ਕੁਝ ਹੋਰ ਸਿੱਖ ਧਿਰਾਂ ਵੀ ਸਰਬੱਤ ਖ਼ਾਲਸਾ ਵਿਚ ਨਹੀਂ ਹੋਣਗੀਆਂ ਸ਼ਾਮਲ

ਕੁਝ ਹੋਰ ਸਿੱਖ ਧਿਰਾਂ ਵੀ ਸਰਬੱਤ ਖ਼ਾਲਸਾ ਵਿਚ ਨਹੀਂ ਹੋਣਗੀਆਂ ਸ਼ਾਮਲ

ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜ ਪਿਆਰਿਆਂ ਤੋਂ ਬਾਅਦ ਉਨ੍ਹਾਂ ਨਾਲ ਜੁੜੀਆਂ ਹੋਰ ਪੰਥਕ ਧਿਰਾਂ ਨੇ ਵੀ 8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਸੱਦੇ ਸਰਬੱਤ ਖ਼ਾਲਸਾ ਸਮਾਗਮ ਤੋਂ ਕਿਨਾਰਾ ਕੀਤਾ ਹੈ, ਜਿਸ ਕਾਰਨ ਇਹ ਸਮਾਗਮ ਕੁਝ ਧਿਰਾਂ ਤੱਕ ਸੀਮਤ ਹੋ ਕੇ ਰਹਿ ਜਾਣ ਦੀ ਸੰਭਾਵਨਾ ਹੈ। ਮੁਤਵਾਜ਼ੀ ਜਥੇਦਾਰਾਂ ਅਤੇ ਸਰਬੱਤ ਖ਼ਾਲਸਾ 2015 ਦੇ ਪ੍ਰਬੰਧਕਾਂ ਵੱਲੋਂ ਅਚਨਚੇਤੀ 8 ਦਸੰਬਰ ਨੂੰ ਸਰਬੱਤ ਖ਼ਾਲਸਾ ਸਮਾਗਮ ਮੁੜ ਪਹਿਲਾਂ ਵਾਲੇ ਸਥਾਨ ਤਲਵੰਡੀ ਸਾਬੋ ਵਿਖੇ ਸੱਦਿਆ ਗਿਆ ਹੈ। ਇਸ ਸਮਾਗਮ ਨੂੰ ਮੁੜ ਸੱਦਣ ਵਿੱਚ ਕੀਤੀ ਗਈ ਕਾਹਲੀ ਕਰਕੇ ਕਈ ਪੰਥਕ ਧਿਰਾਂ ਨਾਰਾਜ਼ ਹਨ ਕਿ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਇਸ ਬਾਰੇ ਕਿਸੇ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਵਿਧੀ ਵਿਧਾਨ ਤਿਆਰ ਹੋਇਆ ਹੈ। ਇਸੇ ਤਰ੍ਹਾਂ ਵਿਚਾਰੇ ਜਾਣ ਵਾਲੇ ਮੁੱਦੇ ਵੀ ਜਨਤਕ ਨਹੀਂ ਕੀਤੇ ਗਏ ਹਨ। ਸਭ ਤੋਂ ਪਹਿਲਾਂ ਇਸ ਸਮਾਗਮ ਤੋਂ ਪੰਜ ਪਿਆਰਿਆਂ ਨੇ ਕਿਨਾਰਾ ਕਰਨ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਖ਼ੁਦ ਸਮਾਗਮ ਦੀ ਅਗਵਾਈ ਕਰਨ ਵਾਸਤੇ ਆਖਿਆ ਸੀ।
ਪੰਥਕ ਤਾਲਮੇਲ ਸਗੰਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਬਿਨਾਂ ਵਿਧੀ ਵਿਧਾਨ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਖ਼ਾਲਸਾ ਪੰਥ ਦੀ ਸ਼ਮੂਲੀਅਤ ਤੋਂ ਬਿਨਾਂ ਇਸ ਸਮਾਗਮ ਨੂੰ ਸਰਬੱਤ ਖ਼ਾਲਸਾ ਨਹੀਂ ਆਖਿਆ ਜਾ ਸਕਦਾ। ਕੁਝ ਧਿਰਾਂ ਵੱਲੋਂ ਸੱਦੇ ਸਮਾਗਮ ਨੂੰ ਸਰਬੱਤ ਖ਼ਾਲਸਾ ਦਾ ਨਾਂ ਦੇਣਾ ਜਾਇਜ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਥਕ ਤਾਲਮੇਲ ਸੰਗਠਨ ਵੱਲੋਂ ਸਰਬੱਤ ਖ਼ਾਲਸਾ ਦਾ ਵਿਧੀ ਵਿਧਾਨ ਤਿਆਰ ਕਰਨ ਲਈ ਯਤਨ ਸ਼ੁਰੂ ਕੀਤੇ ਹੋਏ ਹਨ ਅਤੇ ਜਲਦੀ ਹੀ ਵਿਧੀ ਵਿਧਾਨ ਤਿਆਰ ਹੋ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ 8 ਦਸੰਬਰ ਨੂੰ ਸੱਦੇ ਸਮਾਗਮ ਵਿੱਚ ਸ਼ਿਰਕਤ ਕਰਨ ਬਾਰੇ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈ। ਪੰਥਕ ਤਾਲਮੇਲ ਸੰਗਠਨ ਨਾਲ ਇਸ ਵੇਲੇ ਲਗਭਗ 50 ਸਿੱਖ ਜਥੇਬੰਦੀਆਂ ਜੁੜੀਆਂ ਹੋਈਆਂ ਹਨ।
ਅਖੰਡ ਕੀਰਤਨੀ ਜਥੇ ਦੇ ਬੁਲਾਰੇ ਭਾਈ ਆਰ.ਪੀ. ਸਿੰਘ ਨੇ ਆਖਿਆ ਕਿ ਸੱਦੇ ਗਏ ਸਮਾਗਮ ਬਾਰੇ ਪ੍ਰਬੰਧਕਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਇਸ ਸਬੰਧੀ ਭਰੋਸੇ ਵਿੱਚ ਲਿਆ ਗਿਆ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਇਸ ਸਬੰਧੀ ਤਾਂ ਭਾਈ ਹਵਾਰਾ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਪ੍ਰਬੰਧਕ ਪੰਥਕ ਮੁੱਦਿਆਂ ਬਾਰੇ ਗੰਭੀਰ ਨਹੀਂ ਹਨ। ਮੌਜੂਦਾ ਸਮਾਗਮ ਆਉਂਦੀਆਂ ਵਿਧਾਨ ਸਭਾ ਚੋਣਾਂ ‘ਤੇ ਕੇਂਦ੍ਰਿਤ ਲੱਗਦਾ ਹੈ। ਸਮਾਗਮ ਵਿੱਚ ਸ਼ਮੂਲੀਅਤ ਤੋਂ ਉਨ੍ਹਾਂ ਇਨਕਾਰ ਕੀਤਾ ਹੈ। ਅਖੰਡ ਕੀਰਤਨੀ ਜਥੇ ਦੇ ਅੰਤਰਰਾਸ਼ਟਰੀ ਮੰਚ ਤੋਂ ਵੀ ਇਸ ਸਮਾਗਮ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਉਨ੍ਹਾਂ ਇਸ ਸਬੰਧ ਵਿੱਚ ਭਾਈ ਹਵਾਰਾ ਨੂੰ ਵੀ ਸੁਨੇਹਾ ਭੇਜ ਦਿੱਤਾ ਹੈ।
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰਬੰਧਕਾਂ ਨੇ ਕੁਝ ਦਿਨ ਪਹਿਲਾਂ ਬੁੱਢਾ ਜੋਹੜ ਰਾਜਸਥਾਨ ਵਿੱਚ ਮੀਟਿੰਗ ਸੱਦੀ ਸੀ, ਜਿਸ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਮੰਚ ਅਤੇ ਮੀਟਿੰਗ ਵਿੱਚ ਦੋਵਾਂ ਥਾਵਾਂ ਤੋਂ ਸਪਸ਼ਟ ਕੀਤਾ ਸੀ ਕਿ ਸਰਬੱਤ ਖ਼ਾਲਸਾ ਸਬੰਧੀ ਪਹਿਲਾਂ ਵਿਧੀ ਵਿਧਾਨ ਤਿਆਰ ਹੋਵੇ ਅਤੇ ਸਮਾਗਮ ਵਿੱਚ ਬਹੁਤਾਤ ਸਿੱਖ ਕੌਮ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਪਰ ਸਮਾਗਮ ਦੇ ਐਲਾਨ ਸਮੇਂ ਇਨ੍ਹਾਂ ਗੱਲਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਦਲ ਖ਼ਾਲਸਾ ਵੱਲੋਂ ਵੀ ਇਸ ਸਮਾਗਮ ਤੋਂ ਦੂਰ ਰਹਿਣ ਦੀ     ਸੰਭਾਵਨਾ ਹੈ। ਦਲ ਖਾਲਸਾ ਨਾਲ ਇਸ ਵੇਲੇ ਪੰਚ ਪ੍ਰਧਾਨੀ ਅਤੇ ਫੈਡਰੇਸ਼ਨ ਪੀਰ ਮੁਹੰਮਦ ਸਿੱਖ ਜਥੇਬੰਦੀਆਂ ਜੁੜੀਆਂ ਹੋਈਆਂ ਹਨ।
ਅਖੰਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਘੁਬੀਰ ਸਿੰਘ ਰਾਜਾਸਾਂਸੀ ਨੇ ਆਖਿਆ ਕਿ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਹੋਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਕਿਉਂਕਿ ਇਹ ਸਿਧਾਂਤ ਤੋਂ ਹਟ ਕੇ ਸੱਦਿਆ ਗਿਆ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਸਮਾਗਮ ਦਾ ਮੰਤਵ ਰਾਜਸੀ ਜਾਪਦਾ ਹੈ ਜਦੋਂਕਿ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਮੁੱਖ ਮੁੱਦੇ ਹੋਣੇ ਚਾਹੀਦੇ ਹਨ।