ਯੂਪੀ ਦੇ ਸ਼ਾਹਜਹਾਂਪੁਰ ਵਿਚ ਗੁਰੂਦੁਆਰਾ ਸਾਹਿਬ ‘ਤੇ ਹਮਲੇ ਤੋਂ ਬਾਅਦ ਤਣਾਅ

ਯੂਪੀ ਦੇ ਸ਼ਾਹਜਹਾਂਪੁਰ ਵਿਚ ਗੁਰੂਦੁਆਰਾ ਸਾਹਿਬ ‘ਤੇ ਹਮਲੇ ਤੋਂ ਬਾਅਦ ਤਣਾਅ

ਸ਼ਾਹਜਹਾਂਪੁਰ/ਬਿਊਰੋ ਨਿਊਜ਼ :
ਉੱਤਰ ਪ੍ਰਦੇਸ਼ ਵਿਚ ਸ਼ਾਹਜਹਾਨਪੁਰ ਜ਼ਿਲ੍ਹੇ ਦੇ ਕਸਬਾ ਬੰਡਾ ‘ਚ ਸਿੱਖਾਂ ‘ਤੇ ਹਮਲੇ ਹੋਣ ਦੀ ਖਬਰ ਹੈ । ਇਸ ਦੌਰਾਨ ਬਣੇ ਤਣਾਅਪੂਰਨ ਮਾਹੌਲ ਨੂੰ ਸ਼ਾਂਤ ਕਰਨ ਲਈ ਉੱਥੋਂ ਦੇ ਪ੍ਰਸ਼ਾਸਨ ਨੇ ਇਹਤਿਹਾਤੀ ਕਦਮ ਚੁੱਕੇ ਹਨ। ਯੂਪੀ ਦੇ ਸ਼ਾਹਜਹਾਨਪੁਰ ਜ਼ਿਲ੍ਹੇ ਵਿੱਚ ਪੈਂਦੇ ਕਸਬਾ ਬੰਡਾ ਵਿਚ ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਮਾਹੌਲ ਨੂੰ ਸ਼ਾਂਤ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਉੱਥੋਂ ਦੇ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਕੇ ਮਾਹੌਲ ਸ਼ਾਂਤ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੰਡਾ ਵਿੱਚ ਗੁਰਦੁਆਰੇ ਦੇ ਬਾਹਰ ਹੋਏ ਤਕਰਾਰ ਤੋਂ ਬਾਅਦ ਕੁਝ ਸ਼ਰਾਰਤੀ ਲੋਕਾਂ ਨੇ ਸਿੱਖਾਂ ‘ਤੇ ਹਮਲਾ ਕੀਤਾ। ਪੁਲੀਸ ਦੇ ਦਖ਼ਲ ਨਾਲ ਹਾਲਾਤ ‘ਤੇ ਕਾਬੂ ਪਾ ਲਿਆ ਗਿਆ। ਘਟਨਾ ਸਬੰਧੀ ਪੜਤਾਲ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇੱਕ ਟੀਮ ਵੀ ਸ਼ਾਹਜਨਾਹਪੁਰ ਭੇਜੀ ਜਾ ਰਹੀ ਹੈ। ਸਿੱਖਾਂ ਨੂੰ ਟਕਰਾਅ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਉਧਰ ਸਰਕਾਰ ਦੇ ਅਧਿਕਾਰਤ ਬਿਆਨ ਮੁਤਾਬਕ ਇੱਥੇ ਇਕ ਗੁਰਦੁਆਰੇ ਦੇ ਬਾਹਰ ਦੋ ਫ਼ਿਰਕਿਆਂ ਵਿਚਾਲੇ ਝੜਪ ਹੋਣ ਮਗਰੋਂ ਪੁਲੀਸ ਨੇ ਸੈਂਕੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਕਰੀਬ 80 ਲੋਕਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਦੰਗਾ-ਫ਼ਸਾਦ ਕਰਨ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਤਹਿਤ ਕੇਸ ਦਰਜ ਕੀਤਾ ਹੈ। ਵਧੀਕ ਐੱਸਪੀ (ਦਿਹਾਤੀ) ਸੁਭਾਸ਼ ਚੰਦਰ ਸ਼ਾਕਿਆ ਨੇ ਦੱਸਿਆ ਕਿ ਝੜਪ ਦੀ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਨੇ ਇਕ 14 ਸਾਲਾ ਲੜਕੀ ਨੂੰ ਬਾਂਦਾ ਇਲਾਕੇ ਵਿਚ ਸਥਿਤ ਗੁਰਦੁਆਰੇ ਦੇ ਬਾਹਰ ਰੱਖੜੀ ਦਾ ਸਟਾਲ ਲਾਉਣ ਤੋਂ ਰੋਕਿਆ। ਇਸ ਤੋਂ ਬਾਅਦ ਕੁਝ ਸ਼ਰਾਰਤੀ ਅਨਸਰਾਂ ਨੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਸਾੜਫੂਕ ਕਰਨ ਦੀ ਕੋਸ਼ਿਸ਼ ਕੀਤੀ। ਸ਼ਾਹਜਹਾਂਪੁਰ ਦੇ ਐੱਸਪੀ. ਐੱਸ. ਚਿਨੱਪਾ ਨੇ ਦੱਸਿਆ ਕਿ ਇਲਾਕੇ ‘ਚ ਸ਼ਾਂਤੀ ਬਣਾਏ ਰੱਖਣ ਲਈ ਇਹਤਿਆਤ ਵੱਜੋਂ ਵੱਡੀ ਗਿਣਤੀ ਵਿਚ ਪੁਲੀਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਅਮਿਤ ਤ੍ਰਿਪਾਠੀ ਨੇ ਦੋਵਾਂ ਧੜਿਆਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਵੀ ਸੱਦੀ ਹੈ। ਸ੍ਰੀ ਤ੍ਰਿਪਾਠੀ ਨੇ ਕਿਹਾ ਕਿ ਘਟਨਾ ਦੀ ਵੀਡੀਓ ਫੁਟੇਜ਼ ਦੀ ਜਾਂਚ ਕਰਨ ਮਗਰੋਂ ਸ਼ਨਾਖ਼ਤ ਕੀਤੇ ਗਏ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਘਟਨਾ ਵਿਚ ਪੁਲੀਸ ਦੇ ਇਕ ਵਾਹਨ ਤੇ ਦੋ ਹੋਰ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ ਹੈ।