ਮੈਨੂੰ ਆਪਣੇ ਪਿਛੋਕੜ ਅਤੇ ਵਿਰਸੇ ‘ਤੇ ਮਾਣ : ਹਰਜੀਤ ਸਿੰਘ ਸੱਜਣ

ਮੈਨੂੰ ਆਪਣੇ ਪਿਛੋਕੜ ਅਤੇ ਵਿਰਸੇ ‘ਤੇ ਮਾਣ : ਹਰਜੀਤ ਸਿੰਘ ਸੱਜਣ

ਹਰਕਵਲਜੀਤ ਸਿੰਘ

ਚੰਡੀਗੜ੍ਹ : ਭਾਰਤੀ ਮੂਲ ਦੇ ਕੈਨੇਡਾ ਦੇ ਰੱਖਿਆ ਮੰਤਰੀ ਸ ਹਰਜੀਤ ਸਿੰਘ ਸੱਜਣ ਨੇ ਆਪਣੀ 2 ਦਿਨਾਂ ਪੰਜਾਬ ਯਾਤਰਾ ਖ਼ਤਮ ਕਰਕੇ ਮੁੰਬਈ ਲਈ ਰਵਾਨਾ ਹੋਣ ਤੋਂ ਪਹਿਲਾਂ ਕੈਨੇਡਾ ਦੇ ਚੰਡੀਗੜ੍ਹ ਸਥਿਤ ਕੌਂਸਲ ਜਨਰਲ ਦੇ ਦਫ਼ਤਰ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ। ਸ. ਸੱਜਣ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਫੌਜੀ ਪਿਛੋਕੜ ਦੀ ਝਲਕ ਸਪਸ਼ਟ ਨਜ਼ਰ ਆ ਰਹੀ ਸੀ ਅਤੇ ਰਵਾਇਤੀ ਸਿਆਸਤਦਾਨਾਂ ਵਾਂਗ ਕਿਸੇ ਸਵਾਲ ਜਾਂ ਮੁੱਦੇ ਨੂੰ ਘੁੰਮਾਉਣ ਦੀ ਥਾਂ ਉਹ ਸਪਸ਼ਟ ਜੁਆਬ ਦੇਣ ਜਾਂ ਚੁੱਪੀ ਨੂੰ ਤਰਜੀਹ ਦੇ ਰਹੇ ਸਨ। 46 ਸਾਲਾ ਸ. ਹਰਜੀਤ ਸਿੰਘ ਸੱਜਣ, ਜਿਨ੍ਹਾਂ ਅਫਗਾਨਿਸਤਾਨ ਅਤੇ ਬੋਸਨੀਆ ਵਿਖੇ ਅੱਤਵਾਦੀ ਅਨਸਰਾਂ ਅਤੇ ਡਰੱਗ ਮਾਫੀਆ ਵਿਰੁੱਧ ਜੰਗ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਕੈਨੇਡਾ ਸਰਕਾਰ ਵੱਲੋਂ ਕਈ ਮੌਕਿਆਂ ‘ਤੇ ਵੱਡੇ ਸਨਮਾਨ ਵੀ ਪ੍ਰਾਪਤ ਕੀਤੇ, ਆਪਣੀ ਪੰਜਾਬ ਯਾਤਰਾ ਨੂੰ ਲੈ ਕੇ ਕਾਫ਼ੀ ਭਾਵੁਕ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੀ ਮੌਜੂਦਾ ਯਾਤਰਾ ਉਨ੍ਹਾਂ ਦਾ ਸਰਕਾਰੀ ਪ੍ਰੋਗਰਾਮ ਸੀ ਪਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਆਪਣੇ ਜੱਦੀ ਪਿੰਡ ਬੰਬੇਲੀ ਜਾਣਾ ਉਨ੍ਹਾਂ ਦਾ ਨਿੱਜੀ ਪ੍ਰੋਗਰਾਮ ਸੀ, ਜਿਸ ਨੂੰ ਲੈ ਕੇ ਉਹ ਬਹੁਤ ਹੀ ਉਤਸੁਕ ਅਤੇ ਭਾਵੁਕ ਵੀ ਸਨ। ਉਨ੍ਹਾਂ ਦੱਸਿਆ ਕਿ ਫੌਜ ਦੀ ਨੌਕਰੀ ਦੌਰਾਨ ਆਪਣੀਆਂ ਸਖ਼ਤ ਡਿਊਟੀਆਂ ਦੇ ਹੁੰਦਿਆਂ ਉਹ ਕਾਫ਼ੀ ਸਮੇਂ ਤੋਂ ਉਕਤ ਦੋਨਾਂ ਥਾਵਾਂ ‘ਤੇ ਨਹੀਂ ਆ  ਸਕੇ ਸਨ, ਜਿਨ੍ਹਾਂ ਪ੍ਰਤੀ ਉਨ੍ਹਾਂ ਦਾ ਅਥਾਹ ਪਿਆਰ ਤੇ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪਿਛੋਕੜ ‘ਤੇ ਮਾਣ ਹੈ ਅਤੇ ਮੈਂ ਸਾਰਿਆਂ ਨੂੰ ਇਹ ਦੱਸ ਕੇ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਮੈਂ ਕਿਵੇਂ ਇੱਕ ਛੋਟੇ ਜਿਹੇ ਪਿੰਡ ਤੋਂ ਉਠ ਕੇ ਮਿਹਨਤ ਨਾਲ ਇਥੋਂ ਤੱਕ ਪੁੱਜਾ ਹਾਂ। ਸ. ਹਰਜੀਤ ਸਿੰਘ ਸੱਜਣ ਨਾਲ ਕੀਤੀ ਗਈ ਗੱਲਬਾਤ ਦੇ ਅੰਸ਼ ਇਸ ਪ੍ਰਕਾਰ ਹਨ :

ਸਵਾਲ-ਤੁਸੀਂ ਆਪਣੀ ਪੰਜਾਬ ਫੇਰੀ ਬਾਰੇ ਕੀ ਮਹਿਸੂਸ ਕਰਦੇ ਹੋ?
ਜਵਾਬ- ਲੰਮਾ ਸਮਾਂ ਫੌਜੀ ਮੁਹਿੰਮਾਂ ਵਿਚ ਵਿਅਸਤ ਰਹਿਣ ਕਾਰਨ ਮੈਂ ਪੰਜਾਬ ਨਹੀਂ ਆ ਸਕਿਆ ਸੀ, ਜਿਸ ਲਈ ਮੈਂ ਕਾਫ਼ੀ ਸਮੇਂ ਤੋਂ ਉਤਾਵਲਾ ਵੀ ਸੀ। ਮੈਂ ਹਾਲਾਂਕਿ ਕੇਵਲ 5 ਸਾਲਾਂ ਦਾ ਸੀ ਜਦੋਂ ਪਿੰਡ ਤੋਂ ਕੈਨੇਡਾ ਚਲਾ ਗਿਆ ਸੀ, ਪਰ ਫਿਰ ਵੀ ਮੇਰੀਆਂ ਪਿੰਡ ਨਾਲ ਜੁੜੀਆਂ ਬਹੁਤ ਯਾਦਾਂ ਹਨ। ਸੁਰੱਖਿਆ ਦੀਆਂ ਮਜਬੂਰੀਆਂ ਕਾਰਨ ਮੈਂ ਪਿੰਡ ਵਿਚ ਬਹੁਤਾ ਫਿਰ ਤੁਰ ਨਹੀਂ ਸਕਿਆ ਪਰ ਫਿਰ ਵੀ ਮੈਂ ਵਫ਼ਦ ਵਿਚ ਮੇਰੇ ਨਾਲ ਮਿਲਟਰੀ ਅਟੈਚੀ ਤੇ ਦੂਜੇ ਅਧਿਕਾਰੀਆਂ ਨੂੰ ਆਪਣੇ ਪਿੰਡ ਦੀਆਂ ਯਾਦਾਂ ਸਬੰਧੀ ਦੱਸਦਿਆਂ ਥਾਵਾਂ ਦਿਖਾਉਂਦਾ ਰਿਹਾ। ਉਨ੍ਹਾਂ ਦੱਸਿਆ ਕਿ ਮੈਂ ਜਦੋਂ ਪਿੰਡ ਛੱਡਿਆ ਉਸ ਸਮੇਂ ਪਾਣੀ ਖੂਹ ਤੋਂ ਲੈਣਾ ਪੈਂਦਾ ਸੀ ਅਤੇ ਘਰਾਂ ਵਿਚ ਪਖਾਨੇ ਵੀ ਨਹੀਂ ਸਨ। ਪਰ ਹੁਣ ਬਹੁਤ ਸੋਹਣੇ ਨਵੇਂ ਘਰ ਬਣ ਗਏ ਹਨ। ਪਿੰਡ ਦੀ ਇਸ ਫੇਰੀ ਨੇ ਮੇਰੀਆਂ ਅੰਬਾਂ ਦੇ ਬਾਗਾਂ ਸਬੰਧੀ ਯਾਦਾਂ ਵੀ ਤਾਜ਼ਾ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੇਰੀਆਂ ਪਿੰਡ ਦੀਆਂ ਯਾਦਾਂ ਬੜੀਆਂ ਖੁਸ਼ਗਵਾਰ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨਾਲ ਵੀ ਮੇਰੀ ਬਹੁਤ ਭਾਵਨਾਤਮਕ ਤੇ ਖਾਸ ਸਾਂਝ ਹੈ ਅਤੇ ਉਥੇ ਨਤਮਸਤਕ ਹੋ ਕੇ ਮੇਰੀ ਮਗਰਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਇੱਛਾ ਪੂਰੀ ਹੋਈ ਹੈ।

ਸਵਾਲ-ਪੰਜਾਬ ਇਸ ਵੇਲੇ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਕੈਨੇਡਾ ਕੀ ਇਸ ਸਬੰਧੀ ਕੋਈ ਮਦਦ ਦੇ ਸਕਦਾ ਹੈ?
ਜਵਾਬ- ਨਸ਼ਿਆਂ ਦੀ ਸਮੱਸਿਆ ਦਾ ਸਾਹਮਣਾ ਸਮੁੱਚੀ ਦੁਨੀਆ ਨੂੰ ਕਰਨਾ ਪੈ ਰਿਹਾ ਹੈ ਪਰ ਮੈਨੂੰ ਪੰਜਾਬ ਦੇ ਜ਼ਮੀਨੀ ਹਾਲਾਤ ਸਬੰਧੀ ਪਤਾ ਨਹੀਂ, ਜਿਸ ਕਾਰਨ ਮੈਂ ਇਸ ਸਬੰਧੀ ਕੋਈ ਸਲਾਹ ਨਹੀਂ ਦੇ ਸਕਦਾ। ਪਰ ਮੈਂ ਅਫਗਾਨਿਸਤਾਨ ਅਤੇ ਕੈਨੇਡਾ ਵਿਖੇ ਡਰੱਗ ਮਾਫੀਏ ਨਾਲ ਨਜਿੱਠਣ ਲਈ ਕਾਫ਼ੀ ਕੰਮ ਕੀਤਾ ਹੈ ਅਤੇ ਮੇਰਾ ਮੰਨਣਾ ਹੈ ਕਿ ਨਸ਼ਾ ਵੀ ਆਪਣੇ ਆਪ ਵਿਚ ਇੱਕ ਵਪਾਰ ਤੇ ਧੰਦਾ ਹੈ ਅਤੇ ਜਦੋਂ ਤੱਕ ਨਸ਼ਿਆਂ ਦੇ ਸੇਵਨ ਕਰਨ ਵਾਲਿਆਂ ਨੂੰ ਨਹੀਂ ਰੋਕਿਆ ਜਾਂਦਾ, ਉਸ ਵੇਲੇ ਤੱਕ ਨਸ਼ਿਆਂ ਦਾ ਵਪਾਰ ਖ਼ਤਮ ਨਹੀਂ ਹੋ ਸਕਦਾ। ਇਸ ਲਈ ਜ਼ਰੂਰੀ ਹੈ ਕਿ ਨਸ਼ਿਆਂ ਦੇ ਖਪਤਕਾਰਾਂ ਨੂੰ ਨਸ਼ੇ ਕਰਨ ਤੋਂ ਰੋਕਿਆ ਜਾਵੇ ਅਤੇ ਨਸ਼ਿਆਂ ਦੀ ਮੰਗ ਨੂੰ ਖ਼ਤਮ ਕੀਤਾ ਜਾਵੇ। ਪਰ ਜਿੱਥੋਂ ਤੱਕ ਰੁਜ਼ਗਾਰ ਦਾ ਸਵਾਲ ਹੈ ਕੈਨੇਡਾ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਹੈ ਅਤੇ ਕੈਨੇਡਾ ਤੇ ਪੰਜਾਬ ਅਜਿਹੇ ਖੇਤਰਾਂ ਦੀ ਪਛਾਣ ਕਰ ਸਕਦੇ ਹਨ, ਜਿਨ੍ਹਾਂ ਸਬੰਧੀ ਪੰਜਾਬ ਵਿਚ ਪੂੰਜੀ ਨਿਵੇਸ਼ ਦੀ ਸੰਭਾਵਨਾ ਹੈ ਅਤੇ ਕੈਨੇਡੀਅਨ ਪੰਜਾਬੀ ਇਸ ਕੰਮ ਵਿਚ ਵੱਡੇ ਮਦਦਗਾਰ ਬਣ ਸਕਦੇ ਹਨ।

ਸਵਾਲ- ਅਮਰੀਕਾ ਵੱਲੋਂ ਬਾਹਰੋਂ ਆਉਣ ਵਾਲੇ ਪ੍ਰਵਾਸੀਆਂ ਲਈ ਕਾਨੂੰਨ ਸਖ਼ਤ ਕੀਤੇ ਜਾ ਰਹੇ ਹਨ ਕੀ ਕੈਨੇਡਾ ਵੀ ਅਜਿਹਾ ਵਿਚਾਰ ਰੱਖਦਾ ਹੈ?
ਜਵਾਬ- ਅਮਰੀਕਾ ਅਤੇ ਕੈਨੇਡਾ ਦੇ ਬਹੁਤ ਚੰਗੇ ਸਬੰਧ ਹਨ ਪਰ ਵੱਖ-ਵੱਖ ਦੇਸ਼ਾਂ ਦੇ ਆਪਣੇ ਵੱਖੋ-ਵੱਖ ਇਮੀਗ੍ਰੇਸ਼ਨ ਕਾਨੂੰਨ ਹਨ। ਅਮਰੀਕਾ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਕੈਨੇਡਾ ਦਾ ਮੌਜੂਦਾ ਕਾਨੂੰਨਾਂ ਨੂੰ ਸਖ਼ਤ ਕਰਨ ਦਾ ਕੋਈ ਵਿਚਾਰ ਨਹੀਂ ਹੈ। ਕੈਨੇਡਾ ਨੇ ਤਾਂ ਹੁਣੇ ਹੀ ਸੀਰੀਆ ਤੋਂ 40 ਹਜ਼ਾਰ ਸ਼ਰਨਾਰਥੀਆਂ ਨੂੰ ਪ੍ਰਵਾਨ ਕੀਤਾ ਹੈ। ਕੈਨੇਡਾ ਨੂੰ ਤਾਂ ਪ੍ਰਵਾਸੀਆਂ ਦੇ ਦੇਸ਼ ਵਜੋਂ ਹੀ ਜਾਣਿਆ ਜਾਂਦਾ ਹੈ, ਜਿੱਥੇ ਵੱਖ-ਵੱਖ ਸਭਿਆਚਾਰਾਂ ਨੂੰ ਪ੍ਰਫੁੱਲਤ ਹੋਣ ਦਾ ਬਰਾਬਰ ਮੌਕਾ ਵੀ ਦਿੱਤਾ ਜਾ ਰਿਹਾ ਹੈ। ਪਰ ਕੈਨੇਡਾ ਅਜਿਹੀ ਇੰਮੀਗਰੇਸ਼ਨ ਪ੍ਰਣਾਲੀ ਜ਼ਰੂਰ ਚਾਹੇਗਾ, ਜਿਸ ਦਾ ਕੈਨੇਡਾ ਨੂੰ ਵੀ ਬਰਾਬਰ ਲਾਭ ਮਿਲੇ।

ਸਵਾਲ- ਉਹ ਕਿਹੜੇ ਖੇਤਰ ਹਨ, ਜਿਨ੍ਹਾਂ ਵਿਚ ਭਾਰਤ ਤੇ ਕੈਨੇਡਾ ਮਿਲਵਰਤਣ ਦੇ ਇੱਛੁਕ ਹਨ?
