ਦਲ ਖ਼ਾਲਸਾ ਵਲੋਂ ਭਾਰਤੀ ਸੰਵਿਧਾਨ, ਵੋਟ-ਪ੍ਰਣਾਲੀ ਅਤੇ ਸਵੈ-ਨਿਰਣੇ ਦੇ ਅਧਿਕਾਰ ਬਾਰੇ ਕਨਵੈਨਸ਼ਨ 24 ਜਨਵਰੀ ਨੂੰ

ਦਲ ਖ਼ਾਲਸਾ ਵਲੋਂ ਭਾਰਤੀ ਸੰਵਿਧਾਨ, ਵੋਟ-ਪ੍ਰਣਾਲੀ ਅਤੇ ਸਵੈ-ਨਿਰਣੇ ਦੇ ਅਧਿਕਾਰ ਬਾਰੇ ਕਨਵੈਨਸ਼ਨ 24 ਜਨਵਰੀ ਨੂੰ

ਕੈਪਸ਼ਨ: ਦਲ ਖ਼ਾਲਸਾ ਦੇ ਆਗੂ ਅਤੇ ਕਾਰਜਕਰਤਾ ਮੀਡੀਆ ਨਾਲ ਗੱਲ ਕਰਦੇ ਹੋਏ
ਅੰਮ੍ਰਿਤਸਰ/ ਸਿੱਖ ਸਿਆਸਤ ਬਿਊਰੋ:
ਪੰਜਾਬ ਵਿਚ ਜਦੋਂ ਸਾਰੀਆਂ ਭਾਰਤੀ ਮੁੱਖਧਾਰਾ ਵਾਲੀਆਂ ਰਾਜਨੀਤਿਕ ਪਾਰਟੀਆਂ ਚੋਣਾਂ ਦੀ ਤਿਆਰੀ ਵਿਚ ਰੁਝੀਆਂ ਹੋਈਆਂ ਹਨ, ਵੱਖਵਾਦੀ ਸਿੱਖ ਰਾਜਨੀਤਿਕ ਪਾਰਟੀ ਦਲ ਖ਼ਾਲਸਾ ਵਲੋਂ 24 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਭਾਰਤੀ ਸੰਵਿਧਾਨ, ਵੋਟ-ਪ੍ਰਣਾਲੀ ਅਤੇ ਸਵੈ-ਨਿਰਣੇ ਦੇ ਅਧਿਕਾਰ ਬਾਰੇ ਇਕ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਪਾਰਟੀ ਦੇ ਮੁੱਖ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਮੌਜੂਦਾ ਸੰਵਿਧਾਨ ਤਹਿਤ ਪਿਛਲੇ 67 ਵਰ੍ਹਿਆਂ ਅੰਦਰ ਭਾਰਤੀ ਨਿਜ਼ਾਮ ਨੇ ਸਿੱਖ ਕੌਮ ਦੀਆਂ ਰਾਜਸੀ ਇੱਛਾਵਾਂ ਨੂੰ ਕੁਚਲਿਆ, ਸੁਰੱਖਿਆ ਫੋਰਸਾਂ ਨੂੰ ਲੋਕਾਂ ‘ਤੇ ਜ਼ੁਲਮ ਕਰਨ ਲਈ ਕਾਲੇ ਕਾਨੂੰਨਾਂ ਰਾਹੀਂ ਅੰਨ੍ਹੀਆਂ ਤਾਕਤਾਂ ਦਿੱਤੀਆਂ, ਭਾਰਤੀ ਸਭਿਆਚਾਰ ਨੂੰ ਘੱਟ-ਗਿਣਤੀ ਕੌਮਾਂ ਉਤੇ ਜਬਰੀ ਥੋਪਿਆ, ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਅਤੇ ਸਿੱਖ ਧਰਮ ਦੇ ਸਿਧਾਂਤਾਂ ਦਾ ਲਗਾਤਾਰ ਅਪਮਾਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਕਨਵੈਨਸ਼ਨ ਵਿਚ ਮੌਜੂਦਾ ਸੰਵਿਧਾਨ ਤਹਿਤ ਹੁਕਮਰਾਨਾਂ ਵਲੋਂ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਤੋਂ ਇਨਕਾਰ ਕਰਨਾ, ਭਾਰਤੀ ਪ੍ਰਬੰਧ ਹੇਠ ਹੁੰਦੀਆਂ ਚੋਣਾਂ ਦੇ ਢੁਕਵੇਂ ਨਤੀਜਿਆਂ ਦਾ ਨਾ ਨਿਕਲਣਾ, ਪਾਣੀਆਂ ਦੀ ਲਗਾਤਾਰ ਲੁੱਟ ਅਤੇ ਪੰਜਾਬ ਦੇ ਮੂਲ ਮਸਲਿਆਂ ਨੂੰ ਹੱਲ ਕਰਨ ਤੋਂ ਇਨਕਾਰੀ ਹੋਣ ਬਾਰੇ ਜਾਗਰੂਕ ਕੀਤਾ ਜਾਵੇਗਾ।
