ਡੇਰੇ ਦੀ ਪਰੰਪਰਾ ਅਨੁਸਾਰ ਜਸਮੀਤ ਇੰਸਾ ਦਾ ਮੁਖੀ ਬਣਨਾ ਮੁਸ਼ਕਲ

ਡੇਰੇ ਦੀ ਪਰੰਪਰਾ ਅਨੁਸਾਰ ਜਸਮੀਤ ਇੰਸਾ ਦਾ ਮੁਖੀ ਬਣਨਾ ਮੁਸ਼ਕਲ

ਸਿਰਸਾ/ਬਿਊਰੋ ਨਿਊਜ਼ :
ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਥਾਂ ਉਸਦੇ ਪੁੱਤਰ ਜਸਮੀਤ ਸਿੰਘ ਨੂੰ ਡੇਰੇ ਦਾ ਮੁਖੀ ਲਾਉਣ ਦੀਆਂ ਚੱਲਦੀਆਂ ਕੋਸ਼ਿਸ਼ਾਂ ਦੇ ਦੌਰਾਨ ਰਾਮ ਰਹੀਮ ਤੋਂ ਪਹਿਲੇ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਪੋਤੇ ਨੇ ਕਿਹਾ ਹੈ ਕਿ ਡੇਰੇ ਦੀਆਂ ਪਰੰਪਰਾਂ ਅਨੁਸਾਰ ਵੰਸ਼ਵਾਦ ਨੂੰ ਕੋਈ ਥਾਂ ਨਹੀ ਹੈ ਪਰ ਇਹ ਡੇਰਾ ਮੁਖੀ ਉੱਤੇ ਹੀ ਨਿਰਭਰ ਕਰਦਾ ਹੈ ਕਿ ਉਹ ਆਪਣਾ ਜਾਨਸ਼ੀਨ ਕਿਸ ਨੂੰ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਨਵਾਂ ਡੇਰਾ ਮੁਖੀ ਬਣਾਉਣਾ ਪਹਿਲੇ ਮੁਖੀ ਦੀ ਮੌਤ ਬਾਅਦ ਹੀ ਬਣਦਾ ਹੈ। ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਜਾਣ ਤੋਂ ਪਹਿਲਾਂ ਭੋਗ ਵਿਲਾਸ ਵਾਲੇ ਸ਼ਾਹੀ ਜੀਵਨ ਦਾ ਆਨੰਦ ਮਾਣਨ ਵਾਲੇ ਗੁਰਮੀਤ ਰਾਮ ਰਹੀਮ ਦੇ ਪਰਿਵਾਰ ਦੇ ਮੁਕਾਬਲੇ ਸ਼ਾਹ ਸਤਿਨਾਮ ਸਿੰਘ ਦਾ ਪਰਿਵਾਰ ਸਿਰਸਾ ਜ਼ਿਲ੍ਹੇ ਹੇ ਦੇ ਪਿੰਡ ਜਲਾਲਆਣਾ ਵਿੱਚ ਸਾਦਾ ਜੀਵਨ ਬਤੀਤ ਕਰ ਰਿਹਾ ਹੈ। ਸ਼ਾਹ ਸਤਿਨਾਮ ਨੇ 1990 ਵਿੱਚ ਗੁਰਮੀਤ ਸਿੰਘ ਨੂੰ ਡੇਰੇ ਦਾ ਮੁਖੀ ਨਿਯੁਕਤ ਕਰਕੇ ਰਾਮ ਰਹੀਮ ਦੀ ਉਪਾਧੀ ਦੇ ਦਿੱਤੀ ਸੀ।
ਸ਼ਾਹ ਸਤਿਨਾਮ ਦੇ ਪੋਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੰਨ 2002 ਤੋਂ ਡੇਰੇ ਜਾਣਾ ਛੱਡ ਦਿੱਤਾ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਆਪਣੀ ਆਸਥਾ ਰੱਖਦੇ ਹਨ। ਉਹ ਖੇਤੀਬਾੜੀ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਦਾਦਾ 70 ਸਾਲ ਦਾ ਸੀ ਤਾਂ ਉਨ੍ਹਾਂ ਆਪਣੇ ਜਾਨਸ਼ੀਨ ਦੀ ਭਾਲ ਸ਼ੁਰੂ ਕੀਤੀ। ਡੇਰੇ ਦੇ ਸ਼ਰਧਾਲੂ ਉਸ ਦੇ ਪਿਤਾ ਰਣਜੀਤ ਸਿੰਘ ਨੂੰ ਡੇਰਾ ਮੁਖੀ ਬਣਾਉਣਾ ਚਾਹੁੰਦੇ ਸਨ ਪਰ ਸ਼ਾਹ ਸਤਿਨਾਮ ਨੇ ਸਖਤੀ ਨਾਲ ਮਨ੍ਹਾਂ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਡੇਰਾ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ, ਜੋ ਪਿਤਾ ਆਪਣੇ ਪੁੱਤਰ ਨੂੰ ਸੌਂਪ ਦੇਵੇ।
