਾ ਪਿਆ। ਜਿਸ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਸਰਵ ਸੰਮਤੀ ਨਾਲ ਇੱਕ ਪ੍ਰਸ਼ਤਾਵ ਪਾਸ ਕਰ ਦਿੱਤਾ ਗਿਆ ਕਿ ਜਾਂਚ ਤੁਰਤ ਪ੍ਰਭਾਵ ਨਾਲ ਸੀ.ਬੀ.ਆਈ ਤੋਂ ਵਾਪਿਸ ਮੰਗਵਾ ਲਈ ਜਾਵੇ।
ਇਹ ਜ਼ਮੀਨੀ ਹਕੀਕਤ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅੱਜ ਉਪਰੋਕਤ ਘਟਨਾਵਾਂ ਕਾਰਨ ਭਾਰੀ ਨਮੋਸ਼ੀ ਅਤੇ ਬਿਖਮਤਾ ਦੇ ਆਲਮ ਵਿੱਚ, ਸਿੱਖ ਸੰਗਤਾਂ ਦੇ ਹਕਾਰਤ ਭਰੇ ਰੋਹ ਦਾ ਸਾਹਮਣਾ ਕਰ ਰਿਹਾ ਹੈ। ਬਾਦਲ ਪਰਿਵਾਰ ਆਪਣਾ ਬਚਾਓ ਕਰਨ ਦੇ ਮਨਸ਼ੇ ਨਾਲ, ਹੋਰ ਵੀ ਵੱਡੀਆਂ ਬੱਜਰ ਗ਼ਲਤੀਆਂ ਲਗਾਤਾਰ ਕਰੀਂ ਜਾ ਰਹੇ ਹਨ, ਜਿਸ ਨਾਲ ਸਿੱਖ ਸੰਗਤਾਂ ਦਾ ਇਹ ਰੋਹ ਹੋਰ ਵੀ ਪ੍ਰਚੰਡ ਹੋ ਰਿਹਾ ਹੈ। ਧਾਰਮਿਕ ਰਵਾਇਤਾਂ, ਧਾਰਮਿਕ ਸੰਸਥਾਵਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰੂ ਕੀ ਗੋਲਕ ਦਾ ਦੁਰਉਪਯੋਗ ਕਰਕੇ, ਆਪਣਾ ਬਚਾਅ ਕਰਨ ਲਈ, ਵਰਤੇ ਜਾ ਰਹੇ ਸਾਰੇ ਹੀ ਹੱਥਕੰਡੇ ਸਿੱਖ ਸੰਗਤਾਂ ਦੀ ਦੀਰਘ ਦ੍ਰਿਸ਼ਟੀ ਵਿੱਚ ਹਨ। ਜਦੋਂ ਕੋਈ ਵਿਅਕਤੀ ਜਾਂ ਸੰਸਥਾ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਵੇ ਤਾਂ ਉਸਦਾ ਪੁਨਰ ਉਭਾਰ, ਛੇਤੀ ਕੀਤੇ ਸੰਭਵ ਨਹੀਂ ਹੁੰਦਾ। ਨਜ਼ਰਾਂ ਤੋਂ ਡਿੱਗਿਆਂ ਨੂੰ ਤਾਂ ਦਾਨਿਸ਼ਵਰ ਲੋਕ, ਕਈ ਵਾਰੀ ਆਖਰੀ ਸਮੇਂ, ਮੋਢਾ ਵੀ ਨਹੀਂ ਦਿੰਦੇ ।
ਭਾਵੇਂ ਕਾਂਗਰਸ ਵਿਧਾਨਕਾਰ ਪਾਰਟੀ ਅਤੇ ਮੰਤਰੀ ਮੰਡਲ ਦੇ ਸੁਹਿਰਦ ਵਜ਼ੀਰਾਂ ਦੇ ਸਿੱਧੇ ਦਬਾਓ ਕਾਰਨ, ਸਦਨ ਵਿੱਚ ਲਏ ਗਏ ਫੈਸਲਿਆਂ ਦੀ ਚਾਰੇ ਪਾਸਿਓਂ ਸਰਾਹਨਾ ਹੋ ਰਹੀ ਹੈ, ਜਿਸ ਨਾਲ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਇਨਸਾਫ਼ ਦੇ ਕਟਿਹਰੇ ਵਿੱਚ ਖੜ੍ਹਾ ਕਰਨ ਅਤੇ ਸਖ਼ਤ ਤੋਂ ਸਖ਼ਤ ਸਜਾਵਾਂ ਦਿਵਾਉਣ ਦੀ ਇੱਕ ਆਸ ਤਾਂ ਜ਼ਰੂਰ ਬੱਝ ਗਈ ਹੈ ਪਰ ਇਹ ਕੰਮ ਏਨਾਂ ਆਸਾਨ ਵੀ ਨਹੀਂ, ਜਿਵੇਂ ਇਸ ਨੂੰ ਵੇਖਿਆਂ ਜਾ ਰਿਹਾ ਹੈ। ਇਸ ਸਮੁੱਚੇ ਮਾਮਲੇ ਦੀਆਂ ਹਾਲੇ ਵੀ ਅਣਗਿਣਤ ਪਰਤਾਂ ਹਨ ਜਿਨ੍ਹਾਂ ਤੇ ਆਉਣ ਵਾਲੇ ਦਿਨਾਂ ਵਿੱਚ ਸਾਜਸ਼ੀ ਰਾਜਨੀਤੀ ਹੋਵੇਗੀ। ਇਸ ਸਾਰੇ ਮਾਮਲੇ ਨੂੰ ਸੀ.ਬੀ.ਆਈ ਦੇ ਠੰਡੇ ਬਸਤਿਆਂ ਦੀਆਂ ਸਰਦ ਤੈਹਾਂ ਵਿੱਚੋਂ, ਬਾਹਰ ਕੱਢ ਲੈਣਾ ਵੀ ਏਨਾਂ ਆਸਾਨ ਕਾਰਜ ਨਹੀਂ ਹੈ।ਜਿਨ੍ਹਾਂ ਸਾਜਿਸ਼ੀ ਦਿਮਾਗਾਂ ਦੀ ਮਿਲੀ ਭੁਗਤ ਨਾਲ, ਇਹ ਮਾਮਲੇ ਸੀ.ਬੀ.ਆਈ ਦੇ ਠੰਡੇ ਬਸਤਿਆਂ ਵਿੱਚ ਪਾਏ ਗਏ ਹਨ, ਉਹ ਸਾਜਿਸ਼ੀ ਦਿਮਾਗ ਅੱਜ ਵੀ ਬੜੀ ਚਤਰਾਈ ਨਾਲ ਸਰਗਰਮ ਹਨ। ਇਸ ਲਈ ਮੈਨੂੰ ਗੰਭੀਰ ਤੌਖਲਾ ਹੈ ਕਿ;
“ਐਨ ਮੁਮਕਿਨ ਨਹੀਂ ਹਾਲਾਤ ਕੀ ਗੁੱਥੀ ਸੁਲਝੇ,
ਅਹਿਲ-ਏ-ਦਾਨਿਸ਼ ਨੇ ਖ਼ੂਬ ਸੋਚ ਕੇ ਉਲਝਾਇਆ ਹੈ”

ਪੰਥ ਦੀ ਪੀੜ ਦਾ ਦਸਤਾਵੇਜ਼ੀ ਰੂਪ ਅਖਤਿਆਰ ਕਰ ਗਈ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਤਕਰੀਰ
ਪ੍ਰੋਫੈਸਰ ਹਰਪਾਲ ਸਿੰਘ
94171-32373
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਲੰਘੇ ਮਾਨਸੂਨ ਇਜਲਾਸ ਵਿੱਚ ਦਿੱਤੀ ਸਪੀਚ ਪੰਜਾਬ ਅਸੈਂਬਲੀ ਦੇ ਇਤਿਹਾਸ ਵਿੱਚ ਦਸਤਾਵੇਜ਼ੀ ਮੁਕਾਮ ਅਖ਼ਤਿਆਰ ਕਰ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸਬੰਧੀ ਬਿਠਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਤਿਆਰ ਕੀਤੀ ਰਿਪੋਰਟ ਉੱਤੇ ਬਹਿਸ ਵਿੱਚ ਕਈ ਵਿਧਾਇਕਾਂ ਨੇ ਹਿੱਸਾ ਲਿਆ ਪਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਸਪੀਚ ਐਸੀ ਹਿੱਕ ਚੀਰਵੀਂ ਸੀ ਕਿ ਅਕਾਲੀ ਧਿਰ ਦੀ ਦਸ ਸਾਲਾ ਬਦ ਇੰਤਜ਼ਾਮੀ ਦੇ ਹਰ ਪਹਿਲੂ ਨੂੰ ਤਾਰ ਤਾਰ ਕਰ ਗਈ। ਟੀ.ਵੀ. ਉੱਤੇ ਨਾਲੋਂ-ਨਾਲ ਦਿਖਾਈ ਜਾ ਰਹੀ ਬਹਿਸ ਨੂੰ ਸੁਣ ਕੇ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਕੋਈ ਉਨ੍ਹਾਂ ਲਈ ਬੋਲ ਰਿਹਾ ਹੈ, ਉਨ੍ਹਾਂ ਦੀ ਸੋਚ ਅਤੇ ਜੋਸ਼ ਦੀ ਤਰਜਮਾਨੀ ਕਰ ਰਿਹਾ ਹੈ, ਉਨ੍ਹਾਂ ਦੇ ਜਜ਼ਬਿਆਂ ਦੀ ਆਵਾਜ਼ ਬਣ ਗਿਆ ਹੈ, ਸਿੱਖੀ ਅਤੇ ਗੁਰੂ ਗ੍ਰੰਥ ਪ੍ਰਾਪਤੀ ਉਨ੍ਹਾਂ ਦੀ ਅਕੀਦਤ ਅਤੇ ਅਤੇ ਸੰਵੇਦਨਾ ਨੂੰ ਧੁਰ ਅੰਦਰ ਤੱਕ ਮਹਿਸੂਸ ਕਰ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਲਈ ਉਨ੍ਹਾਂ ਦਾ ਕੋਈ ਆਪਣਾ ਮੂੰਹ-ਕੰਢਿਆਂ ਤੱਕ ਹੌਸਲੇ ਅਤੇ ਦਲੇਰੀ ਨਾਲ ਭਰਿਆ ਉਨ੍ਹਾਂ ਦਾ ਪੱਖ ਪੂਰ ਰਿਹਾ ਹੈ। ਇਉਂ ਲੱਗਦਾ ਹੈ ਜਿਵੇਂ ਬਾਜਵਾ ਸਾਹਿਬ ਦੀ ਤਕਰੀਰ ਦੁਨੀਆਂ ਦੀਆਂ ਮਹਾਨ ਬਹਿਸਾਂ ਵਿਚ ਸ਼ਾਮਿਲ ਹੋਵੇਗੀ।
ਆਖਰੀ ਦਿਨ ਦੀ ਇਸ ਇਤਿਹਾਸਕ ਬਹਿਸ ਵਿੱਚ ਤ੍ਰਿਪਤ ਬਾਜਵਾ ਇਕ ਵਾਹਿਦ ਸ਼ਖਸ ਸੀ ਜਿਸਨੇ ਆਪਣਾ ਹੋਮ ਵਰਕ ਲਗਨ ਅਤੇ ਸ਼ਿੱਦਤ ਨਾਲ ਕੀਤਾ ਹੋਇਆ ਸੀ। ਉਸ ਦਾ ਅਚੂਕ ਨਿਸ਼ਾਨਾ ਸਿਰਫ ਬਾਦਲ ਪਰਿਵਾਰ ਤੱਕ ਸੀਮਤ ਨਹੀਂ ਸੀ ਸਗੋਂ ਉਸ ਨੇ ਅਕਾਲੀ ਸਰਕਾਰ ਦੀ ਪਿਛਲੇ ਪੰਦਰਾਂ ਸਾਲਾਂ ਦੀ ਕਾਰਗੁਜ਼ਾਰੀ ਤੋਂ ਇਲਾਵਾ ਮਨੋਰਥਾਂ ਅਤੇ ਆਸ਼ਿਆਂ ਤੋਂ ਭਟਕੀ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੇ ਕੱਟਵੀਂ ਬੋਲ-ਵਰਖਾ ਨਾਲ ਲਤਾੜ ਕੇ ਰੱਖ ਦਿੱਤਾ ਸੀ।
ਪਰ ਜਿਹੜੀ ਗੱਲ ਲੋਕਾਂ ਦੇ ਧਿਆਨ ਵਿੱਚ ਨਹੀਂ ਆਈ ਹੋਣੀ, ਉਹ ਸੀ ਤ੍ਰਿਪਤ ਬਾਜਵਾ ਵੱਲੋਂ ਇਸ ਪਲੈਟਫਾਰਮ ਨੂੰ ਪੰਜਾਬ ਕੈਬਨਿਟ ਵਿੱਚ ਆਪਣੀ ਪੁਲਿਟੀਕਲ ਪੁਜ਼ੀਸ਼ਨ ਦੀ ਪ੍ਰਮੁੱਖਤਾ ਨੂੰ ਕਾਇਮ ਕਰਨ ਲਈ ਵਰਤਣਾ। ਅਸੀਂ ਦੇਖਦੇ ਹਾਂ ਕਿ ਉਸਨੂੰ ਕਾਫੀ ਅਰਸੇ ਤੋਂ ਨਵਜੋਤ ਸਿੰਘ ਸਿੱਧੂ ਦੀ ਖੜਾਕੇਦਾਰ ਕਾਰਗੁਜ਼ਾਰੀ ਅਤੇ ਦਲੇਰਾਨਾ ਸ਼ਾਬਦਿਕ ਵਾਰ ਬਹੁਤ ਬੁਰੀ ਤਰ੍ਹਾਂ ਖਟਕ ਰਹੇ ਸਨ, ਕਿਉਂਕਿ ਇਸ ਤਰੀਕੇ ਨਾਲ ਸਿੱਧੂ ਨੇ ਸਿਆਸੀ ਗਲਿਆਰੇ ਵਿੱਚ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਵਿਸ਼ੇਸ਼ ਪ੍ਰਾਥਮਿਕਤਾ ਹਾਸਲ ਕਰ ਲਈ ਸੀ। ਸਿੱਧੂ ਦੇ ਇਸ ਟੂਣੇ ਤੋਂ ਤ੍ਰਿਪਤ ਬਾਜਵਾ ਲਗਾਤਾਰ ਅੰਦਰੋਂ ਅੰਦਰੀ ਬੇਚੈਨ ਸੀ ਪਰ ਉਸ ਦਾ ਨਾ ਕੋਈ ਵੱਸ ਚੱਲ ਰਿਹਾ ਸੀ ਅਤੇ ਨਾ ਰਾਹ ਲੱਭ ਰਿਹਾ ਸੀ। ਪਿੱਛੇ ਜਿਹੇ ਨਾਜਾਇਜ਼ ਕਾਲੋਨੀਆਂ ਵਾਲੇ ਮੁੱਦੇ ਉੱਤੇ ਉਸ ਨੇ ਸਿੱਧੂ ਨਾਲ ਕੱਚ ਘਰੜ ਤਰੀਕੇ ਨਾਲ ਉਲਝ ਕੇ ਬੇਲੋੜੀ ਸੁਆਦੀ ਪੈਦਾ ਕਰਨ ਤੋਂ ਇਲਾਵਾ ਨਿੱਜੀ ਵੱਕਾਰ ਨੂੰ ਵੀ ਠੇਸ ਮਰਵਾ ਲਈ ਸੀ। ਸਿੱਧੂ ਨਾਲ ਉਲਝਣ ਲਈ ਉਦੋਂ ਨਾ ਉਹ ਉਸ ਚੌਕਸ ਸੀ ਅਤੇ ਨਾ ਟਕਰਾਵ ਲਈ ਲੋੜੀਂਦੀ ਤਿਆਰੀ ਨਾਲ ਲੈਸ ਸੀ। ਲੰਘਿਆ ਮਾਨਸੂਨ ਸੈਸ਼ਨ ਉਸ ਲਈ ਰੱਬ ਵੱਲੋਂ ਢੁਕਾਇਆ ਐਸਾ ਢੋਅ ਸੀ ਜਿਥੇ ਆਪਣਾ ਅਕਸ਼ ਨਿਖਾਰਨ ਲਈ ਆਪਣੇ ਆਪ ਹਾਲਾਤ ਉਸ ਲਈ ਸਾਜ਼ਗਾਰ ਬਣਦੇ ਗਏ।
ਉਸ ਦਿਨ ਨਵਜੋਤ ਸਿੱਧੂ ਦੀ ਸਪੀਚ ਅਲੰਕ੍ਰਿਤ ਭਾਸ਼ਾ ਵਾਲੇ ਉਸ ਦੇ ਰਵਾਇਤੀ ਅੰਦਾਜ਼ ਵਿਚ ਸੀ, ਜਿਸ ਵਿਚ ਨਾਟਕੀ ਅੰਸ਼ ਕੁਝ ਜ਼ਿਆਦਾ ਝਲਕਦਾ ਸੀ। ਨਤੀਜੇ ਵੱਜੋਂ ਉਮੀਦ ਮੁਤਾਬਕ ਇਹ ਕੋਈ ਬਹੁਤ ਵੱਡਾ ਪ੍ਰਭਾਵ ਨਹੀਂ ਛੱਡ ਸਕੀ। ਪ੍ਰੋਫੈਸਰ ਬਲਜਿੰਦਰ ਕੌਰ ਅਤੇ ਚਰਨਜੀਤ ਚੰਨੀ ਨੇ ਜਜ਼ਬਿਆਂ ਨੂੰ ਟੁੰਬਿਆ ਤਾਂ ਜ਼ਰੂਰ ਪਰ ਉਹ ਇਕ ਸਥਾਈ ਪ੍ਰਭਾਵ ਨਾ ਪਾ ਸਕੇ। ਅਖਬਾਰਾਂ ਅਤੇ ਟੈਲੀਵਿਜ਼ਨਾਂ ਵਿਚ ਵੱਡੀ ਪਾਰੀ ਖੇਡਣ ਵਾਲੇ ਕੰਵਰ ਸੰਧੂ ਨੇ ਆਪਣੇ ਤਜਰਬੇ ਦੀ ਯਾਦਦਾਸ਼ਤ ਵਿਚੋਂ ਹੀ ਪੁਰਅਸਰ ਸਪੀਚ ਪੜ੍ਹ ਲਈ। ਮਨਪ੍ਰੀਤ ਸਿੰਘ ਬਾਦਲ ਨੇ ਉਸ ਸਨਸਨੀਖੇਜ਼ ਘਟਨਾ ਦਾ ਖੁਲਾਸਾ ਕਰਕੇ ਵਾਹ ਵਾਹ ਖੱਟੀ ਜਦੋਂ ਨਿਰੰਕਾਰੀ ਕਾਂਡ ਵੇਲੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿਰੰਕਾਰੀ ਮੁਖੀ ਨੂੰ ਪੰਜਾਬ ਵਿਚੋਂ ਬਚ ਨਿਕਲਣ ਲਈ ਸੁਰੱਖਿਅਤ ਲਾਂਘਾ ਦਿੱਤਾ ਸੀ। ਸੁਖਪਾਲ ਸਿੰਘ ਖਹਿਰਾ ਦੀਆਂ ਦਲੀਲਾਂ ਨੇ ਵੀ ਇਸ ਸੈਸ਼ਨ ਨੇ ਇਕ ਗੱਲੋਂ ਅੱਖਾਂ ਖੋਲ੍ਹ ਦਿੱਤੀਆਂ ਕਿ ਕਿਸੇ ਮਿੱਲ ਦੇ ਨਿਕਾਸੀ ਪਾਣੀ ਵਿਚੋਂ ਬੋਤਲਾਂ ਭਰ ਕੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਾ ਕੇ ਲੀਡਰੀ ਚਮਕਾਉਣੀ ਹੋਰ ਗੱਲ ਹੈ ਅਤੇ ਹੰਢੇ ਵਰਤੇ ਵਿਧਾਨਕਾਰਾਂ ਦੀ ਹਾਜ਼ਰੀ ਵਿਚ ਸਾਰਥਕ ਗੱਲ ਕਰਕੇ ਪ੍ਰਸ਼ੰਸਾ ਦਾ ਪਾਤਰ ਬਣਨਾ ਅਲੱਗ ਗੱਲ ਹੈ।
ਅਜਿਹੇ ਹਾਲਾਤ ਵਿਚ ਮੈਦਾਨ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਹੱਥ ਆਇਆ ਅਤੇ ਇਉਂ ਜਾਣੋ ਕਿ ਉਹ ਇਸ ਵਕਤ ਦਾ ਕਚੀਚੀਆਂ ਵੱਟ ਕੇ ਇਤਜ਼ਾਰ ਕਰ ਰਿਹਾ ਸੀ। ਉਸਨੇ ਤਜਰਬੇ ਤੋਂ ਇਹ ਸਮਝ ਲਿਆ ਹੋਇਆ ਸੀ ਕਿ ਜੇਕਰ ਸਪੀਚ ਵਿਚ ਸ਼ਾਇਰੀ ਦੀ ਢੁੱਕਵੀਂ ਵਰਤੋਂ ਕੀਤੀ ਜਾਏ ਤਾਂ ਉਸ ਦਾ ਪ੍ਰਭਾਵ ਜ਼ਿਆਦਾ ਵਿਧਾਪਕ ਅਤੇ ਜ਼ੋਰਦਾਰ ਹੁੰਦਾ ਹੈ।
ਪਰਤ ਦਰ ਪਰਤ ਖੁੱਲ੍ਹਦੀ ਆਪਣੀ ਸਪੀਚ ਦੇ ਹਰ ਪੜਾਅ ਉਤੇ ਬਾਜਵਾ ਸਾਹਿਬ ਨੇ ਸੁਰਜੀਤ ਪਾਤਰ, ਸਾਹਿਰ ਲੁਧਿਆਣਵੀ, ਮਿਰਜ਼ਾ ਗਾਲਿਬ ਅਤੇ ਇਕ ਹੋਰ ਸ਼ਾਇਰ ਦਾ ਕਲਾਮ ਗੁੰਦਿਆ ਹੋਇਆ ਸੀ। ਇਸ ਤੋਂ ਵਧੇਰੇ ਗੁਰਬਾਣੀ ਵਿਚੋਂ ਹਵਾਲੇ ਉਸ ਦੀ ਸਪੀਚ ਦਾ ਵਿਸ਼ੇਸ਼ ਹਾਸਲ ਸੀ। ਜ਼ਾਹਿਰ ਹੈ ਕਿ ਸਪੀਚ ਦੇ ਡਰਾਫਟ ਨੂੰ ਅੰਜਾਮ ਦੇਣ ਵਿਚ ਉਰਦੂ ਅਤੇ ਪੰਜਾਬੀ ਸਾਹਿਤ ਦੀ ਜਾਣਕਾਰੀ ਰੱਖਣ ਵਾਲੇ ਕਿਸੇ ਸਿਆਣੇ, ਤਜਰਬੇਕਾਰ ਅਤੇ ਡੂੰਘੇ ਅਨੁਭਵ ਨਾਲ ਲੈਸ ਬੰਦੇ ਨੇ ਉਸ ਦੀ ਗੰਭੀਰਤਾ ਨਾਲ ਮੱਦਦ ਕੀਤੀ ਸੀ। ਪਰ ਇਹ ਵੀ ਗੱਲ ਹੈ ਕਿ ਅਜਿਹੀ ਮੱਦਦ ਦੀ ਸੁਚੱਜੀ ਵਰਤੋਂ ਕੋਈ ਸਿਆਣਾ ਲੀਡਰ ਹੀ ਕਰ ਸਕਦਾ ਹੈ। ਗਿਆਨੀ ਜ਼ੈਲ ਸਿੰਘ ਆਪਣੇ ਨਿਕਟਵਰਤੀ ਮਜਾਹੀਆ ਲੇਖਕ ਸੂਬਾ ਸਿੰਘ ਦੀਆਂ ਸੇਵਾਵਾਂ ਬਾਖੂਬੀ ਲੈਂਦੇ ਰਹੇ ਹਨ। ਜਥੇਦਾਰ ਟੌਹੜਾ ਦੇ ਸੰਘਣੇ ਵਿਆਖਿਆਨਾਂ ਵਿਚ ਪ੍ਰਿੰਸੀਪਲ ਸਤਿਬੀਰ ਸਿੰਘ ਅਤੇ ਜਸਬੀਰ ਸਿੰਘ ਆਹਲੂਵਾਲੀਆ ਦਾ ਗੁਣਕਾਰੀ ਹੱਥ ਰਿਹਾ ਹੈ। ਬਾਜਵਾ ਜੀ ਦੀ ਸਪੀਚ ਨੇ ਇਹ ਗੱਲ ਵੀ ਦ੍ਰਿੜ ਕਰਾਈ ਕਿ ਸਰਕਾਰੀ ਇੰਤਜ਼ਾਮੀਆ ਅਦਾਲਤਾਂ ਤੇ ਬੇਇਨਸਾਫੀ ਅਤੇ ਬੀਮਾਰ ਸਮਾਜਕ ਸੋਚ ਦੀ ਯਥਾਰਥਕ ਤਰਜਮਾਨੀ ਕਰਨ ਵਿਚ ਸਾਡੇ ਸਮਿਆਂ ਦਾ ਸੁਰਜੀਤ ਪਾਤਰ ਲੋਕ ਆਵਾਜ਼ ਵਜੋਂ ਸਥਾਪਤ ਹੋ ਚੁੱਕਾ ਹੈ।
ਬਾਜਵਾ ਸਾਹਿਬ ਦੀ ਇਸ ਲਾਜਵਾਬ ਅਤੇ ਪੁਰਅਸਰ ਤਕਰੀਰ ਬਾਰੇ ਮੇਰਾ ਇਤਰਾਜ਼ ਹੈ ਕਿ ਉਨ੍ਹਾਂ ਨੇ ਮਹਾਨ ਸ਼ਾਇਰਾਂ ਦੇ ਕਲਾਮ ਦੇ ਕਈ ਹਿੱਸੇ ਸਹੀ ਤਰੀਕੇ ਨਾਲ ਨਹੀਂ ਪੜ੍ਹੇ ਅਤੇ ਉਚਾਰੇ। ਸੁਣਨ ਵਾਲਿਆਂ ਵਿਚ ਜਿਨ੍ਹਾਂ ਦੀ ਜ਼ਬਾਨ ‘ਤੇ ਪਾਤਰ ਅਤੇ ਗ਼ਾਲਿਬ ਦੀ ਸ਼ਾਇਰੀ ਚੜ੍ਹੀ ਹੋਈ ਹੈ, ਉਨ੍ਹਾਂ ਨੂੰ ਇਹ ਤੋੜ ਭੰਨ ਰੜਕ ਰਹੀ ਸੀ। ਜਾਂ ਤਾਂ ਉਨ੍ਹਾਂ ਨੇ ਹਵਾਲਿਆਂ ਨੂੰ ਪੜ੍ਹਨ ਵਿਚ ਅਣਗਹਿਲੀ ਕੀਤੀ ਅਤੇ ਜਾਂ ਫਿਰ ਉਨ੍ਹਾਂ ਦੇ ਮੀਡੀਆ ਸਲਾਹਕਾਰ ਨੂੰ ਭਵਿੱਖ ਵਿਚ ਹੋਰ ਸਤਰਕ ਰਹਿਣ ਦੀ ਲੋੜ ਹੈ।
ਬਾਜਵਾ ਸਾਹਿਬ ਹੁਣ ਤੱਕ ਇਹ ਵੀ ਸਮਝ ਗਏ ਹਨ ਕਿ ਪੰਜਾਬ ਸਰਕਾਰ ਵਿਚ ਉਨ੍ਹਾਂ ਨੂੰ ਸੰਭਾਵੀ ਭਵਿੱਖ ਵਿਚ ਵੱਡਾ ਰੋਲ ਨਿਭਾਉਣ ਲਈ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ। ਨਵਜੋਤ ਸਿੱਘ ਸਿੱਧੂ ਨੂੰ ਅਗਲੀਆਂ ਸਫਾਂ ਵਿਚ ਖੜ੍ਹਾ ਕਰਕੇ ਮੋਹਰੀ ਰੋਲ ਦਿੱਤੇ ਜਾਣ ਲਈ ਉਹ ਆਪਣੇ ਮਨੋਂ, ਅੰਦਰੋ ਅੰਦਰੀ, ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਸਮਝਦੇ ਹਨ। ਮੁੱਖ ਮੰਤਰੀ ਦਾ ਇਹ ਰਵੱਈਆ ਉਨ੍ਹਾਂ ਨੂੰ ਇਸ ਕਦਰ ਰੜਕਦਾ ਜਾਪਦਾ ਹੈ ਕਿ ਕੈਬਨਿਟ ਦੀ ਮਰਿਆਦਾ ਅਤੇ ਆਪਣੀ ਹੈਸੀਅਤ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਆਪਣੀ ਸਪੀਚ ਵਿਚ ਮੁੱਖ ਮੰਤਰੀ ਉਤੇ ਡੀ ਜੀ ਪੀ ਸੁਮੇਧ ਸਿੰਘ ਸੈਣੀ ਅਤੇ ਬਾਦਲਾਂ ਵਿਰੁੱਧ ਫੌਰੀ ਐਕਸ਼ਨ ਲੈਣ ਲਈ ਸਿੱਧਾ ਦਬਾਅ ਪਾਇਆ ਅਤੇ ਨਾਲ ਹੀ ਲਲਕਾਰ ਭਰੀ ਵੰਗਾਰ ਪਾਈ ਕਿ ਜੇ ਸਰਕਾਰ ਨੂੰ ਇਹ ਸਖਤ ਫੈਸਲਾ ਲੈਣ ਵਿਚ ਝਿਜਕ ਹੈ ਤਾਂ ਉਹ ਖੁਦ ਇਸ ਚੁਨੌਤੀ ਭਰੇ ਕੰਮ ਨੂੰ ਅੰਜਾਮ ਦੇਣ ਲਈ ਤਿਆਰ ਹਨ। ਇਹ ਐਸੀ ਗੱਲ ਸੀ ਜਿਵੇਂ ਮੁਗਲ ਰਾਜ ਵਿਚ ਜੋਖ਼ਮ ਭਰੀ ਮੁਹਿੰਮ ਨੂੰ ਸਿਰੇ ਚੜ੍ਹਾਉਣ ਦੀ ਜ਼ਿੰਮੇਵਾਰੀ ਲੈਣ ਦੇ ਇਛੱਕ ਫੌਜੀ ਜਰਨੈਲ ਪਾਨ ਦਾ ਬੀੜਾ ਚੁੱਕਿਆ ਕਰਦੇ ਸਨ। ਸਪੱਸ਼ਟ ਹੈ ਕਿ ਪੰਜਾਬ ਦੇ ਅਵਾਮ ਨੂੰ ਬਾਜਵਾ ਸਾਹਿਬ ਭਵਿੱਖਮੁਖੀ ਸੁਨੇਹਾ ਦੇ ਰਹੇ ਸਨ, ਉਹ ਕਦੇ ਵੀ ਅਤੇ ਕਿਸੇ ਵੀ ਵਕਤ ਪੰਜਾਬ ਨੂੰ ਪੁਖਤਾ ਅਗਵਾਈ ਦੇਣ ਦੇ ਯੋਗ ਅਤੇ ਸਮਰੱਥ ਹਨ।
ਬਾਜਵਾ ਸਾਹਿਬ ਦੀ ਨਿਮਰਤਾ, ਮਿਠਬੋਲੜਾਪਣ, ਠਰੰ੍ਹਮਾ ਅਤੇ ਦਿਆਨਤਦਾਰੀ ਲੋਕਾਂ ਵਿਚ ਵਿਸ਼ਵਾਸ ਵਜੋਂ ਜਾਣੀ ਜਾਂਦੀ ਹੈ। ਮੈਂ ਉਨ੍ਹਾਂ ਨੂੰ ਭਰ ਜਵਾਨੀ ਵਿਚ ਵੇਖਿਆ ਹੈ ਜਦੋਂ ਉਹ ਚਾਰ ਦਹਾਕੇ ਪਹਿਲਾਂ ਮੇਰੇ ਵਿਦਿਆਰਥੀ ਦਿਨਾਂ ਵਿਚ ਪੰਜਾਬ ਯੂਨੀਵਰਸਿਟੀ ਦੇ ਕਾਮਰਸ ਡਿਪਾਰਟਮੈਂਟ ਵਿਚ ਪ੍ਰੋਫੈਸਰ ਉਪਲ ਕੋਲ ਕਦੇ ਕਦਾਈਂ ਆਉਂਦੇ ਸਨ। ਉਨੀਂ ਦਿਨੀਂ ਉਹ ਸਿਆਸਤ ਦੀ ਗੁੜ੍ਹਤੀ ਲੈ ਰਹੇ ਸਨ। ਉਨ੍ਹਾਂ ਦੀ ਸਿਆਸੀ ਕਾਮਯਾਬੀ ਲਈ ਅਨੇਕਾਂ ਪੰਜਾਬੀਆਂ ਦੀ ਤਰ੍ਹਾਂ ਮੇਰੀਆਂ ਵੀ ਸ਼ੁਭ ਕਾਮਨਾਵਾਂ ਹਨ। ਪਰ ਨਾਲੋ ਨਾਲ ਮੈਂ ਨਵਜੋਤ ਸਿੰਘ ਸਿੱਧੂ ਦੀ ਨਿਰਮਲਤਾ, ਨਿਰਛਲਤਾ ਅਤੇ ਨਿਰਭੈਤਾ ਲਈ ਉਸ ਦਾ ਵੀ ਖੈਰਖਵਾਹ ਹਾਂ।
ਇਹ ਦਲੀਲ ਅਤੇ ਜਜ਼ਬਾ ਪਰੁੱਤੀ ਬਹਿਸ ਨਾਲ ਭਰਪੂਰ ਇਹ ਮਾਨਸੂਨ ਸੈਸ਼ਨ ਇਤਿਹਾਸ ਸਿਰਜ ਗਿਆ ਹੈ। ਆਉਣ ਵਾਲੇ ਸਮੇਂ ਵਿਚ ਇਸਨੂੰ ਕਸਵੱਟੀ ਬਣਾ ਕੇ ਵਿਧਾਨ ਸਭਾ ਦੀਆਂ ਬਹਿਸਾਂ ਦਾ ਮਿਆਰ ਤੈਅ ਹੋਇਆ ਕਰੇਗਾ ਪਰ ਕੁਝ ਪਾਰਖੂ ਸੱਜਣ ਅਤੇ ਪੰਜਾਬ ਹਿਤੈਸ਼ੀ ਇਸ ਸੈਸ਼ਨ ਦਾ ਇਕ ਉਦਾਸੀਨ ਪੱਖ ਵੀ ਦੇਖਦੇ ਹਨ ਕਿਉਂਕਿ ਇਸ ਸਮੇਂ ਮਿਆਰੀ ਵਿਦਿਆ, ਸਿਹਤ ਸੇਵਾਵਾਂ, ਧਰਤੀ ਹੇਠਲਾ ਪਾਣੀ ਅਤੇ ਪ੍ਰਦੂਸ਼ਣ ਵਰਗੇ ਅਤਿ ਜ਼ਰੂਰੀ ਮੁੱਦਿਆਂ ਬਾਰੇ ਬਹਿਸ ਅਤੇ ਵਿਚਾਰ ਵਿਮਰਸ਼ ਦਾ ਜਿਵੇਂ ਭੋਗ ਪੈ ਗਿਆ।
ਅਕਾਲੀ ਵਿਧਾਇਕਾਂ ਦੀ ਵਾਕਆਊਟ ਅਤੇ ਸਦਨ ਦੀ ਕਾਰਵਾਈ ਦੇ ਅੰਤ ਤੱਕ ਉਨ੍ਹਾਂ ਦੇ ਬਾਹਰ ਰਹਿਣ ਕਰਕੇ ਹੀ ਅਸੈਂਬਲੀ ਹਾਲ ਵਿਚ ਇੰਨੀ ਸੂਤਰੀ, ਸੰਘਣੀ ਅਤੇ ਸਾਰਥਕ ਬਹਿਸ ਸੰਭਵ ਹੋ ਸਕੀ। ਅਕਾਲੀਆਂ ਨੂੰ ਦੇਰ ਬਾਅਦ ਮਾਲੂਮ ਹੋਇਆ ਕਿ ਗਰਮਜੋਸ਼ੀ ਅਤੇ ਭੜਕਾਹਟ ਵਿਚ ਕੀਤੇ ਬਾਈਕਾਟ ਦਾ ਨੁਕਸਾਨ ਉਲਟਾ ਉਨ੍ਹਾਂ ਦੇ ਸਿਰ ‘ਤੇ ਹੀ ਪੈ ਗਿਆ। ਵੀਹਾਂ ਵਿਚੋਂ ਪਿਛਲੇ 15 ਸਾਲਾਂ ਵਿਚ ਅਕਾਲੀ ਦਲ ਦੇ ਰਾਜ ਵਿਚ ਉਨ੍ਹਾਂ ਨੇ ਇੰਤਜ਼ਾਮੀਆਂ ਉਤੇ ਪੱਕੀ ਪੀਡੀ ਪਕੜ ਬਣਾ ਲਈ ਸੀ ਅਤੇ ਵਿਧਾਨ ਸਭਾ ਦੇ ਸੈਸ਼ਨਾਂ ਵਿਚ ਵੀ ਇਕ ਐਸਾ ਹਮਲਾਵਰ ਤੰਤਰ ਸਿਰਜ ਲਿਆ ਸੀ ਜਿਸ ਅਧੀਨ ਉਨ੍ਹਾਂ ਦੇ 2-3 ਵਿਧਾਇਕ ਕਿਸੇ ਵੀ ਭਲੇਮਾਣਸ ਜਾਂ ਵਿਧਾਨਿਕ ਮਰਿਆਦਾ ਵਿਚ ਭਾਸ਼ਣ ਦੇਣ ਜਾਂ ਗੱਲਬਾਤ ਕਰਨ ਵਾਲੇ ਵਿਧਾਇਕ ਨੂੰ ਸ਼ੋਰ-ਸ਼ਰਾਬਾ ਕਰਕੇ ਗਲਾਵੇਂ ਤੋਂ ਫੜਨ ਲਈ ਸਦਾ ਤਿਆਰ ਹੀ ਰਹਿੰਦੇ ਸਨ। ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਅਜਿਹੀ ਬੁਰਛਾਗਰਦੀ ਲਈ ਕੁਖਿਆਤ ਸਨ। ਅਕਾਲੀ ਲੀਡਰਾਂ ਨੂੰ ਹੁਣ ਪਛਤਾਵਾ ਹੋ ਰਿਹਾ ਹੈ ਕਿ ਉਹ ਅਸੈਂਬਲੀ ਅੰਦਰ ਰਹਿੰਦੇ ਤਾਂ ਆਪਣੀਆਂ ਅਜ਼ਮਾਇਸ਼-ਸ਼ੁਦਾ ਕੁਲੱਛਣੀਆਂ ਚਾਲਾਂ ਸਦਕੇ ਕਾਂਗਰਸ ਨੂੰ ਘੱਟੋ-ਘੱਟ ਇਸ ਸੈਸ਼ਨ ਦਾ ਸਿਆਸੀ ਲਾਭ ਹਰਗਿਜ਼ ਨਾ ਲੈਣ ਦਿੰਦੇ।

ਅਸੈਂਬਲੀ ‘ਚ ਬਹਿਸ ਤੋਂ ਪਿੱਛੋਂ ਵੱਡਾ ਸਵਾਲ : ਸਿੱਖ ਪੰਥ ਦੀ ਅਗਵਾਈ ਹੁਣ ਕੌਣ ਕਰੇ?
