ਹੁਣ ਖਾਤਿਆਂ ਵਿਚ ਜਮ੍ਹਾ ਬੇਹਿਸਾਬੀ ਰਕਮ ‘ਤੇ ਲੱਗੇਗਾ 60 ਫ਼ੀਸਦੀ ਟੈਕਸ

ਹੁਣ ਖਾਤਿਆਂ ਵਿਚ ਜਮ੍ਹਾ ਬੇਹਿਸਾਬੀ ਰਕਮ ‘ਤੇ ਲੱਗੇਗਾ 60 ਫ਼ੀਸਦੀ ਟੈਕਸ

ਨਵੀਂ ਦਿੱਲੀ/ਬਿਊਰੋ ਨਿਊਜ਼ :
ਨੋਟਬੰਦੀ ਤੋਂ ਬਾਅਦ ਬੈਂਕ ਖ਼ਾਤਿਆਂ ਵਿਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਜਮ੍ਹਾਂ ਹੋਣ ਤੋਂ ਬਾਅਦ ਕੈਬਨਿਟ ਨੇ ਇਨ੍ਹਾਂ ਖ਼ਾਤਿਆਂ ਵਿਚ ਜਮ੍ਹਾਂ ਕਰਵਾਏ ਗਏ ਬੇਹਿਸਾਬੇ ਧਨ ਉਪਰ 60 ਫ਼ੀਸਦੀ ਆਮਦਨ ਕਰ ਲਾਉਣ ਬਾਰੇ ਕਾਨੂੰਨ ਵਿਚ ਸੋਧ ਕਰਨ ਦੀਆਂ ਵਿਚਾਰਾਂ ਕੀਤੀਆਂ ਹਨ। ਇਹ ਕਦਮ ਉਸ ਸਮੇਂ ਵਿਚਾਰਿਆ ਗਿਆ ਹੈ ਜਦੋਂ ਬੈਂਕਾਂ ਵਿਚ ਜ਼ੀਰੋ ਬੈਲੰਸ ਵਾਲੇ ਜਨ-ਧਨ ਖ਼ਾਤਿਆਂ ਵਿਚ ਦੋ ਹਫ਼ਤਿਆਂ ਅੰਦਰ 21 ਹਜ਼ਾਰ ਕਰੋੜ ਰੁਪਏ ਜਮ੍ਹਾਂ ਹੋਣ ਦੀਆਂ ਰਿਪੋਰਟਾਂ ਹਨ। ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਇਹ ਕਾਲਾ ਧਨ ਵਾਲਾ ਪੈਸਾ ਹੋ ਸਕਦਾ ਹੈ। ਕੈਬਨਿਟ ਬੈਠਕ ਵਿਚ ਹੋਈ ਚਰਚਾ ਬਾਰੇ ਕੋਈ ਸਰਕਾਰੀ ਤੌਰ ‘ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਸਲ ਵਿਚ ਰਵਾਇਤ ਹੈ ਕਿ ਜਦੋਂ ਸੰਸਦ ਦਾ ਇਜਲਾਸ ਚਲ ਰਿਹਾ ਹੋਵੇ ਤਾਂ ਜਨਤਕ ਤੌਰ ‘ਤੇ ਕਿਸੇ ਨੀਤੀ ਵਾਲੇ ਫ਼ੈਸਲੇ ਦਾ ਐਲਾਨ ਨਹੀਂ ਕੀਤਾ ਜਾਂਦਾ। ਸੂਤਰਾਂ ਨੇ ਕਿਹਾ ਕਿ ਸਰਕਾਰ 10 ਨਵੰਬਰ ਤੋਂ 30 ਦਸੰਬਰ ਦੌਰਾਨ ਇਨ੍ਹਾਂ ਖ਼ਾਤਿਆਂ ਵਿਚ ਜਮ੍ਹਾਂ ਹੋਈ ਰਕਮ ‘ਤੇ ਟੈਕਸ ਲਾਉਣ ਬਾਰੇ ਵਿਚਾਰਾਂ ਕਰ ਰਹੀ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਅਜਿਹੀ ਰਕਮ ‘ਤੇ 30 ਫ਼ੀਸਦੀ ਟੈਕਸ ਅਤੇ 200 ਫ਼ੀਸਦੀ ਜੁਰਮਾਨਾ ਲਾਉਣ ਦਾ ਸੁਝਾਅ ਦਿੱਤਾ ਗਿਆ ਸੀ।
ਸੂਤਰਾਂ ਨੇ ਕਿਹਾ ਕਿ ਸਰਕਾਰ ਸੰਸਦ ਦੇ ਮੌਜੂਦਾ ਸਰਦ ਰੁੱਤ ਇਜਲਾਸ ਦੌਰਾਨ ਹੀ ਆਮਦਨ ਕਰ ਟੈਕਸ ਐਕਟ ਵਿਚ ਸੋਧ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ 45 ਫ਼ੀਸਦੀ ਤੋਂ ਵੱਧ ਟੈਕਸ ਲਾਇਆ ਅਤੇ ਜੁਰਮਾਨਾ ਲਾਇਆ ਜਾ ਸਕੇ।