ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜੇਗਾ ਨਗਰ ਕੀਰਤਨ

ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜੇਗਾ ਨਗਰ ਕੀਰਤਨ

ਪਾਕਿਸਤਾਨ ਤੋਂ ਪਰਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਤੀ। ਉਹ ਪਾਕਿਸਤਾਨ ਤੋਂ ਪਰਤੇ ਹਨ।
ਸ੍ਰੀ ਸਰਨਾ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵਲੋਂ ਓਕਾਫ ਬੋਰਡ ਰਾਹੀਂ ਇਸ ਨਗਰ ਕੀਰਤਨ ਸਬੰਧੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਇਸ ਸਬੰਧੀ ਲੋੜੀਂਦਾ ਪੱਤਰ ਵੀ ਉਨ੍ਹਾਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਗਭਗ ਛੇ ਮਹੀਨੇ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਓਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਪਹਿਲੇ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ। ਪਾਕਿਸਤਾਨ ਸਰਕਾਰ ਨੇ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਸੀ ਪਰ ਰਸਮੀ ਤੌਰ ‘ਤੇ ਇਸ ਸਬੰਧੀ ਪ੍ਰਵਾਨਗੀ ਪੱਤਰ ਹੁਣ ਸੌਂਪਿਆ ਗਿਆ ਹੈ। ਦਹਾਕਾ ਪਹਿਲਾਂ ਉਹ ਦਿੱਲੀ ਤੋਂ ਲਾਹੌਰ ਤੱਕ ਨਗਰ ਕੀਰਤਨ ਲੈ ਕੇ ਗਏ ਸਨ ਤੇ ਉਸੇ ਢੰਗ ਨਾਲ ਇਸ ਵਾਰ ਵੀ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਨਗਰ ਕੀਰਤਨ ਵਿੱਚ ਸੋਨੇ ਦੀ ਪਾਲਕੀ ਵੀ ਸ਼ਾਮਲ ਕੀਤੀ ਜਾਵੇਗੀ। ਇਸ ਮੌਕੇ ਲਗਭਗ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ ਪਾਕਿਸਤਾਨ ਜਾਣਗੇ, ਜਿੱਥੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਦੀ ਮੁੱਖ ਇਮਾਰਤ ਦੀ ਚੱਲ ਰਹੀ ਕਾਰ ਸੇਵਾ ਤਹਿਤ ਇਸ ਦੇ ਜ਼ਮੀਨਦੋਜ਼ ਹਿੱਸੇ ‘ਤੇ ਲੈਂਟਰ ਪਾ ਦਿੱਤਾ ਗਿਆ ਹੈ। ਇਹ ਕਾਰ ਸੇਵਾ ਦਿੱਲੀ ਅਕਾਲੀ ਦਲ ਨੂੰ ਸੌਂਪੀ ਗਈ ਸੀ ਤੇ ਬਾਬਾ ਜਗਤਾਰ ਸਿੰਘ ਰਾਹੀਂ ਇਹ ਸੇਵਾ ਚੱਲ ਰਹੀ ਹੈ। ਆਸ ਹੈ ਕਿ 2018 ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਮੌਕੇ ਨਵੀਂ ਇਮਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਇਸ ਉਸਾਰੀ ਦੌਰਾਨ ਪੁਰਾਤਨ ਇਮਾਰਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ।
80 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਣ ‘ਤੇ ਇਤਰਾਜ਼ ਕਰਦਿਆਂ ਉਨ੍ਹਾਂ ਆਖਿਆ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਜਾਣਬੁੱਝ ਕੇ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ। ਵੀਜ਼ੇ ਵਿੱਚ ਪਾਕਿਸਤਾਨ ਜਾਣ ਲਈ ਰੇਲ ਮਾਰਗ ਦਾ ਜ਼ਿਕਰ ਵੀ ਕੀਤਾ ਗਿਆ ਸੀ। ਸਰਹੱਦ ਪਾਰ ਵਾਹਗਾ ਰੇਲਵੇ ਸਟੇਸ਼ਨ ‘ਤੇ ਓਕਾਫ ਬੋਰਡ ਅਤੇ ਪੀਜੀਪੀਸੀ ਦੇ ਆਗੂ ਸ਼ਰਧਾਲੂਆਂ ਦੇ ਸਵਾਗਤ ਲਈ ਪੁੱਜੇ ਹੋਏ ਸਨ। ਇਹ ਸਭ ਕੁਝ ਸਿਆਸੀ ਪ੍ਰਭਾਵ ਕਾਰਨ ਹੋਇਆ ਹੈ ਕਿਉਂਕਿ ਪਾਕਿਸਤਾਨ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਪ੍ਰਾਪਤ ਹੈ।