ਕਰਮਜੀਤ ਸਿੰਘ
99150-91063
ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਜਿਵੇਂ ਬਾਦਲਕੇ ਦੋਸ਼ੀ ਠਹਿਰਾਏ ਗਏ ਹਨ ਅਤੇ ਜਿਵੇਂ ਦੇਸ਼ ਅਤੇ ਵਿਦੇਸ਼ ਵਿਚ ਖਾਲਸਾ ਪੰਥ ਵਿਧਾਨ ਸਭਾ ਵਿਚ ਹੋਈ ਬਹਿਸ ਵਿਚ ਬਾਦਲਕਿਆਂ ਦੀ ਹੋਈ ਦੁਰਗਤੀ ‘ਤੇ ਖੁਸ਼ੀਆਂ ਮਨਾ ਰਿਹਾ ਸੀ ਤਾਂ ਸਿੱਖ ਧਰਮ ਤੇ ਸਿੱਖ ਸਿਆਸਤ ਦੀਆਂ ਸਰਗਰਮੀਆਂ ਨਾਲ ਦੂਰੋਂ ਨੇੜਿਓਂ ਜੁੜੇ ਇਕ ਉਘੇ ਸਿੱਖ ਬੁੱਧੀਜੀਵੀ ਨੇ ਮੈਨੂੰ ਸਵਾਲ ਕੀਤਾ ਕਿ ਸਿੱਖ ਧਰਮ, ਸਿੱਖ ਸਿਆਸਤ ਅਤੇ ਸਿੱਖ ਤਰਜ਼-ਏ-ਜ਼ਿੰਦਗੀ ਹੁਣ ਕਿੱਥੋਂ ਅਗਵਾਈ ਹਾਸਲ ਕਰੇ? ਹੁਣ ਉਹ ਕਿਹੜਾ ਪ੍ਰੇਰਣਾ ਸ੍ਰੋਤ ਹੈ ਅਤੇ ਕਿਹੜੇ ਰੋਲ ਮਾਡਲ ਹਨ ਜੋ ਇਸ ਭਿਆਨਕ ਖਲਾਅ ਵਿਚੋਂ ਸਾਨੂੰ ਰੌਸ਼ਨੀ ਦੇ ਸਕਦੇ ਹਨ?
ਕੁਝ ਪਲਾਂ ਲਈ ਸਾਡੇ ਦੋਹਾਂ ਵਿਚ ਇਕ ਸੰਘਣੀ ਚੁੱਪ ਛਾ ਗਈ। ਇਸ ਚੁੱਪ ਨੂੰ ਤੋੜਦਿਆਂ ਉਸ ਬੁੱਧੀਜੀਵੀ ਵੀਰ ਨੇ ਅਗਲਾ ਸਵਾਲ ਪੁੱਛ ਲਿਆ ਕਿ ਕੀ ਹੁਣ ਕਾਂਗਰਸ ਪਾਰਟੀ ਸਿੱਖ ਧਰਮ ਤੇ ਸਿੱਖ ਰਾਜਨੀਤੀ ਦੀ ਅਗਵਾਈ ਕਰੇਗੀ? ਕੀ ਕਰ ਵੀ ਸਕੇਗੀ? ਇਸ ਬੁੱਧੀਜੀਵੀ ਦਾ ਸਿੱਧਾ ਇਸ਼ਾਰਾ ਵਿਧਾਨ ਸਭਾ ਵਿਚ ਹੋਈ ਉਸ ਬਹਿਸ ਵੱਲ ਸੀ ਜਿਸ ਵਿਚ ਕਾਂਗਰਸੀ ਵਿਧਾਇਕ ਜਿਸ ਜਜ਼ਬੇ ਅਤੇ ਜਿਸ ਅੰਦਾਜ਼ ਵਿਚ ਬੋਲ ਰਹੇ ਸਨ ਜਿਵੇਂ ਸਿੱਖ ਕੌਮ ਦਾ ਸਾਰਾ ਦਰਦ ਉਨ੍ਹਾਂ ਵਿਚ ਹੀ ਇਕੱਠਾ ਹੋ ਗਿਆ ਹੋਵੇ। ਵੈਸੇ ਇਹ ਗੱਲ ਕਿਸੇ ਹੱਦ ਤੱਕ ਸੱਚ ਦੇ ਨੇੜੇ ਵੀ ਸੀ। ਘੱਟੋ ਘੱਟ ਮੰਗਲਵਾਰ ਵਾਲੇ ਦਿਨ ਇੰਝ ਮਹਿਸੂਸ ਕੀਤਾ ਗਿਆ। ਕਾਂਗਰਸ ਦੇ ਸਿੱਖ ਵਿਧਾਇਕ ਸੱਚਮੁੱਚ ਹੀ ਕਿਸੇ ਡੂੰਘੇ ਦਰਦ ਵਿਚੋਂ ਬੋਲ ਰਹੇ ਸਨ ਅਤੇ ਇਉਂ ਲੱਗਦਾ ਸੀ ਜਿਵੇਂ ਉਹ ਗੁਰੂ ਗਰੰਥ ਸਾਹਿਰ ਦੀ ਬੇਅਦਬੀ ਦੇ ਮਾਮਲੇ ‘ਤੇ ਸਿਆਸਤ ਨਹੀਂ ਕਰ ਰਹੇ ਸਗੋਂ ਇਸ ਪਵਿੱਤਰ ਗਰੰਥ ਦੀ ਬੇਅਦਬੀ ਸੱਚਮੁੱਚ ਹੀ ਉਨ੍ਹਾਂ ਦੀਆਂ ਨੀਂਦਰਾਂ ਉਤੇ ਬੋਝ ਪਾਉਂਦੀ ਹੈ ਅਤੇ ਕੁਝ ਸੋਚਣ ਲਈ ਵੀ ਮਜਬੂਰ ਕਰਦੀ ਹੈ।
ਇਹ ਵੀ ਹੈਰਾਨੀ ਵਾਲੀ ਗੱਲ ਸੀ ਕਿ ਕੁਝ ਵਿਧਾਇਕ ਭਾਵੇਂ ਬਾਹਰੀ ਸਰੂਪ ਵਿਚ ਸੰਪੂਰਨ ਨਹੀਂ ਸਨ, ਪਰ ਜੋ ਉਹ ਬੋਲਦੇ ਸਨ ਅਤੇ ਜਿਵੇਂ ਬੋਲਦੇ ਸਨ, ਉਹ ਸੱਚਮੁੱਚ ਹੀ ਦਿਲ ਦੀਆਂ ਗਹਿਰਾਈਆਂ ਵਿਚੋਂ ਬੋਲਦੇ ਸਨ। ਪਰ ਇਹ ਵੀ ਇਕ ਹਕੀਕਤ ਹੈ ਕਿ ਸਿੱਖ ਕਦੇ ਵੀ ਕਾਂਗਰਸ ਨੂੰ ਆਪਣੀ ਤਕਦੀਰ ਘੜਨ ਜਾਂ ਲਿਖਣ ਦੀ ਇਜਾਜ਼ਤ ਨਹੀਂ ਦੇ ਸਕਦੇ। ਕਾਰਨ ਸਪੱਸ਼ਟ ਹੈ ਕਿ ਦਰਬਾਰ ਸਾਹਿਬ ਉਤੇ ਹੋਏ ਹਮਲੇ ਅਤੇ ਨਵੰਬਰ 84 ਵਿਚ ਕਤਲੇਆਮ ਸਿੱਖ ਕੌਮ ਦੀ ਯਾਦ ਵਿਚ ਉਹ ਡੂੰਘਾ ਜ਼ਖਮ ਹੈ ਜੋ ਕਦੇ ਵੀ ਨਹੀਂ ਭਰਿਆ ਜਾ ਸਕੇਗਾ। ਵੈਸੇ ਵੀ ਕਾਂਗਰਸ ਕਥਿਤ ਤੌਰ ‘ਤੇ ਧਰਮ ਨਿਰਪੱਖ ਪਾਰਟੀ ਹੈ। ਉਹ ਸਿੱਖਾਂ ਦੇ ਅੰਤਰੀਵ ਦਰਦ ਨੂੰ ਕਦੇ ਵੀ ਨਹੀਂ ਸਮਝ ਸਕੇਗੀ। ਪਿਛਲੇ ਇਤਿਹਾਸ ਨੇ ਵੀ ਸਾਨੂੰ ਇਹੋ ਸਬਕ ਦਿੱਤਾ ਹੈ।
ਤਾਂ ਫਿਰ ਹੋਰ ਕੌਣ ਹੈ ਜੋ ਸਾਡੀ ਬਾਂਹ ਫੜ ਸਕਦਾ ਹੈ? ਕੀ ਆਮ ਆਦਮੀ ਪਾਰਟੀ ਸਾਡੇ ਧਰਮ, ਸਾਡੀਆਂ ਰਵਾਇਤਾਂ ਨਾਲ ਸਾਡੀ ਸਾਂਝ ਪਵਾ ਸਕਦੀ ਹੈ? ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਵੇਂ ਇਸ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਮਸਲਿਆਂ ਪ੍ਰਤੀ ਬੇਰੁਖੀ ਵਾਲੀ ਪਹੁੰਚ, ਉਸ ਦੇ ਗਿਆਨ ਦਾ ਪੱਧਰ ਤੇ ਰਵੱਈਆ ਹੈ, ਉਹ ਕਦੇ ਵੀ ਖਾਲਸਾ ਪੰਥ ਦੀ ਰੂਹ ਦਾ ਹਾਣੀ ਨਹੀਂ ਬਣ ਸਕੇਗਾ। ਹਾਂ, ਪੰਥ ਨੇ ਉਸ ਨੂੰ ਇਕ ਮੌਕਾ ਜ਼ਰੂਰ ਦਿੱਤਾ, ਹੁਣ ਹੋਰ ਮੌਕਾ ਪੰਜਾਬ ਦੇ ਲੋਕ ਨਹੀਂ ਦੇਣਗੇ। ਹਾਂ, ਕੁਝ ਅਨਾੜੀ ਤੇ ਗਰਜ਼ਾਂ ਨਾਲ ਜੁੜੇ ਵਿਧਾਇਕ ਤੇ ਪਾਰਟੀ ਆਗੂ ਇਸ ਪਾਰਟੀ ਨਾਲ ਅਜੇ ਹੋਰ ਕੁਝ ਚਿਰ ਜੁੜੇ ਰਹਿ ਸਕਦੇ ਹਨ, ਕਿਉਂਕਿ ਪਾਰਟੀਆਂ ਨੂੰ ਛੱਡਣਾ ਹਰ ਕਿਸੇ ਲਈ ਇੰਨਾ ਅਸਾਨ ਨਹੀਂ ਹੁੰਦਾ। ਜੇ ਸਿੱਖ ਨੌਜਵਾਨਾਂ ਦੀ ਰੂਹ ਨਾਲ ਕੰਨ ਲਾ ਕੇ ਉਨ੍ਹਾਂ ਦੀ ਸਲਾਹ ਲੈਣੀ ਹੈ ਤਾਂ ਉਹ ਇਹੋ ਕਹਿੰਦੇ ਹਨ ਕਿ ਇਹ ਪਾਰਟੀ ਹੁਣ ਇਤਿਹਾਸ ਦਾ ਹਿੱਸਾ ਹੈ।
ਪਰ ਕੀ ਇਸ ਪਾਰਟੀ ਦੇ ਬਾਗੀ ਵਿਧਾਇਕ ਜੇ ਆਉਣ ਵਾਲੇ ਕੱਲ੍ਹ ਨੂੰ ਇਕ ਵੱਖਰੀ ਪਾਰਟੀ ਬਣਾ ਲੈਂਦੇ ਹਨ ਤਾਂ ਕੀ ਉਹ ਸਿੱਖ ਪੰਥ ਦੀ ਅਗਵਾਈ ਕਰ ਸਕਣਗੇ? ਇਹ ਠੀਕ ਹੈ ਕਿ ਇਹ ਬਾਗੀ ਲੋਕਾਂ ਦਾ ਚਿਹਰਾ ਮੋਹਰਾ ਪੰਥਕ ਹੈ ਪਰ ਉਨ੍ਹਾਂ ਦਾ ਬਾਹਰੀ ਸਰੂਪ ਪੰਥਕ ਨਹੀਂ ਜਿਸ ਨੂੰ ਸਿੱਖ ਪੰਥ ਸਿਰਮੌਰ ਮਾਨਤਾ ਦਿੰਦਾ ਹੈ।
ਕੀ ਰੈਡੀਕਲ ਜਥੇਬੰਦੀਆਂ ਅਤੇ ਹੋਰ ਨਿੱਕੀਆਂ ਮੋਟੀਆਂ ਪੰਥਕ ਜਥੇਬੰਦੀਆਂ ਖਾਲਸਾ ਪੰਥ ਦੀ ਅਗਵਾਈ ਕਰ ਸਕਦੀਆਂ ਹਨ? ਇਨ੍ਹਾਂ ਦੀ ਅੰਦਰੂਨੀ ਹਾਲਤ ਦੱਸਦੀ ਹੈ ਕਿ ਭਾਵੇਂ ਸਿੱਖੀ ਸਿਧਾਂਤ ਦੇ ਵਿਹੜੇ ਦੇ ਅੰਦਰ ਇਨ੍ਹਾਂ ਜਥੇਬੰਦੀਆਂ ਦਾ ਸਥਾਨ ਸਿਰਮੌਰ ਹੈ ਅਤੇ ਸਤਿਕਾਰ ਵੀ ਹੈ ਪਰ ਇਹ ਜਥੇਬੰਦੀਆਂ ਬਦਕਿਸਮਤੀ ਨਾਲ ਖਾਲਸਾ ਪੰਥ ਦੇ ਵਿਸ਼ਾਲ ਵਿਹੜੇ ਤੋਂ ਬਾਹਰ ਹਨ, ਬਹੁਤ ਦੂਰ ਹਨ। ਪਤਾ ਨਹੀਂ ਕਿਉਂ? ਇਨ੍ਹਾਂ ਜਥੇਬੰਦੀਆਂ ਦੀ ਰੂਹ ਬੇਚੈਨ ਹੈ, ਬਾਗੀ ਵੀ ਹੈ, ਪਰ ਇਨ੍ਹਾਂ ਦਾ ਰਾਜਨੀਤਕ-ਜਿਸਮ ਪੂਰੀ ਤਰ੍ਹਾਂ ਖੜੋਤ ਵਿਚ ਹੈ। ਇਹੋ ਜਿਹੀਆਂ ਕੌੜੀਆਂ ਸੱਚਾਈਆਂ ਇਹ ਜਥੇਬੰਦੀਆਂ ਖਿੱਝ ਕੇ ‘ਸੁਣ’ ਤਾਂ ਲੈਂਦੀਆਂ ਹਨ ਪਰ ‘ਮੰਨਣ’ ਦੀ ਖੁੱਲ੍ਹਦਿਲੀ ਨਹੀਂ ਵਿਖਾਉਂਦੀਆਂ। ਜੇ ਇਨ੍ਹਾਂ ਜਥੇਬੰਦੀਆਂ ਦੀ ਲੀਡਰਸ਼ਿਪ ਵਿਚ ਕੋਈ ਵੱਡਾ ਚਮਤਕਾਰ ਨਾ ਵਾਪਰਿਆ ਤਾਂ ਇਹ ਲੰਮੇ ਅਰਸੇ ਤੱਕ ਖੜੋਤ ਦਾ ਦੁੱਖ ਹੀ ਹੰਢਾਉਣਗੀਆਂ।
