ਰਿਫਰੈਂਡਮ 2020 ਨੂੰ ਲੈ ਕੇ ਵਿਗੜੀ ਸੰਵਾਰਨ ਲੱਗੀ ਆਮ ਆਦਮੀ ਪਾਰਟੀ

ਰਿਫਰੈਂਡਮ 2020 ਨੂੰ ਲੈ ਕੇ ਵਿਗੜੀ ਸੰਵਾਰਨ ਲੱਗੀ ਆਮ ਆਦਮੀ ਪਾਰਟੀ

ਪਟਿਆਲਾ/ਬਿਊਰੋ ਨਿਊਜ਼ :
ਰਿਫਰੈਂਡਮ 2020 ਨੂੰ ਲੈ ਕੇ ਆਮ ਆਦਮੀ ਪਾਰਟੀ ‘ਚ ਆਏ ਭੂਚਾਲ ਨੂੰ ਠੱਲ੍ਹਣ ਲਈ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਤਾਂ ਮੀਡੀਆ ਦੇ ਇਕ ਹਿੱਸੇ ਵਿਚ ਆਈਆਂ ਖ਼ਬਰਾਂ ਕਰਕੇ ਹੀ ਬਿਆਨ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸਲ ‘ਚ ਦੇਖਿਆ ਜਾਵੇ ਤਾਂ ਕੇਂਦਰ ਦੀਆਂ ਸਰਕਾਰਾਂ ਵੱਲੋਂ ਪੰਜਾਬ ਨਾਲ ਸ਼ੁਰੂ ਤੋਂ ਹੀ ਧੋਖਾ ਕੀਤਾ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ‘ਤੇ ਦੋਸ਼ ਲਗਾਏ ਕਿ ਜਦੋਂ ਉਨ੍ਹਾਂ ਦੇ ਵਿਵਾਦਤ ਬਿਆਨ ਦੀਆਂ ਖ਼ਬਰਾਂ ਮੀਡੀਆ ਵਿਚ ਆਈਆਂ ਤਾਂ ਉਨ੍ਹਾਂ ਲਗਾਤਾਰ ਪੰਜ ਵਾਰ ਸ੍ਰੀ ਖਹਿਰਾ ਨੂੰ ਫ਼ੋਨ ਕੀਤਾ ਸੀ ਪਰ ਹਰ ਵਾਰ ਫ਼ੋਨ ਉਨ੍ਹਾਂ ਦੇ ਪੀਏ ਨੇ ਚੁੱਕਿਆ। ਉਨ੍ਹਾਂ ਦੇ ਪੀਏ ਨੇ ਕਿਹਾ ਕਿ ਸ੍ਰੀ ਖਹਿਰਾ ਉਨ੍ਹਾਂ ਨੂੰ ਬੈਕ ਕਾਲ ਕਰਨਗੇ ਪਰ ਉਨ੍ਹਾਂ ਦੀ ਕਾਲ ਲੰਬੀ ਉਡੀਕ ਤੋਂ ਬਾਅਦ ਵੀ ਨਹੀਂ ਆਈ। ਇਸ ਕਰਕੇ ਪਾਰਟੀ ਦਾ ਪੱਖ ਰੱਖਣ ਲਈ ਉਨ੍ਹਾਂ ਬਿਆਨ ਜਾਰੀ ਕੀਤਾ।
ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਲੰਬੇ ਸਮੇਂ ਤੋਂ ਪੰਜਾਬ ਨਾਲ ਕੇਂਦਰ ਦੀਆਂ ਸਰਕਾਰਾਂ ਵੱਲੋਂ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਕੀਤੀ ਜਾ ਰਹੀ ਹੈ, ਰਿਪੇਰੀਅਨ ਲਾਅ ਨੂੰ ਨਜ਼ਰਅੰਦਾਜ਼ ਕਰਕੇ ਰਾਜਸਥਾਨ ਵਰਗੇ ਸੂਬੇ ਨੂੰ ਆਜ਼ਾਦੀ ਤੋਂ ਬਾਅਦ ਲਗਾਤਾਰ ਪਾਣੀ ਮੁਫ਼ਤ ਦਿੱਤਾ ਜਾ ਰਿਹਾ ਹੈ, ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਗਏ, ਅਜੇ ਤੱਕ ਵੀ ਪੰਜਾਬ ਨੂੰ ਚੰਡੀਗੜ੍ਹ ਮਿਲਣ ਦੀ ਆਸ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਦੀਆਂ ਸਰਕਾਰਾਂ ਨੇ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ, ਚੰਡੀਗੜ੍ਹ ਦੇ ਮੁੱਦੇ ‘ਤੇ ਸਿਆਸਤ ਕਰਕੇ ਸਿਰਫ਼ ਵੋਟਾਂ ਦੀ ਰਾਜਨੀਤੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਖ਼ਤਮ ਕਰਦੀ ਰਹੀ ਹੈ।
ਇੱਥੇ ਲੋਕ ਇਨਸਾਫ਼ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਨੇ ਕਿਹਾ ਕਿ ਉਹ ਸੁਖਪਾਲ ਖਹਿਰਾ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਰਿਫਰੈਂਡਮ 2020 ਦੇ ਪੱਖ ਵਿੱਚ ਕੋਈ ਬਿਆਨ ਨਹੀਂ ਦਿੱਤਾ ਸਗੋਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ।