ਨਿਤੀਸ਼ ਕੁਮਾਰ ਬਿਹਾਰ ਵਿੱਚ ਲਾਗੂ ਕਰਨਗੇ ਸੀਚੇਵਾਲ ਮਾਡਲ

ਨਿਤੀਸ਼ ਕੁਮਾਰ ਬਿਹਾਰ ਵਿੱਚ ਲਾਗੂ ਕਰਨਗੇ ਸੀਚੇਵਾਲ ਮਾਡਲ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਕਾਲੀ ਵੇਈਂ ਵਿੱਚ ਕਿਸ਼ਤੀ ਦੀ ਸਵਾਰੀ ਕਰਦੇ ਹੋਏ।

ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ :
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਤ ਮਾਡਲ ਨੂੰ ਬਿਹਾਰ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਵੱਡੀ ਚੁਣੌਤੀ ਹੈ ਤੇ ਸੀਚੇਵਾਲ ਮਾਡਲ ਨੇ ਉਨ੍ਹਾਂ ਨੂੰ ਇਸ ਚੁਣੌਤੀ ਵਿਰੁੱਧ ਨਵਾਂ ਰਾਹ ਦਿਖਾਇਆ ਹੈ। ਉਨ੍ਹਾਂ ਸੀਚੇਵਾਲ ਤੇ ਸੁਲਤਾਨਪੁਰ ਲੋਧੀ ਦੇ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ ਤੇ ਸੰਤ ਸੀਚੇਵਾਲ ਵੱਲੋਂ ਪ੍ਰਦੂਸ਼ਤ ਪਾਣੀਆਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਦੇ ਤਜਰਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਸੀਚੇਵਾਲ ਸੰਤ ਹੀ ਨਹੀਂ, ਸਗੋਂ ਕਰਮਯੋਗੀ ਹਨ।
ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਗੰਗਾ ਕਿਨਾਰੇ ਅਤੇ ਪਟਨਾ ਸਾਹਿਬ ਦੀ ਧਰਤੀ ਤੋਂ ਗੁਰੂ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਆਏ ਹਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ 14 ਸਾਲ ਤੋਂ ਵੱਧ ਦਾ ਸਮਾਂ ਗੁਜ਼ਾਰਿਆ ਸੀ। ਨਿਤੀਸ਼ ਕੁਮਾਰ ਨੇ ਸੰਤ ਸੀਚੇਵਾਲ ਨੂੰ 25 ਤੇ 26 ਫਰਵਰੀ ਨੂੰ ਪਟਨਾ ਆਉਣ ਦਾ ਸੱਦਾ ਦਿੱਤਾ, ਜਿੱਥੇ ਵਾਤਾਵਰਣ ਨਾਲ ਸਬੰਧਤ ਕੌਮਾਂਤਰੀ ਕਾਨਫਰੰਸ ਹੋ ਰਹੀ ਹੈ। ਬਿਹਾਰ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸਾਲ ਬਿਹਾਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੱਕੀਆਂ ਗਲੀਆਂ ਤੇ ਨਾਲੀਆਂ ਬਣਾਉਣ ਦੀ ਸਕੀਮ ਸ਼ੁਰੂ ਕੀਤੀ ਸੀ ਪਰ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਸੀ ਲੱਭ ਰਿਹਾ। ਇਸੇ ਦੌਰਾਨ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਉਨ੍ਹਾਂ ਦੀ ਮੀਟਿੰਗ ਸੰਤ ਸੀਚੇਵਾਲ ਨਾਲ ਹੋਈ ਸੀ ਤਾਂ ਉਨ੍ਹਾਂ ਨੇ ਇਸ ਸਮੱਸਿਆ ਦਾ ਹੱਲ ਦੱਸਦਿਆਂ ਪੰਜਾਬ ਆਉਣ ਦਾ ਸੱਦਾ ਦਿੱਤਾ ਸੀ।
ਸੰਤ ਸੀਚੇਵਾਲ ਵੱਲੋਂ ਸੰਗਤ ਦੇ ਸਹਿਯੋਗ ਨਾਲ 160 ਕਿਲੋਮੀਟਰ ਲੰਬੀ ਕਾਲੀ ਵੇਈਂ ਨੂੰ ਪੁਨਰ ਜੀਵਤ ਕੀਤੇ ਜਾਣ ਦੀ ਪ੍ਰਸ਼ੰਸਾ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ ਕਿ ਨਦੀਆਂ ਦੇ ਵਹਿਣ ਹਮੇਸ਼ਾਂ ਵਗਦੇ ਰਹਿਣੇ ਚਾਹੀਦੇ ਹਨ। ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਆਪਣੇ ਨਾਲ ਸੂਬੇ ਦੇ ਸਿੰਜਾਈ ਮੰਤਰੀ ਰਜੀਵ ਰੰਜਨ, ਮੁੱਖ ਸਕੱਤਰ, ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ, ਸਾਬਕਾ ਮੁੱਖ ਸਕੱਤਰ ਜੀ.ਐਸ ਕੰਗ ਤੇ ਹੋਰ ਉਚ ਅਧਿਕਾਰੀਆਂ ਨੂੰ ਲੈ ਕੇ ਆਏ ਹਨ, ਜਿਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਚੰਗੀ ਤਰ੍ਹਾਂ ਨਾਲ ਘੋਖਿਆ ਹੈ। ਇਸ ਮੌਕੇ ਪਿੰਡ ਦੀ ਸਰਪੰਚ ਰਜਵੰਤ ਕੌਰ ਤੇ ਪੰਚਾਇਤ ਵੱਲੋਂ ਨਿਤੀਸ਼ ਕੁਮਾਰ ਦਾ ਸਨਮਾਨ ਕੀਤਾ ਗਿਆ।
ਇਸ ਦੌਰਾਨ ਨਿਤੀਸ਼ ਕੁਮਾਰ ਨੇ ਰੇਲਵੇ ਸ਼ਟੇਸ਼ਨ ਸੁਲਤਾਨਪੁਰ ਵਿੱਚ ਲੱਗਿਆ ਟਰੀਟਮੈਂਟ ਦੇਖਿਆ। ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ ਤੇ ਸੰਤ ਸੀਚੇਵਾਲ ਨੇ ਕਿਸ਼ਤੀ ਰਾਹੀਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪਵਿੱਤਰ ਵੇਈਂ ਦੇ ਪਾਣੀ ਨੂੰ ਨੇੜੇ ਤੋਂ ਦਿਖਾਇਆ। ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਸਵੱਛਤਾ ਮੁਹਿੰਮ ‘ਤੇ ਟਿੱਪਣੀ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ ਕਿ ਗੰਗਾ ਦਾ ਵਹਾਅ ਲਗਾਤਾਰ ਰਹਿਣਾ ਜ਼ਰੂਰੀ ਹੈ। ਗੰਗਾ ਦੀ ਸਫ਼ਾਈ ਲਈ ਇੱਕਲੀ ਸਵੱਛਤਾ ਮੁਹਿੰਮ ਹੀ ਕਾਫ਼ੀ ਨਹੀਂ ਹੈ, ਸਗੋਂ ਗੰਗਾ ਦਾ ਵਹਿਣਾ ਬਹੁਤ ਜ਼ਰੂਰੀ ਹੈ ਜਿਸ ਵਿੱਚ ਕੋਈ ਅੜਿੱਕਾ ਨਾ ਹੋਵੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਗੰਗਾ ਵਿੱਚ ਥਾਂ-ਥਾਂ ‘ਤੇ ਡੈਮ ਬਣਾ ਕੇ ਪਾਣੀ ਵਾਲੇ ਜਾਹਾਜ਼ ਚਲਾਉਣ ਦੇ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ। ਇਸ ਮੌਕੇ ਸੰਤ ਦਇਆ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਪਾਲ ਸਿੰਘ ਲੋਹੀਆਂ ਵਾਲੇ, ਸੰਤ ਗੁਰਚਰਨ ਸਿੰਘ ਪੰਡਵਾਂ ਵਾਲੇ ਤੇ ਸੰਤ ਸੁਖਜੀਤ ਸਿੰਘ ਹਾਜ਼ਰ ਸਨ।

