ਸ਼ਹੀਦ ਭਗਤ ਸਿੰਘ ਦੇ ਪਿਸਤੌਲ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਤੇ ਬੀ.ਐਸ.ਐਫ. ਨੂੰ ਨੋਟਿਸ

ਸ਼ਹੀਦ ਭਗਤ ਸਿੰਘ ਦੇ ਪਿਸਤੌਲ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਤੇ ਬੀ.ਐਸ.ਐਫ. ਨੂੰ ਨੋਟਿਸ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਬੀਐਸਐਫ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਇੰਦੌਰ ਸਥਿਤ ਬੀਐਸਐਫ ਦੇ ਅਜਾਇਬਘਰ ਵਿੱਚ ਪਏ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਖਟਕੜ ਕਲਾਂ ਸਥਿਤ ਅਜਾਇਬਘਰ ਵਿੱਚ ਰੱਖਣ ਦੀ ਮੰਗ ਕੀਤੀ ਗਈ ਹੈ।
ਚੀਫ਼ ਜਸਟਿਸ ਐਸ.ਜੇ.ਵਜ਼ੀਫਦਾਰ ਅਤੇ ਜਸਟਿਸ ਏ.ਐਸ. ਗਰੇਵਾਲ ਦੇ ਬੈਂਚ ਨੇ ਵਕੀਲ ਐਚ.ਸੀ. ਅਰੋੜਾ ਵੱਲੋਂ ਦਾਇਰ ਇਸ ਪਟੀਸ਼ਨ ਦੀ ਅਗਲੀ ਸੁਣਵਾਈ 19 ਅਪ੍ਰੈਲ ਨੂੰ ਰੱਖੀ ਹੈ। ਸੁਣਵਾਈ ਦੌਰਾਨ ਸ੍ਰੀ ਅਰੋੜਾ ਨੇ ਬੈਂਚ ਨੂੰ ਦੱਸਿਆ ਕਿ ਭਗਤ ਸਿੰਘ ਨੇ ਇਹ ਪਿਸਤੌਲ ਬਰਤਾਨੀਆ ਸਰਕਾਰ ਦੇ ਏਐਸਪੀ ਜੇ. ਸਾਂਡਰਸ ਨੂੰ ਮਾਰਨ ਲਈ ਵਰਤਿਆ ਸੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨਾਲ ਸਬੰਧਤ ਹੋਰ ਚੀਜ਼ਾਂ ਖਟਕੜ ਕਲਾਂ ਸਥਿਤ ਅਜਾਇਬਘਰ ਵਿੱਚ ਪਈਆਂ ਹਨ, ਜੋ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਸਥਾਨ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਨੇ ਇਹ ਪਿਸਤੌਲ ਅਕਤੂਬਰ 1969 ਵਿੱਚ ਫਿਲੌਰ ਸਥਿਤ ਪੰਜਾਬ ਪੁਲੀਸ ਅਕੈਡਮੀ ਤੋਂ ਲਿਆ ਸੀ, ਜਿੱਥੇ ਇਹ 1944 ਵਿੱਚ ਲਾਹੌਰ ਦੇ ਐਸਐਸਪੀ ਤੋਂ ਲੈ ਕੇ ਰੱਖਿਆ ਗਿਆ ਸੀ।