ਸੀਰੀਆ ਦੇ ਹਵਾਈ ਅੱਡੇ ‘ਤੇ ਹਮਲੇ ‘ਚ 14 ਮੌਤਾਂ

ਸੀਰੀਆ ਦੇ ਹਵਾਈ ਅੱਡੇ ‘ਤੇ ਹਮਲੇ ‘ਚ 14 ਮੌਤਾਂ

ਬੈਰੂਤ/ਬਿਊਰੋ ਨਿਊਜ਼:
ਸੀਰੀਆ ਦੀ ਸਰਕਾਰ ਦੇ ਇਕ ਹਵਾਈ ਅੱਡੇ ਉਪਰ ਸੋਮਵਾਰ ਨੂੰ ਤੜਕਸਾਰ ਹੋਏ ਹਮਲੇ ਵਿੱਚ ਸਰਕਾਰ ਪੱਖੀ ਕੁਝ ਇਰਾਨੀ ਸੁਰੱਖਿਆ ਦਸਤਿਆਂ ਸਮੇਤ 14 ਲੜਾਕੇ ਮਾਰੇ ਗਏ ਹਨ। ਬਰਤਾਨੀਆ ਅਧਾਰਤ ਸੀਰੀਅਨ ਅਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੀਰੀਆ ਦੇ ਮੱਧ ਹੋਮਸ ਪ੍ਰਾਂਤ ਵਿੱਚ ਇਹ ਟੀ-4 ਅੱਡਾ ਹੈ। ਅਬਜ਼ਰਵੇਟਰੀ ਦੇ ਮੁਖੀ ਰਾਮੀ ਅਬਦਲ ਰਹਿਮਾਨ ਨੇ ਕਿਹਾ ਕਿ ਰੂਸ ਤੇ ਇਰਾਨ ਤੋਂ ਇਲਾਵਾ ਹਿਜ਼ਬੁੱਲ੍ਹਾ ਮਿਲੀਸ਼ੀਆ ਸੀਰੀਆ ਦੀਆਂ ਸਰਕਾਰੀ ਫ਼ੌਜਾਂ ਦੀ ਹਮਾਇਤ ਕਰਦੇ ਹਨ। ਫਰਵਰੀ ਵਿੱਚ ਇਸਰਾਈਲ ਨੇ ਸੀਰੀਆ ਦੇ ਇਕ ਹਵਾਈ ਅੱਡੇ ‘ਤੇ ਹਮਲਾ ਕੀਤਾ ਸੀ ਪਰ ਹੁਣ ਇਸਰਾਇਲੀ ਫ਼ੌਜ ਦੇ ਤਰਜਮਾਨ ਨੇ ਇਸ ਹਮਲੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਉਧਰ ਰਸਾਇਣਕ ਹਥਿਆਰਾਂ ਦੇ ਖਾਤਮੇ ਲਈ ਸਰਗਰਮ ਆਲਮੀ ਸੰਸਥਾ ਨੇ ਦੂਮਾ ਵਿੱਚ ਰਸਾਇਣਕ ਹਮਲੇ ਦੀਆਂ ਰਿਪੋਰਟਾਂ ਦੀ ਜਾਂਚ ਸ਼ੁਰੂ ਕੀਤੀ ਹੈ। ਸੰਸਥਾ ਦੇ ਡਾਇਰੈਕਟਰ ਜਨਰਲ ਅਹਿਮਤ ਉਜ਼ੁਮਸ਼ੂ ਨੇ ਦੱਸਿਆ ਕਿ ਇਕ ਤੱਥ ਖੋਜ ਟੀਮ ਹੋਰ ਜਾਣਕਾਰੀਆਂ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਵਾਕਈ ਰਸਾਇਣਕ ਹਥਿਆਰ ਵਰਤੇ ਗਏ ਸਨ। 1993 ਦੀ ਸੰਧੀ ਵਿੱਚ ਸਾਰੇ ਮੈਂਬਰ ਦੇਸ਼ਾਂ ਨੂੰ ਰਸਾਇਣਕ ਹਥਿਆਰ ਖਤਮ ਕਰਨ ਲਈ ਕਿਹਾ ਗਿਆ ਸੀ।
ਇਸ ਦੌਰਾਨ ਚੀਨ ਨੇ ਕਿਹਾ ਕਿ ਬਾਗ਼ੀਆਂ ਦੇ ਕਬਜ਼ੇ ਵਾਲੇ ਦੂਮਾ ਕਸਬੇ ਵਿੱਚ ਮਸ਼ਕੂਕ ਰਸਾਇਣਕ ਹਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਇਸ ਹਮਲੇ ‘ਤੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਦੂਮਾ ਹਮਲੇ ਵਿੱਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਪੂਤਿਨ ਤੇ ਇਰਾਨ ਵਹਿਸ਼ੀ ਅਸਦ ਦੀ ਹਮਾਇਤ ਕਰਨ ਲਈ ਕਸੂਰਵਾਰ ਹਨ। ਇਸ ਦੀ ਵੱਡੀ ਕੀਮਤ ਤਾਰਨੀ ਪਵੇਗੀ।