ਅਕਾਲੀ-ਭਾਜਪਾ ਦੇ 10 ਸਾਲਾਂ ਰਾਜ ਦੌਰਾਨ ਪੰਜਾਬ ਦਾ ਭੱਠਾ ਬਿਠਾਉਣ ਵਾਲੇ ਸੁਖਬੀਰ ਵਲੋਂ ਮੈਨੂੰ ਉਪਦੇਸ਼ ਦੇਣਾ ਬੇਤੁਕਾ ਤੇ ਹਾਸੋਹੀਣਾ-ਕੈਪਟਨ

ਅਕਾਲੀ-ਭਾਜਪਾ ਦੇ 10 ਸਾਲਾਂ ਰਾਜ ਦੌਰਾਨ ਪੰਜਾਬ ਦਾ ਭੱਠਾ ਬਿਠਾਉਣ ਵਾਲੇ ਸੁਖਬੀਰ ਵਲੋਂ ਮੈਨੂੰ ਉਪਦੇਸ਼ ਦੇਣਾ ਬੇਤੁਕਾ ਤੇ ਹਾਸੋਹੀਣਾ-ਕੈਪਟਨ

 

‘ਨਵਜੋਤ ਸਿੱਧੂ ਨੂੰ ਅਸਤੀਫ਼ਾ ਦੇਣ ਦੀ ਕੋਈ ਲੋੜ ਨਹੀਂ’
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਦੇ ਮੱਦੇਨਜ਼ਰ ਸੂਬਾਈ ਵਜ਼ਾਰਤ ਤੋਂ ਅਸਤੀਫ਼ਾ ਦੇਣ ਦੀ ਕੋਈ ਲੋੜ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੜਕ ‘ਤੇ ਝਗੜੇ ਸਬੰਧੀ ਕੇਸ ਵਿੱਚ ਸੁਪਰੀਮ ਕੋਰਟ ਨੇ ਸਾਲ 2007 ਵਿੱਚ ਨਵਜੋਤ ਸਿੰਘ ਸਿੱਧੂ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਸੀ ਅਤੇ ਹਾਈ ਕੋਰਟ ਦੇ ਸਜ਼ਾ ਵਾਲੇ ਹੁਕਮਾਂ ਨੂੰ ਚੁਣੌਤੀ ਖ਼ਿਲਾਫ਼ ਸ੍ਰੀ ਸਿੱਧੂ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਅਜੇ ਫ਼ੈਸਲਾ ਸੁਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ 30 ਸਾਲ ਪੁਰਾਣੇ ਕੇਸ ਵਿੱਚ ਸੂਬਾਈ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਮਹਿਜ਼ ਆਪਣਾ ਸਟੈਂਡ ਦੁਹਰਾਏ ਜਾਣ ਦੇ ਆਧਾਰ ਉੱਤੇ ਮੰਤਰੀ ਕੋਲੋਂ ਅਸਤੀਫ਼ਾ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ ” ਸਜ਼ਾ ਉਤੇ ਰੋਕ ਕਾਰਨ ਸ੍ਰੀ ਸਿੱਧੂ ਨੂੰ ਵਜ਼ਾਰਤ ਵਿੱਚ ਸ਼ਾਮਲ ਕਰਨ ਸਮੇਂ ਨਾ ਤਾਂ ਕੋਈ ਅੜਿੱਕਾ ਸੀ ਅਤੇ ਨਾ ਹੀ ਹੁਣ ਉਨ੍ਹਾਂ ਦੇ ਵਜ਼ੀਰ ਬਣੇ ਰਹਿਣ ਵਿੱਚ ਕੋਈ ਅੜਚਣ ਹੈ।”   ਕੈਪਟਨ ਨੇ ਇਸ ਮਾਮਲੇ ਦੇ ਮੌਜੂਦਾ ਘਟਨਾਕ੍ਰਮ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੇਵਲ ਕਾਨੂੰਨੀ ਤੌਰ ‘ਤੇ ਵਿਹਾਰਕ ਸਟੈਂਡ ਹੀ ਲਿਆ ਹੈ।
ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਆਪਣੇ ਮੰਤਰੀ ਦਾ ਜਾਣ-ਬੁੱਝ ਬਚਾਅ ਨਾ ਕੀਤੇ ਜਾਣ ਬਾਰੇ ਰਿਪੋਰਟਾਂ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਸਰਕਾਰੀ ਵਕੀਲ ਨੂੰ ਇਸ ਕੇਸ ਨਾਲ ਜੁੜੀ ਕੋਈ ਨਵੀਂ ਜਾਣਕਾਰੀ ਨਹੀਂ ਮਿਲਦੀ, ਉਦੋਂ ਤੱਕ ਉਸ ਲਈ ਨਵਾਂ ਪੈਂਤੜਾ ਲੈਣਾ ਕਾਨੂੰਨੀ ਤੌਰ ‘ਤੇ ਸੰਭਵ ਨਹੀਂ ਹੈ।
