ਸਿੱਖ ਮੈਂਬਰ ਨੇ ਯੂ. ਕੇ.ਸੰਸਦ ‘ਚ ਪੇਸ਼ ਕੀਤਾ ਸੰਸਾਰ ਜੰਗਾਂ ‘ਚ ਸ਼ਹੀਦ ਸਿੱਖ ਫ਼ੌਜੀਆਂ ਦੀ ਯਾਦਗਾਰ ਬਣਾਉਣ ਦਾ ਮਤਾ

ਸਿੱਖ ਮੈਂਬਰ ਨੇ ਯੂ. ਕੇ.ਸੰਸਦ ‘ਚ ਪੇਸ਼ ਕੀਤਾ ਸੰਸਾਰ ਜੰਗਾਂ ‘ਚ ਸ਼ਹੀਦ ਸਿੱਖ ਫ਼ੌਜੀਆਂ ਦੀ ਯਾਦਗਾਰ ਬਣਾਉਣ ਦਾ ਮਤਾ

ਲੰਡਨ/ਬਿਊਰੋ ਨਿਊਜ਼:
ਪਹਿਲੀ ਤੇ ਦੂਜੀ ਸੰਸਾਰ ਜੰਗ ਵਿੱਚ ਇੰਗਲੈਂਡ ਵੱਲੋਂ ਲੜਨ ਵਾਲੇ ਸਿੱਖਾਂ ਦੀ ਯਾਦਗਾਰ ਬਣਾਉਣ ਲਈ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਸਦ ਵਿੱਚ ਪ੍ਰਸਤਾਵ ਰੱਖਿਆ ਹੈ। ਇਸ ਪ੍ਰਸਤਾਵ ‘ਤੇ ਯੂ.ਕੇ. ਦੇ 150 ਸੰਸਦ ਮੈਂਬਰਾਂ ਨੇ ਦਸਤਖ਼ਤ ਕੀਤੇ ਹਨ। ਸ੍ਰੀ ਢੇਸੀ ਨੇ ਮੰਗ ਕੀਤੀ ਹੈ ਕਿ ਸੈਂਟਰਲ ਲੰਡਨ ਵਿੱਚ ‘ਨੈਸ਼ਨਲ ਸਿੱਖ ਵਾਰ ਮੈਮੋਰੀਅਲ’ ਬਣਾਈ ਜਾਵੇ।
ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਹਿਲੀ ਤੇ ਦੂਜੀ ਸੰਸਾਰ ਜੰਗ ਵਿੱਚ ਇੰਗਲੈਂਡ ਵੱਲੋਂ ਲੜਨ ਵਾਲੇ ਸਿੱਖ ਫ਼ੌਜੀਆਂ ਦੀ ਯਾਦਗਾਰ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਪਹਿਲੀ ਸੰਸਾਰ ਜੰਗ ਦੌਰਾਨ 83 ਹਜ਼ਾਰ ਪਗੜੀਧਾਰੀ ਸਿੱਖ ਸ਼ਹੀਦ ਹੋ ਗਏ ਸਨ ਤੇ ਇਕ ਲੱਖ ਦੇ ਕਰੀਬ ਸਿੱਖ ਫ਼ੌਜੀ ਜ਼ਖ਼ਮੀ ਹੋਏ ਸਨ। ਸਰਕਾਰ ਯਾਦਗਾਰ ਉਨ੍ਹਾਂ ਸਿੱਖ ਸ਼ਹੀਦਾਂ ਨੂੰ ਸਮਰਪਿਤ ਕਰੇ, ਜਿਨ੍ਹਾਂ ਨੇ ਇੰਗਲੈਂਡ ਲਈ ਕੁਰਬਾਨੀਆਂ ਕੀਤੀਆਂ ਸਨ।
ਸ੍ਰੀ ਢੇਸੀ ਨੇ ਦੱਸਿਆ ਕਿ ਪਹਿਲੀ ਤੇ ਦੂਜੀ ਸੰਸਾਰ ਜੰਗ ਵਿੱਚ ਇੰਗਲੈਂਡ ਵੱਲੋਂ ਲੜਨ ਵਾਲੇ ਸਿੱਖ ਫ਼ੌਜੀਆਂ ਨੇ ਬਹੁਤ ਬਹਾਦਰੀ ਦਿਖਾਈ ਸੀ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਲਈ ਉਨ੍ਹਾਂ ਦੀ ਯਾਦਗਾਰ ਸੈਂਟਰਲ ਲੰਡਨ ਵਿੱਚ ਬਣਾਈ ਜਾਵੇ।
ਜ਼ਿਕਰਯੋਗ ਹੈ ਕਿ ਤਨਮਨਜੀਤ ਸਿੰਘ ਢੇਸੀ ਨੇ ਇੰਗਲੈਂਡ ਵੱਲੋਂ ਸੰਸਾਰ ਜੰਗ ਵਿੱਚ ਹਿੱਸਾ ਲੈਣ ਵਾਲੇ ਮਹਿੰਦਰ ਸਿੰਘ ਪੁੱਜੀ ਦਾ ਬੁੱਤ ਲਾਉਣ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਸੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਰਕਾਰ ਮੌਜੂਦਾ ਪ੍ਰਸਤਾਵ ਨੂੰ ਮਨਜ਼ੂਰ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਮਾਣ ਰੱਖੇਗੀ।