ਬਾਦਲਾਂ ਨੂੰ ਕੁਰਸੀ ਹਿੱਲਦੀ ਦੇਖ ਨਵੰਬਰ-84 ਯਾਦ ਆਇਆ

ਬਾਦਲਾਂ ਨੂੰ ਕੁਰਸੀ ਹਿੱਲਦੀ ਦੇਖ ਨਵੰਬਰ-84 ਯਾਦ ਆਇਆ

ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਦਿੱਲੀ ਦੇ ਜੰਤਰ-ਮੰਤਰ ਵਿਖੇ ਰੋਸ ਧਰਨੇ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ, ਜਿਸ ਦੀ ਪ੍ਰਧਾਨਗੀ ਦਲ ਦੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ, ਨੇ ਨਵੰਬਰ 1984 ਵਿਚ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦੇ ਹੋਏ ਵਹਿਸ਼ੀਆਨਾ ਕਤਲੇਆਮ ਉਪਰ ਗੰਭੀਰ ਚਰਚਾ ਕਰਦੇ ਹੋਏ ਪੀੜਤ ਪਰਿਵਾਰਾਂ ਨੂੰ ਹਾਲੇ ਤਕ ਇਨਸਾਫ ਨਾ ਮਿਲਣ ਉਪਰ ਗਹਿਰੀ ਚਿੰਤਾ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਵਿਚ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ 1 ਨਵੰਬਰ ਨੂੰ ਤਖਤ ਸਹਿਬਾਨਾਂ ਉਪਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਦਿਵਸ ਕਰਵਾਏ ਜਾਣਗੇ। 3 ਨਵੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਸਵੇਰੇ 11 ਵਜੇ ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਰੋਸ ਧਰਨਾ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਸਹਿਬਾਨ ਵੱਡੀ ਗਿਣਤੀ ਵਿਚ ਸਾਰੇ ਤਖਤ ਸਹਿਬਾਨਾਂ ਉਪਰ ਇਸ ਅਰਦਾਸ ਦਿਵਸ ਵਿਚ ਸ਼ਮੂਲੀਅਤ ਕਰਨਗੇ ਅਤੇ ਸੰਗਤ ਨੂੰ ਵੀ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕਰਨਗੇ।
ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ 3 ਨਵੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਸਵੇਰੇ 11 ਵਜੇ ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਦੀ ਅਗਵਾਈ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕਰਨਗੇ। ਇਸ ਰੋਸ ਧਰਨੇ ਵਿੱਚ ਪਾਰਟੀ ਦੇ ਸਾਰੇ ਮੈਂਬਰ ਪਾਰਲੀਮੈਂਟ, ਵਿਧਾਇਕ, ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਵਿਧਾਇਕ, ਜਿਲਾ ਜਥੇਦਾਰ ਸਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪਾਰਟੀ ਦੀ ਜਥੇਬੰਦੀ ਦੇ ਅਹੁਦੇਦਾਰ ਸਹਿਬਾਨ ਅਤੇ ਹੋਰ ਸਰਗਰਮ ਆਗੂ ਹਿੱਸਾ ਲੈਣਗੇ।