ਪੰਜਾਬ ਦੇ ਮੁੱਖ ਮੰਤਰੀ ਤੇ ਐਸਜੀਪੀਸੀ ਪ੍ਰਧਾਨ ਲੌਂਗੋਵਾਲ ਵੱਲੋਂ ਔਰੇਗਨ ਜੇਲ੍ਹ ‘ਚ ਨਜ਼ਰਬੰਦ 52 ਸਿੱਖਾਂ ਦੀ ਮਦਦ ਲਈ ਗੁਹਾਰ

ਪੰਜਾਬ ਦੇ ਮੁੱਖ ਮੰਤਰੀ ਤੇ ਐਸਜੀਪੀਸੀ ਪ੍ਰਧਾਨ ਲੌਂਗੋਵਾਲ ਵੱਲੋਂ ਔਰੇਗਨ ਜੇਲ੍ਹ ‘ਚ ਨਜ਼ਰਬੰਦ 52 ਸਿੱਖਾਂ ਦੀ ਮਦਦ ਲਈ ਗੁਹਾਰ

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਮਰੀਕਾ ਦੇ ਸੂਬੇ ਔਰੇਗਨ ਵਿੱਚ ਨਾਜਾਇਜ਼ ਆਵਾਸ ਦੇ ਦੋਸ਼ ਹੇਠ ਨਜ਼ਰਬੰਦ ਕੀਤੇ ਗਏ 52 ਸਿੱਖਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਰਾਜ ਸਰਕਾਰ ਕੋਲ ਇਨ੍ਹਾਂ ਵਿਅਕਤੀਆਂ ਸਬੰਧੀ ਕੋਈ ਪੁਖ਼ਤਾ ਜਾਣਕਾਰੀ ਮੌਜੂਦ ਨਹੀਂ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਅਮਰੀਕੀ ਸੂਬੇ ਵਿੱਚ ਕੁਝ ਨਾਜਾਇਜ਼ ਆਵਾਸੀਆਂ, ਜਿਨ੍ਹਾਂ ਵਿੱਚ ਸਿੱਖ ਵੀ ਸ਼ਾਮਲ ਹਨ, ਨੂੰ ਨਜ਼ਰਬੰਦੀ ਕੇਂਦਰ ਵਿੱਚ ਅਣਮਨੁੱਖੀ ਹਾਲਾਤ ਵਿੱਚ ਰੱਖੇ ਜਾਣ ਦੀਆਂ ਰਿਪੋਰਟਾਂ ਹਨ ਤੇ ਸੂਬਾ ਸਰਕਾਰ ਇਸ ਮਾਮਲੇ ਵਿੱਚ ਕੇਂਦਰ ਨੂੰ ਦਖ਼ਲ ਦੇਣ ਦੀ ਅਪੀਲ ਕਰਦੀ ਹੈ। ਦੂਜੇ ਪਾਸੇ ਰਾਜ ਸਰਕਾਰ ਵੱਲੋਂ ਹਾਲੇ ਤੱਕ ਇਨ੍ਹਾਂ ਨਜ਼ਰਬੰਦ ਸਿੱਖਾਂ ਦੀ ਸ਼ਨਾਖ਼ਤ ਲਈ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਹੈ।
ਇਸੇ ਤਰ੍ਹਾਂ ਓਰੇਗਨ ਦੀ ਜੇਲ੍ਹ ਵਿੱਚ ਬੰਦ 52 ਭਾਰਤੀਆਂ ਜਿਨ੍ਹਾਂ ਵਿੱਚੋਂ ਬਹੁਤੇ ਸਿੱਖ ਹਨ, ’ਤੇ ਅਣਮਨੁੱਖੀ ਤਸ਼ੱਦਦ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਸਰਕਾਰ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੀਡੀਆ ਰਾਹੀਂ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਨੂੰ ਸੰਜੀਦਗੀ ਨਾਲ ਲੈਂਦਿਆਂ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬੰਦੀ ’ਤੇ ਜੇਲ੍ਹ ਅੰਦਰ ਅਣਮਨੁੱਖੀ ਤਸ਼ੱਦਦ ਦੀ ਇਜਾਜ਼ਤ ਕਿਸੇ ਵੀ ਦੇਸ਼ ਦਾ ਕਾਨੂੰਨ ਨਹੀਂ ਦਿੰਦਾ, ਪਰ ਦੁੱਖ ਦੀ ਗੱਲ ਹੈ ਕਿ ਅਮਰੀਕਾ ਵੱਲੋਂ ਨਜ਼ਰਬੰਦ ਇਨ੍ਹਾਂ ਵਿਅਕਤੀਆਂ ਨੂੰ 22-22 ਘੰਟੇ ਜੇਲ੍ਹ ਦੇ ਸੈੱਲਾਂ ਵਿੱਚ ਹੀ ਬੰਦ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਛੇਤੀ ਹੀ ਇਸ ਬਾਰੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਰਾਬਤਾ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਸਿੱਖਾਂ ਦੀ ਮਦਦ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਜਾਣ ਲਈ ਗ਼ੈਰਕਾਨੂੰਨੀ ਢੰਗ-ਤਰੀਕਿਆਂ ਦਾ ਸਹਾਰਾ ਨਾ ਲਿਆ ਜਾਵੇ।
ਜ਼ਿਕਰਯੋਗ ਹੈ ਕਿ ਸੰਨ 2014 ਵਿੱਚ ਜਦ 40 ਭਾਰਤੀ ਇਰਾਕ ਵਿੱਚ ਲਾਪਤਾ ਹੋ ਗਏ ਸਨ ਤਾਂ ਰਾਜ ਸਰਕਾਰ ਵੱਲੋਂ ਪੀੜਤਾਂ ਦੇ ਰਿਸ਼ਤੇਦਾਰਾਂ ਲਈ ਸਕੱਤਰੇਤ ਵਿੱਚ ਇਕ ਕੰਟਰੋਲ ਰੂਮ ਕਾਇਮ ਕੀਤਾ ਗਿਆ ਸੀ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਸਿਆਸੀ ਸ਼ਰਨ ਮੰਗਣ ਵਾਲਿਆਂ ਦਾ ਮੁੱਦਾ ਵਿਦੇਸ਼ਾਂ ’ਚ ਹੋਰਨਾਂ ਮੁਸ਼ਕਲਾਂ ਵਿੱਚ ਘਿਰੇ ਵਿਅਕਤੀਆਂ ਨਾਲੋਂ ਬਿਲਕੁਲ ਵੱਖਰਾ ਹੈ। ਇਨ੍ਹਾਂ ਵਿੱਚੋਂ ਕੁਝ ਦੇਸ਼ ਵਿੱਚ ਕੋਈ ਅਪਰਾਧ ਕਰਨ ਦੇ ਦੋਸ਼ ਹੇਠ ਲੋੜੀਂਦੇ ਮੁਲਜ਼ਮ ਹੋ ਸਕਦੇ ਹਨ ਜਾਂ ਕਿਸੇ ਵੱਖਵਾਦੀ ਲਹਿਰ ਦਾ ਹਿੱਸਾ ਵੀ ਹੋ ਸਕਦੇ ਹਨ। ਹਾਸਲ ਵੇਰਵਿਆਂ ਮੁਤਾਬਕ ਗ੍ਰਹਿ ਵਿਭਾਗ ਨੇ ਕੇਂਦਰੀ ਵਿਦੇਸ਼ ਮੰਤਰਾਲੇ ਕੋਲੋਂ ਇਨ੍ਹਾਂ 52 ਨਾਜਾਇਜ਼ ਸਿੱਖ ਆਵਾਸੀਆਂ ਬਾਰੇ ਜਾਣਕਾਰੀ ਮੰਗੀ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਨਾਗਰਿਕਾਂ ਵੱਲੋਂ ਵਿਦੇਸ਼ਾਂ ਵਿੱਚ ਗ਼ੈਰਕਾਨੂੰਨੀ ਰਾਹ ਅਖ਼ਤਿਆਰ ਕਰਕੇ ਦਾਖ਼ਲ ਹੋਣ ਤੋਂ ਬਾਅਦ ਸਿਆਸੀ ਸ਼ਰਨ ਮੰਗਣ ਦਾ ਇਤਿਹਾਸ ਬੜਾ ਲੰਮਾ ਰਿਹਾ ਹੈ। ਅਤਿਵਾਦ ਦੇ ਦੌਰ ਵਿੱਚ ਇਸ ਮੰਤਵ ਲਈ ਮਨੁੱਖੀ ਹੱਕਾਂ ਦੇ ਘਾਣ ਅਤੇ ਨਕਲੀ ਪੁਲੀਸ ਮੁਕਾਬਲਿਆਂ ਦਾ ਹਵਾਲਾ ਦਿੱਤਾ ਜਾਂਦਾ ਰਿਹਾ ਹੈ।