ਸਿੱਧੂ ਉਪ ਮੁੱਖ ਮੰਤਰੀ ਜਾਂ ਮੰਤਰੀ ਬਣਨਗੇ…. ਫੈਸਲਾ ਸੋਨੀਆ ਜਾਂ ਰਾਹੁਲ ਕਰਨਗੇ : ਅਮਰਿੰਦਰ

ਸਿੱਧੂ ਉਪ ਮੁੱਖ ਮੰਤਰੀ ਜਾਂ ਮੰਤਰੀ ਬਣਨਗੇ…. ਫੈਸਲਾ ਸੋਨੀਆ ਜਾਂ ਰਾਹੁਲ ਕਰਨਗੇ : ਅਮਰਿੰਦਰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਨਵਜੋਤ ਸਿੰਘ ਸਿੱਧੂ ਕਦੇ ਕਾਂਗਰਸ ਵਿਚ ਨਹੀਂ ਆਏ, ਪਰ ਕੈਪਟਨ ਦੇ ਜਵਾਬ ਤੋਂ ਇਕ ਗੱਲ ਪੱਕੀ ਹੋ ਗਈ ਹੈ ਕਿ ਉਹ ਚੋਣ ਲੜਨਗੇ ਅਤੇ ਕਾਂਗਰਸ ਦੀ ਸਰਕਾਰ ਬਣੀ ਤਾਂ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ। ਮੰਤਰਾਲਾ ਕਿਹੜਾ ਹੋਵੇਗਾ, ਇਸ ਦਾ ਫੈਸਲਾ ਸੋਨੀਆ-ਰਾਹੁਲ ਹੀ ਕਰਨਗੇ। ਸਿੱਧੂ ਦੀ ਕਾਂਗਰਸ ‘ਚ ਲੇਟ ਐਂਟਰੀ ਦਾ ਕਾਰਨ ਮੁੰਬਈ ਸ਼ੂਟਿੰਗ ਵਿਚ ਰੁਝੇ ਹੋਣਾ ਦੱਸਿਆ। ਉਮੀਦਵਾਰ ਦੇ ਐਲਾਨ ਤੋਂ ਬਾਅਦ ਹੋਈ ਬਗਾਵਤ ਦੇ ਬਾਵਜੂਦ ਉਨ੍ਹਾਂ ਨੇ ਟਿਕਟ ਵੰਡ ‘ਤੇ ਤਸੱਲੀ ਪ੍ਰਗਟਾਈ। ਦਿੱਲੀ ‘ਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਿੰਦਰ ਸਿੰਘ ਨਾਲ ਗੱਲਬਾਤ :
ਸਵਾਲ : ਤੁਹਾਡੀ ਪਾਰਟੀ ਟਿਕਟ ਵੰਡਣ ‘ਚ ਹੋਰਨਾਂ ਪਾਰਟੀਆਂ ਤੋਂ ਪਛੜ ਗਈ। ਇਹ ਦੇਰੀ ਕਿਉਂ ਹੋਈ?
ਜਵਾਬ : ਸੱਚ ਹੈ, ਟਿਕਟ ਵੰਡਣ ‘ਚ ਹੋਰ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਸਮਾਂ ਲੱਗਾ। ਪਰ ਇੱਥੇ ਕੋਈ ਬਾਦਲ ਬਾਪ-ਬੇਟੇ ਜਾਂ ਫਿਰ ਕੇਜਰਵਾਲ ਅਤੇ ਸਿਸੋਦੀਆ ਘਰ ‘ਚ ਬੈਠ ਕੇ ਨਾਂ ਤੈਅ ਨਹੀਂ ਕਰਦਾ। ਕਾਂਗਰਸ ਦੇ ਸਾਰੇ ਆਗੂਆਂ ਨਾਲ ਗੱਲ ਕਰ ਕੇ ਪੰਜਾਬ ਤੇ ਯੂ.ਪੀ. ਸਮੇਤ 5 ਸੂਬਿਆਂ ਲਈ ਟਿਕਟ ਫਾਈਨਲ ਕਰਨੀ ਸੀ, ਇਸ ਲਈ ਦੇਰੀ ਹੋਈ।
ਸਵਾਲ : ਸਿੱਧੂ ਨੇ ਕਾਂਗਰਸ ਤੋਂ ਅਜਿਹਾ ਕੀ ਮੰਗਿਆ ਕਿ ਹਾਲੇ ਤਕ ਉਹ ਸ਼ਾਮਲ ਨਹੀਂ ਹੋਏ?