7 ਗੰਨਮੈਨ ਨਿਆਂਇਕ ਹਿਰਾਸਤ ‘ਚ ਭੇਜੇ :
ਪੰਚਕੂਲਾ : ਸੀ.ਬੀ.ਆਈ.ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਤੋਂ ਭਜਾਉਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਫੜੇ ਗਏ ਡੇਰਾ ਮੁਖੀ ਦੇ 7 ਗੰਨਮੈਨਾਂ ਨੂੰ ਪੁਲੀਸ ਨੇ ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਵਿੱਚ ਹੈਡ ਕਾਂਸਟੇਬਲ ਅਜੇ ਕੁਮਾਰ, ਰਾਮ ਕੁਮਾਰ, ਕਾਂਸਟੇਬਲ ਬਲਵਾਨ ਸਿੰਘ, ਕ੍ਰਿਸ਼ਨ ਦਾਸ, ਖੁਸ਼ਬੀਰ ਸਿੰਘ, ਵਿਜੇ ਸਿੰਘ ਅਤੇ ਫਤਿਹ ਸਿੰਘ ਸ਼ਾਮਲ ਹਨ।
ਲੜਕੀ ਡੇਰੇ ‘ਚੋਂ ਲਾਪਤਾ :
ਚੰਡੀਗੜ੍ਹ: ਡੇਰਾ ਸੱਚਾ ਸੌਦਾ ਸਿਰਸਾ ਦੇ ਇੱਕ ਸ਼ਰਧਾਲੂ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜਿਸ ਦਿਨ ਤੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਹੈ, ਉਨ੍ਹਾਂ ਦੀ ਲੜਕੀ ਲਾਪਤਾ ਹੈ। ਹਰਿਆਣਾ ਦੇ ਜ਼ਿਲ੍ਹਾ ਚਰਖੀ ਦਾਦਰੀ ਦੇ ਪਿੰਡ ਤਿਵਾਲਾ ਦੇ ਵਾਸੀ ਪਰਿਵਾਰ ਨੇ ਕਿਹਾ ਕਿ  ਉਨ੍ਹਾਂ ਨੇ ਲੜਕੀ ਸ਼ਰਧਾ ਨੂੰ ਪੜ੍ਹਾਈ ਲਈ ਡੇਰੇ ਵਿੱਚ ਛੱਡਿਆ ਸੀ ਪਰ ਉਸ ਨਾਲ ਉਨ੍ਹਾਂ ਦਾ ਸਾਲ 2008 ਤੋਂ ਕੋਈ ਸੰਪਰਕ ਨਹੀਂ ਹੋਇਆ। ਡੇਰੇ ਦੀਆਂ ਨਾਬਾਲਗ ਬੱਚੀਆਂ ਦੀ ਸੰਭਾਲ ਕਰਦੀ ਪ੍ਰਬੰਧਕ ਪੂਨਮ ਨੇ ਕਿਹਾ ਕਿ ਉਹ 28 ਅਗਸਤ ਤੋਂ ਲਾਪਤਾ ਹੈ। ਸਿਰਸਾ ਦੇ ਐਸਡੀਐਮ ਪਰਮਜੀਤ ਸਿੰਘ ਚਾਹਲ ਨੇ ਦੱਸਿਆ ਕਿ ਸ਼ਰਧਾ ਪੂਨਮ ਨਾਲ ਸੀ ਅਤੇ ਉਨ੍ਹਾਂ ਨਾਲ ਜਾਣ ਲਈ ਸਹਿਮਤ ਨਹੀਂ ਹੋਈ ਸੀ।
ਕੈਂਸਰ ਪੀੜਤ ਨੇ ਫਾਹਾ ਲਿਆ :
ਸਿਰਸਾ : ਇੱਥੋਂ ਦੇ ਕੀਰਤੀ ਨਗਰ ਵਾਸੀ ਕੈਂਸਰ ਪੀੜਤ ਨੇ ਆਪਣੇ ਘਰ ਫਾਹ ਲੈ ਕੇ ਖ਼ਦਕੁਸ਼ੀ ਕਰ ਲਈ। ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਬਿਮਾਰੀ ਅਤੇ ਡੇਰਾ ਪ੍ਰੇਮੀ ਪੁੱਤ ਦੇ ਜੇਲ੍ਹ ਜਾਣ ਤੋਂ ਹੋਈ ਪ੍ਰੇਸ਼ਾਨੀ ਨੂੰ ਖ਼ੁਦਕਸ਼ੀ ਦਾ ਕਾਰਨ ਦੱਸਿਆ ਹੈ। ਕੀਰਤੀ ਨਗਰ ਦੀ ਗਲੀ ਨੰਬਰ 9 ਵਿੱਚ ਰਹਿਣ ਵਾਲਾ ਸੁਰਿੰਦਰ ਕੈਂਸਰ ਤੋਂ ਪੀੜਤ ਸੀ।