ਵਿਸ਼ਵ ਪੰਜਾਬੀ ਕਾਨਫ਼ਰੰਸ 5 ਤੇ 6 ਜਨਵਰੀ ਨੂੰ ਚੰਡੀਗੜ੍ਹ ‘ਚ

ਵਿਸ਼ਵ ਪੰਜਾਬੀ ਕਾਨਫ਼ਰੰਸ 5 ਤੇ 6 ਜਨਵਰੀ ਨੂੰ ਚੰਡੀਗੜ੍ਹ ‘ਚ

ਚੰਡੀਗੜ੍ਹ/ਬਿਊਰੋ ਨਿਊਜ਼:
ਵਿਸ਼ਵ ਪੰਜਾਬੀ ਕਾਨਫਰੰਸ ਸੰਸਥਾ ਅਤੇ ਪੰਜਾਬ ਕਲਾ ਪ੍ਰੀਸ਼ਦ ਵਲੋਂ 5 ਅਤੇ 6 ਜਨਵਰੀ ਨੂੰ ਚੰਡੀਗੜ੍ਹ ‘ਚ ”ਵਿਸ਼ਵ ਪੰਜਾਬੀ ਕਾਨਫਰੰਸ” ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਕਾਨਫਰੰਸ ਦੇ ਚੇਅਰਮੈਨ ਐਚ.ਐਸ. ਹੰਸਪਾਲ ਅਤੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਵਿਸ਼ਾ ‘ਪੰਜਾਬੀਅਤ : ਵਰਤਮਾਨ ਅਤੇ ਭਵਿੱਖ’ ਹੋਵੇਗਾ। ਕਾਨਫਰੰਸ ਦਾ ਆਗ਼ਾਜ਼ 5 ਜਨਵਰੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਜਾਵੇਗਾ। ਡਾ. ਪਾਤਰ ਨੇ ਕਿਹਾ ਕਿ ਇਸ ਕਾਨਫਰੰਸ ‘ਚ ਭਾਰਤ ਸਮੇਤ ਅਮਰੀਕਾ, ਕਨੇਡਾ, ਯੂ.ਕੇ., ਪਾਕਿਸਤਾਨ, ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਸਾਹਿਤਕਾਰਾਂ ਦੇ ਸ਼ਾਮਿਲ ਹੋਣ ਦੀ ਆਸ ਹੈ।
ਕਾਨਫਰੰਸ ਦੇ ਆਗ਼ਾਜ਼ ਤੋਂ ਬਾਅਦ ਬਾਕੀ ਦੇ ਸੈਸ਼ਨ ਪੰਜਾਬ ਕਲਾ ਭਵਨ ਸੈਕਟਰ-16 ਵਿਖੇ ਹੋਣਗੇ। ਉਦਘਾਟਨੀ ਸਮਾਰੋਹ ਤੋਂ ਇਲਾਵਾ ਕਾਨਫਰੰਸ ਵਿਚ 6 ਵਰਕਿੰਗ ਸੈਸ਼ਨ ਹੋਣਗੇ, ਜਿਨ੍ਹਾਂ ਵਿਚ ਪੰਜਾਬੀ ਸਾਹਿਤ, ਭਾਸ਼ਾ, ਸੱਭਿਆਚਾਰ, ਆਰਥਿਕਤਾ, ਕਿਸਾਨੀ ਸੰਕਟ, ਯੁਵਾ ਸ਼ਕਤੀ ਅਤੇ ਪ੍ਰਵਾਸੀ ਪੰਜਾਬੀਆਂ ਬਾਰੇ ਵਿਚਾਰ ਚਰਚਾ ਹੋਵੇਗੀ। ਇਸ ਮੌਕੇ ਸਾਹਿਤਕਾਰ ਡਾ. ਦੀਪਕ ਮਨਮੋਹਨ ਸਿੰਘ, ਡਾ. ਸਤੀਸ਼ ਵਰਮਾ, ਡਾ. ਰਵੇਲ ਸਿੰਘ, ਡਾ. ਸਰਬਜੀਤ ਕੌਰ ਸੋਹਲ, ਸੁਖਵਿੰਦਰ ਅੰਮ੍ਰਿਤ, ਡਾ. ਲਖਵਿੰਦਰ ਸਿੰਘ ਜੌਹਲ, ਗੁਰਭੇਜ ਸਿੰਘ ਗੁਰਾਇਆ ਅਤੇ ਡਾ. ਰਵੀ ਰਵਿੰਦਰ ਮੌਜੂਦ ਸਨ।