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਸੋਹੀਣੀ ਅਤੇ ਬੇਤੁਕੀ ਬਿਆਨਬਾਜ਼ੀ ‘ਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਉਸ ਤੋਂ ਸਬਕ ਲੈਣ ਦੀ ਲੋੜ ਨਹੀਂ ਹੈ ਜਿਸ ਨੇ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਦੁਰਪ੍ਰਬੰਧਾਂ ਨਾਲ ਸੂਬੇ ਦਾ ਭੱਠਾ ਬਿਠਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਇਆ ਜਿਸ ਦਾ ਸਬੂਤ ਪਿਛਲੀ ਸਰਕਾਰ ਸਮੇਂ ਸੂਬੇ ਵਿੱਚ ਫੈਲੀ ਹਨੇਰਗਰਦੀ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦਾ ਬਿਆਨ ਅਕਾਲੀ ਦਲ ਦੇ ਖੁੱਸੇ ਵੱਕਾਰ ਕਾਰਨ ਉਸ ਅੰਦਰ ਪੈਦਾ ਹੋਈ ਬੇਚੈਨੀ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਉਨ੍ਹਾਂ ਪੁਲੀਸ ਨੂੰ ਖੁੱਲ੍ਹੀ ਛੁੱਟੀ ਨਾ ਦਿੱਤੀ ਹੁੰਦੀ ਤਾਂ ਸੂਬੇ ਵਿੱਚ ਗੈਂਗਸਟਰਾਂ ਦੀ ਗੁੰਡਾਗਰਦੀ, ਮਿੱਥ ਕੇ ਕਤਲ ਕਰਨ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਨਹੀਂ ਸੀ ਪੈਣੀ, ਜਿਨ੍ਹਾਂ ਘਟਨਾਵਾਂ ਨੇ ਅਕਾਲੀਆਂ ਦੇ ਸ਼ਾਸਨ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਤਹਿਸ-ਨਹਿਸ ਕਰ ਦਿੱਤੀ ਸੀ। ਕੈਪਟਨ ਨੇ ਕਿਹਾ ਕਿ ਇਸ ਸਮੇਂ ਅਫਸਰਸ਼ਾਹੀ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ । ਇਸੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਹੁਰੀਂ ਫੰਡਾਂ ਦਾ ਬੰਦੋਬਸਤ ਵਿੱਤੀ ਪ੍ਰਬੰਧ ਅਤੇ ਮਾਲੀਆ ਪੈਦਾ ਕਰ ਕੇ ਨਹੀਂ ਬਲਕਿ ਸੂਬੇ ਦੀ ਜਾਇਦਾਦ ਗਹਿਣੇ ਧਰ ਕੇ ਕਰਦੇ ਸਨ। ਅਕਾਲੀਆਂ ਨੇ ਸਿਰਫ਼ ਸੂਬੇ ਦੀਆਂ ਜਾਇਦਾਦਾਂ ਹੀ ਨਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਗਹਿਣੇ ਧਰ ਦਿੱਤਾ ਹੈ। ਸੁਖਬੀਰ ਬਾਦਲ  ਵੱਲੋਂ ਉਨ੍ਹਾਂ ਨੂੰ ‘ਨਕਲੀ ਬਾਦਲ’ ਕਹਿਣ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ‘ਬਾਦਲ’ ਨਾਂ ਸੁਖਬੀਰ ਦੀ ਮਾਲਕੀ ਨਹੀਂ ਸਗੋਂ ਇਹ ਨਾਂ ਪੰਜਾਬ ਅਤੇ ਪੰਜਾਬੀਆਂ ਨਾਲ ਹੋਏ ਮਾੜੇ ਕੰਮਾਂ ਦਾ ਸਮਾਨਅਰਥ ਬਣ ਗਿਆ ਜਿਸ ਲਈ ਉਹ (ਸੁਖਬੀਰ) ਅਤੇ ਉਸ ਦਾ ਪਰਿਵਾਰ ਜ਼ਿੰਮੇਵਾਰ ਹੈ।

