ਸਿੱਖ ਸਕਾਲਰ ਡਾ. ਰਘਬੀਰ ਸਿੰਘ ਬੈਂਸ ਦਾ ਦੇਹਾਂਤ

ਸਿੱਖ ਸਕਾਲਰ ਡਾ. ਰਘਬੀਰ ਸਿੰਘ ਬੈਂਸ ਦਾ ਦੇਹਾਂਤ

ਸੰਸਾਰ ਦਾ ਪਹਿਲਾ ਮਲਟੀਮੀਡੀਆ ਸਿੱਖ ਇਨਸਾਈਕਲੋਪੀਡੀਆ ਡਾ. ਬੈਂਸ ਦੀ ਵਿਲੱਖਣ ਉਪਲਬਧੀ
ਲੁਧਿਆਣਾ/ਬਿਊਰੋ ਨਿਊਜ਼ :
ਸਿੱਖ ਜਗਤ ਵਿੱਚ ਮਲਟੀਮੀਡੀਆ ਸਿੱਖ ਵਿਸ਼ਵਕੋਸ਼ ਨਾਲ ਨਵਾਂ ਅਧਿਆਇ ਜੋੜਨ ਵਾਲੇ ਕੈਨੇਡਾ ਵਾਸੀ ਡਾ. ਰਘਬੀਰ ਸਿੰਘ ਬੈਂਸ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਆਲਮੀ ਪੱਧਰ ‘ਤੇ ਸਿੱਖ ਕੌਮ ਦਾ ਮਾਣ ਵਧਾਉਣ ਵਾਲੇ 81 ਸਾਲਾ ਡਾ. ਬੈਂਸ ਪਿਛਲੇ 10 ਕੁ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਦੁਪਹਿਰੇ ਮੁੜ ਦਿਲ ਦਾ ਦੌਰਾ ਪੈ ਗਿਆ, ਜੋ ਜਾਨਲੇਵਾ ਸਾਬਤ ਹੋਇਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਬੀਬੀ ਪਰਮਜੀਤ ਕੌਰ ਅਤੇ ਤਿੰਨ ਬੇਟੇ ਇੰਦਰਜੀਤ ਸਿੰਘ ਬੈਂਸ, ਵਰਿੰਦਰਜੀਤ ਸਿੰਘ ਬੈਂਸ ਅਤੇ ਪ੍ਰਭਜੋਤ ਸਿੰਘ ਬੈਂਸ ਹਨ।
ਆਧੁਨਿਕ ਤਕਨਾਲੋਜੀ ਰਾਹੀਂ ਤਕਰੀਬਨ ਡੇਢ ਦਹਾਕਾ ਲਾ ਕੇ ਤਿਆਰ ਕੀਤਾ ਗਿਆ ਆਪਣੀ ਕਿਸਮ ਦਾ ਸੰਸਾਰ ਦਾ ਪਹਿਲਾ ਮਲਟੀਮੀਡੀਆ ਸਿੱਖ ਇਨਸਾਈਕਲੋਪੀਡੀਆ ਡਾ. ਬੈਂਸ ਦੀ ਵਿਲੱਖਣ ਉਪਲਬਧੀ ਅਤੇ ਕੌਮ ਨੂੰ ਦੇਣ ਹੈ। ਇਸ ਇਨਸਾਈਕਲੋਪੀਡੀਆ ਨੂੰ 1996 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਪਾਰਲੀਮੈਂਟ ਹਾਊਸ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਇਨਸਾਈਕਲੋਪੀਡੀਆ ਦੇ ਲਗਭਗ 2000 ਸਫ਼ੇ ਹਨ। ਡਾ. ਬੈਂਸ ਨੇ ਪਹਿਲਾ ਸਿੱਖ ਮਲਟੀਮੀਡੀਆ ਅਜਾਇਬਘਰ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ਸਿੱਖ ਸੰਗਤ ਨੂੰ ਸਮਰਪਿਤ ਕੀਤਾ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ਕੰਢੇ ਸਮੇਤ ਅਜਿਹੇ 6 ਅਜਾਇਬ ਘਰ ਸਥਾਪਤ ਕੀਤੇ ਸਨ।
ਡਾ. ਬੈਂਸ ਸਾਲ ਵਿਚ ਲਗਭਗ ਛੇ ਮਹੀਨੇ ਕੈਨੇਡਾ ਵਿਚ ਅਤੇ ਬਾਕੀ ਦਾ ਸਮਾਂ ਭਾਰਤ ਵਿਚ ਗੁਜ਼ਾਰਦੇ ਸਨ ਤੇ ਇਸ ਵੇਲੇ ਉਹ ਜਲੰਧਰ ਵਿਚ ਰਹਿ ਰਹੇ ਸਨ।
ਡਾ. ਬੈਂਸ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਡਗਾਣਾ ਕਲਾਂ ਵਿਚ 1936 ਈਸਵੀ ਨੂੰ ਮਾਤਾ ਪ੍ਰੀਤਮ ਕੌਰ ਤੇ ਪਿਤਾ ਨਗਿੰਦਰ ਸਿੰਘ ਬੈਂਸ ਦੇ ਘਰ ਹੋਇਆ। ਉਹ ਇਕ ਆਮ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਿੱਥੇ ਉਹ ਸਕੂਲ ਜਾਣ ਦੇ ਨਾਲ ਨਾਲ ਮੱਝਾਂ ਚਰਾਉਣ ਦਾ ਕੰਮ ਵੀ ਕਰਦੇ ਸਨ। ਉਨ੍ਹਾਂ ਨੇ ਸਕੂਲੀ ਸਿੱਖਿਆ ਪ੍ਰਾਪਤ ਕਰਨ ਪਿੱਛੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਏ., ਬੀ.ਐੱਡ ਅਤੇ ਐਮ.ਏ ਪਾਸ ਕੀਤੀ ਅਤੇ ਇਸ ਪਿੱਛੋਂ ਉਹ ਉਤਰੀ ਰੇਲਵੇ ਵਿਚ ਨੌਕਰੀ ਕਰਨ ਲੱਗ ਪਏ ਅਤੇ ਇਸ ਪਿੱਛੋਂ ਉਹ ਆਬਕਾਰੀ ਵਿਭਾਗ ਵਿਚ ਬਤੌਰ ਇੰਸਪੈਕਟਰ ਭਰਤੀ ਹੋ ਗਏ। ਨੌਕਰੀ ਦੌਰਾਨ ਹੀ ਉਨ੍ਹਾਂ ਨੇ ਐਲ.ਐਲ.ਬੀ ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 1982 ਵਿਚ ਕੀਤੀ। ਇਸ ਦੇ ਨਾਲ ਨਾਲ ਉਨ੍ਹਾਂ ਨੇ 2002 ਵਿਚ ਅਮਰੀਕਾ ਤੋਂ 67 ਸਾਲ ਦੀ ਉਮਰ ਵਿਚ ਸੰਸਾਰ ਦੇ ਵੱਖ-ਵੱਖ ਧਰਮਾਂ ਅਤੇ ਸਭਿਆਚਾਰਾਂ ਬਾਰੇ ਪੀ.ਐਚ.ਡੀ ਦੀ ਡਿਗਰੀ ਹਾਸਲ ਕੀਤੀ। ਉਹ ਸਮਾਜ ਵਿਚੋਂ ਨਸ਼ੇ ਖਤਮ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ ਤੇ ਉਹ ਚਾਹੁੰਦੇ ਸਨ ਕਿ ਪੂਰੇ ਸੰਸਾਰ ਵਿਚ ਨਸ਼ਿਆਂ ਦਾ ਨਾਮ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਕੈਨੇਡਾ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਵੱਖ ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਨੇ ਸ੍ਰੀ ਖਡੂਰ ਸਾਹਿਬ ਵਿਚ ਮਲਟੀਮੀਡੀਆ ਮਿਊਜ਼ੀਅਮ ਦੀ ਉਸਾਰੀ ਕਰਕੇ ਇਕ ਵੱਡਾ ਕੀਰਤੀਮਾਨ ਸਥਾਪਤ ਕੀਤਾ। ਉਹ ਸੰਸਾਰ ‘ਚ ਥਾਂ-ਥਾਂ ਤੇ ਨਸ਼ਿਆਂ ਦੇ ਨਾਲ-ਨਾਲ ਸਮਾਜ ਵਿਚ ਫੈਲੀਆਂ ਹੋਰ ਭੈੜੀਆਂ ਕੁਰੀਤੀਆਂ ਤੋਂ ਇਲਾਵਾ ਐਚ.