ਬਿਹਾਰ ਦੇ ਲੋਕਾਂ ਨੂੰ ਮਿਲ ਕੇ ਨਿਤੀਸ਼ ਹੋਏ ਖ਼ੁਸ਼ :
ਜਲੰਧਰ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੀਚੇਵਾਲ ਤੇ ਸੁਲਤਾਨਪੁਰ ਦੇ ਦੌਰੇ ਦੌਰਾਨ ਬਿਹਾਰ ਦੇ ਲੋਕਾਂ ਨੂੰ ਮਿਲਣ ਸਮੇਂ ਬਾਗ਼ੋਬਾਗ਼ ਹੋ ਗਏ। ਇਤਫ਼ਾਕ ਵਜੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਿਰਮਲ ਕੁਟੀਆ ਵਿੱਚ ਪੁਹੰਚੇ ਤਾਂ ਕੁਟੀਆ ਵਿੱਚ ਚੱਲ ਰਹੇ ਨਵਾਂ ਨਨਕਾਣਾ ਸਕੂਲ ਦਾ ਪ੍ਰਿੰਸੀਪਲ ਭੂਸ਼ਣ ਵੀ ਬਿਹਾਰੀ ਹੈ, ਜੋ ਕਿ ਹੁਣ ਪੱਗ ਬੰਨ ਰਿਹਾ ਹੈ ਤੇ ਪੂਰਨ ਸਿੱਖ ਬਣਿਆ ਹੋਇਆ ਹੈ। ਨਿਤੀਸ਼ ਕੁਮਾਰ ਨੂੰ ਮਿਲਣ ਤੋਂ ਬਾਅਦ ਪ੍ਰਿੰਸੀਪਲ ਭੂਸ਼ਣ ਨੇ ਦੱਸਿਆ ਕਿ 15 ਸਾਲ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਟਾਹਲੀ ਦੇ ਰੁੱਖ ਹੇਠ ਨਵਾਂ ਨਨਕਾਣਾ ਸਕੂਲ ਚਲਾਇਆ ਸੀ, ਜਿਸ ਵਿੱਚ ਬਿਹਾਰ ਅਤੇ ਉਤਰ ਪ੍ਰਦੇਸ਼ ਤੋਂ ਆਏ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਸ਼ੁਰੂ ਕੀਤਾ ਸੀ। 2008 ਵਿੱਚ ਡਾ. ਏ.ਪੀ.ਜੇ ਅਬਦੁਲ ਕਲਾਮ ਨੇ ਇਨ੍ਹਾਂ ਬੱਚਿਆਂ ਲਈ ਸਕੂਲ ਦੀ ਇਮਾਰਤ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ 2004 ਵਿੱਚ ਬਿਹਾਰੀ ਬੱੱਚਿਆਂ ਨਾਲ ਇਹ ਸਕੂਲ ਪਵਿੱਤਰ ਵੇਈਂ ਕਿਨਾਰੇ ਸ਼ੁਰੂ ਕੀਤਾ ਗਿਆ।