ਅਮਰੀਕੀ ਮਹਿਲਾ ਅਧਿਆਪਕ ਵਲੋਂ ਪੰਜ ਸਾਲਾ ਮੁਸਲਿਮ ਬੱਚੇ ਨੂੰ ਗਰਦਨੋਂ ਫੜ ਕੇ ਸਾਹ ਘੁੱਟਣ ਦੀ ਕੋਸ਼ਿਸ਼

ਅਮਰੀਕੀ ਮਹਿਲਾ ਅਧਿਆਪਕ ਵਲੋਂ ਪੰਜ ਸਾਲਾ ਮੁਸਲਿਮ ਬੱਚੇ ਨੂੰ ਗਰਦਨੋਂ ਫੜ ਕੇ ਸਾਹ ਘੁੱਟਣ ਦੀ ਕੋਸ਼ਿਸ਼

ਵਾਸ਼ਿੰਗਟਨ/ਬਿਊਰੋ ਨਿਊਜ਼ :
ਇੱਥੇ ਇਕ ਮਹਿਲਾ ਅਧਿਆਪਕ ਵੱਲੋਂ ਬਾਲਵਾੜੀ ਵਿੱਚ ਪੰਜ ਸਾਲ ਦੇ ਮੁਸਲਿਮ ਬੱਚੇ ਉਤੇ ਹਮਲਾ ਕਰਨ ਅਤੇ ਉਸ ਨੂੰ ਗਰਦਨੋਂ ਫੜ ਕੇ ਸਾਹ ਘੁੱਟਣ ਦੀ ਕੋਸ਼ਿਸ਼ ਕੀਤੀ ਗਈ। ਡੋਨਲਡ ਟਰੰਪ ਦੀ ਜਿੱਤ ਮਗਰੋਂ ਅਮਰੀਕਾ ਵਿੱਚ ਵਾਪਰ ਰਹੀਆਂ ਨਸਲੀ ਹਮਲਿਆਂ ਦੀਆਂ ਘਟਨਾਵਾਂ ਵਿੱਚ ਇਹ ਸਭ ਤੋਂ ਤਾਜ਼ਾ ਘਟਨਾ ਹੈ।
ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਜਥੇਬੰਦੀ ਅਮਰੀਕਨ-ਇਸਲਾਮਿਕ ਰਿਲੇਸ਼ਨਜ਼ ਕੌਂਸਲ (ਸੀਏਆਈਆਰ) ਨੇ ਉੱਤਰੀ ਕੈਰੋਲਾਈਨਾ ਦੇ ਸ਼ਾਰਲੈੱਟ-ਮੈਕਲਨਬਰਗ ਐਲੀਮੈਂਟਰੀ ਸਕੂਲ ਵਿੱਚ ਵਾਪਰੀ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਮਾਹਾ ਸਈਦ ਨੇ ‘ਸ਼ਾਰਲੈੱਟ-ਮੈਕਲਨਬਰਗ ਬੋਰਡ ਆਫ ਐਜੂਕੇਸ਼ਨ’ ਨੂੰ ਲਿਖਿਆ ਕਿ ਅਕਾਦਮਿਕ ਵਰ੍ਹੇ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਹੀ ਇਸ ਮੁਸਲਿਮ ਵਿਦਿਆਰਥੀ ਨੂੰ ਨਾ ਸਿਰਫ਼ ਸਾਥੀ ਵਿਦਿਆਰਥੀਆਂ, ਸਗੋਂ ਇਸ ਅਧਿਆਪਕ ਦੇ ਧੱਕੜਪੁਣੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਦੇ ਤੌਰ ‘ਤੇ ਅਧਿਆਪਕ ਰੋਜ਼ਾਨਾ ਵਿਦਿਆਰਥੀ ਨੂੰ ਵੱਖ ਕੱਢ ਕੇ ਉਸ ਨੂੰ ਦਿਨ ਭਰ ਭਾਰੀ ਬਸਤਾ ਚੁੱਕ ਕੇ ਖੜ੍ਹਾਈ ਰੱਖਦੀ ਹੈ।
