‘ਚਿੱਟੇ’ ਦੇ ਸ਼ੌਕੀਨਾਂ ਨੂੰ ਕਾਲਾ ਪੀਲੀਆ ਤੇ ਏਡਜ਼ ਦੀ ਬਿਮਾਰੀ

‘ਚਿੱਟੇ’ ਦੇ ਸ਼ੌਕੀਨਾਂ ਨੂੰ ਕਾਲਾ ਪੀਲੀਆ ਤੇ ਏਡਜ਼ ਦੀ ਬਿਮਾਰੀ

ਚੰਡੀਗਡ਼੍ਹ/ਬਿਊਰੋ ਨਿਊਜ਼ :
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਲਤ ਤੋਂ ਇਲਾਵਾ ਕਾਲੇ ਪੀਲੀਏ ਤੇ ਏਡਜ਼ ਨੇ ਘੇਰ ਲਿਆ ਹੈ ਤੇ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਨਸ਼ਿਆਂ ਦੇ ਨਾਲ ਕਾਲੇ ਪੀਲੀਏ ਤੇ ਏਡਜ਼ ਦਾ ਇਲਾਜ ਵੀ ਕਰਨਾ ਪਵੇਗਾ। ਇਹ ਗੱਲ ਨਸ਼ਾ ਰੋਕੂ ਕੈਬਿਨਟ ਸਬ ਕਮੇਟੀ ਦੀ ਹਪਤਾਵਾਰੀ ਮੀਟਿੰਗ ਵਿੱਚ ਉੱਭਰ ਕੇ ਸਾਹਮਣੇ ਆਈ। ਲੁਧਿਆਣਾ ਦੇ ਦਾਖਾ ਇਲਾਕੇ ਦੇ ਕੁਝ ਪਿੰਡਾਂ ਦੇ 63 ਨਸ਼ੇਡ਼ੀਆਂ ਦੇ ਹਸਪਤਾਲਾਂ ਵਿੱਚ ਦਾਖਲੇ ਸਮੇਂ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਇਨ੍ਹਾਂ ’ਚੋਂ  55 ਮਰੀਜ਼ ਕਾਲੇ ਪੀਲੀਏ (ਹੈਪਾਟਾਈਟਸ ਸੀ ) ਅਤੇ 26 ਮਰੀਜ਼ ਏਡਜ਼ ਤੋਂ ਪੀਡ਼ਤ ਸਨ। ਏਡਜ਼ ਪੀਡ਼ਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਤਾਂ ਕਿ ਉਨ੍ਹਾਂ ਨੂੰ ਇਲਾਜ ਕਰਵਾਉਣ ਵਿੱਚ ਦਿੱਕਤਾਂ ਨਾ ਆਉਣ।
ਸੂਬੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਏਡਜ਼ ਪੀਡ਼ਤਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ੇਡ਼ੀ ਇਕੋ ਸਰਿੰਜ ਨੂੰ ਵਾਰ ਵਾਰ ਵਰਤਦੇ ਹਨ ਤੇ ਇਸ ਕਰਕੇ ਏਡਜ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਏਡਜ਼ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਸ਼ੇਡ਼ੀਆਂ ਦਾ ਮਾਮਲਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਕੋਲ ਉਠਾਉਂਦਿਆਂ ਕਿਹਾ ਕਿ ਏਡਜ਼ ਪੀਡ਼ਤਾਂ ਦੇ ਇਲਾਜ ਲਈ ਵੱਖਰੇ  ਯਤਨ ਕਰਨ ਦੀ ਲੋਡ਼ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਦਸ ਤੋਂ ਵੱਧ ਮਰੀਜ਼ਾਂ ਨੂੰ ਰੱਖਣ ਲਈ ਬੈੱਡ ਨਹੀਂ ਹਨ। ਬਿੱਟੂ ਨੇ ਲੁਧਿਆਣਾ ਦੇ ਡਾਕਟਰਾਂ ਦੀ ਮੀਟਿੰਗ ਸੱਦੀ ਹੈ ਤੇ ਇਸ ਤੋਂ ਇਲਾਵਾ ਕੁਝ ਘਰਾਣਿਆਂ ਦੀ ਮਦਦ ਨਾਲ ਏਡਜ਼ ਪੀਡ਼ਤਾਂ ਦੇ ਇਲਾਜ ਬਾਰੇ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਤੋਂ ਪੀਡ਼ਤ ਨੌਜਵਾਨ ਸਲੇਮਪੁਰ ਟਿੱਬਾ, ਮੁਦਾਰਪੁਰ, ਸਵੱਦੀ, ਕੁਲਗਹਿਰਾ, ਜਾਂਗਪੁਰ, ਬੈਵੋਵਾਲ ਆਦਿ ਪਿੰਡਾਂ ਦੇ ਹਨ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ  ਦੇ ਮੱਦੇਨਜ਼ਰ ਮਨੋਰੋਗਾਂ ਦੇ ਸੇਵਾ-ਮੁਕਤ ਮਾਹਿਰਾਂ ਦੀਆਂ ਸੇਵਾਵਾਂ ਲੈਣ ਅਤੇ ਪ੍ਰਾਈਵੇਟ ਮਾਹਿਰਾਂ ਦੀਆਂ ਪੂਰਾ ਸਮਾਂ ਜਾਂ ਪਾਰਟ ਟਾਈਮ ਸੇਵਾਵਾਂ ਹਾਸਲ ਕਰਨ ਦੇ ਹੁਕਮ ਦਿੱਤੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ  ਸਿਹਤ ਵਿਭਾਗ ਨੂੰ ਕਿਹਾ ਕਿ ਇਨਾਂ ਪ੍ਰੋਗਰਾਮਾਂ ਵਿੱਚ ਐਸ.ਡੀ.ਐਮ., ਬੀ.ਡੀ.ਪੀ.ਓ. ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸ਼ਾਮਲ ਕੀਤਾ ਜਾਵੇ।  ਮੀਟਿੰਗ ਵਿਚ ਸਿਹਤ ਤੇ ਪਰਿਵਾਰ ਭਲਾਈ ਬ੍ਰਹਮ ਮਹਿੰਦਰਾ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।