ਗੁਰੂ ਰਵਿਦਾਸ ਟੈਂਪਲ ਫਰਿਜ਼ਨੋ ਵਿਖੇ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਗੁਰੂ ਰਵਿਦਾਸ ਟੈਂਪਲ ਫਰਿਜ਼ਨੋ ਵਿਖੇ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਗੁਰਦੁਆਰਾ ਰਵਿਦਾਸ ਟੈਂਪਲ ਫਰਿਜ਼ਨੋ ਵਿਖੇ ਇਲਾਕੇ ਦੀ ਸੰਗਤ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਉ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਗਏ। ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ, ਕਥਾ ਅਤੇ ਡਾ. ਅੰਬੇਡਕਰ ਦੀ ਜ਼ਿੰਦਗੀ ਅਤੇ ਸੰਵਿਧਾਨਕ ਦੇਣ ਸਬੰਧੀ ਵਿਚਾਰਾ ਹੋਈਆਂ। ਇਸ ਸਮੇਂ ਗੁਰੂਘਰ ਦੇ ਹਜ਼ੂਰੀ ਕੀਰਤਨੀਏ ਭਾਈ ਰਾਮ ਸਿੰਘ ਦੇ ਜਥੇ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਇੰਦਰਜੀਤ ਸਿੰਘ ਅਤੇ ਅਮਨਜੋਤ ਸਿੰਘ ਮਾਛੀਵਾੜਾ ਨੇ ਸ਼ਬਦ ਗਾਇਨ ਕੀਤੇ। ਕਵੀਸ਼ਰ ਗੁਰਦੇਵ ਸਿੰਘ ਸਾਹੋਕੇ ਦੇ ਜਥੇ ਨੇ ਇਤਿਹਾਸਕ ਵਾਰਾਂ ਗਾਈਆਂ। ਇਸ ਮੌਕੇ ਹਰਬਿਲਾਸ ਸਿੰਘ, ਮਲਕੀਤ ਸਿੰਘ ਬੰਗੜ, ਰਾਜ ਗੁਰੂ, ਅਮਰ ਦਰੌਚ, ਰਾਜ ਗੁਰੂ, ਰਾਜਿੰਦਰ ਗਨਜ਼ਰ, ਸ਼ੀਲਾਂ ਮਹੇ, ਜਸਵੀਰ ਮੰਮਨ, ਪ੍ਰਿਥੀਪਲ ਮਹਿੰਮੀ, ਮਨਦੀਪ ਕੌਰ, ਪਲਵਿੰਦਰ ਕੌਰ, ਡਾ. ਸਤਿਨਾਮ ਬੰਗੜ, ਪ੍ਰੇਮ ਸੋਢੀ, ਪਿਆਰਾ ਬਿਰਦੀ, ਸੁਰਜੀਤ ਸਿੰਘ ਮਾਛੀਵਾੜਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਸਿੱਖਿਆਵਾਂ ‘ਤੇ ਅਮਲ ਕਰਨ ਲਈ ਪ੍ਰੇਰਿਆ। ਉਨ੍ਹਾਂ ਡਾ. ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਭਾਈਚਾਰਕ ਸਾਂਝ ਅਤੇ ਜਾਤ-ਪਾਤ ਦੇ ਵਿਤਕਰੇ ਤੋਂ ਉੱਚਾ ਉੱਠ ਕੇ ਸਿੱਖਿਅਤ ਹੋਣ ਦੀ ਗੱਲ ਕੀਤੀ। ੲਿਸ ਸਮੇਂ ‘ਮਦਰਜ਼ ਡੇ’ ‘ਤੇ ਸਮੂਹ ਮਾਂਵਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਗੁਰੂ ਕਾ ਲੰਗਰ ਅਤੁੱਟ ਵਰਤਿਆ।