ਦਲ ਖਾਲਸਾ ਆਗੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਹਾਲ ਹੀ ਵਿਚ ਸੁਣਾਏ ਗਏ ਫੈਂਸਲੇ ਜਿਵੇਂ ”ਅਖੌਤੀ ਰਾਸ਼ਟਰੀ ਗੀਤ” ਨੂੰ ਲੋਕਾਂ ‘ਤੇ ਥੋਪਣਾ ਅਤੇ ਰਾਜਨੀਤੀ ਨੂੰ ਧਰਮ ਨਾਲੋਂ ਅੱਡ ਕਰਨਾ ਉਤੇ ਵੀ ਇਸ ਕਨਵੈਨਸ਼ਨ ਵਿਚ ਵਿਚਾਰ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ਬਾਰ-ਬਾਰ ਚੋਣਾਂ ਲੜ੍ਹਨ ਦੇ ਬਾਵਜੂਦ ਉਹ ਮਸਲੇ ਅੱਜ ਵੀ ਉਵੇਂ ਹੀ ਅਣਸੁਲਝੇ ਖੜ੍ਹੇ ਹਨ ਜਿਨ੍ਹਾਂ ਕਰਕੇ ਬੀਤੇ ਸਮੇਂ ਦੌਰਾਨ ਪੰਜਾਬ ਵਿਚ ਬੇਅੰਤ ਲਹੂ ਡੁਲਿਆ, ਸਿੱਖਾਂ ਦੀ ਵੱਖਰੀ ਪਛਾਣ ‘ਤੇ ਅੱਜ ਵੀ ਅਦਾਲਤਾਂ ਅਤੇ ਰਾਜਨੀਤਿਕ ਆਗੂਆਂ ਵਲੋਂ ਸਵਾਲੀਆ ਚਿੰਨ੍ਹ ਲਾਇਆ ਜਾਂਦਾ ਹੈ ਅਤੇ ਅਜਿਹੇ ਫੈਸਲੇ ਸੁਣਾਏ ਜਾਂਦੇ ਹਨ ਜੋ ਸਿੱਖ ਸਿਧਾਂਤਾਂ ਦੇ ਵਿਰੋਧ ਵਿੱਚ ਹੁੰਦੇ ਹਨ।
ਉਨ੍ਹਾਂ ਦਾ ਵਿਚਾਰ ਸੀ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਚੰਗੀ ਗਿਣਤੀ ਵਿਚ ਸਿੱਖ ਅਤੇ ਪੰਜਾਬੀ ਚੋਣਾਂ ‘ਚ ਹਿੱਸਾ ਲੈਂਦੇ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਆਉਣ ਵਾਲੀਆਂ ਚੋਣਾਂ ਨੂੰ ਨਵੀਂ ਰਾਜਨੀਤਿਕ ਪਾਰਟੀਆਂ ਅਤੇ ਸ਼ਖਸੀਅਤਾਂ ਦੇ ਉਭਾਰ ਵਜੋਂ ਦੇਖਿਆ ਜਾ ਰਿਹਾ ਹੈ। ਇਸ ਵਿਚ ਵੀ ਸ਼ੱਕ ਨਹੀਂ ਕਿ ਬਹੁਗਿਣਤੀ ਲੋਕ ਨਵੀਂ ਪਾਰਟੀ ਤੋਂ ਪ੍ਰਭਾਵਿਤ ਹਨ ਅਤੇ ਇਸ ਦੇ ਨਾਲ-ਨਾਲ ਇਹ ਵੀ ਸੱਚ ਹੈ ਕਿ ਲੋਕਾਂ ਦੀ ਯਾਦਸ਼ਕਤੀ ਬਹੁਤ ਛੋਟੀ ਹੁੰਦੀ ਹੈ, ਤੇ ਉਹ ਦੂਰਅੰਦੇਸ਼ੀ ਪ੍ਰਭਾਵਾਂ ਬਾਰੇ ਨਹੀਂ ਸੋਚ ਸਕਦੇ।
ਉਹਨਾਂ ਦਲ ਖਾਲਸਾ ਦੇ ਰੋਲ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਕੌਮੀ-ਚੇਤਨਤਾ ਦੀ ਪਹਿਰੇਦਾਰ ਹੈ, ਭਾਵੇਂ ਕਿ ਅੱਜ ਗਿਣਤੀ ਪੱਖੋਂ ਘੱਟ ਹੈਂ, ਪਰ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਨੂੰ ਇਹ ਗੱਲ ਪੂਰੀ ਤਰ੍ਹਾਂ ਸਾਫ ਹੈ ਕਿ ਹਰ ਚੋਣ ਤੋਂ ਬਾਅਦ ਆਗੂ ਅਤੇ ਚਿਹਰੇ ਹੀ ਬਦਲਦੇ ਹਨ, ਪੰਥ ਅਤੇ ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਮਸਲੇ ਉਵੇਂ ਹੀ ਅਣਸੁਲਝੇ ਖੜ੍ਹੇ ਰਹਿੰਦੇ ਹਨ।
ਇਸ ਮੌਕੇ ਦਲ ਖਾਲਸਾ ਦੇ ਸੀਨੀਅਰ ਆਗੂ ਬਲਦੇਵ ਸਿੰਘ ਸਿਰਸਾ, ਕੁਲਵੰਤ ਸਿੰਘ ਫੇਰੂਮਾਨ, ਕੁਲਦੀਪ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਟਾਂਡਾ ਅਤੇ ਬੁਲਾਰੇ ਪਰਮਜੀਤ ਸਿੰਘ ਮੰਡ ਵੀ ਹਾਜ਼ਿਰ ਸਨ.