ਜਵਾਬ- ਕੈਨੇਡਾ ਅਤੇ ਭਾਰਤ ਦਰਮਿਆਨ ਵਪਾਰ ਅਤੇ ਅਦਾਨ-ਪ੍ਰਦਾਨ ਮਗਰਲੇ ਸਮੇਂ ਦੌਰਾਨ ਕਾਫ਼ੀ ਵਧਿਆ ਹੈ। ਪਰ ਅਜੇ ਵੀ ਇਸ ਵਿਚ ਹੋਰ ਵਾਧੇ ਦੀ ਵੱਡੀ ਗੁੰਜ਼ਾਇਸ਼ ਹੈ। ਮੈਂ ਦਿੱਲੀ ਵਿਖੇ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਵੀ ਇਸ ਸਬੰਧੀ ਮੀਟਿੰਗਾਂ ਕੀਤੀਆਂ ਹਨ ਪਰ ਮੈਂ ਮਹਿਸੂਸ ਕਰਦਾ ਹਾਂ ਇਸ ਲਈ ਦੋਨਾਂ ਦੇਸ਼ਾਂ ਦੀਆਂ ਕੰਪਨੀਆਂ, ਸਨਅਤਕਾਰਾਂ ਅਤੇ ਵਪਾਰੀਆਂ ਦਰਮਿਆਨ ਗੱਲਬਾਤ ਹੋਣੀ ਚਾਹੀਦੀ ਹੈ। ਕੈਨੇਡੀਅਨ ਕੰਪਨੀਆਂ ਨੂੰ ਵੀ ਹਿੰਦੁਸਤਾਨ ਤੇ ਪੰਜਾਬ ਵਿਚ ਪੂੰਜੀ ਨਿਵੇਸ਼ ਲਈ ਜਾਗਰੂਕ ਕਰਨ ਦੀ ਲੋੜ ਹੈ।

ਸਵਾਲ-ਕੈਨੇਡੀਅਨ ਸਿੱਖਾਂ ਨੂੰ ਆਪਣੀ ਪਛਾਣ ਕਾਇਮ ਰੱਖਣ ਵਿਚ ਕੀ ਕੋਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ?
ਜਵਾਬ- ਕੈਨੇਡਾ ਵਿਚ ਪੰਜਾਬੀਆਂ ਸਮੇਤ ਸਾਰੀਆਂ ਦੂਜੀਆਂ ਘੱਟ ਗਿਣਤੀਆਂ ਨੂੰ ਆਪਣੀ ਪਛਾਣ ਕਾਇਮ ਰੱਖਣ ਸਬੰਧੀ ਉਤਸ਼ਾਹਤ ਕੀਤਾ ਜਾਂਦਾ ਹੈ ਅਤੇ ਕਿਸੇ ਨੂੰ ਵੀ ਆਪਣੀ ਪਛਾਣ ਕਾਇਮ ਰੱਖਣ ਵਿਚ ਕੋਈ ਮੁਸ਼ਕਲ ਜਾਂ ਸਮੱਸਿਆ ਪੇਸ਼ ਨਹੀਂ ਆ ਰਹੀ ਅਤੇ ਸਾਰੇ ਸਭਿਆਚਾਰਾਂ ਅਤੇ ਘੱਟ ਗਿਣਤੀਆਂ ਨੂੰ ਵਧਣ-ਫੁੱਲਣ ਲਈ ਬਰਾਬਰ ਦੇ ਮੌਕੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵਸੇ ਇੱਕ ਛੋਟੇ ਜਿਹੇ ਦੇਸ਼ ਯੂਕਰੇਨ ਦੇ ਲੋਕ ਵੀ ਕੈਨੇਡਾ ਵਿਚ ਰਹਿੰਦਿਆਂ ਆਪਣੀ ਵੱਖਰੀ ਪਛਾਣ ਨੂੰ ਬਰਾਬਰ ਬਰਕਰਾਰ ਰੱਖ ਰਹੇ ਹਨ।

ਸਵਾਲ-ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦੇ ਬੋਲਬਾਲੇ ਤੇ ਸਫ਼ਲਤਾ ਦਾ ਤੁਸੀਂ ਕੀ ਕਾਰਨ ਸਮਝਦੇ ਹੋ?
