ਸਰਕਾਰ ਨੇ ਇਰਾਕ ‘ਚ 39 ਭਾਰਤੀਆਂ ਦੇ ਮਾਰੇ ਜਾਣ ਦੀ ਗੱਲ ਮੰਨੀ

ਸਰਕਾਰ ਨੇ ਇਰਾਕ ‘ਚ 39 ਭਾਰਤੀਆਂ ਦੇ ਮਾਰੇ ਜਾਣ ਦੀ ਗੱਲ ਮੰਨੀ

ਵਿਦੇਸ਼ ਮੰਤਰੀ ਝੂਠੇ ਲਾਰੇ ਲਾ ਕੇ ਕਰਦੀ ਰਹੀ ਲੋਕਾਂ ਨੂੰ ਗੁੰਮਰਾਹ-ਵਿਰੋਧੀ ਧਿਰ
ਨਵੀਂ ਦਿੱਲੀ/ਬਿਊਰੋ ਨਿਊਜ਼:
ਕੇਂਦਰ ਵਿਚਲੀ ਮੋਦੀ ਸਰਕਾਰ ਨੇ ਸੰਸਦ ਵਿੱਚ ਹੌਲਨਾਕ ਖ਼ੁਲਾਸਾ ਕਰਦਿਆਂ ਕਿਹਾ ਕਿ ਕਰੀਬ ਚਾਰ ਸਾਲ ਪਹਿਲਾਂ ਇਰਾਕ ਵਿੱਚ ਆਈਐਸਆਈਐਸ ਵੱਲੋਂ ਅਗਵਾ ਕੀਤੇ ਗਏ 39 ਭਾਰਤੀਆਂ ਵਿੱਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ। ਇਨ੍ਹਾਂ ਮੰਦਭਾਗਿਆਂ ਵਿੱਚੋਂ 27 ਪੰਜਾਬ, ਛੇ ਬਿਹਾਰ, ਚਾਰ ਹਿਮਾਚਲ ਪ੍ਰਦੇਸ਼ ਤੇ ਦੋ ਪੱਛਮੀ ਬੰਗਾਲ ਨਾਲ ਸਬੰਧਤ ਸਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਆਪਣੇ ਤੌਰ ‘ਤੇ ਬਿਆਨ ਦਿੰਦਿਆਂ ਕਿਹਾ ਕਿ ਇਨ੍ਹਾਂ ਦੀਆਂ ਲਾਸ਼ਾਂ ਇਰਾਕ ਦੇ ਸਭ ਤੋਂ ਵੱਡੇ ਸ਼ਹਿਰ ਮੋਸੂਲ ਨੇੜਲੇ ਪਿੰਡ ਬਾਦੋਸ਼ ਵਿੱਚੋਂ ਮਿਲ ਗਈਆਂ ਹਨ, ਜਿਨ੍ਹਾਂ ਦੀ ਸ਼ਨਾਖ਼ਤ ਡੀਐਨਏ ਟੈਸਟਾਂ ਰਾਹੀਂ ਕੀਤੀ ਗਈ ਹੈ।
ਇਸ ਦੇ ਨਾਲ ਹੀ ਕੇਂਦਰ ਵੱਲੋਂ ਇਨ੍ਹਾਂ ਭਾਰਤੀਆਂ ਦੇ ਮਾਮਲੇ ਨਾਲ ਸਿੱਝਣ ਦੇ ਮੁੱਦੇ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਤੇ ਕੁਝ ਪੀੜਤ ਪਰਿਵਾਰਾਂ ਨੇ ਵਿਦੇਸ਼ ਮੰਤਰੀ ‘ਤੇ ਹੁਣ ਤੱਕ ਉਨ੍ਹਾਂ ਨੂੰ ਝੂਠੇ ਦਿਲਾਸੇ ਦੇਣ ਤੇ ਹਨੇਰੇ ਵਿੱਚ ਰੱਖਣ ਦਾ ਦੋਸ਼ ਲਾਇਆ ਹੈ। ਕਾਂਗਰਸ, ਨੈਸ਼ਨਲ ਕਾਂਗਰਸ ਤੇ ਸੀਪੀਐਮ ਆਦਿ ਵਿਰੋਧੀ ਪਾਰਟੀਆਂ ਨੇ ਪੀੜਤ ਪਰਿਵਾਰਾਂ ਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਇਹ ਐਲਾਨ ਸੰਸਦ ਵਿੱਚ ਅਤੇ ਟੈਲੀਵਿਜ਼ਨ ਰਾਹੀਂ ਕਰਨ ਦੀ ਨਿਖੇਧੀ ਕਰਦਿਆਂ ਸਰਕਾਰ ਦੀ ਕਾਰਵਾਈ ਨੂੰ ‘ਅਸੰਵੇਦਨਸ਼ੀਲਤਾ ਦਾ ਸਿਖਰ ਤੇ ਨਾਮੁਆਫ਼ੀਯੋਗ’ ਕਰਾਰ ਦਿੱਤਾ ਹੈ।  ਬੀਬੀ ਸਵਰਾਜ ਨੇ ਬਾਅਦ ਵਿੱਚ ਇਕ ਪ੍ਰੈਸ ਕਾਨਫਰੰਸ ਰਾਹੀਂ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਉਲਟਾ ਕਾਂਗਰਸ ਉਤੇ ‘ਸਸਤੀ ਸਿਆਸਤ’ ਖੇਡਣ ਦੇ ਦੋਸ਼ ਲਾਏ। ਪਹਿਲਾਂ ਉਨ੍ਹਾਂ ਰਾਜ ਸਭਾ ਵਿੱਚ ਕਿਹਾ ਕਿ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਬਾਦੋਸ਼ ਦੀ ਇਕ ਸਮੂਹਿਕ ਕਬਰਗਾਹ ਵਿੱਚੋਂ ਕੱਢੀਆਂ ਗਈਆਂ ਹਨ, ਜਿਨ੍ਹਾਂ ਨੂੰ ਖ਼ਾਸ ਜਹਾਜ਼ ਰਾਹੀਂ ਵਤਨ ਲਿਆ ਕੇ ਵਾਰਸਾਂ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਫ਼ ਨਹੀਂ ਹੈ ਕਿ ਉਨ੍ਹਾਂ ਦਾ ਕਤਲ ਕਦੋਂ ਕੀਤਾ ਗਿਆ।  ਉਨ੍ਹਾਂ ਕਿਹਾ, ”ਮੈਂ ਇਹੋ ਆਖਦੀ ਆ ਰਹੀ ਸਾਂ ਕਿ ਮੈਂ ਠੋਸ ਸਬੂਤ ਤੋਂ ਬਿਨਾਂ ਕਿਸੇ ਨੂੰ ਮ੍ਰਿਤਕ ਨਹੀਂ ਐਲਾਨਾਂਗੀ, ਅੱਜ ਮੈਂ ਉਹ ਅਹਿਦ ਪੂਰਾ ਕਰ ਦਿੱਤਾ ਹੈ।”
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਇਹੋ ਆਖਦੀ ਆ ਰਹੀ ਸੀ ਕਿ ਇਰਾਕ ਵਿਚਲੇ ਇਹ ਸਾਰੇ ਭਾਰਤੀ ‘ਜ਼ਿੰਦਾ’ ਹਨ। ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਕੁੱਲ 40 ਭਾਰਤੀਆਂ ਵਿੱਚੋਂ ਗੁਰਦਾਸਪੁਰ ਨਾਲ ਸਬੰਧਤ ਹਰਜੀਤ ਮਸੀਹ ਮੌਕੇ ‘ਤੇ ਖ਼ੁਦ ਨੂੰ ਬੰਗਲਾਦੇਸ਼ੀ ਮੁਸਲਮਾਨ ਦੱਸ ਕੇ ਜਾਨ ਬਚਾਉਣ ਵਿੱਚ ਸਫਲ ਰਿਹਾ ਸੀ। ਉਹ ਲਗਾਤਾਰ ਇਨ੍ਹਾਂ ਸਾਰੇ ਭਾਰਤੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਜਾਣ ਦੀ ਗੱਲ ਆਖਦਾ ਆ ਰਿਹਾ ਸੀ ਪਰ ਬੀਬੀ ਸਵਰਾਜ ਨੇ ਉਸ ਦੇ ਦਾਅਵਿਆਂ ਨੂੰ ਫਿਰ ਖ਼ਾਰਜ ਕਰਦਿਆਂ ਇਸ ਨੂੰ ਮਹਿਜ਼ ‘ਚਿੜੀ ਤੇ ਮੱਝ ਦੀ ਕਹਾਣੀ’ ਕਰਾਰ ਦਿੱਤਾ। ਬੀਬੀ ਸਵਰਾਜ ਨੇ ਕਿਹਾ ਕਿ ਇਨ੍ਹਾਂ ਭਾਰਤੀਆਂ ਨੂੰ ਜੂਨ 2014 ਵਿੱਚ ਮੋਸੂਲ ਵਿੱਚੋਂ ਅਗਵਾ ਕੀਤਾ ਗਿਆ ਸੀ ਤੇ ਕਤਲ ਕਰ ਕੇ ਬਾਦੋਸ਼ ‘ਚ ਇਕ ਸਮੂਹਿਕ ਕਬਰਗਾਹ ਵਿੱਚ ਦਫਣਾ ਦਿੱਤਾ ਗਿਆ ਸੀ। ਵਿਦੇਸ਼ ਮੰਤਰੀ ਰੌਲੇ-ਰੱਪੇ ਕਾਰਨ ਲੋਕ ਸਭਾ ਵਿੱਚ ਇਸ ਸਬੰਧੀ ਬਿਆਨ ਨਹੀਂ ਦੇ ਸਕੀ।