ਜਵਾਬ : ਸਿੱਧੂ ਕਾਮੇਡੀ ਸ਼ੋਅ ‘ਚ ਰੁਝੇ ਸਨ। ਉਨ੍ਹਾਂ ਨੂੰ ਹਫਤੇ ‘ਚ ਦੋ ਵਾਰ ਸ਼ੂਟਿੰਗ ਲਈ ਮੁੰਬਈ ਜਾਣਾ ਪੈਂਦਾ ਹੈ। ਹੁਣ ਗੱਲ ਹੋ ਗਈ ਹੈ। ਸਿੱਧੂ ਅਤੇ ਕਾਂਗਰਸ ‘ਚ ਕੋਈ ਨਾਰਾਜ਼ਗੀ ਨਹੀਂ ਹੈ। ਪਾਰਟੀ ਨੇ ਉਨ੍ਹਾਂ ਦੀਆਂ ਗੱਲਾਂ ਮੰਨ ਲਈਆਂ ਹਨ ਅਤੇ ਇਨ੍ਹਾਂ ਗੱਲਾਂ ‘ਚ ਡਿਪਟੀ ਸੀ.ਐਮ. ਜਾਂ ਕਿਸੇ ਅਹੁਦੇ ਦੀ ਗੱਲ ਨਹੀਂ ਹੈ।
ਸਵਾਲ : ਤੁਹਾਡੀ ਸਰਕਾਰ ਬਣੀ ਤਾਂ ਕੀ ਸਿੱਧੂ ਨੂੰ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ?
ਜਵਾਬ : ਹਾਂ ਕਿਉਂ ਨਹੀਂ, ਸਿੱਧੂ ਮੰਤਰੀ ਬਣਨਗੇ, ਪਰ ਕਿਹੜਾ ਵਿਭਾਗ ਮਿਲੇਗਾ ਜਾਂ ਕਿਹੜਾ ਅਹੁਦਾ, ਇਸ ਦਾ ਫੈਸਲਾ ਮੈਂ ਨਹੀਂ ਕਰ ਸਕਦਾ। ਸੋਨੀਆ ਤੇ ਰਾਹੁਲ ਗਾਂਧੀ ਉਨ੍ਹਾਂ ਨੂੰ ਮਿਲਣ ਵਾਲੇ ਮੰਤਰਾਲਾ ਦਾ ਫੈਸਲਾ ਕਰਨਗੇ।
ਸਵਾਲ : ਸਰਕਾਰ ਬਣੀ ਤਾਂ ਸਿੱਧੂ ਮੰਤਰੀ ਬਣ ਜਾਣਗੇ ਪਰ ਉਨ੍ਹਾਂ ਦੀ ਪਤਨੀ ਦਾ ਕੀ ਹੋਵੇਗਾ, ਕੀ ਕਾਂਗਰਸ ਨੇ ਉਨ੍ਹਾਂ ਨਾਲ ਕੋਈ ਵਾਅਦਾ ਕੀਤਾ ਹੈ, ਉਨ੍ਹਾਂ ਨੂੰ ਸੰਸਦ ਭੇਜਿਆ ਜਾ ਸਕਦਾ ਹੈ?
ਜਵਾਬ : ਸਿੱਧੂ ਜੋੜੇ ਨੇ ਅੱਜ ਤਕ ਇਹ ਮੁੱਦਾ ਨਹੀਂ ਚੁੱਕਿਆ। ਨਾ ਹੀ ਨਵਜੌਤ ਕੌਰ ਸਿੱਧੂ ਦਾ ਨਾਂ ਸੰਸਦ ਮੈਂਬਰ ਜਾਂ ਫਿਰ ਕਿਸੇ ਹੋਰ ਅਹੁਦੇ ਲਈ ਅੱਗੇ ਕੀਤਾ ਗਿਆ ਹੈ।
ਸਵਾਲ : ਟਿਕਟ ਵੰਡ ‘ਚ ਤੁਹਾਡੀ ਕਿੰਨੀ ਚਲੀ। ਪਿਛਲੀ ਵਾਰ ਵੀ ਤੁਸੀਂ ਸਰਕਾਰ ਬਣਾਉਣ ਦੀ ਉਮੀਦ ਲਗਾਈ ਹੋਈ ਸੀ, ਇਸ ਵਾਰ ਕੀ ਕੁੱਝ ਵੱਖਰਾ ਹੈ?
