ਚੰਡੀਗੜ੍ਹ ਤੋਂ ਸਿੰਗਾਪੁਰ ਤੇ ਬੈਂਕਾਕ ਲਈ ਉਡਾਣ ਅਗਸਤ ‘ਚ

ਚੰਡੀਗੜ੍ਹ ਤੋਂ ਸਿੰਗਾਪੁਰ ਤੇ ਬੈਂਕਾਕ ਲਈ ਉਡਾਣ ਅਗਸਤ ‘ਚ

ਚੰਡੀਗੜ੍ਹ/ਬਿਊਰੋ ਨਿਊਜ਼:
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਸਿੰਗਾਪੁਰ ਅਤੇ ਬੈਕਾਂਕ ਵਾਸਤੇ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ ਪਰ ਅਮਰੀਕਾ ਅਤੇ ਯੂਰਪ ਲਈ ਇਥੋਂ ਜਹਾਜ਼ ਉਡਣੇ ਅਜੇ ਦੂਰ ਦਾ ਸੁਪਨਾ ਹਨ। ਕੇਂਦਰ ਸਰਕਾਰ ਦੀ ਸ਼ਹਿਰੀ ਹਵਾਬਾਜ਼ੀ, ਡਿਫੈਂਸ ਅਤੇ ਗ੍ਰਹਿ ਮੰਤਰਾਲੇ ‘ਤੇ ਆਧਾਰਤ ਗਿਆਰਾਂ ਮੈਂਬਰੀ ਟੀਮ ਨੇ ਦੋ ਦਿਨ ਪਹਿਲਾਂ ਹਵਾਈ ਅੱਡੇ ਦਾ ਦੌਰਾ ਕਰਕੇ ਸਿੰਗਾਪੁਰ ਅਤੇ ਬੈਂਕਾਕ ਲਈ ਅਗਸਤ ਮਹੀਨੇ ਦੇ ਅੰਤ ਤੋਂ ਉਡਾਣਾਂ ਸ਼ੁਰੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਉਡਾਣਾਂ ਮਾਰਚ ਵਿੱਚ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਲਟਕ ਕੇ ਰਹਿ ਗਈਆਂ ਸਨ।
ਇਸ ਤੋਂ ਪਹਿਲਾਂ ਦੁਬਈ ਅਤੇ ਸ਼ਾਰਜਾਹ ਵਾਸਤੇ ਦੋ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸਨ। ਦੁਬਈ ਲਈ ਜਹਾਜ਼ ਨੇ ਪਹਿਲੀ ਉਡਾਣ 26 ਸਤੰਬਰ  ਨੂੰ ਅਤੇ ਸ਼ਾਰਜਾਹ ਲਈ 15 ਸਤੰਬਰ ਨੂੰ ਭਰੀ ਸੀ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਹਰ ਰੋਜ਼ 36 ਜਹਾਜ਼ ਉਡਦੇ ਹਨ ਅਤੇ ਜੁਲਾਈ ਵਿੱਚ ਹੈਦਰਾਬਾਦ ਅਤੇ ਪੁਣੇ ਲਈ ਦੋ ਨਵੀਂਆਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਇਸ ਨਾਲ ਉਡਾਣਾਂ ਦੀ ਗਿਣਤੀ 40 ਹੋ ਜਾਵੇਗੀ। ਦੋਵੇਂ ਜਹਾਜ਼ ਹਫ਼ਤੇ ਵਿੱਚ ਤਿੰਨ ਤਿੰਨ ਦਿਨ ਲਈ ਸਿੰਗਾਪੁਰ ਅਤੇ ਬੈਂਕਾਂਕ ਲਈ ਉਡਾਣਾਂ ਭਰਿਆ ਕਰਨਗੇ।
ਇਸ ਤੋਂ ਪਹਿਲਾਂ ਦੁਬਈ ਨੂੰ ਰੋਜ਼ਾਨਾ ਅਤੇ ਸ਼ਾਰਜਾਹ ਨੂੰ ਹਫਤੇ ਵਿੱਚ ਤਿੰਨ ਦਿਨ ਜਹਾਜ਼ ਉਡਾਣ ਭਰ ਰਿਹਾ ਹੈ। ਕੇਂਦਰ ਸਰਕਾਰ ਦੀ ਗਿਆਰਾਂ ਮੈਂਬਰੀ ਟੀਮ ਨੇ ਹਵਾਈ ਕੰਪਨੀਆਂ ਸਮੇਤ ਪੰਜਾਬ ਪੁਲੀਸ ਦੇ ਉਚ ਅਫਸਰਾਂ ਨਾਲ ਵੀ ਮੀਟਿੰਗ ਕੀਤੀ ਹੈ। ਇਸ ਤੋਂ ਹੋਰ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਲਗਾਤਾਰ ਦਬਾਅ ਬਣਿਆ ਹੋਇਆ ਹੈ। ਹਾਈ ਕੋਰਟ ਨੇ ਇੰਡੀਗੋ ਕੰਪਨੀ ਨੂੰ ਜੁਲਾਈ ਦੇ ਸ਼ੁਰੂ ਵਿੱਚ ਤਲਬ ਕਰ ਲਿਆ ਹੈ।