ਮਿਸ਼ਨ-2019 : ਮੋਦੀ ਦਾ ਰਥ ਰੋਕਣ ਲਈ ਜੁੜਨ ਲੱਗੇ ਸਿਆਸਤ ਦੇ ਸਾਰਥੀ

ਮਿਸ਼ਨ-2019 : ਮੋਦੀ ਦਾ ਰਥ ਰੋਕਣ ਲਈ ਜੁੜਨ ਲੱਗੇ ਸਿਆਸਤ ਦੇ ਸਾਰਥੀ

ਕੈਪਸ਼ਨ : ਨਵੀਂ ਦਿੱਲੀ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਦੇ ਹੋਏ।

ਨਵੀਂ ਦਿੱਲੀ/ਬਿਊਰੋ ਨਿਊਜ਼ :

ਕਾਂਗਰਸ ਦੇ ਕੁੱਲ ਹਿੰਦ ਪ੍ਰਧਾਨ ਰਾਹੁਲ ਗਾਂਧੀ ਅਤੇ ਤੇਲਗੂ ਦੇਸ਼ਮ ਪਾਰਟੀ ਮੁਖੀ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਭਾਰਤ ਵਿਚ ਆਗਾਮੀ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਸਿਆਸੀ ਪੇਸ਼ਬੰਦੀਆਂ ਦੇ ਰਾਹ ਪੈ ਗਏ ਹਨ। ਉਨ੍ਹਾਂ ਦੋਵਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਭਾਜਪਾ ਨੂੰ ਹਰਾਉਣ ਲਈ ਮਿਲ ਕੇ ਕੰਮ ਕਰਨਗੀਆਂ। ਐਨ ਚੰਦਰਬਾਬੂ ਨਾਇਡੂ ਨੇ ਰਾਹੁਲ ਗਾਂਧੀ ਨਾਲ ਇਥੇ ਮੁਲਾਕਾਤ ਕਰਨ ਤੋਂ ਬਾਅਦ ਦੋਵੇਂ ਆਗੂਆਂ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ।
ਸ੍ਰੀ ਨਾਇਡੂ ਦੀ ਹਾਜ਼ਰੀ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਵਿਰੋਧੀ ਸਾਰੀਆਂ ਪਾਰਟੀਆਂ ਲੋਕਤੰਤਰੀ ਅਦਾਰਿਆਂ ‘ਤੇ ਹਮਲਿਆਂ ਨੂੰ ਰੋਕਣਾ ਯਕੀਨੀ ਬਣਾਉਣਗੀਆਂ ਅਤੇ  ਆਉਣ ਵਾਲੇ ਦਿਨਾਂ ਵਿਚ ਬੇਰੁਜ਼ਗਾਰੀ ਅਤੇ ਰਾਫ਼ਾਲ ਜੈੱਟ ਸੌਦੇ ‘ਚ ਭ੍ਰਿਸ਼ਟਾਚਾਰ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਉਠਾ ਕੇ ਸਰਕਾਰ ਦਾ ਪਰਦਾਫ਼ਾਸ਼ ਕਰਨਗੀਆਂ। ਕਾਂਗਰਸ ਪ੍ਰਧਾਨ ਨੇ ਕਿਹਾ,ਕਿ ”ਇਹ ਸਪੱਸ਼ਟ ਹੈ ਕਿ ਭ੍ਰਿਸ਼ਟਾਚਾਰ ਹੋ ਰਿਹਾ ਹੈ। ਜਿਹੜੇ ਅਦਾਰੇ ਜਾਂਚ ਕਰ ਰਹੇ ਹਨ, ਉਨ੍ਹਾਂ ‘ਤੇ ਹਮਲੇ ਹੋ ਰਹੇ ਹਨ। ਭ੍ਰਿਸ਼ਟਾਚਾਰ ਦਾ ਪੈਸਾ ਕਿਥੇ ਗਿਆ ਅਤੇ ਕਿਸ ਨੇ ਇਹ ਕਾਰਾ ਕੀਤਾ, ਲੋਕ ਸਭ ਕੁਝ ਜਾਣਨਾ ਚਾਹੁੰਦੇ ਹਨ।”
ਇਸ ਮੌਕੇ ਸ੍ਰੀ ਨਾਇਡੂ ਨੇ ਕਿਹਾ ਕਿ ਉਹ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਲਈ ਸਾਰਿਆਂ ਨਾਲ ਵਿਚਾਰਾਂ ਕਰ ਰਹੇ ਹਨ। ਉਨ੍ਹਾਂ ਕਿਹਾ,ਕਿ ”ਅਸੀਂ ਸਾਂਝੇ ਮੰਚ ‘ਤੇ ਮਿਲਾਂਗੇ ਅਤੇ ਰਣਨੀਤੀ ਬਣਾਵਾਂਗੇ।” ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ,”ਸਾਨੂੰ ਰਾਸ਼ਟਰ ਦੀ ਫਿਕਰ ਹੈ।”
ਨਾਇਡੂ ਅਤੇ ਰਾਹੁਲ ਦਰਮਿਆਨ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਤਿਲੰਗਾਨਾ ‘ਚ 7 ਦਸੰਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਦੋਵੇਂ ਪਾਰਟੀਆਂ ਦਰਮਿਆਨ ਸੀਟਾਂ ਦੀ ਵੰਡ ਬਾਰੇ ਗੱਲਬਾਤ ਚੱਲ ਰਹੀ ਹੈ।
ਉਧਰ ਐਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਵੀ ਕਿਹਾ ਕਿ ਸਰਕਾਰ ਨਾਲ ਟਾਕਰੇ ਲਈ ਗ਼ੈਰ-ਭਾਜਪਾਈ ਪਾਰਟੀਆਂ ਘੱਟੋ ਘੱਟ ਸਾਂਝਾ ਪ੍ਰੋਗਰਾਮ ਤਿਆਰ ਕਰਨਗੀਆਂ। ਉਨ੍ਹਾਂ ਸੀਬੀਆਈ ਅਤੇ ਆਰਬੀਆਈ ਵਰਗੇ ਅਦਾਰਿਆਂ ‘ਤੇ ਹਮਲਿਆਂ ਉਪਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਟੀਡੀਪੀ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਕਾਂਗਰਸ ਸਮੇਤ ਹੋਰ ਗ਼ੈਰ-ਭਾਜਪਾਈ ਪਾਰਟੀਆਂ ਨਾਲ ਗੱਲਬਾਤ ਕਰਨਗੇ। ਬਾਅਦ ‘ਚ ਸਾਰਿਆਂ ਦੀ ਕੌਮੀ ਰਾਜਧਾਨੀ ‘ਚ ਬੈਠਕ ਸੱਦੀ ਜਾਵੇਗੀ।