ਆਰਐਸਐਸ ਦੀ ਨਵੀਂ ਸਿਆਸਤ ਤੇ 2019 ਦੀਆਂ ਚੋਣਾਂ

ਆਰਐਸਐਸ ਦੀ ਨਵੀਂ ਸਿਆਸਤ ਤੇ 2019 ਦੀਆਂ ਚੋਣਾਂ

* ਮੋਹਨ ਭਾਗਵਤ ਦੀ ਮੁਸਲਮਾਨਾਂ ਪ੍ਰਤੀ ਹਮਦਰਦੀ ਇਕ ਨਵਾਂ ਡਰਾਮਾ

* ਨਿਰਪੱਖ ਹਿੰਦੂਆਂ ਵਲੋਂ ਵਿਰੋਧ, ਖੱਬੇ ਪੱਖੀਆਂ, ਦਲਿਤਾਂ ਤੇ ਘੱਟ ਗਿਣਤੀਆਂ ਦਾ ਗੱਠਜੋੜ ਭਾਜਪਾ ਤੇ ਆਰਐਸਐਸ ਚੈਲਿੰਜ ਬਣਿਆ

* ਜੇਐਨਯੂ ‘ਚ ਆਰਐਸਐਸ ਨੂੰ ਪ੍ਰਨਾਈ ਵਿਦਿਆਰਥੀ ਜਥੇਬੰਦੀ ਏਬੀਵੀਪੀ ਸਰਕਾਰੀ ਮਦਦ ਦੇ ਬਾਵਜੂਦ ਖੱਬੇ ਪੱਖੀਆਂ ਤੋਂ ਬੁਰੀ ਤਰ੍ਹਾਂ ਹਾਰੀ

ਵਿਸ਼ੇਸ਼ ਰਿਪੋਰਟ
ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਤਿੰਨ ਦਿਨਾ ਪ੍ਰੋਗਰਾਮ ਵਿਚ ਆਰਐਸਐਸ ਦੇ ਸਰਸੰਘ ਚਾਲਕ ਮੋਹਨ ਭਾਗਵਤ ਨੇ ਬਹੁਤ ਕੁਝ ਅਜਿਹਾ ਕਿਹਾ ਜਿਸ ਤੋਂ ਇਹ ਜਾਪਦਾ ਹੈ ਕਿ ਸੰਘ ਵਿਚ ਤਬਦੀਲੀ ਆ ਰਹੀ ਹੈ। ਉਹ ਆਪਣੀਆਂ ਪਰੰਪਰਿਕ ਮੂਲ ਧਾਰਨਾਵਾਂ ਵਿਚ ਪਰਿਵਰਤਨ ਕਰ ਰਿਹਾ ਹੈ। ਉਹ ਹੁਣ ਉਹ ਨਹੀਂ ਰਿਹਾ, ਜਿਸ ਨੂੰ ਲੈ ਕੇ ਇਹ ਕਿਹਾ ਜਾਂਦਾ ਹੈ ਕਿ ਸੰਘ ਇਕ ਕੱਟੜ ਫਿਰਕਾਪ੍ਰਸਤ ਜਥੇਬੰਦੀ ਹੈ। ਉਹ ਮੁਸਲਮਾਨਾਂ, ਇਸਾਈਆਂ, ਘੱਟ ਗਿਣਤੀਆਂ, ਮੂਲਨਿਵਾਸੀਆਂ ਤੇ ਖੱਬੇ ਪੱਖੀਆਂ ਨਾਲ ਨਫ਼ਰਤ ਨਹੀਂ ਕਰਦੀ। ਉਹ ਹੁਣ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ।
ਸੁਆਲ ਇਹ ਹੈ ਕਿ ਮੋਹਨ ਭਾਗਵਤ ਜੀ ਨੂੰ ਇਹ ਸਭ ਕੁਝ ਕਹਿਣ ਦੀ ਲੋੜ ਕਿਉਂ ਪਈ। ਸੰਘ ਦੀਆਂ ਧਾਰਨਾਵਾਂ ਉੱਤੇ ਸਾਨੂੰ ਵਿਸ਼ਵਾਸ ਕਿਉਂ ਨਹੀਂ ਹੋ ਰਿਹਾ। ਅਸਲ ਵਿਚ ਆਰਐਸਐਸ ਦਾ ਆਧਾਰ ਹਿੰਦੂ ਰਾਸ਼ਟਰਵਾਦ ਹੈ। ਇਹ ਅੱਜ ਦਾ ਨਹੀਂ, ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਦਾ ਹੈ। ਹਿੰਦੂ ਮਹਾਂਸਭਾ ਦੇ ਸੁਪਰੀਮੋ ਮੁੰਜੇ, ਆਰਐਸਐਸ ਦੇ ਸਰਸੰਘ ਚਾਲਕ ਸਾਵਰਕਰ, ਗੁਰੂ ਗੋਲਵਲਕਰ   ਇਹੋ ਕੁਝ ਕਹਿੰਦੇ ਰਹੇ ਹਨ। ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਵਿਚਾਰਧਾਰਾ ਤੇ ਨੀਤੀਆਂ ਵਿਚ ਤਬਦੀਲੀ ਸਿਆਸਤਦਾਨ ਕਦੇ ਵੀ ਨਹੀਂ ਕਰਦੇ। ਇਹ ਇਕ ਤਰ੍ਹਾਂ ਦੀ ਪੈਂਤੜੇਬਾਜ਼ੀ ਹੁੰਦੀ ਹੈ।
ਇਤਿਹਾਸ ਗਵਾਹ ਹੈ ਕਿ ਸੰਨ 1939 ਵਿਚ ਹਿਟਲਰ ਤੇ ਸਟਾਲਿਨ ਨੇ ਇਕ ਦੂਸਰੇ ਨਾਲ ਸੰÎਧੀ ਕੀਤੀ ਸੀ ਤੇ ਦੋਹਾਂ ਨੇ ਸਮਝੌਤਾ ਕੀਤਾ ਸੀ ਕਿ ਉਹ ਇਕ ਦੂਜੇ ਉਪਰ ਹਮਲਾ ਨਹੀਂ ਕਰਨਗੇ। ਪਰ ਦੋਵੇਂ ਇਕ ਦੂਸਰੇ ਦੇ ਕੱਟੜ ਵਿਰੋਧੀ ਸਨ। ਬਾਅਦ ਵਿਚ ਹਿਟਲਰ ਨੇ ਸੋਵੀਅਨ ਸੰਘ ਉਤੇ ਹਮਲਾ ਕੀਤਾ। ਸਟਾਲਨ ਦੀ ਫੌਜ ਦੀ ਤਬਾਹੀ ਕਰਦੇ ਹੋਏ ਮਾਸਕੋ ਦੀ ਸੀਮਾ ਤੱਕ ਹਿਟਲਰ ਪਹੁੰਚ ਗਿਆ  ਪਰ ਬਰਫਬਾਰੀ ਕਾਰਨ ਉਸ ਨੂੰ ਬਾਅਦ ਵਿਚ ਹਾਰ ਮੰਨਣੀ ਪਈ। ਸਰਸੰਘ ਚਾਲਕ ਭਾਗਵਤ ਦਾ ਪੈਂਤੜਾ ਹਿਟਲਰ ਤੋਂ ਵੱਖਰਾ ਨਹੀਂ ਜਾਪਦਾ।
ਸੰਘ ਪਰਿਵਾਰ ਮੁਸਲਮਾਨਾਂ ਪ੍ਰਤੀ ਹਮਦਰਦੀ ਦਿਖਾਉਣ ਲੱਗ ਜਾਵੇ ਤਾਂ ਹਰੇਕ ਦੇ ਮਨ ਵਿਚ ਸ਼ੱਕ ਹੋਵੇਗਾ ਕਿ ਇਕਦਮ ਮੁਸਲਮਾਨਾਂ ਨਾਲ ਨਫ਼ਰਤ ਕਰਨ ਵਾਲਾ ਸੰਘ ਪਰਿਵਾਰ ਕਿੰਝ ਬਦਲ ਗਿਆ? ਰਾਜਨੀਤਕ ਮਾਹਿਰ ਇਸ ਗੱਲ ਨੂੰ ਪ੍ਰਵਾਨ ਕਰਦੇ ਹਨ ਕਿ ਆਰਐਸਐਸ ਵਿਚ ਆਈ ਤਬਦੀਲੀ ਦਾ ਕਾਰਨ ਸੰਨ 2019 ਦੀਆਂ ਚੋਣਾਂ ਹਨ। ਅੱਜ ਦੀ ਤਰੀਕ ਵਿਚ ਮੋਦੀ ਤੇ ਭਾਜਪਾ ਦਾ ਅਕਸ ਡਿੱਗ ਰਿਹਾ ਹੈ ਤੇ ਭੀੜਾਂ ਦੀ ਹਿੰਸਾ ਉਨ੍ਹਾਂ ਦੇ ਲੋਕ ਆਧਾਰ ਨੂੰ ਖੋਰਾ ਲਗਾ ਰਹੀ ਹੈ। ਮੋਦੀ ਅੱਜ ਪਹਿਲਾਂ ਦੀ ਤਰ੍ਹਾਂ ਲੋਕਨਾਇਕ ਵਜੋਂ ਨਹੀਂ ਜਾਣੇ ਜਾਂਦੇ ਜਿਵੇਂ ਉਹ ਸੰਨ 2014 ਦੀਆਂ ਚੋਣਾਂ ਦੌਰਾਨ ਉਭਰੇ ਸਨ ਤੇ ਹੁਣ ਉਹ ਬਿਲਕੁਲ ਕਮਜ਼ੋਰ ਦਿਖਾਈ ਦੇ ਰਹੇ ਹਨ।
ਪਿਛਲੇ ਸਵਾ ਚਾਰ ਸਾਲਾਂ ਵਿਚ ਮੁਸਲਮਾਨਾਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਹੋਇਆ ਹੈ, ਉਹ ਗੁਲਾਮਾਂ ਵਾਲਾ ਵਿਹਾਰ ਸੀ। ਸੰਘ ਨੂੰ ਤੇ ਮੋਦੀ ਨੂੰ ਮੁਸਲਮਾਨਾਂ ਦੀ ਚਿੰਤਾ ਨਹੀਂ। ਹਿੰਦੂਆਂ ਦਾ ਇਕ ਵੱਡਾ ਹਿੱਸਾ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧੀ ਹੈ, ਜੋ ਭੀੜਾਂ ਦੀ ਹਿੰਸਾ ਨੂੰ ਕੰਟਰੋਲ ਨਹੀਂ ਕਰ ਸਕੇ, ਉਹ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲਿਆਂ ਤੋਂ ਬਹੁਤ ਨਰਾਜ਼ ਹੈ। ਇਹ ਨਰਾਜ਼ਗੀ ਮੋਦੀ ਸਰਕਾਰ ਨੂੰ ਮਹਿੰਗੀ ਪੈ ਸਕਦੀ ਹੈ। ਇਹੀ ਕਾਰਨ ਹੈ ਕਿ ਭਾਗਵਤ ਆਪਣੇ ਭਾਸ਼ਣ ਰਾਹੀਂ ਹਿੰਦੂਆਂ ਦੇ ਇਸ ਵੱਡੇ ਗਰੁੱਪ ਨੂੰ ਇਹ ਸੁਨੇਹਾ ਦੇ ਰਹੇ ਹਨ ਕਿ ਜੋ ਪਿੱਛੇ ਵਾਪਰ ਗਿਆ, ਉਹ ਹੁਣ ਨਹੀਂ ਵਾਪਰੇਗਾ। ਅਸਲ ਵਿਚ ਇਹ  ਇਕ ਚੋਣਾਵੀ ਰਾਜਨੀਤੀ ਹੈ। ਸੰਘ ਵੀ ਜਾਣਦਾ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਜੋ ਰਾਜਨੀਤਕ ਲਾਭ ਮਿਲਿਆ, ਉਹ ਹੁਣ ਮਿੱਟੀ ਵਿਚ ਮਿਲ ਸਕਦਾ ਹੈ। ਇਸ ਲਈ ਉਨ੍ਹਾਂ ਨੇ ਆਪਣਾ ਪੈਂਤੜਾ ਬਦਲ ਲਿਆ ਹੈ।
ਭਾਗਵਤ ਨੇ ਕਿਹਾ ਕਿ ਹਿੰਦੂਇਜ਼ਮ ਗਲਤ ਸ਼ਬਦ ਹੈ। ਸੱਚ ਦੀ ਲਗਾਤਾਰ ਖੋਜ ਦਾ ਨਾਮ ਹਿੰਦੂਤਵ ਹੈ। ਹਿੰਦੂਤਵ ਹੀ ਹੈ ਜੋ ਸਾਰਿਆਂ ਨਾਲ ਤਾਲਮੇਲ ਦਾ ਆਧਾਰ ਹੋ ਸਕਦਾ ਹੈ। ਭਾਰਤ ਵਿਚ ਰਹਿਣ ਵਾਲੇ ਲੋਕ ਹਿੰਦੂ ਹੀ ਹਨ। ਸੰਘ ਮੁਖੀ ਦਾ ਕਹਿਣਾ ਸੀ ਕਿ ਗਊ ਰੱਖਿਆ ਨਾਲ ਜੁੜੇ ਲੋਕਾਂ ਨੂੰ ਮੌਬ ਲਿੰਚਿੰਗ ਨਾਲ ਜੋੜਨਾ ਠੀਕ ਨਹੀਂ। ਕਿਸੇ ਪੱਖ ‘ਤੇ ਹਿੰਸਾ ਕਰਨਾ ਅਪਰਾਧ ਹੈ ਤੇ ਉਸ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰੰਤੂ ਗਾਂ ਰਵਾਇਤੀ ਸ਼ਰਧਾ ਦਾ ਵਿਸ਼ਾ ਹੈ। ਭਾਗਵਤ ਨੇ ਇਹ ਵੀ ਕਿਹਾ ਕਿ ਇਹ ਮੁਸਲਮਾਨਾਂ ਵਿਰੁਧ ਨਫ਼ਰਤ ਫੈਲਾਉਣਾ ਹਿੰਦੂਤਵ ਨਹੀਂ ਹੈ।
ਆਰਐਸਐਸ ਦੇ ਫਿਲਾਸਫਰ ਤੇ ਸਰਸੰਘ ਚਾਲਕ ਸਵਰਗਵਾਸੀ ਐਮਐਸ ਗੋਲਵਲਕਰ ਆਪਣੀ ਪੁਸਤਕ ‘ਵੀ ਆਰ ਨੇਸ਼ਨ ਹੁੱਡ ਡਿਫਾਈਡ’ ਵਿਚ ਲਿਖਦੇ ਹਨ ਕਿ ਹਿੰਦੂ ਰਾਸ਼ਟਰ ਅਜੇ ਜੇਤੂ ਨਹੀਂ ਹੋਇਆ, ਲੜਾਈ ਜਾਰੀ ਹੈ।  ਉਹ ਅਸ਼ੁੱਭ ਦਿਨ, ਜਦ ਮੁਸਲਮਾਨਾਂ ਨੇ ਹਿੰਦੋਸਤਾਨ ਦੀ ਜ਼ਮੀਨ ‘ਤੇ ਆਪਣੇ ਪੈਰ ਧਰੇ, ਤਦ ਤੋਂ ਹੁਣ ਤੱਕ ਇਨ੍ਹਾਂ ਨੂੰ ਲਤਾੜਨ ਦੇ ਲਈ ਹਿੰਦੂ ਰਾਸ਼ਟਰ ਬਹਾਦਰੀ ਨਾਲ ਲੜ ਰਿਹਾ ਹੈ। ਜੰਗ ਵਿਚ ਕਦੀ ਪੱਲੜਾ ਇਸ ਪਾਸੇ ਝੁਕਦਾ ਹੈ ਤੇ ਕਦੀ ਉਸ ਪਾਸੇ, ਪਰ ਜੰਗ ਜਾਰੀ ਹੈ ਤੇ ਇਸ ਦਾ ਨਤੀਜਾ ਅਜੇ ਠੀਕ ਨਹੀਂ ਨਿਕਲਿਆ।
ਭਾਗਵਤ ਨੂੰ  ਸਪੱਸ਼ਟ ਕਰਨਾ ਪਵੇਗਾ ਕਿ ਉਹ ਹੁਣ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ? ਕੀ ਭਾਗਵਤ ਹੁਣ ਗੁਰੂ ਗੋਲਵਲਕਰ ਦੇ ਵਿਚਾਰ ਨੂੰ ਰੱਦ ਕਰ ਦੇਣਗੇ? ਗੋਲਵਲਕਰ ਨੇ ਆਪਣੀ ਪੁਸਤਕ ‘ਬੰਚ ਆਫ ਥਾਟ’ ਵਿਚ ਇਹ ਕਿਹਾ ਹੈ ਕਿ ਮੁਸਲਮਾਨ ਇਸ ਦੇਸ਼ ਦੇ ਦੁਸ਼ਮਣ ਹਨ, ਇਨ੍ਹਾਂ ਦੇ ਤਾਰ ਪਾਕਿ ਨਾਲ ਜੁੜੇ ਰਹਿੰਦੇ ਹਨ, ਉਹ ਕਈ ਹੋਰ ਪਾਕਿਸਤਾਨ ਬਣਾਉਣ ਵਿਚ ਜੁਟੇ ਹੋਏ ਹਨ। ਉਹ ਲਿਖਦੇ ਹਨ,”ਇਹ ਸੋਚਣਾ ਆਤਮਘਾਤੀ ਹੋਵੇਗਾ ਕਿ ਪਾਕਿਸਤਾਨ ਬਣਨ ਦੇ ਬਾਅਦ ਉਹ ਰਾਤੋ ਰਾਤ ਦੇਸ਼ਭਗਤ ਹੋ ਗਏ ਹਨ। ਇਸ ਦੇ ਉਲਟ ਪਾਕਿਸਤਾਨ ਬਣਾਉਣ ਤੋਂ ਬਾਅਦ ਮੁਸਲਮ ਖਤਰਾ ਸੈਂਕੜੇ ਗੁਣਾਂ ਵਧ ਗਿਆ ਹੈ।”
ਪਿਛਲੇ ਸਵਾ ਚਾਰ ਸਾਲਾਂ ਵਿਚ ਸਾਜ਼ਿਸੀ ਢੰਗ ਨਾਲ ਮੁਸਲਮਾਨਾਂ ਨੂੰ ਹਰ ਢੰਗ ਨਾਲ ਦੇਸ਼ਧ੍ਰੋਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਦੀ ਕਸ਼ਮੀਰ ਦੇ ਬਹਾਨੇ, ਕਦੀ ਪਾਕਿਸਤਾਨ ਦੀ ਆੜ ਵਿਚ ਤੇ ਕਦੀ ਜੇਐਨਯੂ ਨੂੰ ਸਾਹਮਣੇ ਰੱਖ ਕੇ। ਭਾਗਵਤ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਗੁਰੂ ਗੋਲਵਲਕਰ ਦਾ ਵਿਚਾਰ ਰੱਦ ਕਰ ਦਿੱਤਾ ਹੈ ਜਾਂ ਨਹੀਂ? ਗੋਲਵਲਕਰ ਇਹ ਕਹਿੰਦੇ ਹਨ ਕਿ ਮੁਸਲਮਾਨਾਂ ਲਈ ਇਸ ਦੇਸ਼ ਵਿਚ ਜਗ੍ਹਾ ਨਹੀਂ ਹੋ ਸਕਦੀ। ਜੇਕਰ ਉਨ੍ਹਾਂ ਨੇ ਇਸ ਦੇਸ਼ ਵਿਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਦੂਸਰੇ ਦਰਜੇ ਦਾ ਨਾਗਰਿਕ ਬਣ ਕੇ ਰਹਿਣਾ ਹੋਵੇਗਾ।  ਉਨ੍ਹਾਂ ਨੂੰ ਹਿੰਦੂ ਰਹਿਮੋ-ਕਰਮ ‘ਤੇ ਰਹਿਣਾ ਹੋਵੇਗਾ ਤੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਦੇਸ਼ ਛੱਡ ਕੇ ਜਾਣਾ ਹੋਵੇਗਾ। ਸੁਆਲ ਇਹ ਹੈ ਕਿ ਭਾਗਵਤ ਜੀ ਮੁਸਲਮਾਨਾਂ ਨੂੰ ਇਸ ਦੇਸ਼ ਦਾ ਨਾਗਰਿਕ ਮੰਨਣ ਲਈ ਤਿਆਰ ਹੋ ਗਏ ਹਨ?
ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਰਐਸਐਸ ਦਾ ਇਹ ਨੀਤੀ ਵਾਲਾ ਬਿਆਨ ਹੈ, ਤਾਂ ਜੋ ਉਹ ਭਾਜਪਾ ਨੂੰ ਸੱਤਾ ਵੱਲ ਲਿਆ ਸਕੇ, ਕਿਉਂਕਿ ਮੁਸਲਮਾਨਾਂ ਤੇ ਘੱਟ ਗਿਣਤੀਆਂ ਪ੍ਰਤੀ ਨਫ਼ਰਤ, ਦਲਿਤਾਂ ‘ਤੇ ਹਮਲੇ, ਹਿੰਦੂ ਕੇਡਰ ਦਾ ਆਧਾਰ ਨਹੀਂ ਵਧਾ ਸਕੇ। ਇਸ ਨਾਲ ਭਾਜਪਾ ਦਾ ਸਿਆਸੀ ਤੌਰ ‘ਤੇ ਵੱਡਾ ਨੁਕਸਾਨ ਹੋਇਆ ਹੈ।
ਅਸਲ ਵਿਚ ਇਹ ਸਾਰਾ ਮਾਮਲਾ ਸੰਨ 2019 ਦੀਆਂ ਚੋਣਾਂ ਦਾ ਹੈ, ਜਿਸ ਤਹਿਤ ਭਾਜਪਾ ਤੇ ਆਰਐ ਐਸ ਆਪਣੀ ਰਣਨੀਤੀ ਤੇ ਚੋਣਾਵੀ ਤਿਆਰੀ ਕਰ ਰਹੇ ਹਨ। ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਦੇ ਮੁਤਾਬਕ ਸਫ਼ਲਤਾ ਹਾਸਲ ਨਹੀਂ ਕੀਤੀ। ਇਸ ਦੌਰਾਨ ਧਰਮ ਦੇ ਨਾਮ ‘ਤੇ ਹਿੰਸਕ ਭੀੜ ਨੂੰ ਖੂਬ ਭੜਕਾਇਆ ਹੈ। ਇਸ ਤਹਿਤ ਦਲਿਤਾਂ ਤੇ ਮੁਸਲਮਾਨਾਂ ‘ਤੇ ਹਮਲੇ ਹੋਏ ਹਨ। ਇਸ ਦੌਰਾਨ ਐਸਸੀ/ਐਸਟੀ ਨੂੰ ਲੈ ਕੇ ਮੂਲਨਿਵਾਸੀਆਂ ਅਤੇ ਉੱਚ ਜਾਤਾਂ ਦੇ ਵਿਚਾਲੇ ਤਾਕਤ ਪ੍ਰਦਰਸ਼ਨ ਦੀ ਰਣਨੀਤੀ ਵੀ ਖੇਡੀ ਗਈ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੀਆਂ ਚੋਣਾਂ ਵਿਚ ਵੀ ਆਰ ਐਸ ਐਸ ਤੇ ਭਾਜਪਾ ਵਲੋਂ ਦਖਲਅੰਦਾਜ਼ੀ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਬਾਵਜੂਦ ਭਗਵੇਂਵਾਦ ਨੂੰ ਪ੍ਰਣਾਈ ਏਬੀਬੀਪੀ ਇਨ੍ਹਾਂ ਚੋਣਾਂ ਦੌਰਾਨ ਖੱਬੇ ਪੱਖੀਆਂ ਕੋਲੋਂ ਹਾਰ ਗਈ। ਹਾਲਾਂਕਿ ਏਬੀਬੀਪੀ ਨੇ ਇਨ੍ਹਾਂ ਚੋਣਾਂ ਦੌਰਾਨ ਆਪਣੇ ਵਿਰੋਧੀ ਖੱਬੇ ਪੱਖੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ, ਪਰ ਖੱਬੇ ਪੱਖੀਆਂ ਨੇ ਇਕ ਰਣਨੀਤੀ ਤਹਿਤ ਹਿੰਸਾ ਦਾ ਜਵਾਬ ਹਿੰਸਾ ਨਹੀਂ ਦਿੱਤਾ ਤੇ ਮਜ਼ਬੂਤੀ ਨਾਲ ਚੋਣਾਂ ਲੜ ਕੇ ਜਿੱਤੀਆਂ। ਏਬੀਬੀਪੀ ਦੂਸਰੇ ਨੰਬਰ ‘ਤੇ ਰਹੀ। ਵਿਦਿਆਰਥੀ ਚੋਣਾਂ ਵਿਚ ਮੁਖੀ ਉਪ ਮੁਖੀ, ਜਨਰਲ ਸੈਕਟਰੀ, ਜਾਇੰਟ ਸੈਕਟਰੀ ਦੇ ਚਾਰ ਅਹੁਦਿਆਂ ‘ਤੇ ਖੱਬੇ ਪੱਖੀਆਂ ਦੀ ਜਿੱਤ ਹੋਈ। ਲੈਫਟ ਗੱਠਜੋੜ ਵਿਚ ਐਸਐਫਆਈ, ਆਈਸਾ, ਏਆਈਐਸਐਫ ਤੇ ਡੀਐਸਐਫ ਸ਼ਾਮਲ ਸਨ। ਮੁਖੀ ਅਹੁਦੇ ‘ਤੇ ਐਨ ਸਾਈ ਬਾਲਾ ਜੀ, ਉਪ ਮੁਖੀ ਸਾਰਿਕਾ ਚੌਧਰੀ, ਜਨਰਲ ਸੈਕਟਰੀ ਅਹੁਦੇ ‘ਤੇ ਏਜਾਜ ਅਹਿਮਦ  ਤੇ ਜਾਇੰਟ ਸੈਕਟਰੀ ‘ਤੇ ਅਮੁਥਾ ਜੈਦੀਪ ਜਿੱਤੇ ਹਨ। ਚੋਣ ਜਿੱਤਣ ਤੋਂ ਬਾਅਦ ਵੀ ਏਬੀਬੀਪੀ ਵਲੋਂ ਖੱਬੇ ਪੱਖੀਆਂ ਨੂੰ ਧਮਕਾਉਣ ਦੀ ਖੇਡ ਜਾਰੀ ਹੈ। 2016 ਵਿਚ ਇਕ ਸਾਜ਼ਿਸ਼ ਤਹਿਤ ਜੇਐਨਯੂ ਨੂੰ ਦੇਸ਼ਧ੍ਰੋਹੀਆਂ ਦਾ ਅੱਡਾ ਐਲਾਨਣ ਦੀ ਕੋਸ਼ਿਸ ਕੀਤੀ ਗਈ। ਕਨੱਈਆ ਕੁਮਾਰ ਤੇ ਉਮਰ ਖਾਲਿਦ ਵਰਗੇ ਸਿਆਣੇ ਵਿਦਿਆਰਥੀਆਂ ਨੂੰ ਦੇਸ਼ਧ੍ਰੋਹੀ ਤੇ ਦੇਸ਼ ਦੇ ਟੁਕੜੇ ਕਰਨ ਵਾਲਾ ਬ੍ਰਾਂਡ ਕਰਾਰ ਦਿੱਤਾ ਗਿਆ। ਪੂਰੇ ਦੇਸ ਵਿਚ ਇਸ ਬਹਾਨੇ ਰਾਸ਼ਟਰਵਾਦ ਤੇ ਦੇਸ਼ਧ੍ਰੋਹੀ ਦੇ ਬਹਿਸ ਨੂੰ ਜਨਮ ਦਿੱਤਾ ਗਿਆ ਤਾਂ ਜੋ ਖੱਬੇ ਪੱਖੀਆਂ ਨੂੰ ਬਦਨਾਮ ਕਰਕੇ ਆਰ ਐਸ ਐਸ ਪੱਖੀ ਏਬੀਬੀਪੀ ਦਾ ਕਬਜ਼ਾ ਕਰਵਾਇਆ ਜਾ ਸਕੇ। ਜੋ ਭਾਜਪਾ ਤੇ ਆਰ ਐਸ ਐਸ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਸਨ, ਉਨ੍ਹਾਂ ਨੂੰ ਦੇਸਧ੍ਰੋਹੀ ਠਹਿਰਾ ਦਿੱਤਾ  ਗਿਆ। ਕਨੱਈਆ ਕੁਮਾਰ ਨੂੰ ਜੇਲ੍ਹ ਹੋ ਗਈ। ਸੁਪਰੀਮ ਕੋਰਟ ਦੇ ਹੁਕਮ ਦੇ ਬਾਅਦ ਅਦਾਲਤ ਵਿਚ ਕਨੱਈਆ ਨੂੰ ਵਕੀਲਾਂ ਦੇ ਇਕ ਗਿਰੋਹ ਵਲੋਂ ਕੁੱਟਿਆ ਮਾਰਿਆ ਗਿਆ, ਪਟਿਆਲਾ ਹਾਊਸ ਬੋਰਡ ਦੇ ਬਾਹਰ ਖੱਬੇ ਪੱਖੀ ਵਿਚਾਰਧਾਰਾ ਦੇ ਸਮਰੱਥਕਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ। ਔਰਤ ਪ੍ਰੋਫੈਸਰਾਂ ਨੂੰ ਜ਼ਲੀਲ ਕੀਤਾ ਗਿਆ। ਭਾਜਪਾ ਦੇ ਇਕ ਐਮਐਲਓ ਓਪੀ ਸ਼ਰਮਾ ਕੈਮਰੇ ਤੇ ਮਾਰਕੁੱਟ ਕਰਦੇ ਦੇਖੇ ਗਏ। ਮਾਰਕੁਟ ਕਰਨ ਵਾਲੇ ਵਕੀਲ ਖੁੱਲ੍ਹੇਆਮ ਧਮਕੀ ਦਿੰਦੇ ਰਹੇ ਕਿ  ਪੁਲੀਸ ਚੁੱਪ ਚਾਪ ਤਮਾਸ਼ਾ ਦੇਖਦੀ ਰਹੀ, ਸੱਤਾ ਖਾਮੋਸ਼ ਰਹੀ।
ਦਿਲਚਸਪ ਗੱਲ ਇਹ ਹੈ ਕਿ 900 ਤੋਂ ਜ਼ਿਆਦਾ ਦਿਨ ਹੋ ਗਏ ਹਨ ਪਰ ਅਜੇ ਤੱਕ ਜੇਐਨਯੂ ਦੇ ਮਾਮਲੇ ਵਿਚ ਕਨੱਈਆ ਕੁਮਾਰ ਤੇ ਉਮਰ ਖਾਲਿਦ ਦੇ ਖਿਲਾਫ਼ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ। ਜਦ ਕਿ ਸਰਕਾਰ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਖਿਲਾਫ ਪੱਕੇ ਸਬੂਤ ਹਨ ਤਾਂ ਚਾਰਜਸ਼ੀਟ ਕਿਉਂ ਨਹੀਂ ਦਾਖਲ ਕੀਤੀ ਗਈ? ਜੇ ਪੱਕੇ ਸਬੂਤ ਨਹੀਂ ਸਨ ਤਾਂ ਇਨ੍ਹਾਂ ਵਿਦਿਆਰਥੀਆਂ ਨੂੰ ਜ਼ਲੀਲ ਕਿਉਂ ਕੀਤਾ ਗਿਆ? ਕੀ ਇਹ ਜਮਹੂਰੀਅਤ ਦੇਸ ਵਿਚ ਐਮਰਜੇਂਸੀ ਨਹੀਂ ਹੈ, ਜਿਥੇ ਬੋਲਣ ਤੇ ਪ੍ਰਗਟਾਵੇ ਦੀ ਅਜ਼ਾਦੀ ਉੱਪਰ ਕਰਫਿਊ ਲਗਾ ਦਿੱਤਾ ਹੋਵੇ? ਮੋਦੀ ਸਰਕਾਰ ਇਕ ਮਜ਼ਬੂਤ ਸਰਕਾਰ ਹੈ। ਇਸ ਦੇ ਬਾਵਜੂਦ ਇਹੋ ਜਿਹੇ ਕਾਂਡ ਵਾਪਰਨੇ ਕੀ ਸੰਦੇਸ਼ ਦਿੰਦੇ ਹਨ? ਆਖਿਰ ਇਨ੍ਹਾਂ ਪਿੱਛੋਂ ਕੌਣ ਹੈ?
ਖੱਬੇ ਪੱਖੀਆਂ ਦੀ ਜਿੱਤ ਦਾ ਕਾਰਨ ਇਹੀ ਸੀ ਕਿ ਉਨ੍ਹਾਂ ਦੀ ਲੀਡਰਸ਼ਿਪ ਸੁਲਝੀ ਹੋਈ ਸੀ ਤੇ ਉਨ੍ਹਾਂ ਨੇ ਫਿਰਕੂ ਹਿੰਸਾ ਤੇ ਫਿਰਕੂ ਦਾ ਟਾਕਰਾ ਜਮਹੂਰੀ ਢੰਗ ਨਾਲ ਕੀਤਾ ਤੇ ਆਪਣੇ ਹੱਕ ਵਿਚ ਲਹਿਰ ਬੁਲੰਦ ਕੀਤੀ।
ਦੂਸਰੇ ਪਾਸੇ ਭਾਰਤ ਵਿਚ ਬਹੁਜਨ ਏਕਤਾ ਦੀ ਵਿਚਾਰਧਾਰਕ ਲਹਿਰ ਵੀ ਉਸਰ ਰਹੀ ਹੈ, ਜੋ ਘੱਟ ਗਿਣਤੀਆਂ ਤੇ ਖੱਬੇ ਪੱਖੀਆਂ ਨੂੰ ਲੈ ਕੇ ਚਲ ਰਹੀ ਹੈ। ਮਹਾਂਰਾਸ਼ਟਰ ਵਿਚ ਇਸ ਦੀ ਅਗਵਾਈ ਵਾਮਨ ਮੇਸ਼ਰਾਮ ਮੁਖੀ ਬਾਮਸੇਫ, ਤੀਸਤਾ ਸੀਤਲਵਾੜ ਕਰ ਰਹੇ ਹਨ ਤੇ ਯੂਪੀ ਵਿਚ ਚੰਦਰ ਸ਼ੇਖਰ ਅਜ਼ਾਦ ਰਾਵਣ ਕਰ ਰਹੇ ਹਨ। ਲਾਲੂ, ਮੁਲਾਇਮ ਤੇ ਮਾਇਆਵਤੀ ਦੀ ਸਾਂਝੀ ਰਾਜਨੀਤੀ ਭਾਜਪਾ ਲਈ ਚੁਣੌਤੀ ਬਣ ਰਹੀ ਹੈ। ਨਵੇਂ ਨਵੇਂ ਸਮੀਕਰਨ ਉਭਰਨ ਦੀਆਂ ਤਿਆਰੀਆਂ ਵਿਚ ਹਨ। ਅੱਗੋਂ ਕੀ ਹੋਵੇਗਾ, ਇਹ ਵਕਤ ਤੋਂ ਪਹਿਲਾਂ ਕਹਿਣ ਦੀ ਗੱਲ ਹੈ। ਪਰ ਏਨੀ ਗੱਲ ਜ਼ਰੂਰ ਹੈ ਕਿ ਭਾਜਪਾ ਤੇ ਆਰ ਐਸ ਐਸ ਨੂੰ ਇਨ੍ਹਾਂ ਗੱਠਜੋੜਾਂ ਦਾ ਡਰ ਸਤਾ ਰਿਹਾ ਹੈ। ਇਹੀ ਕਾਰਨ ਹੈ ਕਿ ਆਰ ਐਸ ਐਸ ਨੂੰ ਆਪਣੀ ਵਿਚਾਰਧਾਰਾ ਵਿਚ ਡਰਾਮੇਮਈ ਢੰਗ ਦੇ ਨਾਲ ਤਬਦੀਲੀ ਲਿਆਉਣੀ ਪੈ ਰਹੀ ਹੈ।