ਕੀ ਕੋਈ ਸੰਤ ਅਗਵਾਈ ਕਰ ਸਕਦਾ ਹੈ? ਹਾਂ, ਕਰ ਸਕਦਾ ਹੈ, ਪਰ ਜੇਕਰ ਸੰਤ ਜਰਨੈਲ ਸਿੰਘ ਵਰਗਾ ਆਵੇ ਪਰ ਆਵੇ ਵੀ ਨਵੇਂ ਰੂਪ ਵਿਚ, ਨਵੇਂ ਅੰਦਾਜ਼ ਵਿਚ ਖਾਲਸਾ ਪੰਥ ਦੇ ਸਨਮੁਖ ਹੋਵੇ। ਮੇਰੇ ਕਹਿਣ ਤੋਂ ਭਾਵ ਉਸ ਵਿਚ ਦ੍ਰਿੜਤਾ, ਲਗਨ, ਉਤਸ਼ਾਹ, ਵਚਨਬੱਧਤਾ ਅਤੇ ਖਾਲਸਾ ਪੰਥ ਨਾਲ ਪਿਆਰ ਉਹੋ ਜਿਹਾ ਹੀ ਹੋਵੇ ਜੋ ਕੌਮ ਨੇ ਸੰਤ ਜਰਨੈਲ ਸਿੰਘ ਵਿਚ ਵੇਖਿਆ ਸੀ। ਇਸ ਨਵੇਂ ਰੂਪ ਵਿਚ ਆਏ ਸੰਤ ਨੂੰ ਸੰਸਾਰ-ਸਿਆਸਤ ਦੀ ਸਮਝ ਹੋਵੇ। ਹਿੰਦੁਸਤਾਨ ਵਿਚ ਵਿਚਰ ਰਹੀਆਂ ਤਾਕਤਾਂ ਦੀ ਡੂੰਘੀ ਜਾਣਕਾਰੀ ਹੋਵੇ ਅਤੇ ਅਨੇਕ ਵਿਰੋਧਤਾਈਆਂ ਵਿਚ ਵਿਚਰ ਰਹੇ ਸਿੱਖ ਪੰਥ ਨੂੰ ਇਕੱਠਾ ਕਰਨ ਦੀ ਸਮਰੱਥਾ, ਯੋਗਤਾ, ਕਾਬਲੀਅਤ ਤੇ ਖੁਲ੍ਹਦਿਲੀ ਹੋਵੇ। ਚੰਗੇ, ਸੂਝਵਾਨ, ਸਿਆਣੇ ਤੇ ਗੁਰਬਾਣੀ ਵਿਚ ਰੰਗੇ ਹੋਏ ਗੁਰਸਿੱਖਾਂ ਦੀ ਕੋਈ ਸਾਂਝੀ ਕਮੇਟੀ ਵੀ ਸਿੱਖ ਪੰਥ ਦੀ ਅਗਵਾਈ ਕਰ ਸਕਦੀ ਹੈ ਬਸ਼ਰਤੇ ਉਸਨੂੰ ਸਿਆਸਤ ਦੀਆਂ ਬਰੀਕ ਗੁੰਝਲਾਂ ਦੀ ਬਹੁਪੱਖੀ ਤੇ ਬਹੁਪਰਤੀ ਜਾਣਕਾਰੀ ਹੋਵੇ। ਪਰ ਅਜੇ ਤੱਕ ਨਾ ਹੀ ਕੋਈ ਉਹੋ ਜਿਹਾ ਸੰਤ ਨਜ਼ਰੀਂ ਪੈਂਦਾ ਹੈ ਤੇ ਨਾ ਹੀ ਗੁਰਸਿੱਖਾਂ ਦੀ ਕੋਈ ਕਮੇਟੀ ਅੱਗੇ ਆਉਂਦੀ ਹੈ।
ਪਰ ਇਕ ਦਿਓ-ਕੱਦ ਸਵਾਲ ਅਜੇ ਵੀ ਸਾਨੂੰ ਵਾਰ ਵਾਰ ਅਵਾਜ਼ ਮਾਰ ਕੇ ਪੁੱਛਦਾ ਹੈ ਕਿ ਦੱਸੋ, ਹੁਣ ਕੀ ਕੀਤਾ ਜਾਵੇ? ਕਿਵੇਂ ਕੀਤਾ ਜਾਵੇ? ਕੌਣ ਅੱਗੇ ਆਵੇ? ਕੀ ਅਕਾਲੀ ਦਲ ਸਾਡੀ ਅਗਵਾਈ ਕਰੇਗਾ? ਹਾਂ, ਕਰ ਸਕਦਾ ਸੀ, ਜੇਕਰ ਦੋ ਬੰਦੇ ਵੱਡਾ ਤੇ ਛੋਟਾ ਬਾਦਲ ਖਾਲਸਾ ਪੰਥ ਦੇ ਵਿਹੜੇ ਵਿਚੋਂ ਬਾਹਰ ਕੱਢ ਦਿੱਤੇ ਜਾਣ। ਹਾਲ ਦੀ ਘੜੀ ਇਹ ਦਲੇਰੀ ਕਿਸੇ ਵਿਚ ਵੀ ਨਜ਼ਰ ਨਹੀਂ ਆਉਂਦੀ। ਵੈਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਤਾਂ ਉਨ੍ਹਾਂ ਨੂੰ ਕੱਢ ਹੀ ਦਿੱਤਾ ਹੈ ਪਰ ਇਨ੍ਹਾਂ ਨੇ ਆਪਣੇ ਮਾਇਆ ਦੇ ਜਾਲ ਨੂੰ ਇੰਨੀ ਦੂਰ ਤੱਕ ਫੈਲਾਇਆ ਹੋਇਆ ਹੈ ਕਿ ਕੋਈ ਵੀ ‘ਹਰਿਓ ਬੂਟ’ ਨਜ਼ਰ ਨਹੀਂ ਆਉਂਦਾ। ਗੁਰਬਾਣੀ ਦੀ ਪਾਵਨ ਸਤਰ ਹੈ : ਨ ਜਾਣਾ ਮੇਓ, ਨ ਜਾਣਾ ਜਾਲੀ ਅਰਥਾਤ ਨਾ ਹੀ ਮੱਛੀਆਂ ਫੜਨ ਵਾਲੇ ਮਾਹੀਗੀਰ ਦਾ ਪਤਾ ਲੱਗਿਆ ਤੇ ਨਾ ਹੀ ਉਸ ਵੱਲੋਂ ਸੁੱਟੇ ਹੋਏ ਜਾਲ ਦੀਆਂ ਬਰੀਕ ਤੇ ਮਜ਼ਬੂਤ ਤੰਦਾਂ ਸਮਝ ਵਿਚ ਆਈਆਂ।
ਹੁਣ ਇਹ ਪਿਉ-ਪੁੱਤ ਤੇ ਸਾਲਾ ਰੌਲੇ ਨਾਲ ਹੀ ਪੰਥਕ ਸਥਿਤੀ ਉਤੇ ਹਾਵੀ ਹੋਣਾ ਚਾਹੁੰਦੇ ਹਨ। ਪਰ ਇਸ ਰੌਲੇ, ਹਾਲ ਪਾਰਿਆ ਅਤੇ ਹਾਲ ਦੁਹਾਈ ਵਿਚ ਨਾ ਕੋਈ ਵੱਡਾ ਤਰਕ ਹੈ, ਨਾ ਠੋਸ ਤੱਥ ਹਨ ਅਤੇ ਨਾ ਹੀ ਕੋਈ ਪਛਤਾਵਾ ਹੈ। ਜੇ ਤੁਹਾਡੇ ਅੰਦਰ ਥੋੜੀ ਬਹੁਤ ਵੀ ਇਤਿਹਾਸ ਦੀ ਸਮਝ ਹੋਵੇ, ਕਦੇ ਕਦਾਈਂ ਗੁਰਦਵਾਰੇ ਗਏ ਹੋਵੋ ਜਾਂ ਕਿਸੇ ਵੀ ਸੱਚੇ-ਸੁੱਚੇ ਬੰਦੇ ਦੇ ਦਰਸ਼ਨ ਦੀਦਾਰੇ ਕੀਤੇ ਹੋਣ ਤਾਂ ਕੀ ਤੁਹਾਨੂੰ ਇਨ੍ਹਾਂ ਤਿੰਨਾਂ ਦੀ ਬੋਲ ਬਾਣੀ, ਇਨ੍ਹਾਂ ਦੀ ਗੁਫਤਾਰ ਤੇ ਰਫਤਾਰ ਰੂਹ ਨੂੰ ਖਿੱਚਾਂ ਪਾਉਂਦੀ ਹੈ? ਕੀ ਤੁਹਾਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਇਹ ਕਦੇ ਖਾਲਸਾ ਪੰਥ ਦੀ ਬੇੜੀ ਕਿਸੇ ਕੰਢੇ ਲਾ ਦੇਣਗੇ? ਜਦੋਂ ਇਹ ਗੁਰੂ ਗਰੰਥ ਸਾਹਿਬ ਜਾਂ ਸਿੱਖ ਇਤਿਹਾਸ ਦਾ ਵਾਸਤਾ ਪਾਉਂਦੇ ਹਨ ਅਤੇ ਜਾਂ ਅੱਜਕੱਲ੍ਹ ਜਿਵੇਂ ਪੰਥ ਖਤਰੇ ਵਿਚ ਹੈ, ਦੀਆਂ ਗੱਲਾਂ ਕਰਕੇ ਪੰਥ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕੀ ਇਹ ਕਹਾਵਤ ਸਾਨੂੰ ਯਾਦ ਨਹੀਂ ਆਉਂਦੀ ਕਿ ਸ਼ੈਤਾਨ ਬਾਈਬਲ ਦੀਆਂ ਗੱਲਾਂ ਕਰ ਰਿਹਾ ਹੈ।
ਚਲੋ! ਇਕ ਪਲ ਲਈ ਆਪਾਂ ਸਾਰੇ ਬਾਦਲਾਂ ਦੀ ਇਹ ਦਲੀਲ ਮੰਨ ਲੈਂਦੇ ਹਾਂ ਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਝੂਠੀ ਹੈ, ਬੇਬੁਨਿਆਦ ਹੈ, ਚਲੋ! ਇਹ ਵੀ ਸਵੀਕਾਰ ਕਰ ਲੈਂਦੇ ਹਾਂ ਕਿ ਇਹ ਰਿਪੋਰਟ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਲਿਖੀ ਗਈ ਹੈ। ਪਰ ਕੁਝ ਕੌੜੇ ਸਵਾਲ ਇਹੋ ਜਿਹੇ ਹਨ ਜਿਨ੍ਹਾਂ ਤੋਂ ਇਹ ਲੋਕ ਕਦੇ ਵੀ ਮੁਨਕਰ ਨਹੀਂ ਹੋ ਸਕਦੇ। ਅੱਜ ਕੌਮ ਉਨ੍ਹਾਂ ਸਵਾਲਾਂ ਦੇ ਜਵਾਬ ਮੰਗਦੀ ਹੈ। ਇਹ ਜਵਾਬ ਰੌਲੇ ਵਿਚ ਦਿੰਦੇ ਹਨ ਜਾਂ ਇੰਜ ਕਹਿ ਲਓ ਕਿ ਸਵਾਲ ‘ਕਣਕ’ ਵਿਚ ਪੁੱਛਿਆ ਜਾਂਦਾ ਹੈ, ਜਵਾਬ ‘ਛੋਲਿਆਂ’ ਵਿਚ ਦਿੰਦੇ ਹਨ।
ਜਦੋਂ ਮੈਂ ਵਿਧਾਨ ਸਭਾ ਵਿਚ ਹੋਈ ਬਹਿਸ ਨੂੰ ਟਿਕਟਿਕੀ ਲਗਾ ਕੇ ਸੁਣ ਰਿਹਾ ਸੀ ਤਾਂ ਇਕ ਵਿਧਾਇਕ ਜੋ ਇਕ ਉਘੇ ਵਕੀਲ ਵੀ ਰਹਿ ਚੁੱਕੇ ਹਨ, ਉਨ੍ਹਾਂ ਨੇ ਦੱਸਿਆ ਕਿ ਜੇਕਰ ਇਨ੍ਹਾਂ ਦੀਆਂ ਸਾਰੀਆਂ ਗੱਲਾਂ ਮੰਨ ਕੇ ਸੁਪਰੀਮ ਕੋਰਟ ਦਾ ਜੱਜ ਵੀ ਜਾਂਚ ਲਈ ਬਿਠਾ ਦਿੱਤਾ ਜਾਵੇ ਤਾਂ ਉਹ ਵੀ ਕੁਝ ਗੰਭੀਰ ਤੇ ਠੋਸ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਆਓ, ਇਨ੍ਹਾਂ ਤਿੰਨਾਂ ਸਿਆਸਤਦਾਨਾਂ-ਪਿਉ-ਪੁੱਤ-ਸਾਲੇ ਨੂੰ ਕੌੜੀਆਂ ਹਕੀਕਤਾਂ ਦੇ ਸਾਹਮਣੇ ਕਰੀਏ :
