ਜਹਾਜ਼ਾਂ ਵਾਲੇ ਪਿੰਡ ਵਜੋਂ ਜਾਣਿਆ ਜਾਂਦਾ ਏ ਪਿੰਡ ਉਪਲ

ਜਹਾਜ਼ਾਂ ਵਾਲੇ ਪਿੰਡ ਵਜੋਂ ਜਾਣਿਆ ਜਾਂਦਾ ਏ ਪਿੰਡ ਉਪਲ

-ਉਪਲ ਪਿੰਡ ਦੇ ਸੰਤੋਖ ਸਿੰਘ ਨੇ ਆਪਣਾ ਘਰ ਵੀ ਜਹਾਜ਼ ਵਰਗਾ ਬਣਾ ਦਿੱਤਾ 
– ਦੁਆਬੇ ਦੇ ਪਿੰਡਾਂ ‘ਚ ਹੈ ਕਈ ਘਰਾਂ ‘ਤੇ ਹਵਾਈ ਅੱਡਾ 
– ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ‘ਚ ਪ੍ਰਵਾਸੀ ਪੰਜਾਬੀਆਂ ਨੇ ਆਪਣੀਆਂ ਕੋਠੀਆਂ ‘ਤੇ ਜਹਾਜ਼ ਦੀਆਂ ਬਣਾਈਆਂ ਹੋਈਆਂ ਨੇ ਟੈਂਕੀਆਂ n ਵੀਜਾ ਚਾਹੀਦੈ, ਹਵਾਈ ਜਹਾਜ਼ ਚੜ੍ਹਾਓ ਤੇ ਪੂਰੀ ਹੋਵੇਗੀ ਵਿਦੇਸ਼ ਜਾਣ ਦੀ ਆਸ

ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ: ਦੁਆਬੇ ਇਲਾਕੇ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਇਲਾਕੇ ਵਿਚ ਕਈ ਪਿੰਡਾਂ ਦੇ ਮਕਾਨਾਂ ‘ਤੇ ਪਾਣੀ ਦੀ ਟੈਂਕੀ ‘ਤੇ ਹਵਾਈ ਜਹਾਜ਼ ਦਿਖਾਈ ਦੇਣਗੇ, ਜੋ ਕਿ ਪ੍ਰਵਾਸੀ ਪੰਜਾਬੀਆਂ ਵਲੋਂ ਬਣਾਏ ਗਏ ਹਨ। ਜਲੰਧਰ ਵਿਚ ਪਿੰਡ ਲਾਂਬੜਾ ਜਿੱਥੇ ਹਰੇਕ ਘਰ ਦੀ ਛੱਤ ‘ਤੇ ਏਅਰ ਇੰਡੀਆ ਦਾ ਹਵਾਈ ਜਹਾਜ਼ ਖੜ੍ਹਾ ਹੈ, ਜਿਹੜਾ ਵੀ ਇਨ੍ਹਾਂ ਨੂੰ ਦੇਖਦਾ ਹੈ, ਹੈਰਾਨ ਹੋ ਜਾਂਦਾ ਹੈ। ਇਕੱਲੇ ਜਲੰਧਰ ਵਿਚ ਹੀ ਨਹੀਂ, ਬਲਕਿ ਨੂਰਮਹਿਲ ਤਹਿਸੀਲ ਦੇ ਉੱਪਲਾ ਪਿੰਡ ਵਿਚ ਤਾਂ ਹਰ ਘਰ ਦੇ ਉੱਪਰ ਜਹਾਜ਼ ਬਣੇ ਨਜ਼ਰ ਆਉਂਦੇ ਹਨ। ਇਸ ਕਾਰਨ ਇਸ ਪਿੰਡ ਨੂੰ ਲੋਕ ਹੁਣ ਜਹਾਜ਼ ਵਾਲੇ ਪਿੰਡ ਦੇ ਨਾਂ ਨਾਲ ਜਾਣਨ ਲੱਗੇ ਹਨ। ਇਸ ਪਿੰਡ ਵਿਚ ਰਹਿਣ ਵਾਲੇ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਬਣਾਏ ਜਹਾਜ਼ਾਂ ਨੂੰ ਏਅਰ ਇੰਡੀਆ ਦਾ ਟੈਗ ਤੱਕ ਦੇ ਦਿੱਤਾ ਹੈ। ਇੱਥੋਂ ਦੇ ਰਹਿਣ ਵਾਲੇ ਸੰਤੋਖ ਸਿੰਘ ਨੇ ਆਪਣੇ ਘਰ ਦੇ ਉੱਪਰ ਇੱਕ ਹਵਾਈ ਜਹਾਜ਼ ਬਣਵਾਇਆ ਹੈ। ਸੰਤੋਖ ਸਿੰਘ ਇੰਗਲੈਂਡ ਵਿਚ ਰਹਿੰਦਾ ਹੈ। ਉਸ ਦਾ ਉੱਥੇ ਹੋਟਲ ਦਾ ਕਿੱਤਾ ਹੈ। ਇਹ ਜਹਾਜ਼ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੋਂ ਦਿਖਾਈ ਦੇਣ ਲੱਗਦਾ ਹੈ। ਇਹ ਪਿੰਡ ਆਲੇ-ਦੁਆਲੇ ਦੇ ਦੂਜੇ ਲੋਕਾਂ ਤੇ ਪਿੰਡਾਂ ਵਿਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪਰਵਾਸੀ ਭਾਰਤੀ ਸੰਤੋਖ ਸਿੰਘ ਨੇ ਦੱਸਿਆ, ‘ਮੁੰਬਈ ਦੇ ਜੁਹੂ ਵਿਚ ਇੱਕ ਪਾਰਕ ਵਿਚ ਪਹਿਲੀ ਵਾਰ ਮੈਂ ਜਹਾਜ਼ ਨੂੰ ਦੇਖਿਆ ਸੀ ਜੋ ਬੱਚਿਆਂ ਦੇ ਖੇਡਣ ਲਈ ਬਣਾਇਆ ਗਿਆ ਹੈ।’ ਇਸ ਤੋਂ ਬਾਅਦ ਜਦੋਂ ਹਵਾਈ ਜਹਾਜ਼ ਵਿਚ ਯਾਤਰਾ ਕਰਨ ਦਾ ਮੌਕਾ ਮਿਲਿਆ, ਤਾਂ ਮੈਂ ਸੋਚ ਲਿਆ ਸੀ ਕਿ ਅਜਿਹਾ ਹੀ ਇੱਕ ਘਰ ਬਣਾਵਾਂਗਾ ਤੇ ਇਹ ਉਸੇ ਦਾ ਨਤੀਜਾ ਹੈ। ਇਹ ਪੁੱਛੇ ਜਾਣ ‘ਤੇ ਕਿ ਮਕਾਨ ‘ਤੇ ਏਅਰ ਇੰਡੀਆ ਲਿਖਿਆ ਹੋਇਆ ਹੈ, ਤਾਂ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਇਆ ਤਾਂ ਸੰਤੋਖ ਸਿੰਘ ਨੇ ਹੱਸਦੇ ਹੋਏ ਕਿਹਾ, ‘ਕਈ ਲੋਕਾਂ ਦੇ ਮੇਰੇ ਕੋਲ ਫੋਨ ਆਏ ਤੇ ਉਨ੍ਹਾਂ ਕਿਹਾ ਕਿ ਤੁਸੀਂ ਮੁਫ਼ਤ ਵਿਚ ਹੀ  ਏਅਰ ਇੰਡੀਆ ਦੀ ਮਸ਼ਹੂਰੀ ਕਰ ਦਿੱਤੀ ਹੈ। ਜਹਾਜ਼ ਦੇ ਅੰਦਰਲੇ ਹਿੱਸੇ ਨੂੰ ਦਿਖਾਉਂਦੇ ਹੋਏ ਸੰਤੋਖ ਸਿੰਘ ਨੇ ਕਿਹਾ ਕਿ ਇਸ ਵਿਚ ਦੋ ਬੈੱਡਰੂਮ ਹਨ। ਇੱਕ ਜਹਾਜ਼ ਦੇ ਅਗਲੇ ਹਿੱਸੇ ਵਿਚ ਹੈ, ਜਦ ਕਿ ਦੂਜਾ ਪਿਛਲੇ ਹਿੱਸੇ ਵਿੱਚ ਹੈ। ਦੋਵੇਂ ਕਮਰਿਆਂ ਦੇ ਨਾਲ-ਨਾਲ ਬਾਥਰੂਮ ਵੀ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਸ ਵਿਚ ਬੈਠਣ ਲਈ ਵੀ ਥਾਂ ਬਣਾਈ ਗਈ ਹੈ। ਇਸ ਹਵਾਈ ਜਹਾਜ਼ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਮਕਾਨ ਦੀ ਛੱਤ ‘ਤੇ ਵੀ ਜਾਣ ਦੀ ਸਹੂਲਤ ਹੈ ਅਤੇ ਘਰ ਦੇ ਅੰਦਰੋਂ ਵੀ ਉੱਪਰ ਜਾਣ ਦਾ ਪ੍ਰਬੰਧ ਹੈ। ਕਮਰਿਆਂ ਤੇ ਬੈਠਕਾਂ  ਦੀਆਂ ਖਿੜਕੀਆਂ ਵੀ ਜਹਾਜ਼ ਦੀਆਂ ਖਿੜਕੀਆਂ ਦੇ ਅੰਦਾਜ਼ ਵਿਚ ਗੋਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜਹਾਜ਼ ਦੀ ਲੰਬਾਈ 84 ਤੋਂ 85 ਫੁੱਟ ਹੈ, ਜੋ ਮਕਾਨ ਦੀ ਛੱਤ ‘ਤੇ ਬਣਾਇਆ ਗਿਆ ਹੈ। ਸਿੰਘ ਦਾ ਮਕਾਨ ਵੀ ਦੋ ਤਿੰਨ ਕਨਾਲ ਵਿਚ ਬਣਿਆ ਹੈ, ਜਿਸ ਵਿਚ 32 ਕਮਰੇ ਹਨ। ਸੰਤੋਖ ਸਿੰਘ ਕਹਿੰਦਾ ਹੈ, ‘ਦੋ ਪੁੱਤਰ ਹਨ, ਦੋਵੇਂ ਵਿਦੇਸ਼ ਰਹਿੰਦੇ ਹਨ। ਪਤਨੀ ਮੇਰੇ ਨਾਲ ਇੰਗਲੈਂਡ ਵਿਚ ਰਹਿੰਦੀ ਹੈ। ਵਾਰੀ-ਵਾਰੀ ਨਾਲ ਅਸੀਂ ਸਾਰੇ ਇੱਥੇ ਆਉਂਦੇ ਰਹਿੰਦੇ ਹਾਂ। ਪੂਰਾ ਪਰਿਵਾਰ ਵੀ ਕਦੇ-ਕਦੇ ਇੱਥੇ ਇਕੱਠੇ ਹੁੰਦੇ ਹਾਂ। ਉਂਝ ਅਸੀਂ ਦੋ ਤਿੰਨ ਮਹੀਨਿਆਂ ਵਿਚ ਇਕ ਚੱਕਰ ਲਗਾ ਹੀ ਲੈਂਦੇ ਹਾਂ।
ਉਨ੍ਹਾਂ ਕਿਹਾ ਕਿ 1999 ਵਿਚ ਇਸ ਮਕਾਨ ਨੂੰ ਬਣਾਉਣ ਵਿਚ ਉਦੋਂ ਤਕਰੀਬਨ 20 ਲੱਖ ਰੁਪਏ ਖ਼ਰਚ ਹੋਏ ਸਨ। ਇਸ ਤੋਂ ਬਾਅਦ ਇਸ ‘ਤੇ ਹਵਾਈ ਜਹਾਜ਼ ਦੀ ਉਸਾਰੀ ਕੀਤੀ ਗਈ। ਸਿਰਫ਼ ਸੰਤੋਖ ਸਿੰਘ ਹੀ ਨਹੀਂ, ਬਲਕਿ ਜਲੰਧਰ ਜ਼ਿਲ੍ਹੇ ਵਿਚ ਕਈ ਮਕਾਨਾਂ ‘ਤੇ ਪਾਣੀ ਦੀਆਂ ਟੈਂਕੀਆਂ ਕਿਤੇ ਹਵਾਈ ਜਹਾਜ਼, ਕਿਤੇ ਫੁੱਟਬਾਲ ਤਾਂ ਕਿਤੇ  ਬਾਜ ਤੇ ਘੋੜੇ ਦੇ ਆਕਾਰ ‘ਚ ਦਿਖਾਈ ਪੈ ਜਾਂਦੇ ਹਨ।
ਇਨ੍ਹਾਂ ਪਿੰਡਾਂ ਤੋਂ ਇਲਾਵਾ ਕੁਝ ਆਲੇ-ਦੁਆਲੇ ਦੇ ਪਿੰਡ ਵਿਚ ਵੀ ਹੁਣ ਕੁਝ ਅਜਿਹੀ ਹੀ ਅਜੀਬੋ ਗ਼ਰੀਬ ਅਕਾਰ ਦੀਆਂ ਟੈਂਕੀਆਂ ਤੁਹਾਨੂੰ ਦਿਸ ਜਾਣਗੀਆਂ। ਉੱਪਲਾ ਪਿੰਡ ਦੇ ਮਕਾਨਾਂ ਦੀਆਂ ਛੱਤਾਂ ‘ਤੇ ਆਮ ਪਾਣੀ ਦੇ ਟੈਂਕ ਨਹੀਂ ਹਨ, ਬਲਕਿ ਇੱਥੇ ਹਵਾਈ ਜਹਾਜ਼, ਘੋੜੇ, ਗੁਲਾਬ, ਕਾਰ, ਬੱਸ ਆਦਿ ਕਈ ਤਰ੍ਹਾਂ ਦੀਆਂ ਟੈਂਕੀਆਂ ਤੁਹਾਨੂੰ ਦਿਖਾਈ ਦੇਣਗੀਆਂ। ਜੇਕਰ ਕਿਸੇ ਦੀ ਛੱਤ ‘ਤੇ ਫ਼ੌਜ ਦਾ ਟੈਂਕ ਦਿਸ ਜਾਵੇ, ਤਾਂ ਸਮਝੋ ਉਸ ਘਰ ‘ਚੋਂ ਕੋਈ ਨਾ ਕੋਈ ਮੈਂਬਰ ਫ਼ੌਜ ਵਿਚ ਹੈ। ਜੇਕਰ ਤੁਹਾਨੂੰ ਛੱਤ ‘ਤੇ ਜਹਾਜ਼ ਦਿਸੇ, ਤਾਂ ਸਮਝੋ ਕਿ ਉਸ ਘਰ ਦੇ ਲੋਕ ਐੱਨਆਰਆਈ ਹਨ।
ਪਿੰਡ ਵਿਚ ਖ਼ਾਸ ਤੌਰ ‘ਤੇ ਐੱਨਆਰਆਈ ਦੀਆਂ ਕੋਠੀਆਂ ਦੀ ਛੱਤ ‘ਤੇ ਇਸ ਤਰ੍ਹਾਂ ਦੀਆਂ ਟੈਂਕੀਆਂ ਬਣਾਈਆਂ ਗਈਆਂ ਹਨ। ਕੋਠੀਆਂ ‘ਤੇ ਰੱਖੀ ਕਈ ਤਰ੍ਹਾਂ ਦੀਆਂ ਟੈਂਕੀਆਂ ਤੋਂ ਹੀ ਉਸ ਦੀ ਪਛਾਣ ਹੈ। ਇਸ ਦੀ ਸ਼ੁਰੂਆਤ ਤਕਰੀਬਨ 70 ਸਾਲ ਪਹਿਲਾਂ ਹਾਂਗਕਾਂਗ ਜਾਣ ਵਾਲੇ ਤਰਸੇਮ ਸਿੰਘ ਨੇ ਕੀਤੀ ਸੀ। ਆਪਣੀ ਕੋਠੀ ਦੇ ਉੱਪਰ ਪਾਣੀ ਜਹਾਜ਼ ਦੇ ੱਕਾਰ ਦੀਆਂ ਟੈਂਕੀਆਂ ਬਣਵਾਈਆਂ, ਜਿਸ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ ਤੇ ਹੁਣ ਤਾਂ ਇੱਥੇ ਤਕਰੀਬਨ 200 ਤੋਂ ਵੱਧ ਕੋਠੀਆਂ ਵਿਚ ਵੱਖ-ਵੱਖ ਢੰਗ ਨਾਲ ਟੈਂਕੀਆਂ ਤੁਹਾਨੂੰ ਦਿਖਾਈ ਦੇਣਗੀਆਂ।

ਵਿਦੇਸ਼ ਜਾਣ ਲਈ ਗੁਰਦੁਆਰੇ ਚੜ੍ਹਦੇ ਨੇ ਜਹਾਜ਼
