ਵਿਗਿਆਨ ਦੇ ਸੰਚਾਰ ਲਈ ਮੋਦੀ ਵਲੋਂੇ ਮਾਂ ਬੋਲੀ ਦੀ ਵਰਤੋਂ ਉੱਤੇ ਜ਼ੋਰ

ਵਿਗਿਆਨ ਦੇ ਸੰਚਾਰ ਲਈ ਮੋਦੀ ਵਲੋਂੇ ਮਾਂ ਬੋਲੀ ਦੀ ਵਰਤੋਂ ਉੱਤੇ ਜ਼ੋਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀੰ ਨਵੀਂ ਦਿੱਲੀ ‘ਚ ਪ੍ਰੋ. ਐਸ.ਐਨ.ਬੋਸ ਦੀ ਕੋਲਕਾਤਾ ਵਿੱਚ ਮਨਾਈ ਜਾ ਰਹੀ 125ਵੀਂ ਜਨਮ ਵਰ੍ਹੇਗੰਢ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ।

ਕੋਲਕਾਤਾ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ‘ਚ ਵਿਗਿਆਨ ਪ੍ਰਤੀ ਦਿਲਚਸਪੀ ਪੈਦਾ ਕਰਨ ਤੇ ਵਿਗਿਆਨ ਦੇ ਸੰਚਾਰ ਲਈ ਮਾਂ-ਬੋਲੀ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਸ਼ਾ ਸਹੂਲਤ ਵਾਲੀ ਹੋਣੀ ਚਾਹੀਦੀ ਹੈ ਨਾ ਕਿ ਅੜਿੱਕਾ ਪੈਦਾ ਕਰਨ ਵਾਲੀ। ਉਨ੍ਹਾਂ ਨਾਲ ਹੀ ਵਿਗਿਆਨੀਆਂ ਤੇ ਖੋਜੀਆਂ ਨੂੰ ਨਵੇਂ ਭਾਰਤ ਲਈ ਕਾਢਾਂ ਕੱਢਣ ਤੇ ਖੋਜ ਕਰਨ ਦਾ ਸੁਨੇਹਾ ਵੀ ਦਿੱਤਾ।
ਅੱਜ ਪ੍ਰੋ. ਸੱਤੇਂਦਰ ਨਾਥ ਬੋਸ ਦੀ 125ਵੀਂ ਵਰ੍ਹੇਵੰਢ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਗਿਆਨੀ ਤੇ ਖੋਜਾਰਥੀਆਂ ਨੂੰ ਆਪਣੇ ਗਿਆਨ ਤੇ ਖੋਜਾਂ ਦੀ ਵਰਤੋਂ ਲੋਕਾਂ ਦੇ ਭਲੇ ਤੇ ਉਨ੍ਹਾਂ ਦੀਆਂ ਸਮਾਜਿਕ ਤੇ ਵਿੱਤੀ ਲੋੜਾਂ ਦੀ ਪੂਰਤੀ ਲਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਇਹ ਲਾਜ਼ਮੀ ਹੈ ਕਿ ਕਾਢਾਂ ਤੇ ਖੋਜਾਂ ਦਾ ਆਖਰੀ ਨਤੀਜਾ ਗ਼ਰੀਬ ਲੋਕਾਂ ਦੀਆਂ ਜ਼ਿੰਦਗੀਆਂ ‘ਤੇ ਸਾਰਥਕ ਪ੍ਰਭਾਵ ਪਾਵੇ।
ਸ੍ਰੀ ਮੋਦੀ ਨੇ ਕਿਹਾ, ‘ਆਪਣੀ ਸੋਚ ਦੇ ਘੇਰੇ ‘ਚੋਂ ਬਾਹਰ ਜਾ ਕੇ ਸਾਡੇ ਵਿਗਿਆਨੀਆਂ ਨੂੰ ਰਚਨਾਤਮਕ ਤਕਨੀਕ ਨੂੰ ਨਵੀਂ ਦਿਸ਼ਾ ਦੇਣੀ ਪਵੇਗੀ। ਸਾਡੀਆਂ ਖੋਜਾਂ ਤੇ ਕਾਢਾਂ ਦਾ ਆਖਰੀ ਨਤੀਜਾ ਆਮ ਲੋਕਾਂ ਦੀ ਮਦਦ ਕਰਨ ਵਾਲਾ ਹੋਣਾ ਚਾਹੀਦਾ ਹੈ।’ ਉਨ੍ਹਾਂ ਦੱਸਿਆ ਕਿ ਕੇਂਦਰ ਨੇ ਸੂਰਜੀ ਊਰਜਾ, ਹਰਿਤ ਊਰਜਾ, ਜਲ ਸੰਭਾਲ ਤੇ ਕੂੜੇ ਦੇ ਨਿਬੇੜੇ ਵਰਗੀਆਂ ਵੱਖਰੀਆਂ ਵਿਗਿਆਨਕ ਸੰਸਥਾਵਾਂ ਦੀ ਸ਼ਮੂਲੀਅਤ ਨਾਲ ਖੋਜ ਤੇ ਵਿਕਾਸ (ਆਰ ਐਂਡ ਡੀ) ਪ੍ਰਾਜੈਕਟ ਸ਼ੁਰੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਵਿਗਿਆਨ ਤੇ ਤਕਨੀਕ ਵਿਭਾਗ ਵੱਲੋਂ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਤੇ ਉਨ੍ਹਾਂ ਦੀ ਪਹਿਲਕਦਮੀ ਵਿਗਿਆਨਕ ਢਾਂਚਾ ਖੜ੍ਹਾ ਕਰਨਾ ਹੈ। ਉਨ੍ਹਾਂ ਹਰ ਵਿਗਿਆਨੀ ਨੂੰ ਘੱਟੋ-ਘੱਟ ਇੱਕ ਬੱਚੇ ਦਾ ਮਾਰਗ ਦਰਸ਼ਕ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਲੱਖਾਂ ਵਿਦਿਆਰਥੀਆਂ ਦਾ ਰੁਝਾਨ ਵਿਗਿਆਨ ਵੱਲ ਹੋ ਜਾਵੇਗਾ।