ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੀਜੀਪੀਸੀ ਦੇ ਸਹਿਯੋਗ ਨਾਲ ਰਲ ਕੇ ਮਨਾਉਣ ਦੀ ਇੱਛਾ : ਜੀਕੇ

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੀਜੀਪੀਸੀ ਦੇ ਸਹਿਯੋਗ ਨਾਲ ਰਲ ਕੇ ਮਨਾਉਣ ਦੀ ਇੱਛਾ : ਜੀਕੇ

ਕੈਪਸ਼ਨ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਜੀਕੇ।

ਅੰਮ੍ਰਿਤਸਰ/ਬਿਊਰੋ ਨਿਊਜ਼ :

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇੱਥੇ ਖ਼ੁਲਾਸਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਪੀਜੀਪੀਸੀ ਦੇ ਸਹਿਯੋਗ ਨਾਲ ਮਨਾਉਣ ਦੀ ਇੱਛਾ ਹੈ ਪਰ ਫਿਲਹਾਲ ਇਸ ਸਬੰਧੀ ਪਾਕਿਸਤਾਨੀ ਔਕਾਫ਼ ਬੋਰਡ ਵਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਪੱਧਰ ਦੀ ਇਕ ਸਿੱਖ ਜਥੇਬੰਦੀ ਬਣਾਉਣਾ ਵੀ ਪ੍ਰਸਤਾਵਿਤ ਯੋਜਨਾ ਹੈ।
ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਖ਼ੁਲਾਸਾ ਕੀਤਾ ਕਿ ਦਿੱਲੀ ਕਮੇਟੀ ਵੱਲੋਂ ਹਾਲ ਹੀ ਵਿਚ ਦਿੱਲੀ ਵਿਚ ਪਾਕਿਸਤਾਨੀ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਸੀ। ਉਨ੍ਹਾਂ ਨੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿਖੇ ਨਗਰ ਕੀਰਤਨ ਲੈ ਕੇ ਜਾਣ ਅਤੇ ਉਥੇ ਇਕੱਠਿਆਂ ਸਮਾਗਮ ਕਰਨ ਦੀ ਮੰਗ ਰੱਖੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਇਕ ਮਹੀਨੇ ਲਈ ਖੋਲ੍ਹਣ ਦੀ ਅਪੀਲ ਕੀਤੀ ਹੈ ਪਰ ਇਸ ਮਾਮਲੇ ਵਿਚ ਅਜੇ ਤਕ ਔਕਾਫ਼ ਬੋਰਡ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਆਇਆ ਹੈ।
ਉਨ੍ਹਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਨ ਮੌਕੇ ਲਾਹੌਰ ਨੇੜੇ ਪਿੰਡ ਆਹਲੂਵਾਲ ਵਿਖੇ ਜਾਣ ਵਾਸਤੇ ਵੀ 25 ਸਿੱਖਾਂ ਲਈ ਵੀਜ਼ੇ ਮੰਗੇ ਸਨ ਪਰ ਉਸ ਬਾਰੇ ਵੀ ਨਾਂਹ ਕਰ ਦਿੱਤੀ ਗਈ।
ਉਨ੍ਹਾਂ ਖ਼ੁਲਾਸਾ ਕੀਤਾ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਸਿੱਖ ਬੱਚਿਆਂ ਨੂੰ ‘ਅੰਬੈਸਡਰ ਆਫ਼ ਗੁਰੂ ਨਾਨਕ’ ਬਣਾਇਆ ਜਾਵੇਗਾ। ਇਸ ਲਈ ਉਨ੍ਹਾਂ ਬੱਚਿਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੇ ਜਪੁਜੀ ਸਾਹਿਬ ਕੰਠ ਕੀਤਾ ਹੈ। ਇਸੇ ਤਰ੍ਹਾਂ ਦਿੱਲੀ ਤੋਂ ਇਕ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਦੇਸ਼ ਭਰ ਵਿਚ ਉਨ੍ਹਾਂ ਸਾਰੀਆਂ ਥਾਵਾਂ ‘ਤੇ ਜਾਵੇਗਾ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਯਾਤਰਾ ਕੀਤੀ ਸੀ। ਇਸੇ ਤਰ੍ਹਾਂ ਅਟਾਰੀ ਸਰਹੱਦ ‘ਤੇ ਜ਼ੀਰੋ ਲਾਈਨ ਨੇੜੇ ਇਕ ਵੱਡਾ ਕੀਰਤਨ ਦਰਬਾਰ ਕਰਾਉਣ ਦੀ ਯੋਜਨਾ ਹੈ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਖ਼ੁਲਾਸਾ ਕੀਤਾ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਪੱਧਰੀ ਸਿੱਖ ਜਥੇਬੰਦੀ ਕਾਇਮ ਕਰਨ ਦੀ ਵੀ ਯੋਜਨਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਗੱਲਬਾਤ ਚੱਲ ਰਹੀ ਹੈ।
ਉਨ੍ਹਾਂ ਆਖਿਆ ਕਿ ਜੋ ਸਿੱਖ ਇਸ ਵੇਲੇ ਖ਼ਾਲਿਸਤਾਨ ਮੰਗ ਰਹੇ ਹਨ, ਅਸਲ ਵਿਚ ਉਹ ਸਰਕਾਰਾਂ ਤੋਂ ਨਰਾਜ਼ ਹਨ, ਜਿਨਾਂ ਨੇ ਸਿੱਖ ਕੌਮ ਨੂੰ ਨਿਆਂ ਨਹੀਂ ਦਿੱਤਾ।