ਜਵਾਬ : ਮੈਂ ਟਿਕਟ ਵੰਡ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਪਿਛਲੀ ਵਾਰ ਤਾਂ ਕਿਸੇ ਨੇਤਾ ਨੂੰ 5 ਤਾਂ ਕਿਸੇ ਨੂੰ 10 ਟਿਕਟਾਂ ਦਾ ਕੋਟਾ ਦੇ ਦਿੱਤਾ ਗਿਆ ਸੀ ਅਤੇ ਫਿਰ ਆਪਣੀ ਮਨਮਰਜ਼ੀ ਦੇ ਟਿਕਟ ਵੰਡੇ ਗਏ ਸਨ। ਪਿਛਲੀ ਵਾਰ ਕੁਲ 39 ਉਮੀਦਵਾਰ ਅਜਿਹੇ ਸਨ, ਜਿਨ੍ਹਾਂ ‘ਤੇ ਮੈਨੂੰ ਇਤਰਾਜ਼ ਸੀ। ਇਸ ਤੋਂ ਇਲਾਵਾ ਯੂਥ ਕਾਂਗਰਸ ਦੇ ਕੋਟੇ ਤੋਂ 8 ਟਿਕਟਾਂ ਦਿੱਤੀਆਂ ਗਈਆਂ। ਇਨ੍ਹਾਂ ਸਾਰੇ 47 ਉਮੀਦਵਾਰਾਂ ‘ਚੋਂ ਸਿਰਫ 8 ਜਿੱਤੇ, ਜਿਸ ਕਾਰਨ ਅਸੀਂ ਸਰਕਾਰ ਬਣਾਉਣ ‘ਚ ਫੇਲ ਰਹੇ।
ਸਵਾਲ : ਤੁਸੀ ਆਪਣੇ ਮੈਨੀਫੈਸਟੋ ‘ਚ ਪੰਜਾਬ ਵਿੱਚ ਲਾਲ ਬੱਤੀ ਵਾਲਾ ਵੀ.ਆਈ.ਪੀ. ਕਲਚਰ ਖਤਮ ਕਰਨ ਦੀ ਗੱਲ ਕੀਤੀ ਹੈ। ਤੁਸੀਂ ਮੁੱਖ ਮੰਤਰੀ ਰਹਿ ਚੁੱਕੇ ਹੋ ਤਾਂ ਅਜਿਹਾ ਕਿਉਂ ਨਹੀਂ ਕੀਤਾ?
ਜਵਾਬ : ਹੁਣ ਮੈਨੂੰ ਪਤਾ ਲੱਗਾ ਹੈ ਕਿ ਲੋਕ ਇਸ ਕਲਚਰ ਤੋਂ ਤੰਗ ਹਨ। ਮੈਨੂੰ ਖੁਦ ਦਿੱਲੀ ‘ਚ ਵੀ.ਆਈ.ਪੀ. ਲੋਕਾਂ ਦੇ ਕਾਫਲੇ ਦੇ ਲੰਘਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਮੈਂ ਘਰ ਤੋਂ ਨਿਕਲਦਾ ਹਾਂ ਅਤੇ ਪੁਲਿਸ ਬੈਰੀਕੇਡ ‘ਤੇ ਲੋਕ ਲਿਆ ਜਾਂਦਾ ਹੈ। ਇੱਥੋਂ ਵੀ.ਆਈ.ਪੀ. ਕਾਫਲਾ ਲੰਘਣ ਤਕ ਸੜਕ ‘ਤੇ ਹੀ ਇੰਤਜ਼ਾਰ ਕਰਨਾ ਪੈਂਦਾ ਹੈ। ਇਸੇ ਪ੍ਰੇਸ਼ਾਨੀ ਵੱਲ ਨਜ਼ਰ ਮਾਰੀ ਜਾ ਰਹੀ ਹੈ ਅਤੇ ਲਾਲ ਬੱਤੀ ਤੇ ਵੀ.ਆਈ.ਪੀ. ਕਲਚਰ ਖਤਮ ਕਰਨ ਦੀ ਸਕੀਮ ਬਣਾਈ ਹੈ।