ਵਿਦੇਸ਼ ਜਾਣ ਦੀ ਇੱਛਾ ਪੰਜਾਬੀ ਗੱਭਰੂਆਂ ‘ਤੇ ਭਾਰੂ ਹੈ। ਪੰਜਾਬ ਵਿਚ ਬੇਰੁਜ਼ਗਾਰੀ ਹੋਣ ਕਰਕੇ ਪੰਜਾਬ ਦਾ ਯੂਥ ਵਿਦੇਸ਼ ਪੜ੍ਹਨ ਤੇ ਵਸਣ ਵਿਚ ਤਰਜੀਹ ਦੇ ਰਿਹਾ ਹੈ। ਵਿਦੇਸ਼ ਵਿਚ ਨੌਜਵਾਨਾਂ ਨੂੰ ਮਾਲ, ਸ਼ਾਪਿੰਗ ਕੰਪਲੈਕਸ, ਫੈਕਟਰੀਆਂ ਵਿਚ ਅਸਾਨੀ ਨਾਲ ਨੌਕਰੀ ਮਿਲ ਜਾਂਦੀ ਹੈ। ਨੌਜਵਾਨ  ਛੋਟਾ-ਵੱਡਾ ਕੋਈ ਵੀ ਕੰਮ ਮਿਲੇ, ਬੇਝਿਜਕ ਹੋ ਕੇ ਕਰ ਲੈਂਦੇ ਹਨ। ਕੰਮ ਦੇ ਬਦਲੇ ਲੋਕਾਂ ਨੂੰ ਉੱਚਿਤ ਤਨਖ਼ਾਹ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਘੰਟਿਆਂ ਦੇ ਹਿਸਾਬ ਨਾਲ ਤਨਖ਼ਾਹ, ਪਾਰਟ ਟਾਈਮ ਨੌਕਰੀ ਵੀ ਮਿਲ ਜਾਂਦੀਆਂ ਹਨ। ਰੁਪਏ ਦੇ ਮੁਕਾਬਲੇ ਇੰਗਲੈਂਡ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਸਮੇਤ ਦੇਸਾਂ ਦੀ ਮਜ਼ਬੂਤ ਕਰੰਸੀ ਵੀ ਲੋਕਾਂ ਨੂੰ ਵਿਦੇਸ਼ ਵੱਲ ਖਿੱਚ ਰਹੀ ਹੈ। ਕਈਆਂ ਦੇ ਵਿਦੇਸ਼ ਜਾਣ ਦੀ ਇੱਛਾ ਧਰੀ ਦੀ ਧਰੀ ਰਹਿ ਜਾਂਦੀ ਹੈ ਤੇ ਵੀਜਾ ਨਹੀਂ ਮਿਲਦਾ ਹੈ। ਅਖੀਰ ਕਿਵੇਂ ਹੋਵੇਗਾ ਵਿਦੇਸ਼ ਜਾਣ ਦੀ ਸੁਪਨਾ ਸੱਚ ਤੇ ਕਿਵੇਂ ਲੱਗਣਗੇ ਤੁਹਾਡੇ ਸੁਪਨਿਆਂ ਨੂੰ ਖੰਭ। ਆਓ ਇਸ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ।
ਅਸਲ ਵਿਚ ਪੰਜਾਬ ਦੇ ਜਲੰਧਰ ਦੇ ਨੇੜੇ ਇੱਕ ਅਜਿਹਾ ਗੁਰਦੁਆਰਾ ਨਿਹਾਲ ਸਿੰਘ ਸ਼ਹੀਦਾਂ ਗੁਰਦੁਆਰਾ ਤੱਲਣ ਸਾਹਿਬ ਹੈ, ਜਿੱਥੇ ਲੋਕ ਚੜ੍ਹਾਵੇ ਦੇ ਰੂਪ ਵਿਚ ਖਿਡੌਣਾ ਚੜ੍ਹਾਉਂਦੇ ਹਨ ਤੇ ਵਿਦੇਸ਼ ਜਾਣ ਦੀ ਮੰਨਤ ਮੰਗਦੇ ਹਨ। ਇੱਥੇ ਲੋਕ ਮੰਨਤ ਮੰਗਣ ਤੇ ਉਸ ਦੇ ਪੂਰੇ ਹੋਣ ‘ਤੇ ਹਵਾਈ ਜਹਾਜ਼ ਚੜ੍ਹਾਉਂਦੇ ਹਨ। ਇਹ ਕੋਈ ਅਸਲੀ ਦਾ ਜਹਾਜ਼ ਨਹੀਂ, ਸਗੋਂ ਖਿਡੌਣੇ ਵਾਲਾ ਹਵਾਈ ਜਹਾਜ਼ ਹੈ। ਮੰਨਤ ਪੂਰੀ ਹੋਣ ‘ਤੇ ਵਿਦੇਸ਼ ਦਾ ਵੀਜਾ ਲੱਗਣ ‘ਤੇ ਇੱਥੇ ਲੋਕ ਖਿਡੌਣੇ ਵਾਲਾ ਜਹਾਜ਼ ਚੜ੍ਹਾਉਂਦੇ ਹਨ।
