ਕਾਬੁਲ ਵਿਚ ਫ਼ੌਜੀ ਹਸਪਤਾਲ ‘ਤੇ ਹਮਲੇ ਦੌਰਾਨ 30 ਹਲਾਕ

ਕਾਬੁਲ ਵਿਚ ਫ਼ੌਜੀ ਹਸਪਤਾਲ ‘ਤੇ ਹਮਲੇ ਦੌਰਾਨ 30 ਹਲਾਕ
ਕੈਪਸ਼ਨ-ਅਫ਼ਗ਼ਾਨ ਪੁਲੀਸ ਕਰਮੀ ਫ਼ੌਜੀ ਹਸਪਤਾਲ ਦੇ ਬਾਹਰ ਪੁਜ਼ੀਸ਼ਨਾਂ ਲੈਂਦੇ ਹੋਏ।

ਕਾਬੁਲ/ਬਿਊਰੋ ਨਿਊਜ਼ :
ਇਥੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਵਿੱਚ ਬੰਦੂਕਧਾਰੀਆਂ ਵੱਲੋਂ ਫ਼ੌਜੀ ਹਸਪਤਾਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਵਿਚ 30 ਆਮ ਨਾਗਰਿਕ ਹਲਾਕ ਜਦਕਿ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਹਸਪਤਾਲ ਮੁਲਾਜ਼ਮਾਂ ਦੇ ਭੇਸ ਵਿੱਚ ਆਏ ਤਿੰਨਾਂ ਹਮਲਾਵਰਾਂ ਨੂੰ ਪੁਲੀਸ ਨੇ ਮਗਰੋਂ ਮਾਰ ਮੁਕਾਇਆ। ਹਮਲਾਵਰਾਂ ਵੱਲੋਂ ਕੀਤੀ ਗੋਲੀਬਾਰੀ ਦਾ ਜਵਾਬ ਦਿੰਦਿਆਂ ਇਕ ਸੁਰੱਖਿਆ ਕਰਮੀ ਵੀ ਮਾਰਿਆ ਗਿਆ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮਵਾਰੀ ਲੈ ਲਈ ਹੈ। ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਅਫ਼ਗਾਨ ਲੋਕਾਂ ਤੇ ਅਫ਼ਗਾਨ ਮਹਿਲਾਵਾਂ ‘ਤੇ ਹਮਲਾ ਦੱਸਿਆ ਹੈ।
ਰੱਖਿਆ ਮੰਤਰਾਲੇ ਦੇ ਤਰਜਮਾਨ ਜਨਰਲ ਦੌਲਤ ਵਜ਼ੀਰੀ ਨੇ ਦੱਸਿਆ ਕਿ ਹਸਪਤਾਲ ਮੁਲਾਜ਼ਮਾਂ ਦੇ ਭੇਸ ਵਿੱਚ ਆਏ ਬੰਦੂਕਧਾਰੀ ਹਮਲਾਵਰਾਂ ਵਿਚੋਂ ਇਕ ਖੁਦਕੁਸ਼ ਬੰਬਾਰ ਨੇ ਰਾਜਧਾਨੀ ਦੇ ਸਰਦਾਰ ਦਾਊਦ ਖ਼ਾਨ ਹਸਪਤਾਲ ਦੇ ਬਾਹਰ ਖੁਦ ਨੂੰ ਉਡਾ ਲਿਆ ਤੇ ਇਸ ਧਮਾਕੇ ਦੀ ਆੜ ਵਿੱਚ ਤਿੰਨ ਹਮਲਾਵਰ ਹਸਪਤਾਲ ਅੰਦਰ ਦਾਖ਼ਲ ਹੋ ਗਏ। ਵਜ਼ੀਰ ਅਕਬਰ ਖ਼ਾਨ ਇਲਾਕੇ ਵਿੱਚ ਬਣੇ ਚਾਰ ਸੌ ਬਿਸਤਰਿਆਂ ਵਾਲੇ ਇਸ ਹਸਪਤਾਲ ਨੇੜੇ ਦੋ ਹੋਰ ਸਿਵਲ ਹਸਪਤਾਲ ਹਨ। ਇਲਾਕੇ ਵਿੱਚ ਅਮਰੀਕਾ ਸਮੇਤ ਹੋਰ ਕਈ ਮੁਲਕਾਂ ਦੇ ਸਫ਼ਾਰਤਖਾਨੇ ਵੀ ਹਨ। ਵਜ਼ੀਰੀ ਨੇ ਕਿਹਾ ਕਿ ਬਹੁ-ਮੰਜ਼ਿਲੀ ਇਮਾਰਤ ਵਾਲੇ ਹਸਪਤਾਲ ਦੀਆਂ ਉਪਰਲੀਆਂ ਮੰਜ਼ਲਾਂ ‘ਤੇ ਪੁਜ਼ੀਸ਼ਨਾਂ ਲਈ ਬੈਠੇ ਹਮਲਾਵਰਾਂ ਨੂੰ ਸੁਰੱਖਿਆ ਕਰਮੀਆਂ ਨੇ ਘੰਟਿਆਂਬੱਧੀ ਚੱਲੇ ਮੁਕਾਬਲੇ ਦੌਰਾਨ ਮਾਰ ਮੁਕਾਇਆ। ਇਸ ਦੌਰਾਨ ਖ਼ਬਰ ਏਜੰਸੀ ਏਪੀ ਮੁਤਾਬਕ ਇਕ ਸੁਰੱਖਿਆ ਕਰਮੀ ਹਲਾਕ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਸਾਰੀ ਕਾਰਵਾਈ ਦੌਰਾਨ ਅਫ਼ਗ਼ਾਨ ਹੈਲੀਕਾਪਟਰਾਂ ਨੇ ਪੂਰੇ ਇਲਾਕੇ ਨੂੰ ਘੇਰਾ ਪਾਈ ਰੱਖਿਆ। ਹਮਲੇ ਦੇ ਚਸ਼ਮਦੀਦ ਤੇ ਹਸਪਤਾਲ ਦੇ ਕਾਮੇ ਅਬਦੁਲ ਕਾਦਿਰ ਨੇ ਦੱਸਿਆ ਕਿ ਚਿੱਟਾ ਕੋਟ ਪਾਈ ਇਕ ਹਮਲਾਵਰ ਨੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ। ਸਿਹਤ ਮੰਤਰਾਲੇ ਦੇ ਬੁਲਾਰੇ ਇਸਮਾਈਲ ਕਵਾਸੀ ਨੇ ਕਿਹਾ ਕਿ ਹੁਣ ਤੱਕ ਡਾਕਟਰਾਂ, ਮਰੀਜ਼ਾਂ ਤੇ ਹਸਪਤਾਲ ਸਟਾਫ਼ ਸਮੇਤ 30 ਵਿਅਕਤੀਆਂ ਦੀਆਂ ਲਾਸ਼ਾਂ ਜਦਕਿ 50 ਤੋਂ ਵੱਧ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ।