ਕਿਸੁ ਪਹਿ ਖੋਲਉ ਗੇਠੜੀ ਦੂਖੀ ਭਰਿ ਆਇਆ

0
688

wghalu
ਸਿੱਖ ਕੌਮ ਬਾਰੇ ਸਰਦਾਰ ਕਪੂਰ ਸਿੰਘ ‘ਸਰ ਫਜਲ ਹੁਸੈਨ’ ਦਾ ‘ਇਕ ਵੀਚਾਰ ‘ਬਿਖ ਮਹਿ ਅੰਮ੍ਰਿਤ’ ਕਿਤਾਬ ਦੇ ਪੰਨਾ 4 ‘ਤੇ ਲਿਖਦੇ ਹਨ ਕਿ ਹਿੰਦੂ ਬੜਾ ਦੂਰਦਰਸ਼ਕ ਹੈ। ਆਉਣ ਵਾਲੀ ਸਥਿਤੀ ਨੂੰ ਪਹਿਲਾਂ ਹੀ ਭਾਂਪ ਲੈਂਦਾ ਹੈ ਤੇ ਕੋਈ ਪ੍ਰਬੰਧ ਕਰ ਲੈਂਦਾ ਹੈ। ਪਰ ਮੁਸਲਮਾਨ ਜਦੋਂ ਕੋਈ ਸਥਿਤੀ ਸਿਰ ਉਪਰ ਆ ਜਾਵੇ ਤਾਂ ਚੌਕੰਨਾ ਹੋ ਜਾਂਦਾ ਹੈ ਤੇ ਉਸ ਨਾਲ ਮਿਲਣ ਦਾ ਰਾਹ ਲੱਭ ਲੈਂਦਾ ਹੈ। ਪਰ ਸਿੱਖ, ਜਿੰਨਾ ਚਿਰ ਵੇਲਾ ਲੰਘ ਨਾ ਜਾਵੇ, ਨਾ ਕੁਝ ਸੋਚਦਾ ਹੈ ਅਤੇ ਨਾ ਹੀ ਕਿਸੇ ਸੋਚਵਾਨ ਦੀ ਗੱਲ ਸੁਣਦਾ ਹੈ, ਫੜ੍ਹਾਂ ਮਾਰੀ ਜਾਂਦਾ ਹੈ ਤੇ ਫੋਕੇ ਦਮਗਜੇ ਮਾਰੀ ਜਾਂਦਾ ਹੈ।
ਡਾ. ਮਨਮੋਹਣ ਸਿੰਘ ਦੋਪਾਲਪੁਰ (ਫੋਨ ਨੰਬਰ: 75891-68133)

