ਪੰਜਾਬ ਵਿਚ ‘ਆਪ’ ਦੇ 16 ਪ੍ਰਮੁੱਖ ਆਗੂਆਂ ਵੱਲੋਂ ਅਸਤੀਫੇ

ਪੰਜਾਬ ਵਿਚ ‘ਆਪ’ ਦੇ 16 ਪ੍ਰਮੁੱਖ ਆਗੂਆਂ ਵੱਲੋਂ ਅਸਤੀਫੇ

‘ਆਪ’ ਦੇ ਕਈ ਆਗੂ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੇ ਵਤੀਰੇ ਦੇ ਰੋਸ ਵਜੋਂ ਅਸਤੀਫੇ ਦੇਣ ਦਾ ਐਲਾਨ ਕਰਦੇ ਹੋਏ।    ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਪੰਜਾਬ ਇਕ ਵਾਰ ਮੁੜ ਸੰਕਟ ਵਿਚ ਗਈ ਲਗਦੀ ਹੈ। ਪੰਜਾਬ ਇਕਾਈ ਦੇ 16 ਪ੍ਰਮੁੱਖ ਆਗੂਆਂ ਨੇ ਸੂਬੇ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਉਪਰ ਤਾਨਾਸ਼ਾਹੀ ਦੇ ਦੋਸ਼ ਲਾਉਂਦਿਆਂ ਅਸਤੀਫੇ ਦੇ ਦਿੱਤੇ ਹਨ।
ਇਨ੍ਹਾਂ ਆਗੂਆਂ ਨੇ ਆਪਣੇ ਅਸਤੀਫੇ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਭੇਜ ਕੇ ਡਾ. ਬਲਬੀਰ ਸਿੰਘ ਵਿਰੁੱਧ ਗੰਭੀਰ ਦੋਸ਼ ਲਾਏ ਹਨ। ਸੂਤਰਾਂ ਅਨੁਸਾਰ ਅਸਤੀਫਾ ਦੇਣ ਵਾਲੇ ਕੁਝ ਆਗੂ ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਤੇ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨਾਲ ਸਬੰਧਤ ਹਨ। ਅਸਤੀਫਾ ਦੇਣ ਵਾਲੇ ਕੁਝ ਆਗੂਆਂ ਦੀ ਸ਼ੁਰੂ ਤੋਂ ਹੀ ਡਾ. ਬਲਬੀਰ ਸਿੰਘ ਨਾਲ ਖਟਪਟ ਚਲਦੀ ਆ ਰਹੀ ਸੀ। ਅਸਤੀਫੇ ਦੇਣ ਵਾਲਿਆਂ ਵਿਚ 5 ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਵਿਚ ਜਲੰਧਰ ਦਿਹਾਤੀ ਦੇ ਪ੍ਰਧਾਨ ਸਰਵਨ ਸਿੰਘ ਹੇਅਰ, ਸ੍ਰੀ ਮੁਕਤਸਰ ਸਾਹਿਬ ਦੇ ਜਗਦੀਪ ਸਿੰਘ ਸੰਧੂ, ਫਰੀਦਕੋਟ ਦੇ ਸਨਕਦੀਪ ਸਿੰਘ ਸੰਧੂ, ਫਾਜ਼ਿਲਕਾ ਦੇ ਸਮਰਵੀਰ ਸਿੰਘ ਸੰਧੂ ਅਤੇ ਫਿਰੋਜ਼ਪੁਰ ਦੇ ਡਾ. ਮਲਕੀਤ ਸਿੰਘ ਥਿੰਦ ਤੋਂ ਇਲਾਵਾ ਮੀਤ ਪ੍ਰਧਾਨ ਕਰਨਵੀਰ ਸਿੰਘ ਟਿਵਾਣਾ, ਜਨਰਲ ਸਕੱਤਰ ਮਨਜੀਤ ਸਿੰਘ ਸਿੱਧੂ ਤੇ ਪ੍ਰਦੀਪ ਮਲਹੋਤਰਾ ਅਤੇ ਐਨਆਰਆਈ ਵਿੰਗ ਦੇ ਕੇਵਲ ਸਿੰਘ ਸ਼ਾਮਲ ਹਨ। ਸਮਾਣਾ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਮੈਂਬਰ ਐਸਜੀਪੀਸੀ ਕੁਲਦੀਪ ਕੌਰ ਟੌਹੜਾ, ਜ਼ਿਲ੍ਹਾ ਫਰੀਦਕੋਟ ਦੇ ਪ੍ਰੈਸ ਸਕੱਤਰ ਸਰਵਨ ਸਿੰਘ ਸਰਾਂ ਤੇ ਮੀਤ ਪ੍ਰਧਾਨ ਮੱਖਣ ਸਿੰਘ ਬਰਾੜ, ਹਲਕਾ ਰਾਜਪੁਰਾ ਦੇ ਇੰਚਾਰਜ ਆਸ਼ੂਤੋਸ਼ ਜੋਸ਼ੀ ਅਤੇ ਜ਼ਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ ਵੀ ਅਸਤੀਫੇ ਦੇਣ ਵਾਲਿਆਂ ਵਿਚ ਸ਼ਾਮਲ ਹਨ।
ਇਨ੍ਹਾਂ ਆਗੂਆਂ ਨੇ ਹਾਈਕਮਾਂਡ ਨੂੰ ਸਮੂਹਿਕ ਅਸਤੀਫੇ ਦੇ ਕੇ ਦੋਸ਼ ਲਾਇਆ ਹੈ ਕਿ ਡਾ. ਬਲਬੀਰ ਸਿੰਘ ਦੇ ਗਲਤ ਫੈਸਲਿਆਂ ਕਾਰਨ ਲਗਾਤਾਰ ਪਾਰਟੀ ਦਾ ਗਰਾਫ ਡਿੱਗਦਾ ਜਾ ਰਿਹਾ ਹੈ। ਇਨ੍ਹਾਂ ਦੋਸ਼ ਲਾਇਆ ਹੈ ਕਿ ਡਾ. ਬਲਬੀਰ ਦੇ ਹੀ ਗਲਤ ਫੈਸਲੇ ਕਾਰਨ ਪਾਰਟੀ ਨੂੰ ਸ਼ਾਹਕੋਟ ਹਲਕੇ ਵਿਚੋਂ ਸ਼ਰਮਨਾਕ ਹਾਰ ਮਿਲੀ ਹੈ। ਇਨ੍ਹਾਂ ਦੋਸ਼ ਲਾਇਆ ਹੈ ਕਿ ਡਾ. ਬਲਬੀਰ ਨੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਨੂੰ ਗਲਤ ਢੰਗ ਨਾਲ ਅਹੁਦੇ ਤੋਂ ਹਟਾਇਆ ਹੈ। ਆਗੂਆਂ ਨੇ ਆਪਣੇ ਸਮੂਹਿਕ ਅਸਤੀਫਿਆਂ ਵਿਚ ਲਿਖਿਆ ਹੈ ਕਿ  ਉਹ ਸ੍ਰੀ ਕੇਜਰੀਵਾਲ ਦੀ ਸੋਚ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਪਰ ਡਾ. ਬਲਬੀਰ ਸਿੰਘ ਦੇ ਗਲਤ ਫੈਸਲਿਆਂ ਨੂੰ ਸਹਿਣ ਨਹੀਂ ਕਰ ਸਕਦੇ।
ਇਸੇ ਦੌਰਾਨ ਸੰਪਰਕ ਕਰਨ ‘ਤੇ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਕੋਲ ਕਿਸੇ ਦਾ ਅਸਤੀਫ਼ਾ ਨਹੀਂ ਪੁੱਜਾ  ਅਤੇ ਅਸਤੀਫਾ ਮਿਲਣ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਮੂੰਗੋ ਨੂੰ ਕਿਸੇ ਤਰ੍ਹਾਂ ਵੀ ਪਾਰਟੀ ਤੋਂ ਦੂਰ ਨਹੀਂ ਕੀਤਾ ਗਿਆ ਸਗੋਂ ਉਨ੍ਹਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਦੇਣ ਲਈ ਪਹਿਲਾ ਅਹੁਦਾ ਵਾਪਸ ਲਿਆ ਗਿਆ ਹੈ।