ਪੀੜਤ ਪਰਿਵਾਰ ਨੇ ਰਾਹੁਲ ਗਾਂਧੀ 
ਤੇ ਕੈਪਟਨ ਤੋਂ ਇਨਸਾਫ਼ ਮੰਗਿਆ
ਚੰਡੀਗੜ੍ਹ/ਬਿਊਰੋ ਨਿਊਜ਼:
ਸੁਪਰੀਮ ਕੋਰਟ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਚੱਲ ਰਹੇ ਕੇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲਏ ਸਟੈਂਡ ਨੂੰ ਲੈ ਕੇ ਹੁਣ ਪੀੜਤ ਪਰਿਵਾਰ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸੜਕ ‘ਤੇ ਝਗੜੇ ਦੇ ਇਸ ਮਾਮਲੇ ਸਬੰਧੀ ਪਰਿਵਾਰ ਚਾਹੁੰਦਾ ਹੈ ਕਿ ਹੁਣ ਨਿਆਂ ਵਿੱਚ ਕੋਈ ਅੜਿੱਕਾ ਨਾ ਡਾਹਿਆ ਜਾਵੇ। ਇਸ ਤੋਂ ਦੋ ਦਿਨ ਪਹਿਲਾਂ ਵਿਰੋਧੀ ਪਾਰਟੀਆਂ ਜਿਨ੍ਹਾਂ ਵਿੱਚੋਂ ਸ਼ੋ?ਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਲੈ ਕੇ ਸ੍ਰੀ ਸਿੱਧੂ ਵਿਰੁੱਧ ਕਈ ਹਮਲੇ ਕੀਤੇ ਸਨ ਤੇ ਉਨ੍ਹਾਂ ਦਾ ਅਸਤੀਫ਼ਾ ਮੰਗਿਆ ਸੀ। ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ  ਸਿੱਧੂ ਦੇ ਹੱਕ ਵਿੱਚ ਭੁਗਤਦਿਆਂ ਕਿਹਾ ਸੀ ਕਿ ਅਸਤੀਫੇ ਦਾ ਤਾਂ ਸਵਾਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੇਵਲ ਵਿਹਾਰਕ ਸਟੈਂਡ ਹੀ ਲਿਆ ਹੈ ਜੋ 30 ਸਾਲ ਪਹਿਲਾਂ ਲਿਆ ਸੀ।
ਦੱਸਣਯੋਗ ਹੈ ਕਿ ਲੰਘੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸ੍ਰੀ ਸਿੱਧੂ ਦੇ ਕੇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲਏ ਸਟੈਂਡ ਨੇ ਸਿਆਸੀ ਤੌਰ ‘ਤੇ ਨਵੀਂ ਚਰਚਾ ਛੇੜ ਦਿੱਤੀ ਸੀ। ਇਹ ਮਾਮਲਾ ਸੜਕ ‘ਤੇ ਹੋਈ ਲੜਾਈ ਦਾ ਹੈ ਜਿਸ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। ਗੁਰਨਾਮ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 30 ਸਾਲ ਦੀ ਲੰਬੀ ਅਦਾਲਤੀ ਜੱਦੋਜਹਿਦ ਤੋਂ ਬਾਅਦ ਹੁਣ ਕੇਸ ਵਿੱਚ ਨਿਆਂ ਮਿਲਣ ਦੀ ਆਸ ਜਾਗੀ ਹੈ। ਗੁਰਨਾਮ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਸੁਅੱਚ ਵਾਸੀ ਪਿੰਡ ਘਲੋੜੀ ਨੇ ਦੱਸਿਆ ਕਿ ਇਸ ਲੰਬੇ ਸਮੇਂ ਦੌਰਾਨ ਉਨ੍ਹਾਂ ਨੂੰ ਨਿਆਂ ਲਈ ਬਹੁਤ ਭਟਕਣਾ ਪਿਆ ਹੈ। ਇਹੀ ਨਹੀਂ ਇਥੋਂ ਦੇ ਸਿਸਟਮ ਨੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਮੁਖੀ ਦੀ ਹੱਤਿਆ ਦਾ ਮੁੱਖ ਦੋਸ਼ੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸਿਆਸਤ ਦੀ ਸਿਖਰਲੀ ਪੌੜੀ ‘ਤੇ ਬਿਰਾਜਮਾਨ ਹੈ ਜਦੋਂ ਕਿ ਉਹ ਕੌਮੀ ਟੈਲੀਵਿਜ਼ਨ ‘ਤੇ ਇਸ ਅਪਰਾਧ ਨੂੰ ਸ਼ਰ੍ਹੇਆਮ ਕਬੂਲ ਕਰ ਚੁੱਕਾ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਨਰਵੇਦਇੰਦਰ ਸਿੰਘ ਨੇ ਉਸ ਨੂੰ ਅਤੇ ਉਸ ਦੀਆਂ ਦੋ ਭੈਣਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਦੋਂ ਬਹੁਤ ਦੁੱਖ ਹੋਇਆ ਜਦੋਂ ਕੌਮੀ ਟੈਲੀਵਿਜ਼ਨ ‘ਤੇ ਸਿੱਧੂ ਵੱਲੋਂ ਅਪਰਾਧ ਦੇ ਇੰਕਸ਼ਾਫ਼ ਨੂੰ ‘ਮਜ਼ਾਕ’ ਸਮਝਿਆ ਗਿਆ ਅਤੇ ਬਾਵਜੂਦ ਇਸ ਦੇ ਸਿਆਸੀ ਆਗੂ ਸਿੱਧੂ ਦੀ ਮਦਦ ਕਰਦੇ ਰਹੇ। ਉਸ ਨੇ ਕਿਹਾ ਕਿ ਹੁਣੇ ਹੁਣੇ ਲੜਕੀਆਂ ਨਾਲ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਵਿੱਚ ਸਭ ਉਨ੍ਹਾਂ ਲਈ ਨਿਆਂ ਦੀ ਮੰਗ ਕਰ ਰਹੇ ਹਨ ਪਰ ਉਸ ਵੇਲੇ ਸਾਡੇ ਲਈ ਕਿਸੇ ਨੇ ਨਿਆਂ ਦੀ ਮੰਗ ਨਹੀਂ ਕੀਤੀ ਜਦੋਂ ਇਕ ਸ਼ਕਤੀਸ਼ਾਲੀ ਵਿਅਕਤੀ ਵੱਲੋਂ ਆਪਣੀ ਮਸ਼ਹੂਰੀ ਤੇ ਸ਼ਕਤੀ ਦੇ ਗਰੂਰ ਵਿੱਚ ਇਕ ਬਜ਼ੁਰਗ ਵਿਅਕਤੀ ਨੂੰ ਮਾਰ ਦਿੱਤਾ ਸੀ। ਉਸ ਨੇ ਪਾਰਟੀ ਆਗੂਆਂ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ”ਇਨਸਾਨੀਅਤ ਦੇ ਨਾਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ ਅਤੇ 30 ਸਾਲ ਬਾਅਦ ਸਾਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਆਈ ਹੈ ਇਹ ਕਿਤੇ ਸਿਆਸਤ ਦੀ ਭੇਟ ਨਾ ਚੜ੍ਹ ਜਾਵੇ।” ਉਨ੍ਹਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ‘ਤੇ ਕੋਈ ਸਿਆਸੀ ਦਬਾਅ ਤਾਂ ਨਹੀਂ ਤਾਂ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ‘ਤੇ ਕੋਈ ਟਿੱਪਣੀ ਨਹੀਂ ਕਰੇਗਾ। ਉਂਜ, ਖ਼ਬਰਾਂ ਹਨ ਕਿ ਸਿਆਚ ਪਰਿਵਾਰ ਦੇ ਨੇੜਲੇ ਇਕ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਅਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਵੱਲੋਂ ਰਾਜ਼ੀਨਾਮਾ ਕਰਾਉਣ ਦੀ ਚਰਚਾ ਚੱਲ ਰਹੀ ਹੈ। ਪਰ ਅਮਨਿੰਦਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਕਿਸੇ ਦਬਾਅ ਹੇਠ ਨਹੀਂ ਆਵੇਗਾ।