ਫੀਫਾ ਅੰਡਰ-20 ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰੇਗਾ ਸਰਪ੍ਰੀਤ

ਫੀਫਾ ਅੰਡਰ-20 ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰੇਗਾ ਸਰਪ੍ਰੀਤ

ਆਕਲੈਂਡ/ਬਿਊਰੋ ਨਿਊਜ਼ :
ਪੰਜਾਬੀ ਹਾਕੀ ਖਿਡਾਰੀਆਂ ਨੇ ਦੇਸ਼ ਤੋਂ ਇਲਾਵਾ ਵਿਦੇਸ਼ੀ ਹਾਕੀ ਟੀਮਾਂ ਕੀਨੀਆ, ਯੂਗਾਂਡਾ, ਮਲੇਸ਼ੀਆ, ਕੈਨੇਡਾ, ਹਾਂਗਕਾਂਗ, ਸਿੰਘਾਪੁਰ, ਇੰਗਲੈਂਡ, ਆਇਰਲੈਂਡ ਅਤੇ ਨਿਊਜ਼ੀਲੈਂਡ ਵਲੋਂ ਮੈਦਾਨ ਵਿਚ ਨਿੱਤਰ ਕੇ ਚੰਗਾ ਨਾਮ ਕਮਾਇਆ ਹੈ। ਵਿਦੇਸ਼ੀ ਟੀਮਾਂ ਵਿਚ ਸਟਿੱਕ ਵਰਕ ਦਾ ਕਮਾਲ ਵਿਖਾਉਣ ਵਾਲੇ ਪੰਜਾਬੀ ਖਿਡਾਰੀਆਂ ਦੀ ਸੂਚੀ ਵਿੱਚ ਸੌਕਰ ਖਿਡਾਰੀ ਸਰਪ੍ਰੀਤ ਸਿੰਘ ਸ਼ੇਰਗਿੱਲ ਦਾ ਨਾਂ ਵੀ ਜੁੜ ਗਿਆ ਹੈ। ਉਹ ਨਿਊਜ਼ੀਲੈਂਡ ਦੀ ਅੰਡਰ-20 ਰਾਸ਼ਟਰੀ ਫੁਟਬਾਲ ਟੀਮ ਨਾਲ ਮੈਦਾਨ ਵਿਚ ਜਿੱਤ ਲਈ ਸੰਘਰਸ਼ ਕਰਦਾ ਨਜ਼ਰ ਆਏਗਾ। ਸਰਪ੍ਰੀਤ ਸ਼ੇਰਗਿੱਲ, ਭਾਰਤ ਦਾ ਇਕੋ ਇਕ ਪਲੇਠਾ ਫੁਟਬਾਲਰ ਹੈ, ਜਿਸ ਦੀ ਚੋਣ ਦੱਖਣੀ ਕੋਰੀਆ ਵਿਚ 20 ਮਈ ਤੋਂ 11 ਜੂਨ ਤੱਕ ਖੇਡੇ ਜਾਣ ਵਾਲੇ ਅੰਡਰ-20 ਫੀਫਾ ਵਿਸ਼ਵ ਕੱਪ ਲਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਰਪ੍ਰੀਤ ਸ਼ੇਰਗਿੱਲ ਨੂੰ ਚਿਲੀ-2015 ਦੇ ਅੰਡਰ-17 ਫੀਫਾ ਆਲਮੀ ਫੁਟਬਾਲ ਕੱਪ ਵਿਚ ਕੀਵੀ ਸੌਕਰ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਸੀ। ਇਸ ਮੁਕਾਬਲੇ ਵਿਚ 24 ਟੀਮਾਂ ਨੇ ਹਿੱਸਾ ਲਿਆ ਸੀ ਜਿਸ ਵਿੱਚੋਂ ਨਿਊਜ਼ੀਲੈਂਡ ਟੀਮ ਨੂੰ 15ਵਾਂ ਰੈਂਕ ਹਾਸਲ ਹੋਇਆ ਸੀ। ਕੀਵੀ ਕੌਮੀ ਟੀਮ ਦੇ ਮੌਜੂਦਾ ਚੀਫ ਕੋਚ ਡੈਰਨ ਬੈਜ਼ੀਲੇ ਅਨੁਸਾਰ ਚਿਲੀ ਵਰਲਡ ਕੱਪ ਖੇਡਣ ਵਾਲੇ 9 ਖਿਡਾਰੀਆਂ ਦੀ ਮੈਰਿਟ ਦੇ ਆਧਾਰ ‘ਤੇ ਅੰਡਰ-20 ਸੰਸਾਰ ਕੱਪ ਖੇਡਣ ਲਈ ਚੋਣ ਕੀਤੀ ਗਈ ਹੈ। ਦੱਖਣੀ ਕੋਰੀਆ ਦੇ ਛੇ ਸ਼ਹਿਰਾਂ ਵਿਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਵਿਚ 24 ਟੀਮਾਂ ਨੂੰ ਛੇ ਗਰੁੱਪਾਂ ਵਿਚ ਵੰਡਿਆ ਗਿਆ ਹੈ। ਨਿਊਜ਼ੀਲੈਂਡ ਟੀਮ ਨੂੰ ਅਗਲੇ ਗੇੜ ਵਿਚ ਜਾਣ ਲਈ ‘ਪੂਲ ਈ’ ਵਿਚ ਫਰਾਂਸ, ਹੋਂਡੂਰਸ ਤੇ ਵੀਅਤਨਾਮ ਦੀਆਂ ਟੀਮਾਂ ਨਾਲ ਦੋ-ਦੋ ਹੱਥ ਕਰਨੇ ਪੈਣਗੇ।
