ਹੋਦ ਚਿੱਲੜ ਕਾਂਡ ਦੌਰਾਨ ਮਾਰੇ ਗਏ ਸਿੱਖਾਂ ਦੇ 7 ਨਵੇਂ ਕੇਸ ਸਾਹਮਣੇ ਆਏ

ਹੋਦ ਚਿੱਲੜ ਕਾਂਡ ਦੌਰਾਨ ਮਾਰੇ ਗਏ ਸਿੱਖਾਂ ਦੇ 7 ਨਵੇਂ ਕੇਸ ਸਾਹਮਣੇ ਆਏ

ਚੰਡੀਗੜ੍ਹ/ਬਿਊਰੋ ਨਿਊਜ਼ :
ਹੋਦ ਚਿੱਲੜ ਕਾਂਡ ਵਿਚ ਮਾਰੇ ਗਏ ਸਿੱਖਾਂ ਦੇ ਸੱਤ ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਪੀੜਤ ਪਰਿਵਾਰਾਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਨਾਲ ਇਨ੍ਹਾਂ ਸਿੱਖਾਂ ਦੀ ਪਛਾਣ ਹੋਈ ਹੈ। ਹੋਦ ਚਿੱਲੜ ਕਾਂਡ ਵਿਚ ਮਾਰੇ ਗਏ ਸਿੱਖਾਂ ਵਿਚ ਹਰਨਾਮ ਸਿੰਘ, ਹਰਜਾਪ ਸਿੰਘ, ਸੁਰਜੀਤ ਸਿੰਘ ਤੇ ਉਸ ਦੇ ਦੋ ਪੁੱਤਰਾਂ ਹਰਮਿੰਦਰ ਸਿੰਘ ਅਤੇ ਗੁਰਮੁਖ ਸਿੰਘ, ਕਰਮਜੀਤ ਕੌਰ ਅਤੇ ਹਰਮੀਤ ਕੌਰ ਸ਼ਾਮਲ ਹਨ। ਹੋਦ ਚਿੱਲਡ ਕਾਂਡ ਵਿਚ ਮਾਰੇ ਗਏ ਸਿੱਖਾਂ ਦੇ ਕੇਸਾਂ ਦੀ ਗਿਣਤੀ 43 ਹੋ ਗਈ ਹੈ। ਹੋਦ ਚਿੱਲੜ ਤਾਲਮੇਲ ਕਮੇਟੀ ਨੇ ਇਨ੍ਹਾਂ ਸੱਤ ਕੇਸਾਂ ਦੇ ਪੀੜਤ ਪਰਿਵਾਰਾਂ ਨੂੰ ਵੀ ਜਸਟਿਸ ਗਰਗ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਨੇ ਨਵੇਂ ਕੇਸਾਂ ਨਾਲ ਸਬੰਧਤ ਪੀੜਤ ਪਰਿਵਾਰਾਂ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਦੇ ਓਐਸਡੀ ਕੈਪਟਨ ਭੁਪਿੰਦਰ ਸਿੰਘ ਅਤੇ ਐਡੀਸ਼ਨਲ ਐਡਵੋਕਟ ਜਨਰਲ ਪਰਮਿੰਦਰ ਚੌਹਾਨ ਨਾਲ ਇਥੇ ਮੁਲਾਕਾਤ ਕੀਤੀ। ਕਮੇਟੀ ਦੇ ਆਗੂ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਸ੍ਰੀ ਚੌਹਾਨ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ। ਵਧੀਕ ਐਡਵੋਕੇਟ ਜਨਰਲ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਹੋਰਨਾਂ ਨਾਲ ਸਲਾਹ ਕਰ ਕੇ ਅਤੇ ਲੋੜ ਪੈਣ ‘ਤੇ ਨਵੇ ਕਮਿਸ਼ਨ ਦਾ ਗਠਨ ਕੀਤਾ ਜਾਏਗਾ ਜਿਸ ਦੀ ਜਾਂਚ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਹੋਦ ਚਿੱਲੜ ਪਿੰਡ ਦੇ ਖੰਡਰਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਕਾਰਵਾਈ ਕੀਤੀ ਜਾਵੇ।