ਆਈ.ਵੀ ਏਡਜ਼ ਦੀ ਰੋਕਥਾਮ ਲਈ ਵੀ ਪ੍ਰਚਾਰ ਕੀਤਾ। ਉਨ੍ਹਾਂ ਨੇ ਏਡਜ਼ ਸਬੰਧੀ ਤਨਜ਼ਾਨੀਆ, ਕੀਨੀਆ ਅਤੇ ਯੁਗਾਂਡਾ ਵਰਗੇ ਦੇਸ਼ਾਂ ਵਿਚ ਵੀ ਕੰਮ ਕੀਤਾ। ਸੰਸਾਰ ਦੇ ਸੈਂਕੜੇ ਦੇਸ਼ਾਂ ਵਿਚ ਜਾ ਕੇ ਗਰੀਬੀ, ਭੁੱਖਮਰੀ ਖਿਲਾਫ਼ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਸੰਸਾਰ ਵਿਚ ਅਨੇਕਾਂ ਹੀ ਦੇਸ਼ਾਂ ਵਿਚ ਜਾ ਕੇ ਸਮਾਜਿਕ ਕੁਰੀਤੀਆਂ ਉਪਰ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਪਰਚੇ ਵੀ ਪੜ੍ਹੇ, ਜੋ ਸਾਡੇ ਇਤਿਹਾਸ ਦਾ ਹਿੱਸਾ ਬਣ ਚੁੱਕੇ ਹਨ।
ਡਾ: ਰਘਬੀਰ ਸਿੰਘ ਬੈਂਸ ਪੰਜਾਬ ਦਾ ਉਹ ਮਾਣ ਹਨ, ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿਚ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਬਦਲੇ ਬਹੁਤ ਸਾਰੇ ਪੁਰਸਕਾਰ ਮਿਲੇ, ਜਿਨ੍ਹਾਂ ਵਿਚ ਕੌਮਾਂਤਰੀ ਪੱਧਰ ਦਾ ਪੁਰਸਕਾਰ ‘ਆਰਡਰ ਆਫ਼ ਬ੍ਰਿਟਿਸ਼ ਕੋਲੰਬੀਆ’, ‘ਗੌਰਮਿੰਟ ਆਫ਼ ਬੀ.ਸੀ.ਕੈਨੇਡਾ’, ‘ਸਾਹਿਤ ਸ਼੍ਰੋਮਣੀ ਪੁਰਸਕਾਰ’ ਪੰਜਾਬ ਸਰਕਾਰ, ‘ਪੰਥ ਰਤਨ ਪੁਰਸਕਾਰ’, ‘ਕੌਮਾਂਤਰੀ ਦਸਮੇਸ਼ ਪੁਰਸਕਾਰ’ ਅਮਰੀਕਾ, ‘ਨਿਸ਼ਾਨ-ਏ-ਸਿੱਖੀ’, ‘ਸਿੱਖ ਸਕਾਲਰ ਆਫ਼ ਕੰਪਿਊਟਰ ਏਜ਼’, ‘ਸ਼ਾਨ-ਏ-ਪੰਜਾਬ’ ਇੰਟਰਨੈਸ਼ਨਲ ਐਵਾਰਡ’ ਤੋਂ ਇਲਾਵਾ ਭਾਰਤ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਅਨੇਕਾਂ ਪੁਰਸਕਾਰ ਦੇ ਕੇ ਨਿਵਾਜਿਆ ਗਿਆ।
ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ : ਡਾ. ਰਘਬੀਰ ਸਿੰਘ ਬੈਂਸ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ, ਡਾ. ਰੂਪ ਸਿੰਘ,  ਮਨਜੀਤ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।