ਪੀੜਤ ਪਰਿਵਾਰਾਂ ਦੀ ਮਦਦ ਲਈ ਸੁਸ਼ਮਾ ਨੂੰ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਇਰਾਕ ਵਿਚ ਮਾਰੇ ਗਏ 39 ਵਿਅਕਤੀਆਂ ਦੀਆਂ ਅੰਤਿਮ ਰਸਮਾਂ ਵਾਸਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਅਤੇ ਐਕਸ-ਗ੍ਰੇਸ਼ੀਆ ਰਾਹਤ ਮੁਹੱਈਆ ਕਰਵਾਉਣ ਅਤੇ ਮ੍ਰਿਤਕਾਂ ਦੀਆਂ ਅਸਥੀਆਂ ਦੇਸ਼ ਲਿਆਉਣ ਵਾਸਤੇ ਵਿਦੇਸ਼ ਮੰਤਰੀ  ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ।

‘ਵਿਦੇਸ਼ ਮੰਤਰੀ ਅਸਤੀਫ਼ਾ ਦੇਵੇ’
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੇ ਮਾਮਲੇ ਨੂੰ ਸਹੀ ਢੰਗ ਨਾਲ ਨਾ ਨਜਿੱਠਣ ਦਾ ਦੋਸ਼ ਲਾਉਂਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਵਿਦੇਸ਼ ਮੰਤਰੀ ‘ਤੇ ਪੂਰੇ ਮਾਮਲੇ ਵਿੱਚ ਝੂਠ ਬੋਲਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਆਪਣੀ ਟਵੀਟ ਵਿੱਚ ਇਹ ਗੱਲ ਆਖੀ।

ਹਰਸਿਮਰਤ ਵਲੋਂ ਵਿਰੋਧੀ ਧਿਰ ਦੀ ਨਿਖੇਧੀ
ਨਵੀਂ ਦਿੱਲੀ/ਬਿਊਰੋ ਨਿਊਜ਼:
ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੇ ਮਾਮਲੇ ‘ਤੇ ਵਿਰੋਧੀ ਧਿਰ ‘ਤੇ ਹਮਲਾ ਬੋਲਦਿਆਂ ਕੇਂਦਰੀ ਮੰਤਰੀ ਤੇ ਅਕਾਲੀ ਐਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਮੰਦਭਾਗੀ ਘਟਨਾ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਸ ਮਾਮਲੇ ‘ਚ ਕੇਂਦਰ ਸਰਕਾਰ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਅਗਵਾ ਕੀਤੇ ਗਏ ਭਾਰਤੀਆਂ ਵਿੱਚੋਂ ਕਿਸੇ ਦੇ ਵੀ ਜ਼ਿੰਦਾ ਹੋਣ ਦਾ ਪਤਾ ਲਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।