ਇੱਕ, ਕੀ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਗੋਲੀ ਨਹੀਂ ਸੀ ਚੱਲੀ? ਇਸ ਦਾ ਜਵਾਬ ਤਾਂ ਬਾਦਲਾਂ ਨੂੰ ਹਾਂ ਵਿਚ ਹੀ ਦੇਣਾ ਪਵੇਗਾ। ਦੋ, ਕੀ ਇਹ ਗੱਲ ਸੱਚ ਨਹੀਂ ਕਿ ਸੰਗਤਾਂ ਪੁਰਅਮਨ ਸਨ ਤੇ ਜਾਪ ਕਰ ਰਹੀਆਂ ਸਨ? ਇਸ ਸਵਾਲ ਦਾ ਜਵਾਬ ਵੀ ਹਾਂ ਵਿਚ ਦੇਣਾਂ ਪਵੇਗਾ। ਘੱਟੋ ਘੱਟ ਜਿਸ ਬੰਦੇ ਨੇ ਦੋ ਦੋ ਖਿਤਾਬ ‘ਫਖਰ-ਏ-ਕੌਮ’ ਅਤੇ ‘ਪੰਥ ਰਤਨ’ ਦੇ ਹਾਸਲ ਕੀਤੇ ਹਨ, ਉਸ ਨੂੰ ਤਾਂ ਹਾਂ ਵਿਚ ਹੀ ਜਵਾਬ ਦੇਣਾ ਪਵੇਗਾ। ਤਿੰਨ, ਕੀ ਇਹ ਸੱਚ ਨਹੀਂ ਕਿ ਬਾਦਲ ਸਾਹਿਬ ਨੇ ਰਾਤ ਨੂੰ ਦੋ ਵਜੇ ਵਕਤ ਦੇ ਡੀਜੀਪੀ ਸੁਮੇਧ ਸੈਣੀ ਨੂੰ ਫੋਨ ਕੀਤਾ? ਇਸ ਦਾ ਜਵਾਬ ਵੀ ਹਾਂ ਵਿਚ ਦੇਣਾ ਪੈਣਾ ਹੈ। ਚਾਰ, ਕੀ ਕੋਈ ਵੀ ਜੱਜ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਕੋਲੋਂ ਇਹ ਸਵਾਲ ਨਹੀਂ ਪੁੱਛੇਗਾ ਕਿ ਗੋਲੀ ਕਿਸ ਨੇ ਚਲਾਈ? ਦੋਵਾਂ ਪਿਉ-ਪੁੱਤਾਂ ਨੂੰ ਇਸ ਦਾ ਜਵਾਬ ਤਾਂ ਦੇਣਾ ਹੀ ਪਵੇਗਾ, ਭਾਵੇਂ ਉਨ੍ਹਾਂ ਦਾ ਜੱਜ ਆਪਣਾ ਹੀ ਕਿਉਂ ਨਾ ਹੋਵੇ। ਪੰਜ, ਜੇ ਸੁਮੇਧ ਸੈਣੀ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਤਾਂ ਬਾਦਲ ਸਾਹਿਬ ਨੇ ਉਸ ਨੂੰ ਸਜ਼ਾ ਕਿਉਂ ਨਹੀਂ ਦਿੱਤੀ? ਅੱਜ ਤੱਕ ਉਹ ਖਾਮੋਸ਼ ਕਿਉਂ ਹਨ? ਇਸ ਸਵਾਲ ਦਾ ਵੀ ਬਾਦਲਾਂ ਨੂੰ ਸਾਹਮਣਾ ਕਰਨਾ ਪਵੇਗਾ।
ਕਾਨੂੰਨ ਦੇ ਵੱਡੇ ਵੱਡੇ ਮਾਹਰ ਤੇ ਸਿਆਣੇ ਬੰਦੇ ਇਨ੍ਹਾਂ ਦੇ ਰੌਲੇ ਤੋਂ ਅੱਜਕੱਲ੍ਹ ਬੜਾ ਹੱਸਦੇ ਹਨ। ਜਦੋਂ ਇਹ ਦੱਸ ਹੀ ਨਹੀਂ ਰਹੇ ਕਿ ਗੋਲੀ ਦਾ ਹੁਕਮ ਕਿਸ ਨੇ ਦਿੱਤਾ ਤਾਂ ਫਿਰ ਇਹ ਖੁਦ ਹੀ ਦੱਸਣ ਕਿ ਰੌਲਾ ਪਾ ਕੇ ਤੁਸੀਂ ਰਾਜਨੀਤਕ ਮਹਿਫਲ ਉਤੇ ਕਬਜ਼ਾ ਕਰ ਲਵੋਗੇ? ਹੁਣ ਤਾਂ ਤੁਹਾਨੂੰ ਲੋਕਾਂ ਨੇ ਵੀ ਪੁੱਛਣਾ ਸ਼ੁਰੂ ਕਰ ਦਿੱਤਾ ਹੈ। ਹੁਣ ਲੋਕ ਕਟਿਹਰੇ ਵਿਚ ਤੁਹਾਡੀ ਇਟੈਰੋਗੇਸ਼ਨ ਹੋ ਰਹੀ ਹੈ। ਕਿਤੇ ਇਹੋ ਜਿਹੀ ਹਾਲਤ ਨਾ ਹੋ ਜਾਵੇ ਕਿ ਪਹਿਲਾਂ ਵਾਂਗ ਅਕਾਲੀ ਦਲ ਦੇ ਸਾਰੇ ਕਾਫਲੇ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਪਹਿਲਾਂ ਵਾਂਗ 40 ਦਿਨ ਲਈ ਘਰਾਂ ਵਿਚ ਹੀ ਨਜ਼ਰਬੰਦ ਹੋਣਾ ਪੈ ਜਾਵੇ।
ਚਲੋ, ਕਾਨੂੰਨੀ ਦਾਅਪੇਚਾਂ ਨੂੰ ਵੀ ਅਸੀਂ ਛੱਡਦੇ ਹਾਂ। ਇੱਕ ਪੱਲ ਲਈ ਅਸੀਂ ਤਿੰਨਾਂ ਨੂੰ ਕਾਨੂੰਨ ਦੇ ਨਜ਼ਰੀਏ ਤੋਂ ਬਰੀ ਕਰਦੇ ਹਾਂ। ਹੁਣ ਅਗਲੀ ਗੱਲ, ਅਸੀਂ ਉਨ੍ਹਾਂ ਨੂੰ ਸਦਾਚਾਰਕ ਕਟਹਿਰੇ ਵਿਚ ਖੜ੍ਹਾ ਕਰਨਾ ਚਾਹੁੰਦੇ ਹਾਂ ਕਿਉਂਕਿ ਇਖਲਾਕ ਦਾ ਕਟਹਿਰਾ ਸਿੱਖ ਧਰਮ ਵਿਚ ਸਰਵੋਤਮ ਸਥਾਨ ਰੱਖਦਾ ਹੈ। ਭਾਵੇਂ ਇਹ ਗੱਲ ਵੱਖਰੀ ਹੈ ਕਿ ਸਦਾਚਾਰਕ ਮਰਿਆਦਾ ਨੂੰ ਇਨ੍ਹਾਂ ਪਿਉ ਪੁੱਤਾਂ ਨੇ ਕਦੋਂ ਦਾ ਵਿਸਾਰ ਦਿੱਤਾ ਹੈ। ਇਹ ਤਿੰਨੇ ਇਸ ਕਟਹਿਰੇ ਵਿਚ ਆਉਣ ਤੋਂ ਭੱਜ ਨਹੀਂ ਸਕਦੇ ਅਤੇ ਨਾ ਹੀ ਕਿਸੇ ਦਲੀਲ ਦੇ ਬਹਾਨੇ ਖਹਿੜਾ ਛੁਡਾ ਸਕਦੇ ਹਨ।
1. ਕੀ ਸੁਖਬੀਰ ਬਾਦਲ ਨੇ ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਦੀ ਤੌਹੀਨ ਨਹੀਂ ਕੀਤੀ? 2. ਕੀ ਉਹ ਪਤਿਤ ਸਿੱਖ ਨਹੀਂ ਹਨ? 3. ਕੀ ਮਰਿਆਦਾ ਮੁਤਾਬਕ ਉਨ੍ਹਾਂ ਦੀ ਪਤਨੀ ਨੂੰ ਵੀ ਉਨ੍ਹਾਂ ਦੇ ਨਾਲ ਅੰਮ੍ਰਿਤ ਨਹੀਂ ਸੀ ਛਕਾਇਆ ਜਾਣਾ ਚਾਹੀਦਾ? 4. ਕੀ ਅਕਾਲ ਤਖਤ ਤੋਂ ਉਨ੍ਹਾਂ ਨੇ ਕਦੇ ਤਨਖਾਹ ਲਵਾਉਣ ਦੀ ਬੇਨਤੀ ਕੀਤੀ? 5. ਹੋਲੀ ਵਾਲੇ ਦਿਨ ਕੇਸ ਖੁੱਲ੍ਹੇ ਛੱਡ ਕੇ ਜਿਵੇਂ ਉਹ ਹੋਲੀ ਖੇਡ ਰਹੇ ਸਨ, ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਇਹ ਸ਼ੋਭਾ ਦਿੰਦੀ ਹੈ? ਕੀ ਇਹ ਸਿੱਖੀ ਰਵਾਇਤਾਂ ਦੇ ਮੁਤਾਬਕ ਸੀ? ਕੀ ਕਦੇ ਪਿਛਲੇ ਕਿਸੇ ਅਕਾਲੀ ਦਲ ਦੇ ਪ੍ਰਧਾਨ ਦੀ ਉਹ ਮਿਸਾਲ ਦੇ ਸਕਦੇ ਹਨ ਜਿਸਦੀ ਤਰਜ਼-ਏ-ਜ਼ਿੰਦਗੀ ਉਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਦੀ ਤੁਸਾਂ ਬਣਾਂ ਰੱਖੀ ਹੈ? 6. ਕੀ ਉਨ੍ਹਾਂ ਦੀ ਬੋਲਬਾਣੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਦੀ ਖੁਸ਼ਬੋ ਆਉਂਦੀ ਹੈ?
ਹੁਣ ਵੱਡੇ ਬਾਦਲ ਅੱਗੇ ਸਵਾਲ : ਕੀ ਵੱਡੇ ਬਾਦਲ ਅੰਮ੍ਰਿਤ ਦੀ ਪਾਲਣਾ ਕਰਦੇ ਹਨ? ਕੀ ਕਦੇ ਉਨ੍ਹਾਂ ਨੇ ਇਕਾਂਤ ਵਿਚ ਬਹਿ ਕੇ ਸੋਚਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਫਖਰ-ਏ-ਕੌਮ ਵਰਗੇ ਖਿਤਾਬ ਦੇ ਹੱਕਦਾਰ ਨਹੀਂ ਹਨ? ਰਾਮ ਰਹੀਮ ਦੇ ਪੈਰਾਂ ਵਿਚ ਬਹਿ ਕੇ ਉਨ੍ਹਾਂ ਨੂੰ ਕਿਹੜਾ ਰੂਹਾਨੀ ਸਕੂਨ ਮਿਲਦਾ ਹੈ? ਉਨ੍ਹਾਂ ਦੀ ਪਤਨੀ ਨੂੰ ਆਸ਼ੂਤੋਸ਼ ਵਰਗੇ ਬੰਦੇ ਦੇ ਚਰਣਾਂ ਵਿਚ ਬੈਠ ਕੇ ਕਿਹੜੀ ਸ਼ਾਂਤੀ ਮਿਲੀ ਜਿਸਦੀ ਲਾਸ਼ ਅਜੇ ਵੀ ਫਰਿੱਜ ਵਿਚ ਰੱਖੀ ਹੋਈ ਹੈ? ਬਲਾਤਕਾਰੀ ਆਸਾਰਾਮ ਨਾਲ ਯਾਰੀ ਵਿਚੋਂ ਕੀ ਮਿਲਦਾ ਹੈ ਉਨ੍ਹਾਂ ਨੂੰ? ਕੀ ਕਾਰਨ ਹੈ ਕਿ ਦੇਹਧਾਰੀ ਗੁਰੂਆਂ ਨਾਲ ਉਨ੍ਹਾਂ ਦੀਆਂ ਗੂੜੀਆਂ ਯਾਰੀਆਂ ਹਨ ਅਤੇ ਸ਼ਬਦਗੁਰੂ ਦੀ ਮਹਾਨ ਫਿਲਾਸਫੀ ਤੋਂ ਉਹ ਹਮੇਸ਼ਾ ਹੀ ਦੂਰ ਰਹੇ ਹਨ? ਸਿਆਸਤ ਦੇ ਖੇਤਰ ਵਿਚ ਉਹ ਕਿਹੜੀਆਂ ਵੱਡੀਆਂ ਪ੍ਰਾਪਤੀਆਂ ਹਨ ਜਿਨ੍ਹਾਂ ਉਤੇ ਉਹ ਮਾਣ ਕਰ ਸਕਦੇ ਹਨ?