ਜਵਾਬ- ਪੰਜਾਬੀ ਮਿਹਨਤਕਸ਼ ਹਨ ਅਤੇ ਜਿਨ੍ਹਾਂ ਖੇਤਰਾਂ ਤੇ ਪਿੰਡਾਂ ਵਿਚੋਂ ਉਹ ਗਏ ਹਨ, ਉਨ੍ਹਾਂ ਨੂੰ ਉਥੋਂ ਸਖ਼ਤ ਮਿਹਨਤ ਕਰਨ, ਸਵੇਰੇ ਛੇਤੀ ਉਠਣ ਦੀਆਂ ਆਦਤਾਂ ਪਈਆਂ ਹਨ, ਜੋ ਉਨ੍ਹਾਂ ਦੀ ਵੱਡੀ ਸਫ਼ਲਤਾ ਦਾ ਕਾਰਨ ਬਣੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਜਿਨ੍ਹਾਂ ਲੋਕਾਂ ਨੇ ਜਾ ਕੇ ਬੇਰ ਤੋੜਨ ਵਰਗੀਆਂ ਨੌਕਰੀਆਂ ਕੀਤੀਆਂ, ਉਹ ਵੀ ਅੱਜ ਵੱਡੇ ਫਾਰਮ ਹਾਊਸਾਂ ਦੇ ਮਾਲਕ ਬਣੇ ਹੋਏ ਹਨ ਅਤੇ ਇਸ ਦਾ ਮੁੱਖ ਕਾਰਨ ਉਨ੍ਹਾਂ ਵੱਲੋਂ ਕੀਤੀ ਸਖ਼ਤ ਮਿਹਨਤ ਹੈ। ਉਨ੍ਹਾਂ ਕੁਝ ਦਹਾਕੇ ਪਹਿਲਾਂ ਦੇ ਪੰਜਾਬ ਦੇ ਪਿੰਡਾਂ ਦੇ ਜੀਵਨ ਨੂੰ ਵੀ ਬਿਆਨ ਕੀਤਾ, ਜਿਸ ਵਿਚ ਸਖ਼ਤ ਮਿਹਨਤ ਆਮ ਲੋਕਾਂ ਲਈ ਆਦਤ ਅਤੇ ਲੋੜ ਸੀ।

ਸਵਾਲ- ਪੰਜਾਬ ਤੋਂ ਵਾਪਸੀ ਮੌਕੇ ਤੁਸੀਂ ਪੰਜਾਬੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
ਜਵਾਬ – ਮੈਨੂੰ ਆਪਣੇ ਪਿਛੋਕੜ, ਵਿਰਸੇ ਅਤੇ ਸਭਿਆਚਾਰ ‘ਤੇ ਮਾਣ ਹੈ। ਮੈਂ ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹਾਂਗਾ ਕਿ ਮੈਂ ਕਿਵੇਂ ਇੱਕ ਪਿੰਡ ਤੋਂ ਉੱਠ ਕੇ ਮਿਹਨਤ ਤੇ ਲਗਨ ਨਾਲ ਅੱਜ ਇੱਥੋਂ ਤੱਕ ਪੁੱਜਿਆ ਹਾਂ। ਮੈਨੂੰ ਇੱਥੋਂ ਤੱਕ ਪਹੁਚਾਉਣ ਵਿਚ ਮੇਰੇ ਪਿੰਡ, ਮੇਰੇ ਪਰਿਵਾਰ ਤੇ ਸਮਾਜ ਤੋਂ ਮਿਲੀ ਸਿੱਖਿਆ ਦਾ ਵੀ ਅਹਿਮ ਰੋਲ ਹੈ। ਉਨ੍ਹਾਂ ਪੰਜਾਬੀਆਂ ਨੂੰ ਕਿਹਾ ਕਿ ਉਹ ਮਿਹਨਤ ਕਰਨ ਵਿਚ ਮੋਢੀ ਹੋਣ ਦੀ ਆਪਣੀ ਰਵਾਇਤ ਨੂੰ ਕਾਇਮ ਰੱਖਣ।