‘ਕਾਮਾਗਾਟਾ ਮਾਰੂ ਦਾ ਅਸਲੀ ਸਚ’ ਪੁਸਤਕ ਨੂੰ ਲੋਕ ਸਨਮੁਖ ਕਰਨ ਸਬੰਧੀ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸਮਾਗਮ 12 ਫ਼ਰਵਰੀ ਐਤਵਾਰ ਨੂੰ

‘ਕਾਮਾਗਾਟਾ ਮਾਰੂ ਦਾ ਅਸਲੀ ਸਚ’ ਪੁਸਤਕ ਨੂੰ ਲੋਕ ਸਨਮੁਖ ਕਰਨ ਸਬੰਧੀ ਗੁਰਦੁਆਰਾ ਸਾਹਿਬ  ਸਟਾਕਟਨ ਵਿਖੇ ਸਮਾਗਮ 12 ਫ਼ਰਵਰੀ ਐਤਵਾਰ ਨੂੰ

ਸਟਾਕਟਨ/ਬਿਊਰੋ ਨਿਊਜ਼:
ਕਾਮਾਗਾਟਾਮਾਰੂ ਦੇ ਦੁਖਾਂਤ ਨੂੰ ਉਜਾਗਰ ਕਰਦੀ ਸ.ਰਾਜਵਿੰਦਰ ਸਿੰਘ ਰਾਹੀ ਦੀ ਕਿਤਾਬ ‘ਕਾਮਾਗਾਟਾਮਾਰੂ ਦਾ ਅਸਲੀ ਸਚ’ ਗ਼ਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ (ਕੈਲੀਫ਼ੋਰਨੀਆ) ਵਿਚ ਲੋਕ ਅਰਪਣ ਹੋਵੇਗੀ। ਇਸ ਸਬੰਧੀ ਵਿਸ਼ੇਸ਼ ਸਮਾਗਮ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ 12 ਫਰਵਰੀ ਐਤਵਾਰ ਨੂੰ ਬਾਸਅਦ ਦੁਪਹਿਰ 1:00 ਵਜੇ ਹੋਵੇਗਾ।
ਸ. ਰਾਜਵਿੰਦਰ ਸਿੰਘ ਰਾਹੀ ਜੋ ਕਿ ਪਹਿਲਾਂ ਵੀ 3 ਕਿਤਾਬਾਂ – ਬਾਬਾ ਸੋਹਣ ਸਿੰਘ ਭਕਨਾ ਦੀ ਜੀਵਨੀ  ‘ਮੇਰੀ ਰਾਮ ਕਹਾਣੀ’, ‘ਗ਼ਦਰ ਲਹਿਰ ਦੀ ਅਸਲੀ ਗਾਥਾ-1’ ਅਤੇ ‘ਗ਼ਦਰ ਲਹਿਰ ਦੀ ਅਸਲੀ ਗਾਥਾ-2’ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਾ ਚੁੱਕੇ ਹਨ ਇਸ ਕਿਤਾਬ ਰਾਹੀਂ ਨੇ  ਕਾਮਾਗਾਟਾਮਾਰੂ ਦੇ ਸਾਹਿਤਕਾਰਾਂ ਵੱਲੋਂ (ਜਾਣ ਬੁੱਝ ਕੇ) ਅਣਗੌਲੇ ਕੀਤੇ ਪੱਖਾਂ ਨੂੰ ਉਜਾਗਰ ਕੀਤਾ ਹੈ ਗ਼ਗ਼ ਕਾਮਾਗਾਟਾਮਾਰੂ, ਜਿਸ ਦਾ ਅਸਲੀ ਨਾਂ ਗੁਰੂ ਨਾਨਕ ਜਹਾਜ਼ ਹੈ ਦੇ ਮੁਸਾਫ਼ਰਾਂ ਦੀ ਦਲੇਰੀ, ਸਹਿਣਸ਼ੀਲਤਾ, ਸਿਆਣਪ ਅਤੇ ਔਕੜਾਂ ਸਮੇ ਮਨੋਦਸ਼ਾ ਨੂੰ ਬਾਖ਼ੂਬੀ ਦਰਸਾਉਂਦੀ ਹੈ ।
ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸਹਾਇਕ ਸੰਪਾਦਕ ਕਰਮਜੀਤ ਸਿੰਘ ਅਨੁਸਾਰ ਇਹ ਪਹਿਲੀ ਪੁਸਤਕ ਹੈ ਜੋ ਸਿੱਖ ਬੁਧੀਜੀਵੀਆਂ ਅਤੇ ਸਿੱਖ ਭਾਈਚਾਰੇ ਸਾਹਮਣੇ ਬਹੁਤ ਸਾਰੇ ਸੁਆਲ ਵੀ ਖੜੇ ਕਰਦੀ ਹੈ ਤੇ ਬਹੁਤ ਸਾਰੇ ਸੁਆਲਾਂ ਦਾ ਜੁਆਬ ਵੀ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ  ਰਾਜਵਿੰਦਰ ਸਿੰਘ ਰਾਹੀ ਨੇ ਠੋਸ ਮਿਸਾਲਾਂ ਦੇ ਕੇ ਸਿੱਧ ਕੀਤਾ ਹੈ ਕਿ ਕਿਵੇਂ ਸਿਖਾਂ ਦੀ ਪਛਾਣ ਖਤਮ ਕਰਨ ਲਈ ਉਨ੍ਹਾਂ ਨੂੰ ਹਿੰਦੀ, ਭਾਰਤੀ, ਪੰਜਾਬੀ ਆਦਿ ਬਣਾਇਆ ਗਿਆ ਹੈ। ਰਾਹੀ ਦੀ ਪੁਸਤਕ ਜਹਾਜ ਦੇ ਸਾਕੇ ਦਾ ਦੁਖਾਂਤ ਹੀ ਨਹੀਂਂ ਚਿਤਰਦੀ, ਅਤੀਤ ਵਿਚ ਸਿਖਾਂ ਨਾਲ ਹੋਈਆਂ ਜਿਆਦਤੀਆਂ ਦੇ ਜਖਮ ਵੀ ਹਰੇ ਕਰਦੀ ਹੈ, ਜਿਸ ਨਾਲ ਹਰ ਹਸਾਸਦਿਲ ਸੋਚਣ ਲਈ ਮਜਬੂਰ ਹੁੰਦਾ ਹੈ। ਇਹ ਕਿਤਾਬ ਦੱਸਦੀ ਹੈ ਕਿ ਗਦਰੀ ਬਾਬਿਆਂ ਅਤੇ ਕਾਮਗਾਟਾ ਮਾਰੂ ਵਾਲੇ ਸਿਖਾਂ ਦੇ ਮਨਾਂ ਵਿਚ ਸਿੱਖ ਸੌਵਰਨਟੀ ਦੀ ਰਾਜਸੀ ਚੇਤਨਾ ਕਿਉਂ ਪੈਦਾ ਹੋਈ।