16 ਨਵੰਬਰ ਨੂੰ ਅਧਿਆਪਕ ਨੇ ਬੱਚੇ ਨੂੰ ਗਰਦਨ ਤੋਂ ਫੜ ਲਿਆ ਅਤੇ ਉਸ ਨੂੰ ਘੁੱਟਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਇਕ ਹੋਰ ਅਧਿਆਪਕ ਨੇ ਰੋਂਦੇ ਬੱਚੇ ਨੂੰ ਛੁਡਾਇਆ ਅਤੇ ਉਸ ਨੂੰ ਚੁੱਪ ਕਰਾਇਆ।
‘ਨਿਊਯਾਰਕ ਡੇਲੀ ਨਿਊਜ਼’ ਨੇ ਵਿਤਕਰਾ ਕਰਨ ਵਾਲੀ ਅਧਿਆਪਕ ਦੀ ਪਛਾਣ ਅਲਮਾ ਸਿੰਪਸਨ ਵਜੋਂ ਕੀਤੀ। ਸਕੂਲ ਪ੍ਰਬੰਧਕ ਮਾਮਲੇ ਦੀ ਜਾਂਚ ਕਰ ਰਹੇ ਹਨ।

ਮੁਸਲਮਾਨ ਸਮਝ ਕੇ ਭਾਰਤੀ ‘ਤੇ ਹਮਲਾ :
ਸ਼ਿਕਾਗੋ : ਅਮਰੀਕਾ ਦੇ ਇਕ ਬਾਰ ਵਿਚ ਇਕ ਭਾਰਤੀ ਨੂੰ ਮੁਸਲਮਾਨ ਸਮਝ ਕੇ ਉਸ ‘ਤੇ ਹਮਲਾ ਕੀਤਾ ਗਿਆ। ਉਸ ਦੇ ਸਿਰ ਅਤੇ ਚਿਹਰੇ ‘ਤੇ ਕਈ ਘਸੁੰਨ ਮਾਰ ਕੇ ਜ਼ਖ਼ਮੀ ਕਰ ਦਿੱਤਾ। ਡੋਨਾਲਡ ਟਰੰਪ ਦੀ ਜਿੱਤ ਪਿੱਛੋਂ ਮੁਸਲਮਾਨ ਵਿਰੋਧੀ ਨਫਰਤ ਵਾਲੇ ਜ਼ੁਰਮਾਂ ਦੀ ਇਹ ਤਾਜ਼ਾ ਘਟਨਾ ਹੈ। ਪੈਨਸਲਵੇਨੀਆ ਵਿਚ ਰੈਡ ਰੋਬਿਨ ਰੈਸਟੋਰੈਂਟ ਵਿਚ ਅੰਕੁਰ ਮਹਿਤਾ ਨਾਂਅ ਦਾ ਭਾਰਤੀ ਜਦੋਂ ਆਪਣੇ ਟੈਬਲੇਟ ‘ਤੇ ਕੰਮ ਕਰ ਰਿਹਾ ਸੀ ਤਾਂ ਇਕ ਹਮਲਾਵਰ ਨੇ ਉਸ ‘ਤੇ ਹਮਲਾ ਬੋਲ ਦਿੱਤਾ। ਹਮਲਾਵਰ ਜਿਸ ਦੀ ਪਛਾਣ ਜੈਫਰੀ ਬਰਗਸ ਵਜੋਂ ਕੀਤੀ ਗਈ ਨੇ ਮਹਿਤਾ ‘ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦਾਦੇ ਨੂੰ ਜਰਮਨੀ ਤੋਂ ਕੱਢੇ ਜਾਣ ਮਗਰੋਂ ਟਰੰਪ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ :
ਬਰਲਿਨ : ਡੋਨਲਡ ਟਰੰਪ ਦੇ ਦਾਦੇ ਨੂੰ ਲਾਜ਼ਮੀ ਫੌਜੀ ਸੇਵਾ ਨਾ ਕਰਨ ਉਤੇ 1900ਵਿਆਂ ਦੇ ਸ਼ੁਰੂ ਵਿੱਚ ਜਰਮਨੀ ਵਿੱਚੋਂ ਬਾਹਰ ਕੱਢਿਆ ਗਿਆ ਸੀ। ਇਕ ਜਰਮਨ ਇਤਿਹਾਸਕਾਰ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੇ ਟਰੰਪ ਵੱਲੋਂ ਪਰਵਾਸ ਵਿਰੁੱਧ ਬਿਆਨ ਦਾਗ਼ੇ ਜਾ ਰਹੇ ਹਨ।
ਇਤਿਹਾਸਕਾਰ ਰੋਲੈਂਡ ਪੌਲ ਦੇ ਹਵਾਲੇ ਨਾਲ ਸੀਐਨਐਨ ਨੇ ਕਿਹਾ ਕਿ ਸਥਾਨਕ ਕੌਂਸਲ ਨੇ ਫਰੈਡਰਿਕ ਟਰੰਪ, ਜੋ ਅਮਰੀਕੀ ਨਾਗਰਿਕ ਬਣ ਗਿਆ ਸੀ, ਨੂੰ 1905 ਵਿੱਚ ਚਿੱਠੀ ਲਿਖੀ ਸੀ ਕਿ ਉਸ ਨੂੰ ਮੁੜ ਜਰਮਨ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ ਅਤੇ ਅੱਠ ਹਫ਼ਤਿਆਂ ਵਿੱਚ ਦੇਸ਼ ਛੱਡਣ ਜਾਂ ਹਵਾਲਗੀ ਲਈ ਕਿਹਾ ਗਿਆ ਸੀ। ਸਮਝਿਆ ਜਾ ਰਿਹਾ ਹੈ ਕਿ ਇਹ ਨੋਟਿਸ ਉਦੋਂ ਜਾਰੀ ਕੀਤਾ ਗਿਆ, ਜਦੋਂ ਜਰਮਨ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਫਰੈਡਰਿਕ ਨੇ ਅਮਰੀਕਾ ਪਰਵਾਸ ਤੋਂ ਪਹਿਲਾਂ ਕਦੇ ਵੀ ਫੌਜ ਦੀ ਸੇਵਾ ਨਹੀਂ ਕੀਤੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਫਰੈਡਰਿਕ ਨੇ ਗੈਰ ਕਾਨੂੰਨੀ ਤੌਰ ‘ਤੇ ਜਰਮਨੀ ਛੱਡਿਆ। ਉਸ ਨੇ ਆਪਣੇ ਪਰਵਾਸ ਦੀ ਯੋਜਨਾ ਬਾਰੇ ਅਧਿਕਾਰੀਆਂ ਨੂੰ ਨਹੀਂ ਦੱਸਿਆ।
