ਫੇਸਬੁੱਕ ਉੱਤੇ ਸਿੱਖ ਦਰਦ ਦਾ ਜ਼ਿਕਰ ਕਰਨ ਵਾਲੇ ਨੌਜਵਾਨ ਨੂੰ ‘ਦਹਿਸ਼ਤਗਰਦ’ ਕਹਿ ਕੇ ਝੂਠੇ ਕੇਸਾਂ ‘ਚ ਘੜੀਸਆ

ਫੇਸਬੁੱਕ ਉੱਤੇ ਸਿੱਖ ਦਰਦ ਦਾ ਜ਼ਿਕਰ ਕਰਨ ਵਾਲੇ ਨੌਜਵਾਨ ਨੂੰ ‘ਦਹਿਸ਼ਤਗਰਦ’ ਕਹਿ ਕੇ ਝੂਠੇ ਕੇਸਾਂ ‘ਚ ਘੜੀਸਆ

ਫਤਿਹਗੜ੍ਹ ਸਾਹਿਬ/ਬਿਊਰੋ ਨਿਊਜ਼:
ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਅਤੇ ਮੋਬਾਈਲ ਫੋਨ ਦੇ ਮਕੈਨਿਕ ਜੋਗਿੰਦਰ ਜੋਗੀ (26 ਸਾਲ) ਨੂੰ ਇਲਮ ਨਹੀਂ ਸੀ ਕਿ ਫੇਸਬੁੱਕ ‘ਤੇ ਆਪਣੀ ਗੱਲ ਰੱਖਣਾ ਭਾਰੀ ਪੈ ਸਕਦਾ ਹੈ। ਉਹ ਸਾਲ 2013 ‘ਚ ਸੋਸ਼ਲ ਸਾਈਟ ‘ਤੇ ਸਰਗਰਮ ਹੋਇਆ ਸੀ ਪਰ ਪਿਛਲੇ ਚਾਰ ਸਾਲਾਂ ਦੀਆਂ ਤਕਲੀਫ਼ਾਂ ਉਸ ਦੇ ਖਿੜਦੇ ਚਿਹਰੇ ‘ਤੇ ਛੁਪਦੀਆਂ ਨਹੀਂ। ਹੁਣੇ ਜਿਹੇ ਉਸ ਦਾ ਤਰਨ ਤਾਰਨ ਰਹਿੰਦੀ ਲੜਕੀ ਨਾਲ ਮੰਗਣਾ ਹੋਇਆ ਹੈ। ਪਿਆਰ ਅਤੇ ਚਾਅ ਨਾਲ ਉਸ ਨੇ ਜੇਜੇਐਮਐਮਆਰਆਰ ਨਾਮ ਨਾਲ ਫੇਸਬੁੱਕ ਅਕਾਊਂਟ ਬਣਾਇਆ। ਉਹ ਮੁਸਕਰਾਉਂਦਾ ਹੋਇਆ ਦੱਸਦਾ ਹੈ,”’ਜੇ’ ਮੇਰੇ ਅਤੇ ‘ਆਰ’ ਮੇਰੀ ਮੰਗੇਤਰ ਦੇ ਨਾਮ ਦੇ ਪਹਿਲੇ ਅੱਖਰ ਹਨ। ‘ਐਮ’ ਮੇਰੀ ਸਾਲੀ ਦੇ ਨਾਮ ਦਾ ਪਹਿਲਾ ਅੱਖਰ ਹੈ।” ਗੋਲ ਕੇਸਰੀ ਦਸਤਾਰ ਸਜਾਉਣ ਅਤੇ ਕੁੜਤਾ ਪਜਾਮਾ ਪਾਉਣ ਵਾਲਾ ਜੋਗਿੰਦਰ ਜੋਗੀ ਬੇਕਸੂਰ ਜਾਪਦਾ ਹੈ। ਪਰ ਪੰਜਾਬ ਪੁਲੀਸ ਦੇ ਰਿਕਾਰਡ ‘ਚ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਹੈ ਅਤੇ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੀ ਸਾਜ਼ਿਸ਼ ਘੜਨ ਲਈ ਉਹ 18 ਹੋਰ ਗਰਮ ਖ਼ਿਆਲੀਆਂ ਨਾਲ ਮਿਲਿਆ ਸੀ ਜਿਸ ਕਰਕੇ ਉਸ ਖ਼ਿਲਾਫ਼ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਉਹ ਚੇਤੇ ਕਰਦਿਆਂ ਦੱਸਦਾ ਹੈ,”ਮੈਂ ਕਥਾਵਾਚਕ ਬਣਨ ਦੀ ਸਿਖਲਾਈ ਲੈ ਰਿਹਾ ਸੀ ਅਤੇ ਪਾਠ ਕਰਦਾ ਸੀ। ਮੈਂ ਸਿੱਖਾਂ ‘ਤੇ ਢਾਹੇ ਗਏ ਤਸੀਹਿਆਂ ਦਾ ਦਰਦ ਫੇਸਬੁੱਕ ‘ਤੇ ਹੋਰਾਂ ਨਾਲ ਸਾਂਝਾ ਕੀਤਾ ਤਾਂ ਮੇਰੇ ਦੋਸਤਾਂ ਦੀ ਗਿਣਤੀ 500 ਤੋਂ ਟੱਪ ਗਈ ਅਤੇ ਅਸੀਂ ਕੁਝ ਨੇ ਮਿਲ ਕੇ ਵੱਟਸਐਪ ਗਰੁੱਪ ਬਣਾ ਲਿਆ। ਫੇਸਬੁੱਕ ਦੇ ਕਰੀਬ ਅੱਠ ਦੋਸਤਾਂ ਨੇ ਹਰਿਮੰਦਰ ਸਾਹਿਬ ‘ਚ ਮਿਲਣ ਦਾ ਫ਼ੈਸਲਾ ਲਿਆ ਤਾਂ ਜੋ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦੀ ਮੰਗ ਬੁਲੰਦ ਕੀਤੀ ਜਾ ਸਕੇ।”
ਜੋਗੀ ਨੇ ਦਸਿਆ ਕਿ 6 ਸਤੰਬਰ 2013 ਨੂੰ ਉਸ ਨੂੰ ਅਤੇ ਪੰਜ ਹੋਰਾਂ ਨੂੰ ਸ਼ਿਵ ਸੈਨਾ ਆਗੂ ਦੀ ਹੱਤਿਆ ਅਤੇ ਹਥਿਆਰ ਹਾਸਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ 30 ਸਤੰਬਰ ਤਕ ਉਸ ਸਮੇਤ 19 ਹੋਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਤਿੰਨ ਵਾਰ ਬਦਲੇ ਗਏ ਪੁਲੀਸ ਚਲਾਨ ਮੁਤਾਬਕ ਮੁਲਜ਼ਮ ਸੱਤ-ਅੱਠ ਵਾਰ ਜੋਗੀ ਦੇ ਪਿੰਡੀ ਪੀਰ ਜੈਨ ਅਤੇ ਸਰਹਿੰਦ ਦੇ ਆਮ-ਖਾਸ ਬਾਗ ਤੇ ਹੋਰ ਥਾਵਾਂ ‘ਤੇ ਮਿਲੇ ਸਨ। ਉਂਜ ਫਤਿਹਗੜ੍ਹ ਸਾਹਿਬ ਅਦਾਲਤ ‘ਚ ਅਜੇ ਉਨ੍ਹਾਂ ਖ਼ਿਲਾਫ਼ ਦੋਸ਼ ਸਾਬਿਤ ਹੋਣੇ ਬਾਕੀ ਹਨ। ਫੜੇ ਗਏ 19 ਮੁਲਜ਼ਮਾਂ ‘ਚੋਂ ਇਕ ਨਾਬਾਲਗ ਤਰਨਜੀਤ ਸਿੰਘ ਵੀ ਸੀ ਜਿਸ ਨੂੰ ਸਬੂਤਾਂ ਦੀ ਘਾਟ ਕਰਕੇ ਪਹਿਲੀ ਸਤੰਬਰ ਨੂੰ ਬਰੀ ਕਰ ਦਿੱਤਾ ਗਿਆ ਸੀ।
ਜੋਗੀ ਖ਼ਿਲਾਫ਼ ਬਲਾੜੀ ਕਲਾਂ ਪਿੰਡ ਦੇ ਆੜ੍ਹਤੀਏ ਦੇ ਘਰ ਡਕੈਤੀ ਦਾ ਵੀ ਕੇਸ ਦਰਜ ਕੀਤਾ ਗਿਆ ਜਦਕਿ ਜੋਗੀ ਆੜ੍ਹਤੀਏ ਕੋਲ ਮੁਨੀਮ ਸੀ। ਉਸ ਮੁਤਾਬਕ ਜੇਲ੍ਹ ‘ਚ ਰੱਖਣ ਲਈ ਪੁਲੀਸ ਨੇ ਉਸ ‘ਤੇ ਕਥਿਤ ਤੌਰ ‘ਤੇ ਝੂਠਾ ਕੇਸ ਪਾਇਆ ਅਤੇ ਉਹ ਬਰੀ ਹੋ ਗਿਆ।

