ਖਾੜਕੂ ਲਹਿਰ ਮੌਕੇ ਵੱਖੋ-ਵੱਖ ਵਾਰਦਾਤਾਂ ‘ਚ ਸ਼ਾਮਿਲ ਰਣਜੀਤ ਸਿੰਘ 27 ਸਾਲ ਬਾਅਦ ਗ੍ਰਿਫਤਾਰ

ਖਾੜਕੂ ਲਹਿਰ ਮੌਕੇ ਵੱਖੋ-ਵੱਖ ਵਾਰਦਾਤਾਂ ‘ਚ ਸ਼ਾਮਿਲ ਰਣਜੀਤ ਸਿੰਘ 27 ਸਾਲ ਬਾਅਦ ਗ੍ਰਿਫਤਾਰ

ਕਪੂਰਥਲਾ/ਸਿੱਖ ਸਿਆਸਤ ਬਿਊਰੋ:
ਪੰਜਾਬ ਦੀ ਕਪੂਰਥਲਾ ਪੁਲਿਸ ਨੇ ਖਾੜਕੂ ਲਹਿਰ ਦੌਰਾਨ ਵੱਖ ਵੱਖ ਖਾੜਕੂ ਸੰਗਠਨਾਂ ਨਾਲ ਸਬੰਧ ਰੱਖਣ ਕਾਰਨ ਕੲੀ ਵਾਰਦਾਤਾਂ ਵਿੱਚ ਲੋੜੀਂਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਸਥਾਨਕ ਪੁਲੀਸ ਲਾਈਨ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਸੰਦੀਪ ਸ਼ਰਮਾ, ਪੁਲੀਸ ਕਪਤਾਨ ਤਫ਼ਤੀਸ਼ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਖਾਲਿਸਤਾਨ ਕਮਾਂਡੋ ਫੋਰਸ ਅਤੇ ਬੱਬਰ ਖਾਲਸਾ ਆਦਿ ਵਰਗੀਆਂ ਖਾੜਕੂ ਜਥੇਬੰਦੀਆਂ ਨਾਲ ਰਲ ਕੇ ਕਈ ਵਾਰਦਾਤਾਂ ਕਰਨ ਵਾਲਾ ਕਥਿਤ ਵਿਅਕਤੀ ਰਣਜੀਤ ਸਿੰਘ ਉਰਫ ਰਾਣਾ ਵਾਸੀ ਜਗਤਾਰਪੁਰ ਜੱਟਾਂ ਮਹਿਲਪੁਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ 55 ਸਾਲਾ ਰਣਜੀਤ ਸਿੰਘ ਵਿਰੁੱਧ ਕਈ ਮੁਕੱਦਮੇ ਦਰਜ ਹਨ। ਉਸ ਵਿਰੁੱਧ ਧਾਰਾ 302, 120 ਬੀ, ਅਸਲਾ ਐਕਟ 25-54-59, ਟਾਡਾ ਐਕਟ ਵਰਗੇ ਕੇਸ ਦਰਜ ਹਨ। ਐੱਸਐੱਸਪੀ ਅਨੁਸਾਰ ਸਬੰਧਿਤ ਵਿਅਕਤੀ ਦਾ ਉਸ ਦੇ ਪਿੰਡ ‘ਚ ਪੁਰਾਣੇ ਸਮੇਂ ਹੀ ਉਸ ਨਾਲ ਸਬੰਧਤ ਖਾੜਕੂ ਜਥੇਬੰਦੀਆਂ ਨੇ ਮ੍ਰਿਤਕ ਕਰਾਰ ਦੇ ਕੇ ਭੋਗ ਵੀ ਪਾ ਦਿੱਤਾ ਸੀ।
ਪੁਲੀਸ ਅਨੁਸਾਰ ਉਪਰੋਕਤ ਵਿਅਕਤੀ ਸੰਨ 1993 ਵਿੱਚ ਪਿੰਡ ਸ਼ਾਲਾਪੁਰ ਥਾਣਾ ਨੁਗੜ ਜ਼ਿਲ੍ਹਾ ਸਹਾਰਨਪੁਰ (ਯੂਪੀ) ਚਲਾ ਗਿਆ ਤੇ ਉਥੇ ਗ੍ਰੰਥੀ ਵਜੋਂ ਸੇਵਾ ਕਰਨ ਲੱਗ ਪਿਆ। ਪੁਲੀਸ ਅਨੁਸਾਰ ਉਪਰੋਕਤ ਵਿਅਕਤੀ ਸੰਨ 2004 ਤੋਂ ਪਿੰਡ ਕੁਹਾੜਕਲਾਂ ਥਾਣਾ ਸ਼ਾਹਕੋਟ ‘ਚ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਸੀ। ਪੁਲੀਸ ਅਨੁਸਾਰ ਰਣਜੀਤ ਸਿੰਘ ਵਿਰੁੱਧ ਗੋਲੀਆਂ ਮਾਰ ਕੇ ਕਤਲ ਕਰਨਾ, ਠੇਕੇ ਦੇ ਕਾਰਿੰਦਿਆਂ ਨੂੰ ਗੋਲੀਆਂ ਮਾਰ ਕੇ ਮਾਰਨਾ ਆਦਿ ਮੁਕੱਦਮੇ ਵੀ ਦਰਜ ਹਨ।