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ 20 ਫਰਵਰੀ 1999 ਨੂੰ ਗਲਵਿੰਦਰ ਸਿੰਘ ਸ਼ੇਰਗਿੱਲ ਦੇ ਗ੍ਰਹਿ ਵਿਖੇ ਸਰਬਜੀਤ ਕੌਰ ਦੀ ਕੁੱਖੋਂ ਜਨਮਿਆ ਸਰਪ੍ਰੀਤ ਸਿੰਘ ਪਹਿਲਾ ਪੰਜਾਬੀ ਫੁਟਬਾਲਰ ਹੈ, ਜੋ ਕੀਵੀ ਖਿਡਾਰੀਆਂ ਨਾਲ ਮੈਦਾਨ ਵਿਚ ਵਿਰੋਧੀਆਂ ਦਾ ਮੁਕਾਬਲਾ ਕਰੇਗਾ। ਸਾਲ-2009 ਵਿਚ ਦੋ ਦੇਸ਼ਾਂ ਸਵਿਟਜ਼ਰਲੈਂਡ ਤੇ ਜਰਮਨੀ ਦੀਆਂ ਟੀਮਾਂ ਵਿਰੁੱਧ ਕਰੀਅਰ ਦਾ ਆਗਾਜ਼ ਕਰਨ ਵਾਲੇ ਸਰਪ੍ਰੀਤ ਦਾ ਪਰਿਵਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਬੁਰਜ ਬਹੂਆ ਨਾਲ ਸਬੰਧਤ ਹੈ। ਸਰਪ੍ਰੀਤ ਦੇ ਨਾਨਾ ਹਰਗੁਰਬਖਸ਼ ਸਿੰਘ ਮਾਨ ਨੇ ਦੱਸਿਆ ਕਿ ਉਸ ਨੇ ਨਿੱਕੀ ਉਮਰੇ ਫੁਟਬਾਲ ਨਾਲ ਮੋਹ ਪਾਲ ਲਿਆ ਸੀ। ਅਠਾਰਾਂ ਸਾਲਾ ਸਰਪ੍ਰੀਤ ਹਾਫ ਲਾਈਨ ਵਿਚ ਮਿੱਡਫੀਲਡਰ ਦੀ ਭੂਮਿਕਾ ਨਿਭਾਉਂਦਾ ਹੈ। ਪਸੰਦੀਦਾ 25 ਨੰਬਰ ਦੀ ਜਰਸੀ ਨਾਲ ਮੈਦਾਨ ਵਿਚ ਨਿੱਤਰਨ ਵਾਲੇ ਸਰਪ੍ਰੀਤ ਨੇ ਆਪਣੇ ਕਰੀਅਰ ਦਾ ਆਗਾਜ਼ ਵੈਂਡਰਰਜ਼ ਐਸਸੀ ਦੀ ਟੀਮ ਵੱਲੋਂ ਖੇਡਣ ਸਦਕਾ ਕੀਤਾ। ਸੀਨੀਅਰ ਕਰੀਅਰ ਦੌਰਾਨ 2015 ਵਿਚ ਸਰਪ੍ਰੀਤ ਨੇ ਵਲਿੰਗਟਨ ਫੋਨਿਕਸ ਰਿਜ਼ਰਵਜ਼ ਕਲੱਬ ਨਾਲ ਭਾਈਵਾਲੀ ਕੀਤੀ।  ਇਸੇ ਸਾਲ ਵਲਿੰਗਟਨ ਫੋਨਿਕਸ ਐਫਸੀ ਦੇ ਕੋਚ ਤੇ ਮੈਨੇਜਰ ਨੇ ਸਰਪ੍ਰੀਤ ਦੀ ਖੇਡ ਕਲਾ ਦੇਖੀ ਤੇ ਕਲੱਬ ਏਜੰਟ ਨੂੰ ਉਸ ਨੂੰ ਟੀਮ ਵਿਚ ਲਿਆਉਣ ਦੀ ਜ਼ਿੰਮੇਵਾਰੀ ਦਿੱਤੀ। ਫਰਵਰੀ-18 ਨੂੰ ਉਸ ਨੇ ਘਰੇਲੂ ਕਲੱਬ ਵਲਿੰਗਟਨ ਫੋਨਿਕਸ ਵਲੋਂ ‘ਏ ਲੀਗ’ ਖੇਡੀ। ਹੁਣ ਉਹ ਕਲੱਬ ਟੀਮ ਦੇ ਚੋਣਵੇਂ ਖਿਡਾਰੀਆਂ ਵਿਚ ਸ਼ਾਮਲ ਹੈ। ਸਰਪ੍ਰੀਤ ਦੀ ਮਾਤਾ ਸਰਬਜੀਤ ਕੌਰ ਦਾ ਕਹਿਣਾ ਹੈ ਉਸ ਨੇ ਨੌਂ ਸਾਲ ਦੀ ਉਮਰ ਤੋਂ ਹੀ ਇੰਗਲਿਸ਼ ਕਲੱਬ ਚੈਲਸੀ ਦੇ ਝੰਡੇ ਤੇ ਕਲੱਬ ਵਲੋਂ ਖੇਡਣ ਵਾਲੇ ਖਿਡਾਰੀਆਂ ਦੇ ਪੋਸਟਰ ਆਪਣੇ ਬੈੱਡਰੂਮ ਵਿੱਚ ਲਾਏ ਹੋਏ ਹਨ। ਸਰਬਜੀਤ ਕੌਰ ਨੇ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਸਰਪ੍ਰੀਤ ਇਕ ਦਿਨ ਚੈਲਸੀ ਐਫਸੀ ਦੀ ਟੀਮ ਦੀ ਨੁਮਾਇੰਦਗੀ ਕਰੇ।