ਮੋਦੀ ਦੁਖੀ ਪਰਿਵਾਰਾਂ ਦੇ ਨਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੇ ਭਾਰਤੀਆਂ ਨੂੰ ਉਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਹੈ, ਜਿਨ੍ਹਾਂ ਨੇ ਮੋਸੂਲ ਵਿੱਚ ਆਪਣੇ ਪਿਆਰੇ ਗਵਾਏ ਹਨ। ”ਅਸੀਂ ਦੁਖੀ ਪਰਿਵਾਰਾਂ ਨਾਲ ਖੜ੍ਹੇ ਹਾਂ।੩ ਵਿਦੇਸ਼ ਮੰਤਰਾਲੇ ਅਤੇ ਖ਼ਾਸਕਰ ਮੇਰੇ ਸਹਿਯੋਗੀਆਂ ਸੁਸ਼ਮਾ ਸਵਰਾਜ ਜੀ ਤੇ ਜਨਰਲ ਵੀਕੇ ਸਿੰਘ ਜੀ ਨੇ ਉਨ੍ਹਾਂ ਦਾ ਪਤਾ ਲਾਉਣ ਤੇ ਸੁਰੱਖਿਅਤ ਵਤਨ ਲਿਆਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।”

ਮ੍ਰਿਤਕਾਂ ‘ਚੋਂ 27 ਪੰਜਾਬ ਦੇ
ਮ੍ਰਿਤਕਾਂ ‘ਚ 27 ਪੰਜਾਬ ਤੋਂ, ਛੇ ਬਿਹਾਰ ਤੋਂ, ਚਾਰ ਹਿਮਾਚਲ ਪ੍ਰਦੇਸ਼ ਤੋਂ ਅਤੇ ਦੋ ਪੱਛਮੀ ਬੰਗਾਲ ਤੋਂ ਹਨ: ਧਰਮਿੰਦਰ ਕੁਮਾਰ, ਹਰੀਸ਼ ਕੁਮਾਰ, ਹਰਸਿਮਰਨਜੀਤ ਸਿੰਘ, ਕੰਵਲਜੀਤ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਸੋਨੂ, ਸੰਦੀਪ ਕੁਮਾਰ, ਮਨਜਿੰਦਰ ਸਿੰਘ, ਗੁਰਚਰਨ ਸਿੰਘ, ਬਲਵੰਤ ਰਾਏ, ਰੂਪ ਲਾਲ, ਦੇਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਦੀਪ ਸਿੰਘ, ਕਮਲਜੀਤ ਸਿੰਘ, ਗੋਬਿੰਦਰ ਸਿੰਘ, ਪ੍ਰਿਤਪਾਲ ਸ਼ਰਮਾ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਪਰਵਿੰਦਰ ਕੁਮਾਰ, ਬਲਵੀਰ ਚੰਦ, ਸੁਰਜੀਤ ਮੈਣਕਾ, ਨੰਦ ਲਾਲ, ਰਾਕੇਸ਼ ਕੁਮਾਰ (ਸਾਰੇ ਪੰਜਾਬ ਤੋਂ), ਅਮਨ ਕੁਮਾਰ, ਸੰਦੀਪ ਸਿੰਘ ਰਾਣਾ, ?ਿੰਦਰਜੀਤ, ਹੇਮ ਰਾਜ (ਸਾਰੇ ਹਿਮਾਚਲ ਪ੍ਰਦੇਸ਼ ਤੋਂ), ਸਮਰ ਤਿਕਦਰ, ਖੋਖਨ ਸਿਕਦਰ (ਪੱਛਮੀ ਬੰਗਾਲ ਤੋਂ), ਸੰਤੋਸ਼ ਕੁਮਾਰ ਸਿੰਘ, ਬਿਦਿਆ ਭੂਸ਼ਨ ਤਿਵਾੜੀ, ਅਦਾਲਤ ਸਿੰਘ, ਸੁਨੀਲ ਕੁਮਾਰ ਕੁਸ਼ਵਾਹਾ, ਧਰਮੇਂਦਰ ਕੁਮਾਰ (ਸਾਰੇ ਬਿਹਾਰ ਤੋਂ) ਰਾਜੂ ਕੁਮਾਰ ਯਾਦਵ (ਅਜੇ ਪੁਸ਼ਟੀ ਹੋਣੀ ਹੈ)।