ਉਘੇ ਸਿੱਖ ਚਿੰਤਕ ਸ: ਅਜਮੇਰ ਸਿੰਘ ਅਨੁਸਾਰ ਇਸ ਕਿਤਾਬ ਵਿਚ ਕਾਮਾਗਾਟਾਮਾਰੂ ਸਾਕੇ ਨਾਲ ਸਬੰਧਤ ਬਹੁਤ ਸਾਰੇ ਤਥ ਪਹਿਲੀ ਵਾਰ ਸਾਹਮਣੇ ਲਿਆਂਦੇ। ਗਲ ਤਥਾਂ ਦੀ ਵੀ ਨਹੀਂ, ਗਲ ਉਹਨਾਂ ਦੀ ਵਿਆਖਿਆ ਦੀ ਹੈ। ਰਾਹੀ ਨੇ ਪੇਸ਼ ਤਥਾਂ ਦੀ ਵਿਆਖਿਆ ਸਿੱਖ ਨਜ਼ਰੀਏ ਤੋਂ ਕੀਤੀ ਹੈ। ਕਾਮਰੇਡਾਂ ਦੀ ਇਸ ਗਲ ਨੂੰ ਰਦ ਕਰਦਿਆਂ ਕਿ ਵਿਸ਼ਲੇਸ਼ਣ ਲਈ ਵਿਚਾਰਧਾਰਾ ਅਧਾਰ ਹੋਣੀ ਚਾਹੀਦੀ ਹੈ, ਉਹਨਾਂ ਕਿਹਾ ਕਿ ਵਿਚਾਰਧਾਰਾ ਨਾਲੋਂ ਸੰਸਕਾਰ, ਵਿਰਸਾ, ਮਨੋਬਲ ਅਤੇ ਜਜਬਾ ਜਰੂਰੀ ਹੈ। ਚਾਰ ਬੰਦੇ ਇਕੋ ਵਿਚਾਰਧਾਰਾ ਦੇ ਨੇ ਤਿੰਨ ਹਸ ਕੇ ਫਾਂਸੀ ਲਗ ਜਾਂਦੇ ਹਨ; ਚੌਥਾ ਵਾਅਦਾ ਮੁਆਫ ਬਣ ਜਾਂਦਾ ਹੈ ਫਿਰ ਵਿਚਾਰਧਾਰਾ ਕਿਥੇ ਗਈ? Àਨ੍ਹਾਂ ਦਾ ਕਹਿਣਾ ਹੈ ਕਿਹਾ ਕਿ ਰਾਹੀ ਨੇ ਇਸ ਪੁਸਤਕ ਨੂੰ ਸਿੱਖ ਨਜਰੀਏ ਤੋਂ ਲਿਖਿਆ ਹੈ, ਜੋ ਅਜ ਦੇ ਹਾਲਾਤ ਅਨੁਸਾਰ ਜਰੂਰੀ ਸੀ। ਜਿਹੜਾ ਸਾਹਿਤ ਪਾਠਕ ਅੰਦਰ ਕੋਈ ਜਜਬਾ ਨਹੀਂਂ ਪੈਦਾ ਕਰਦਾ ਉਹ ਬਾਂਝ ਹੈ ਪਰ ਰਾਹੀ ਦੀ ਕਿਤਾਬ ਪਾਠਕ ਅੰਦਰ ਜਜਬਾ ਪੈਦਾ ਕਰਦੀ ਹੈ।
ਪੁਸਤਕ ਲੇਖਕ ਰਾਜਵਿੰਦਰ ਸਿੰਘ ਰਾਹੀ ਦਾ ਕਹਿਣਾ ਹੈ ਕਿ ਇਸ ਸਾਕੇ ਬਾਰੇ ਪਹਿਲਾਂ ਵੀ ਕਈ ਪੁਸਤਕਾਂ ਮੌਜੂਦ ਹਨ ਪਰ ਉਹ ਅਧੂਰੀ ਜਾਣਕਾਰੀ ਦੇਣ ਦੇ ਨਾਲ ਇਤਿਹਾਸ ਨੂੰ ਵੀ ਵਿਗਾੜ ਕੇ ਪੇਸ਼ ਕਰਦੀਆਂ ਹਨ। ਮਿਸਾਲ ਦੇ ਤੌਰ ਤੇ ਜਦ ਬਾਬਾ ਗੁਰਦਿਤ ਸਿੰਘ ਹੋਰਾਂ ਨੇ ਸ਼ਿਰੀ ਗੁਰੂ ਨਾਨਕ ਨੇਵੀਗੇਸ਼ਨ ਕੰਪਨੀ ਬਣਾ ਕੇ ਕਾਮਾਗਾਟਾ ਮਾਰੂ ਕਿਰਾਏ ਤੇ ਲਿਆ ਤਾਂ ਹਾਂਗਕਾਂਗ ਦੇ ਗੁਰਦੁਆਰੇ ਵਿਚ ਆਖੰਡ ਪਾਠ ਕਰਕੇ ਇਸ ਦਾ ਨਾਂ ‘ਗੁਰੂ ਨਾਨਕ ਜਹਾਜ’ ਰਖਿਆ ਸੀ ਪਰ ਲੇਖਕਾਂ ਨੇ ਇਸ ਦੀ ਵਜਾਏ ਕੁਢਬਾ ਜਿਹਾ ਨਾਂ ‘ਕਾਮਾਗਾਟਾ’ ਪਰਚਲਤ ਕਰ ਦਿਤਾ ਹੈ। ਇਹੋ ਹੀ ਨਹੀਂਂ ਇਕ ਖਾਸ ਭਾਸ਼ਾ ਰਾਂਹੀ ਸਿਖਾਂ ਨੂੰ ਇਕਲੇ ‘ਹਿੰਦੀ’ ਬਣਾ ਕੇ ਹੀ ਪੇਸ਼ ਨਹੀਂ ਕੀਤਾ ਸਿੱਖ ਪਛਾਣ ਦੇ ਨਾਲ ਨਾਲ ਸਿੱਖ ਸਭਿਆਚਾਰ ਦੀਆਂ ਧਾਰਮਿਕ ਰਵਾਇਤਾਂ ਨੂੰ ਵੀ ਕਤਲ ਕਰ ਦਿਤਾ ਗਿਆ ਹੈ ।
ਇਹੋ ਹਾਲ ਗਦਰ ਲਹਿਰ ਨਾਲ ਕੀਤਾ ਗਿਆ ਹੈ, ਜਿਸ ਵਿਚ 95% ਸਿੱਖ ਹਨ ਪਰ ਲਹਿਰ ‘ਹਿੰਦੀਆਂ’ ਦੀ’। ਸ.ਰਾਹੀ ਦੀ ਦਲੀਲ ਹੈ  ਕਿ ਇਹ ਸਾਰਾ ਅਨਾਚਾਰ 1947 ਤੋਂ ਬਾਅਦ ਪੈਦਾ ਹੋਈ ਨਵ ਬਸਤੀਵਾਦੀ ਇਤਿਹਾਸਕਾਰੀ ਨੇ ਕੀਤਾ ਹੈ। ਜਿਸ ਵਿਚ ਬਦਕਾਰ ਭੂਮਿਕਾ ਖਬੇਪਖੀ ਕਾਮਰੇਡਾਂ ਨੇ ਨਿਭਾਈ ਹੈ। ਉਹਨਾਂ ਕਿਹਾ ਕਿ ਮੈਂ ਇਸ ਪੁਸਤਕ ਵਿਚ ਅਜ ਤੋਂ ਸੌ ਸਾਲ ਪਹਿਲਾਂ ਦੇ ਕਨੇਡਾ, ਅਮਰੀਕਾ ਅਤੇ ਪੰਜਾਬ ਦੇ ਸਿੱਖ ਸੰਘਰਸ਼ ਨੂੰ ਚਿਤਰਿਆ ਹੈ।
ਪ੍ਰੋਗਰਾਮ ਦੇ ਪ੍ਰਬੰਧਕਾਂ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਦਿੱੱਤੀ ਲਿਖਤੀ ਜਾਣਕਾਰੀ ਅਨੁਸਾਰ ‘ਕਾਮਾਗਾਟਾ ਮਾਰੂ ਦਾ ਅਸਲੀ ਸਚ’ 12 ਫ਼ਰਵਰੀ 2017 ਐਤਵਾਰ ਨੂੰ ਗੁਰਦਵਾਰਾ ਸਾਹਿਬ ਸਟਾਕਟਨ (ਕੈਲੀਫ਼ੋਰਨੀਆ) ਵਿਖੇ ਬਾਅਦ ਦੁਪਹਿਰ 1:00 ਵਜੇ ਵਜੇ ਲੋਕ ਸਨਮੁਖ ਹੋਵੇਗੀ। ਸੰਗਤ ਨੂੰ ਭਰਵੀਂ ਹਾਜਰੀ ਭਰਨ ਦੀ ਸਨਿਮਰ ਬੇਨਤੀ ਹੈ ਜੀ।