ਤਾਂ ਮੈਂ ਹੁਣ ਉਸ ਬੁੱਧੀਜੀਵੀ ਵੀਰ ਵੱਲੋਂ ਪੁੱਛੇ ਉਸ ਸਵਾਲ ਉਤੇ ਹੀ ਆਉਂਦਾ ਹਾਂ ਕਿ ਪੰਥ ਦੀ ਅਗਵਾਈ ਕੌਣ ਕਰੇਗਾ। ਹਾਲ ਦੀ ਘੜੀ ਤਾਂ ਇਸ ਦਾ ਕੋਈ ਵੀ ਇਹੋ ਜਿਹਾ ਜਵਾਬ ਨਹੀਂ ਦਿੱਤਾ ਜਾ ਸਕਦਾ ਜੋ ਢੁੱਕਵਾਂ ਵੀ ਹੋਵੇ, ਠੋਸ ਵੀ ਹੋਵੇ ਤੇ ਮੰਨਣਯੋਗ ਵੀ ਹੋਵੇ। ਅਸੀਂ ਸੱਚਮੁੱਚ ਹੀ ਇਕ ਵੱਡੇ ਖਲਾਅ ‘ਚੋਂ ਗੁਜ਼ਰ ਰਹੇ ਹਾਂ ਪਰ ਨਵੇਂ ਰਾਹ ਲੱਭਣ ਲਈ ਕੋਈ ਗੰਭੀਰ ਮੰਥਨ ਵੀ ਨਹੀਂ ਹੋ ਰਿਹਾ। ਇਕ ਹੋਰ ਸਰਬੱਤ ਖਾਲਸੇ ਨੂੰ ਬੁਲਾਇਆ ਜਾਵੇ ਤਾਂ ਉਸ ਨੂੰ ਗੁਰੂ ਦਾ ਥਾਪੜਾ ਮਿਲ ਸਕਦਾ ਹੈ।

ਪੰਜਾਬ ਦੇ ਲੋਕਾਂ ਤੇ ਸਿੱਖ ਜਗਤ ਦੇ ਕਟਹਿਰੇ ਵਿਚ ਬਾਦਲਕੇ ਦੋਸ਼ੀ ਕਰਾਰ
ਗੁਰਬਚਨ ਸਿੰਘ (9815698451)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੀ ਪੜਤਾਲ ਕਰਨ ਵਾਸਤੇ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੇਸ਼ ਹੋਈ ਰਿਪੋਰਟ ਬਾਰੇ ਪੰਜਾਬ ਵਿਧਾਨ ਸਭਾ ਵਿਚ ਹੋਈ ਬਹਿਸ ਨੇ, ਪੰਜਾਬ ਦੇ ਲੋਕਾਂ ਤੇ ਸਿੱਖ ਜਗਤ ਦੇ ਕਟਹਿਰੇ ਵਿਚ ਪਿਉ-ਪੁਤ ਸਮੇਤ ਬਾਦਲਕਿਆਂ ਨੂੰ ਦੋਸ਼ੀ ਕਰਾਰ ਦਿਤਾ ਹੈ। ਇਸ ਦੋਸ਼ ਤੋਂ ਉਹ ਹੁਣ ਕਦੀ ਵੀ ਬਰੀ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਦੋਸ਼ਾਂ ਦੇ ਸਬੂਤ ਏਨੇ ਪੁਖਤਾ ਹਨ ਕਿ ਇਹ ਕਿਸੇ ਵੀ ਹਾਲਤ ਵਿਚ ਝੁਠਲਾਏ ਨਹੀਂ ਜਾ ਸਕਦੇ। ਇਸ ਰਿਪੋਰਟ ਵਿਚ ਦਰਜ ਤੱਥਾਂ ਨੇ ਹਰ ਉਸ ਮਨੁੱਖ ਦੇ ਰੌਂਗਟੇ ਖੜੇ ਕਰ ਦਿਤੇ ਹਨ, ਜਿਹੜਾ ਪੰਜਾਬ ਤੇ ਸਿੱਖੀ ਨੂੰ ਮਾੜਾ ਮੋਟਾ ਵੀ ਪਿਆਰ ਕਰਦਾ ਹੈ।
ਵੱਡੇ ਬਾਦਲ ਬਾਰੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਫਤਵਾ ਐਨ ਢੁੱਕਵਾਂ ਹੈ ਕਿ ਇਹ ਇਨਸਾਨ ਬਜ਼ੁਰਗ ਨਹੀਂ ਬਲਕਿ ਬੁਜ਼ਦਿਲ ਤੇ ਝੂਠਾ ਆਦਮੀ ਹੈ। ਇਸ ਕਥਨ ਦੀ ਪੁਸ਼ਟੀ ਉਸ ਤਸਵੀਰ ਤੋਂ ਵੀ ਹੁੰਦੀ ਹੈ, ਜਿਸ ਵਿਚ ਇਹ ਦੋਵੇਂ ਪਿਉ-ਪੁੱਤ ਬੜੇ ਆਜਜ਼ੀ ਢੰਗ ਨਾਲ ਹੱਥ ਜੋੜ ਕੇ ਉਸ ਸੌਦਾ ਸਾਧ ਦੇ ਦਰਬਾਰ ਵਿਚ ਖੜੇ ਹਨ ਜਿਸਨੂੰ ਬਾਅਦ ਵਿਚ ਕਾਨੂੰਨ ਨੇ ਬਲਾਤਕਾਰੀ, ਠੱਗ ਤੇ ਕਾਤਲ ਕਰਾਰ ਦੇ ਕੇ ਜੇਲ੍ਹ ਵਿਚ ਭੇਜਿਆ ਤੇ ਜਿਹੜਾ ਹੁਣ ਜੇਲ੍ਹ ਦੀ ਕਾਲ ਕੋਠੜੀ ਵਿਚ ਬੈਠਾ ਆਪਣੀਆਂ ਇਹਨਾਂ ਕਰਤੂਤਾਂ ਦੀ ਸਜ਼ਾ ਭੁਗਤ ਰਿਹਾ ਹੈ। ਇਸ ਬੁਜ਼ਦਿਲ ਤੇ ਝੂਠੇ ਬੰਦੇ ਨੇ ਪੰਜਾਬ, ਸਿਖ ਪੰਥ ਅਤੇ ਦੇਸ ਦਾ ਕਿੰਨਾ ਕੁ ਨੁਕਸਾਨ ਕੀਤਾ ਹੈ, ਇਸਦਾ ਅਜੇ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ।  ਇਸਦਾ ਮੋਟਾ ਜਿਹਾ ਅੰਦਾਜ਼ਾ ਲਾਉਣ ਲਈ ਸ. ਮਨਪ੍ਰੀਤ ਸਿੰਘ ਬਾਦਲ ਦਾ ਵਿਧਾਨ ਸਭਾ ਵਿਚ ਉਸ ਵੇਲੇ ਦੀਆਂ ਗੁਪਤ ਪੁਲੀਸ ਰਿਪੋਰਟਾਂ ਦੇ ਆਧਾਰ ਉਤੇ ਕੀਤਾ ਗਿਆ ਇਹ ਇੰਕਸ਼ਾਫ ਹੀ ਅੱਖਾਂ ਖੋਲ੍ਹਣ ਵਾਲਾ ਹੈ ਕਿ 1978 ਵਿਚ ਵਿਸਾਖੀ ਦੇ ਮੌਕੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਮ੍ਰਿਤਸਰ ਵਿਚ ਨਿਰੰਕਾਰੀਆਂ ਦਾ ਸਮਾਗਮ ਨਾ ਕਰਨ ਦੇਣ ਦਾ ਸੁਝਾਅ ਦਿਤਾ ਗਿਆ ਸੀ, ਪਰ ਇਸ ਸਖਸ਼ ਨੇ ਉਸ ਸੁਝਾਅ ਦੀ ਉਕਾ ਪ੍ਰਵਾਹ ਨਹੀਂ ਕੀਤੀ ਜਿਸਦਾ ਸਿੱਟਾ ਬਾਅਦ ਵਿਚ ਪੰਜਾਬ ਅਤੇ ਦੇਸ ਅੰਦਰ ਹੋਏ ਭਿਆਨਕ ਖੂਨ-ਖਰਾਬੇ ਤੇ ਸੁਮੇਧ ਸੈਣੀ ਵਰਗੇ ਬੁੱਚੜਾਂ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਤੇ ਲਾਵਾਰਿਸ ਕਰਾਰ ਦੇ ਕੇ ਸਾੜ ਦਿਤੀਆਂ ਗਈਆਂ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੇ ਰੂਪ ਵਿਚ ਨਿਕਲਿਆ ਜਿਹਨਾਂ ਲਾਵਾਰਿਸ ਲਾਸ਼ਾਂ ਵਿਚ ਮਨੁਖੀ ਹੱਕਾਂ ਦਾ ਝੰਡਾ ਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਵੀ ਸ਼ਾਮਿਲ ਸੀ।
ਉਸ ਘਟਨਾ ਦੇ ਵਾਪਰਨ ਤੋਂ 40 ਸਾਲ ਬਾਅਦ ਹੋਏ ਇਸ ਇੰਕਸ਼ਾਫ ਨੂੰ ਧਿਆਨ ਵਿਚ ਰੱਖ ਕੇ ਹੁਣ ਇਹ ਸੋਚਿਆ ਦਾ ਸਕਦਾ ਹੈ ਕਿ ਜੇ ਉਸ ਦਿਨ ਨਿਰੰਕਾਰੀਆਂ ਦਾ ਇਹ ਸਮਾਗਮ ਨਾ ਹੁੰਦਾ, ਨਾ ਉਸ ਦੇ ਹਥਿਆਰ ਬੰਦ ਗ੍ਰੋਹ ਵਲੋਂ ਉਸ  ਦਿਨ 13 ਸਿੰਘ ਸ਼ਹੀਦ ਹੁੰਦੇ ਤੇ ਨਾ ਇਹਨਾਂ ਸਿੰਘਾਂ ਦੇ ਕਤਲਾਂ ਦਾ ਇਨਸਾਫ ਲੈਣ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਿਰ ਉਤੇ ਕਫਨ ਬੰਨ ਕੇ ਜੂਝਣਾ ਪੈਂਦਾ। ਇਸ ਜਾਣਕਾਰੀ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਅੰਦਰ ਹੋਏ ਸਾਰੇ ਖੂਨ ਖਰਾਬੇ ਦਾ ਇੰਦਰਾ ਗਾਂਧੀ ਤੋਂ ਬਾਅਦ ਦੂਜਾ ਮੁੱਖ ਜ਼ਿੰਮੇਵਾਰ ਸਿਆਸੀ ਆਗੂ ਇਹੀ ਪ੍ਰਕਾਸ਼ ਸਿੰਘ ਬਾਦਲ ਹੈ। ਮਨਪ੍ਰੀਤ ਸਿੰਘ ਬਾਦਲ ਦਾ ਕੀਤਾ ਗਿਆ ਇਹ ਇੰਕਸ਼ਾਫ ਹੋਰ ਵੀ ਗੰਭੀਰ ਹੈ, ਕਿ ‘ਵੱਡਾ ਬਾਦਲ ਸਿੱਖ-ਹਿੰਦੂ ਪੰਜਾਬੀਆਂ ਨੂੰ ਵੰਡ ਕੇ ਪੰਜਾਬ ਉਤੇ ਆਪਣੀ ਸਿਆਸੀ ਪਕੜ ਬਣਾਈ ਰਖਣੀ ਚਾਹੁੰਦਾ ਹੈ। ਇਹ ਜਾਣਕਾਰੀ ਪੰਜਾਬ ਦੇ ਹਿੰਦੂਆਂ ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹੈ। ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਇਸ ਪਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਕਿਵੇਂ ਉਹ ਬਾਦਲੀ ਰਾਜਨੀਤੀ ਦੇ ਹੱਥਠੋਕੇ ਬਣ ਕੇ ਪੰਜਾਬ ਦੇ ਹਿੱਤਾਂ ਦੀ ਅਣਗਹਿਲੀ ਕਰ ਰਹੇ ਹਨ।