ਆਪਣੇ ਪਰਿਵਾਰ ਦੇ ਨਾਲ ਜਲੰਧਰ ਤੋਂ ਮੱਥਾ ਟੇਕਣ ਆਏ ਸੋਨੂੰ ਨੇ ਮੱਥਾ ਟੇਕਿਆ ਤੇ ਮੰਨਤ ਮੰਗੀ ਕਿ ਜਦੋਂ ਉਹ ਬਾਹਰ ਚਲਾ ਜਾਵੇਗਾ ਤਾਂ ਉਹ ਵੀ ਇੱਥੇ ਆ ਕੇ ਜਹਾਜ਼ ਭੇਟ ਕਰੇਗਾ ਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਵਿਸ਼ਵਾਸ ਹੈ ਕਿ ਉਹ ਜ਼ਰੂਰ ਬਾਹਰ ਜਾਵੇਗਾ ਤੇ ਉਸ ਦੇ ਜਾਣ ਤੋਂ ਬਾਅਦ ਉਹ ਫਿਰ ਇੱਥੇ ਵਾਪਸ ਆ ਕੇ ਜਹਾਜ਼ ਚੜ੍ਹਾਵੇਗਾ।
ਇੱਥੇ ਇਹ ਮੰਨਤ ਮੰਗਣ ਆਏ ਲੁਧਿਆਣਾ ਦੇ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਮੰਨਤ ਮੰਗੀ ਸੀ ਕਿ ਜੇਕਰ
ਉਸ ਦਾ ਬਾਹਰ ਜਾਣ ਦਾ ਵੀਜਾ ਲੱਗੇਗਾ, ਤਾਂ ਉਹ ਇੱਥੇ ਆ ਕੇ ਜਹਾਜ਼ ਭੇਟ ਕਰੇਗਾ ਤੇ ਜਦੋਂ ਮੰਨਤ ਪੂਰੀ ਹੋ ਗਈ, ਤਾਂ ਉਹ ਇੱਥੇ ਜਹਾਜ਼ ਚੜ੍ਹਾ ਰਿਹਾ ਹੈ। ਇੱਥੇ ਮੰਨਤ ਮੰਗਣ ਤੋਂ ਬਾਅਦ ਜਰਮਨੀ ਦੋ ਸਾਲ ਲਗਾ ਕੇ ਛੁੱਟੀ ‘ਤੇ ਆਏ ਰਾਮਾ ਮੰਡੀ ਦੇ ਸ਼ਮਸ਼ੇਰ ਸਿੰਘ ਦਾ ਕਹਿਣਾ ਸੀ ਕਿ ਉਹ ਮੰਨਤ ਪੂਰੀ ਹੋਣ ਤੋਂ ਬਾਅਦ ਇੱਥੇ ਜਹਾਜ਼ ਚੜ੍ਹਾਉਣ ਆਇਆ ਹੈ।
ਇਸ ਗੁਰਦੁਆਰੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਮਾਨਤਾ ਇੱਕ ਵਿਸ਼ਵਾਸ ਹੈ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਕਿ ਇੱਥੇ ਜਹਾਜ਼ ਚੜ੍ਹਾ ਕੇ ਜੇਕਰ ਮੰਨਤ ਮੰਗੇ ਤਾਂ ਵਿਦੇਸ਼ ਦਾ ਵੀਜ਼ਾ ਜ਼ਰੂਰ ਲੱਗ ਜਾਂਦਾ ਹੈ, ਉਵੇਂ ਇੱਥੇ ਲੋਕ ਹੋਰ ਵੀ ਇੱਛਾਵਾਂ ਲੈ ਕੇ ਮੰਨਤ ਮੰਗਣ ਲਈ ਆਉਂਦੇ ਹਨ। ਪ੍ਰਵਾਸੀ ਪੰਜਾਬੀਆਂ ਦੇ ਚੜ੍ਹਾਵੇ ਕਰਕੇ ਇਸ ਗੁਰਦੁਆਰੇ ਦੀ ਗੋਲਕ ਵੀ ਵਧ ਰਹੀ ਹੈ ਤੇ ਮਹਾਨਤਾ ਵੀ।