ਕਾਲਫਟੈਟ ਦੇ ਬਾਵਰੀਅਨ ਸ਼ਹਿਰ ਵਿੱਚ ਜਨਮੇ ਫਰੈਡਰਿਕ ਨੇ ਪਰਵਾਸੀ ਵਜੋਂ ਅਮਰੀਕਾ ਆਉਣ ਮਗਰੋਂ ਰੇਸਤਰਾਂ ਤੇ ਘਰ ਕਿਰਾਏ ਉਤੇ ਦੇ ਕੇ ਚੰਗੀ ਦੌਲਤ ਕਮਾਈ। ਇਸ ਖੁਲਾਸੇ ਬਾਰੇ ਸਵਾਲਾਂ ਦਾ ਡੋਨਲਡ ਟਰੰਪ ਦੇ ਧੜੇ ਨੇ ਫੌਰੀ ਕੋਈ ਜਵਾਬ ਨਹੀਂ ਦਿੱਤਾ। ਇਸ ਖੋਜ ਨੇ ਅਮਰੀਕਾ ਵਿੱਚ ਵਿਵਾਦ ਛੇੜ ਦਿੱਤਾ ਹੈ ਕਿ ਕਿਉਂਕਿ ਡੋਨਲਡ ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਕਾਰਵਾਈ ਦਾ ਅਹਿਦ ਲਿਆ। ਪੌਲ ਨੇ ਕਿਹਾ ਕਿ ਟਰੰਪ ਗ਼ੈਰ ਕਾਨੂੰਨੀ ਪਰਵਾਸ ਵਿਰੁੱਧ ਗੱਲਾਂ ਕਰਦਾ ਹੈ ਪਰ ਉਸ ਨੂੰ ਆਪਣੇ ਪਰਿਵਾਰ ਦੀ ਕਹਾਣੀ ਚੇਤੇ ਰੱਖਣੀ ਚਾਹੀਦੀ ਹੈ।

ਟਰੰਪ ਵੱਲੋਂ ਵੰਡੀਆਂ ਭਰਨ ਦਾ ਸੱਦਾ :
ਅਮਰੀਕੀ ਰਾਸ਼ਟਰਪਤੀ ਚੁਣੇ ਡੋਨਲਡ ਟਰੰਪ ਨੇ ਅਮਰੀਕਨਾਂ ਨੂੰ ਆਪਣੇ ਵਿਚਾਲੇ ਦੀਆਂ ਵੰਡੀਆਂ ਭਰਨ ਅਤੇ ਇਕ ਦੇਸ਼ ਵਜੋਂ ਅੱਗੇ ਵਧਣ ਲਈ ਕਿਹਾ। ਇਹ ਉਨ੍ਹਾਂ ਦੀ ਵੰਡ ਪਾਊ ਚੋਣ ਪ੍ਰਚਾਰ ਮੁਹਿੰਮ ਤੋਂ ਬਿਲਕੁਲ ਉਲਟ ਰੁਖ਼ ਹੈ। ਆਪਣੇ ਧੰਨਵਾਦੀ ਵੀਡੀਓ ਸੰਦੇਸ਼ ਵਿੱਚ 70 ਸਾਲਾ ਟਰੰਪ ਨੇ ਕਿਹਾ ਕਿ ਇਹ ਇਤਿਹਾਸਕ ਸਿਆਸੀ ਮੁਹਿੰਮ ਹੁਣ ਪੂਰੀ ਹੋ ਗਈ। ਹੁਣ ਦੇਸ਼ ਦੀ ਮੁੜ ਉਸਾਰੀ ਅਤੇ ਆਪਣੇ ਸਾਰੇ ਲੋਕਾਂ ਲਈ ਅਮਰੀਕਾ ਵਿੱਚ ਭਰੋਸਾ ਬਹਾਲ ਕਰਨ ਵਾਸਤੇ ਵੱਡੀ ਕੌਮੀ ਮੁਹਿੰਮ ਚਲਾਉਣ ਦੀ ਲੋੜ ਹੈ। ਇਸ ਸੰਦੇਸ਼ ਵਿੱਚ ਉਨ੍ਹਾਂ ਹਰੇਕ ਨੂੰ ਆਪਣੇ ਮੱਤਭੇਦ ਪਾਸੇ ਰੱਖ ਕੇ ‘ਮੇਕ ਅਮਰੀਕਾ ਗਰੇਟ ਅਗੇਨ’ (ਅਮਰੀਕਾ ਨੂੰ ਮੁੜ ਮਹਾਨ ਬਣਾਉਣ) ਦੇ ਸਾਂਝੇ ਸੰਕਲਪ ਲਈ ਇਕਜੁੱਟ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ”ਇਸ ਧੰਨਵਾਦੀ ਸੰਦੇਸ਼ ਵਿੱਚ ਮੇਰੀ ਅਰਦਾਸ ਹੈ ਕਿ ਅਸੀਂ ਆਪਣੀਆਂ ਵੰਡੀਆਂ ਨੂੰ ਭਰਨਾ ਸ਼ੁਰੂ ਕਰੀਏ ਅਤੇ ਇਕ ਰਾਸ਼ਟਰ ਵਜੋਂ ਅੱਗੇ ਵਧੀਏ, ਜਿਸ ਨੂੰ ਸਾਰੇ ਲੋਕਾਂ ਦਾ ਸਾਂਝਾ ਮੰਤਵ ਅਤੇ ਸਾਂਝਾ ਸੰਕਲਪ ਮਜ਼ਬੂਤੀ ਦੇਵੇ।” ਸ੍ਰੀ ਟਰੰਪ ਨੇ ਕਿਹਾ ਕਿ ਹਾਲ ਹੀ ਵਿੱਚ ਲੰਮੀ ਅਤੇ ਥਕਾਉਣ ਵਾਲੀ ਪ੍ਰਚਾਰ ਮੁਹਿੰਮ ਮੁਕੰਮਲ ਹੋਈ ਹੈ। ਭਾਵਨਾਵਾਂ ਭੜਕੀਆਂ ਹੋਈਆਂ ਹਨ ਅਤੇ ਤਣਾਅ ਰਾਤੋਂ ਰਾਤ ਦੂਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਤੇਜ਼ੀ ਨਾਲ ਨਹੀਂ ਹੋਵੇਗਾ ਪਰ ਸਾਡੇ ਕੋਲ ਮੌਕਾ ਹੈ ਜਦੋਂ ਵਾਸ਼ਿੰਗਟਨ ਵਿੱਚ ਅਸਲ ਤਬਦੀਲੀ, ਸਾਡੇ ਸ਼ਹਿਰਾਂ ਦੀ ਅਸਲ ਸੁਰੱਖਿਆ ਅਤੇ ਸਾਡੇ ਭਾਈਚਾਰਿਆਂ ਦੀ ਅਸਲ ਖੁਸ਼ਹਾਲੀ ਰਾਹੀਂ ਅਸੀਂ ਮਿਲ ਕੇ ਇਤਿਹਾਸ ਸਿਰਜ ਸਕਦੇ ਹਾਂ। ਇਹ ਉਨ੍ਹਾਂ (ਟਰੰਪ) ਲਈ ਸਭ ਤੋਂ ਅਹਿਮ ਹੈ ਪਰ ਇਸ ਵਿੱਚ ਕਾਮਯਾਬੀ ਲਈ ਸਾਰੇ ਰਾਸ਼ਟਰ ਨੂੰ ਜ਼ਰੂਰ ਕੋਸ਼ਿਸ਼ ਕਰਨੀ ਪਵੇਗੀ। ਸ੍ਰੀ ਟਰੰਪ ਨੇ ਕਿਹਾ ”ਮੈਂ ਤੁਹਾਨੂੰ ਇਸ ਕੋਸ਼ਿਸ਼ ਵਿੱਚ ਸ਼ਾਮਲ ਹੋਣ ਲਈ ਕਹਿੰਦਾ ਹਾਂ। ਇਹ ਸਮਾਂ ਨਾਗਰਿਕਾਂ ਵਿਚਾਲੇ ਭਰੋਸੇ ਦੇ ਰਿਸ਼ਤੇ ਦੀ ਬਹਾਲੀ ਦਾ ਹੈ ਕਿਉਂਕਿ ਜਦੋਂ ਅਮਰੀਕਾ ਇਕਜੁੱਟ ਹੋਵੇਗਾ ਤਾਂ ਕੋਈ ਵੀ ਚੀਜ਼ ਸਾਡੀ ਪਹੁੰਚ ਤੋਂ ਦੂਰ ਨਹੀਂ ਹੋਵੇਗੀ।”