ਪ੍ਰਕਾਸ਼ ਸਿੰਘ ਬਾਦਲ ਦੀਆਂ ਦੋ ਸਿਖ ਵਿਰੋਧੀ ਕਰਤੂਤਾਂ ਦਾ ਮੈਂ ਖੁਦ ਗਵਾਹ ਹਾਂ। ਇਸਦੀ ਪਹਿਲੀ ਕਰਤੂਤ ਭਾਈ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਘਰੋਂ ਚੁਕਣ ਵਿਰੁਧ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਿਚ ਨਿਖੇਧੀ ਮਤਾ ਪੇਸ਼ ਕਰਕੇ ਉਸਦੀ ਰਿਹਾਈ ਲਈ ਮੰਗ ਨਾ ਕਰਨਾ ਹੈ। 6 ਸਤੰਬਰ ਨੂੰ ਸਵੇਰੇ ਦਸ ਵਜੇ ਦੇ ਕਰੀਬ ਮੈਨੂੰ ਅੰਮ੍ਰਿਤਸਰੋਂ ਫੋਨ ਆਇਆ ਕਿ ਭਾਈ ਖਾਲੜੇ ਨੂੰ ਪੁਲਿਸ ਨੇ ਘਰੋਂ ਚੁਕ ਲਿਆ ਹੈ। ਮੈਨੂੰ ‘ਰੋਜ਼ਾਨਾ ਅਜੀਤ’ ਦੇ ਸਹਾਇਕ ਸੰਪਾਦਕ ਸ. ਸਤਨਾਮ ਸਿੰਘ ਮਾਣਕ ਕੋਲੋਂ ਪਤਾ ਲਗਾ ਕਿ ਅੱਜ ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਪੁੱਛਣ ‘ਤੇ ਪਤਾ ਲਗਾ ਕਿ ਇਹ ਮੀਟਿੰੰਗ ਸਕਾਈ ਲਾਰਕ ਹੋਟਲ ਵਿਚ ਹੈ। ‘ਅਜੀਤ’ ਵਲੋਂ ਸਕਾਈ ਲਾਰਕ ਹੋਟਲ ਵੱਲ ਨੂੰ ਜਾਂਦਿਆਂ ਮੈਨੂੰ ਬਾਰਾਦਰੀ ਕੋਲ ਸਕਾਈ ਲਾਰਕ ਹੋਟਲ ਵੱਲ ਨੂੰ ਪੈਦਲ ਤੁਰੇ ਜਾਂਦੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਮਿਲ ਗਏ। ਮੈਂ ਰੁਕ ਕੇ ਉਹਨਾਂ ਨੂੰ ਭਾਈ ਜਸਵੰਤ ਸਿੰਘ ਖਾਲੜਾ ਦੇ ਪੁਲਿਸ ਵਲੋਂ ਚੁੱਕੇ ਜਾਣ ਦੀ ਜਾਣਕਾਰੀ ਦਿੱਤੀ। ਸਕਾਈਲਾਰਕ ਹੋਟਲ ਪਹੁੰਚਣ ਦਾ ਮੈਨੂੰ ਕਹਿ ਕੇ ਉਹਨਾਂ ਨੇ ਦਸਿਆ ਕਿ ਸ. ਬਾਦਲ ਸਾਹਿਬ ਆਏ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਜਦੋਂ ਮੈਂ ਸਕਾਈਲਾਰਕ ਹੋਟਲ ਪਹੁੰਚਿਆ ਤੇ ਹਾਲ ਵਿਚ ਗਿਆ ਤਾਂ ਉਥੇ ਮੈਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਬੈਠੇ ਦਿਸ ਪਏ। ਮੈਂ ਫਟਾਫਟ ਉਹਨਾਂ ਕੋਲ ਪੁਹੰਚ ਕੇ ਭਾਈ ਖਾਲੜੇ ਬਾਰੇ ਜਾਣਕਾਰੀ ਦਿਤੀ ਅਤੇ ਨਾਲ ਹੀ ਕਿਹਾ ਕਿ ਜੇ ਅੱਜ ਇਥੇ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਰਿਹਾਅ ਕਰਨ ਬਾਰੇ ਮਤਾ ਨਾ ਪਾਇਆ ਗਿਆ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੈ। ਜਥੇਦਾਰ ਟੌਹੜਾ ਨੇ ਮੈਨੂੰ ਸ. ਬਾਦਲ ਨਾਲ ਗੱਲ ਕਰਨ ਲਈ ਕਿਹਾ। ਸ. ਬਾਦਲ ਸਭ ਤੋਂ ਅਗੇ ਬੈਠੇ ਹੋਏ ਸਨ। ਮੈਂ ਬਿਨਾਂ ਕਿਸੇ ਜ਼ਾਬਤੇ ਦੀ ਪ੍ਰਵਾਹ ਕੀਤੇ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚ ਕੇ ਉਹਨਾਂ ਨੂੰ ਭਾਈ ਖਾਲੜੇ ਦੇ ਪੁਲਿਸ ਵਲੋਂ ਚੁੱਕੇ ਜਾਣ ਦੀ ਜਾਣਕਾਰੀ ਦਿੱਤੀ ਤੇ ਨਾਲ ਉਹਨਾਂ ਨੂੰ  ਬੇਨਤੀ ਕੀਤੀ ਕਿ ਅੱਜ ਇਥੇ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਭਾਈ ਖਾਲੜਾ ਦੀ ਰਿਹਾਈ ਲਈ ਮਤਾ ਪਾਸ ਕੀਤੇ ਬਗੈਰ ਉਹਨਾਂ ਦੀ ਜਾਨ ਨਹੀਂ ਬਚ ਸਕਦੀ। ਸ. ਬਾਦਲ ਨੇ ਮੈਨੂੰ ਇਹ ਕਹਿ ਕੇ ਟਰਕਾ ਦਿਤਾ ਕਿ ਸ. ਮੇਜਰ ਸਿੰਘ ਨੂੰ ਮੇਰੇ ਵਲੋਂ ਕਹਿ ਸ. ਖਾਲੜਾ ਦੀ ਰਿਹਾਈ ਲਈ ਖਬਰ ਲੁਆ ਦੇ। ਮੈਂ ਕੁਝ ਤਲਖੀ ਭਰੇ ਲਹਿਜੇ ਵਿਚ ਬਾਦਲ ਸਾਹਿਬ ਨੂੰ ਇਹ ਵੀ ਕਿਹਾ ਕਿ ਏਨੀ ਕੁ ਖਬਰ ਤਾਂ ਮੈਂ ਆਪ ਵੀ ਲੁਆ ਸਕਦਾ ਸਾਂ। ਇਹ ਬੜੇ ਸਾਲਾਂ ਬਾਅਦ ਜਾ ਕੇ ਪਤਾ ਲਗਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਕੇ ਮਾਰ ਖਪਾਉਣ ਦੀ ਸ. ਬਾਦਲ ਨੇ ਸਹਿਮਤੀ ਦਿਤੀ ਸੀ।
ਦੂਜੀ ਘਟਨਾ ਸ. ਬਾਦਲ ਦੀ ਪਹਿਲੀ ਸਰਕਾਰ ਬਣਨ ਵੇਲੇ ਕਿਲਾ ਰਾਇਪੁਰ ਦੀ ਜ਼ਿਮਨੀ ਚੋਣ ਮੌਕੇ ਦੀ ਹੈ। ਇਸ ਚੋਣ ਸਮੇਂ ਸ. ਬਾਦਲ ਨੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ ਹੁਰਾਂ ਕੋਲ ਆਪਣੀ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰਨ ਲਈ ਪਹੁੰਚ ਕੀਤੀ। ਬਾਬਾ ਜੀ ਨੇ ਆਪਣੇ ਲੁਧਿਆਣੇ ਵਾਲੇ ਡੇਰੇ ਜੋਧਾਂ ਮਨਸੂਰਾਂ ਵਿਖੇ ਸੰਤ ਸਮਾਜ ਦੀ ਮੀਟਿੰਗ ਬੁਲਾ ਲਈ। ਇਸ ਮੀਟਿੰਗ ਵਿਚ ਹੀ ਉਹਨਾਂ ਨੇ ਸ. ਬਾਦਲ ਨੂੰ ਸੱਦ ਲਿਆ। ਪ੍ਰੈਸ ਸਕੱਤਰ ਹੋਣ ਦੇ ਨਾਤੇ ਮੈਂ ਸੰਤ ਸਮਾਜ ਦੀ ਇਸ ਭਰਵੀਂ ਮੀਟਿੰਗ ਵਿਚ ਹੀ ਸ. ਬਾਦਲ ਨੂੰ ਪੁੱਛਿਆ ਕਿ ਤੁਸੀਂ ਨਿਰਦੋਸ਼ ਸਿਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿਵਾਉਣ ਦਾ ਵਾਅਦਾ ਕਰਕੇ ਸਰਕਾਰ ਬਣਾਈ ਹੈ, ਪਰ ਤੁਸੀਂ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਤਾਂ ਕੀ ਦਿਵਾਉਣੀਆਂ ਸਨ, ਤੁਸੀਂ ਤਾਂ ਉਹਨਾਂ ਨੂੰ ਹੋਰ ਉਚੇ ਅਹੁਦਿਆਂ ਉਤੇ ਨਿਵਾਜਣਾ ਸ਼ੁਰੂ ਕਰ ਦਿਤਾ ਹੈ। ਇਸ ਦੀ ਮਿਸਾਲ ਦਿੰਦਿਆਂ ਮੈਂ ਉਹਨਾਂ ਨੂੰ ਦੱਸਿਆ ਕਿ ਜਿਸ ਪੁਲਿਸ ਅਫਸਰ ਨੇ ਜਲੰਧਰ ਵਿਚ ਤੁਹਾਨੂੰ ਧੱਕਾ ਦੇ ਕੇ ਗੁਰਦੁਆਰੇ ਜਾਣ ਤੋਂ ਰੋਕਿਆ ਸੀ ਤੇ ਜਿਸਨੂੰ ਬੀ.ਬੀ.ਸੀ. ਟੀ.ਵੀ. ਨੇ ਵਿਖਾ ਕੇ ਦੁਨੀਆ ਭਰ ਵਿਚ ਨਸ਼ਰ ਕੀਤਾ ਸੀ, ਉਸਨੂੰ ਤੁਸੀਂ ਬਟਾਲੇ ਦਾ ਐਸ.ਪੀ. ਲਾ ਦਿਤਾ ਹੈ। ਜਿਸ ਪਿਆਰਾ ਸਿੰਘ ਥਾਣੇਦਾਰ ਉਤੇ ਦਰਜਨਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਦਾ ਦੋਸ਼ ਹੈ, ਉਸਨੂੰ ਤੁਸੀਂ ਕਰਤਾਰਪੁਰ ਥਾਣੇ ਦਾ ਇੰਚਾਰਜ ਲਾ ਦਿੱਤਾ ਹੈ। ਸ. ਬਾਦਲ ਨੇ ਬੜੇ ਮੀਸਣੇ ਢੰਗ ਨਾਲ ਸੰਤ ਸਮਾਜ ਦੀ ਮੀਟਿੰਗ ਵਿਚ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਸਰਕਾਰ ਚਲਾਉਂਦਿਆਂ ਕਈ ਅਣਗਹਿਲੀਆਂ ਹੋ ਜਾਂਦੀਆਂ ਹਨ, ਅੱਗੇ ਤੋਂ ਖਿਆਲ ਰਖਾਂਗੇ। ਪਰ ਇਸ ਤੋਂ ਬਾਅਦ ਵੀ ਉਹ ਦੋਵੇਂ ਆਪਣੇ ਅਹੁਦਿਆਂ ਉਤੇ ਤਾਇਨਾਤ ਰਹੇ।
ਇਸ ਰਿਪੋਰਟ ਦੀ ਪੇਸ਼ਕਾਰੀ ਨਾਲ ਪੰਜਾਬ ਅੰਦਰ ਬਾਦਲੀ ਰਾਜਨੀਤੀ ਦੇ ਅੰਤ ਦੀ ਸ਼ੁਰੂਆਤ ਹੋ ਗਈ ਹੈ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਆਧਾਰ ਉਤੇ ਸ. ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਜਤਿੰਦਰ ਜੈਨ, ਸੁਖਵਿੰਦਰ ਸਿੰਘ ਮਾਨ, ਮਨਤਾਰ ਸਿੰਘ ਬਰਾੜ, ਗਗਨਜੀਤ ਸਿੰਘ ਬਰਾੜ, ਹਰਜੀਤ ਸਿੰਘ ਵਿਰੁਧ ਆਈ ਪੀ ਸੀ ਦੀ ਧਾਰਾ 307, 323, 341, 348, 349 ਅਤੇ ਆਰਮਜ਼ ਐਕਟ ਦੀ ਧਾਰਾ 27-29-59 ਦੇ ਤਹਿਤ ਕੋਟਕਪੂਰਾ ਸਿਟੀ ਥਾਣੇ ਵਿਚ ਐਫ ਆਈ ਆਰ ਦਰਜ ਹੋ ਚੁਕੱੀ ਹੈ। ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਦੋਸ਼ੀਆਂ ਵਿਰੁਧ ਮੁਕੱਦਮੇ ਚਲਾ ਕੇ ਇਹਨਾਂ ਨੂੰ ਬਣਦੀ ਸਜ਼ਾ ਦਿਵਾਏ। ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਨਸਾਫ ਤੇ ਸਿੱਖ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ। ਜੇ ਹੁਣ ਇਹ ਇਨਸਾਫ ਨਾ ਕੀਤਾ ਗਿਆ ਤਾਂ ਇਸਦਾ ਪ੍ਰਭਾਵ ਵੀ 1978 ਦੇ ਖੂਨੀ ਸਾਕੇ ਵਾਲਾ ਹੀ ਪਵੇਗਾ, ਕਿ ਸਿੱਖਾਂ ਨੂੰ ਇਸ ਦੇਸ ਵਿਚ ਕਦੇ ਇਨਸਾਫ ਨਹੀਂ ਮਿਲ ਸਕਦਾ।