ਕੀ ਫੇਸਬੁੱਕ ‘ਤੇ ਬੇਇਨਸਾਫ਼ੀ ਦੀ ਗੱਲ ਕਰਨਾ ਜੁਰਮ ਹੈ?
ਪਿਛਲੇ ਚਾਰ ਸਾਲਾਂ ਤੋਂ ਪੁਲੀਸ ਦੇ ਨਿਸ਼ਾਨੇ ‘ਤੇ ਹੋਣ ਕਰਕੇ ਜੋਗਿੰਦਰ ਜੋਗੀ ਸਵਾਲ ਕਰਦਾ ਹੈ ਕਿ ਫੇਸਬੁੱਕ ‘ਤੇ ਬੇਇਨਸਾਫ਼ੀ ਦੀ ਗੱਲ ਕਰਨਾ ਕੋਈ ਜੁਰਮ ਹੈ? ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਵਰਗੇ ਨੌਜਵਾਨਾਂ ਨੂੰ ਦਹਿਸ਼ਤਗਰਦ ਨਾ ਐਲਾਨਿਆ ਜਾਵੇ ਸਗੋਂ ਸਮਝਾਇਆ ਜਾਵੇ। ਜੋਗਿੰਦਰ ਜੋਗੀ ਨੇ ਸਲਾਹ ਦਿੱਤੀ ਹੈ ਕਿ ਫੇਸਬੁੱਕ ‘ਤੇ ਪੋਸਟਾਂ ਪਾਉਣ ਵੇਲੇ ਚੌਕਸ ਰਿਹਾ ਜਾਵੇ ਕਿਉਂਕਿ ਹੁਣ ਉਹ ‘ਆਜ਼ਾਦ’ ਨਹੀਂ ਹੈ ਅਤੇ ਪੁਲੀਸ ਉਸ ਦੇ ਘਰ ਦਸਤਕ ਦਿੰਦੀ ਰਹਿੰਦੀ ਹੈ।