ਹਰ ਸਾਲ ਜਦੋਂ ਫਰਵਰੀ ਦੀ ਦੋ ਤਿੰਨ ਤਰੀਕ ਆਉਂਦੀ ਹੈ ਤਾਂ ਪੰਜਾਬੀ ਦੀਆਂ ਲਗਭਗ ਸਾਰੀਆਂ ਹੀ ਅਖ਼ਬਾਰਾਂ ਵਿਚ ‘ਵੱਡੇ ਘੱਲੂਘਾਰੇ’ ਬਾਰੇ ਲੇਖ ਲਿਖੇ ਜਾਂਦੇ ਹਨ। ਤਕਰੀਬਨ ਸਾਰੇ ਹੀ ਵਿਦਵਾਨ ਲੇਖਕ ਇਸ ਘਟਨਾ ਬਾਰੇ, ਇਸ ਤਰ੍ਹਾਂ ਲਿਖਦੇ ਹਨ, ਜਿਵੇਂ ਕੋਈ ਬਿਆਨ ਕਰਤਾ ਕਿਸੇ ਖੇਡ ਦਾ ਦ੍ਰਿਸ਼ ਨਾਲੋ-ਨਾਲ ਬਿਆਨ ਕਰਦਾ ਹੋਵੇ। ਕਹਿਣ ਦਾ ਭਾਵ ਹੈ ਕਿ ਬਹੁਤੇ ਲੇਖਕ ਇਨਾ ਕੁ ਹੀ ਲਿਖਦੇ ਹਨ ਕਿ ਇਸ ਤਰ੍ਹਾਂ, ਸਾਰਾ ਸਿੱਖ ਵਹੀਰ ਕੁਪ ਰਹੀੜ ਪਹੁੰਚਿਆ ਤੇ ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਘੇਰਾ ਪਾ ਕੇ ਸਾਰੇ ਵਹੀਰ ਨੂੰ ਲਗਭਗ 30 ਹਜ਼ਾਰ ਦੇ ਕਰੀਬ ਇਕ ਹੀ ਦਿਨ ਵਿਚ ਸ਼ਹੀਦ ਕਰ ਦਿੱਤਾ। ਬੱਸ।
ਮੈਂ ਪਾਠਕਾਂ ਦਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਕੋਈ ਵੀ ਲੇਖਕ ਇਸ ਘੱਲੂਘਾਰੇ ਦੇ ਕਾਰਨਾਂ ਵੱਲ ਧਿਆਨ ਨਹੀਂ ਦਿਵਾਉਂਦਾ। ਨਾ ਹੀ ਕੋਈ ਇਸ ਗੱਲ ‘ਤੇ ਵਿਚਾਰ ਕਰਦਾ ਹੈ ਕਿ ਇਹ ‘ਘੱਲੂਘਾਰਾ’ ਵਾਪਰਨ ਤੋਂ ਬਾਅਦ ਕੀ ਉਸ ਵੇਲੇ ਦੇ ਜਥੇਦਾਰਾਂ ਨੇ ਬੈਠ ਕੇ ਕੋਈ ਵਿਚਾਰ ਕੀਤਾ ਕਿ ਐਸਾ ਕਾਰਾ ਮੁੜ ਤੋਂ ਨਾ ਹੋਵੇ, ਇਸ ਗੱਲ ਦਾ ਕੋਈ ਉਪਰਾਲਾ ਕੀਤਾ? ਇਸ ‘ਤੇ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ। ਹੈਰਾਨੀ ਇਸ ਕਰਕੇ ਹੁੰਦੀ ਹੈ ਕਿਉਂਕਿ ਕੌਮਾਂ ਦੀ ਕਿਸਮਤ ਜਾਂ ਭਵਿੱਖ ‘ਵਿਦਵਾਨ’ ਜਾਂ ‘ਬੁੱਧੀਜੀਵੀ’ ਲੋਕਾਂ ਉੱਤੇ ਨਿਰਭਰ ਕਰਦੀ ਹੈ। ਅਗਰ ਇਹ ਤਬਕਾ ਕੋਈ ਸਾਰਥਕ ਸੇਧ ਨਾ ਦੇਵੇ ਤਾਂ ਐਸੇ ‘ਭਾਣੇ’ ਮੁੜ ਮੁੜ ਵਾਪਰਦੇ ਰਹਿੰਦੇ ਹਨ।
ਬੁੱਧ (ਗੌਤਮ ਬੁੱਧ) ਦਾ ਇਕ ਵਚਨ ਹੈ। ਬੁੱਧ ਕਹਿੰਦੇ ਹਨ ਕਿ ਅਗਰ ਸਾਰੇ ਵਗ (ਮੱਝਾਂ-ਗਾਵਾਂ ਦਾ ਇਕੱਠ) ਦਾ ਮੁਖੀ ਬੈਲ, ਕਿਸੇ ਐਸੇ ਤੰਗ ਰਸਤੇ ਵਿਚੋਂ ਦੀ ਲੰਘੇ ਜਿਸ ਦੇ ਦੋਹੀਂ ਪਾਸੀਂ ਕੰਡਿਆਲੀਆਂ ਝਾੜੀਆਂ ਹੋਣ, ਉਸ ਬੈਲ ਦਾ ਸਾਰਾ ਸਰੀਰ ਕੰਡਿਆਂ ਨਾਲ ਝਰੀਟਿਆ ਜਾਵੇ, ਤਾਂ ਉਸ ਬੈਲ ਦੇ ਪਿੱਛੇ ਆਉਣ ਵਾਲਾ ਸਾਰਾ ਵੱਗ ਵੀ ਉਸੇ ਰਸਤੇ ਥਾਣੀ ਹੀ ਲੰਗਦਾ ਹੈ, ਭਾਵੇਂ ਉਸ ਦਾ ਵੀ ਸਾਰਾ ਸਰੀਰ ਝਰੀਟੋ ਝਰੀਟ ਹੋ ਜਾਵੇ। ਇਸ ਕਰਕੇ ਮੁਖੀ ਦਾ ਫਰਜ਼ ਬਹੁਤ ਅਹਿਮ ਹੁੰਦਾ ਹੈ। ਮੁਖੀ ਇਕ ਇਕ ਕਦਮ ਅੱਖਾਂ ਖੋਲ੍ਹ ਕੇ ਭਾਵ ਸਾਵਧਾਨ ਹੋ ਕੇ ਪੱਟੇ ਤਾਂ ਕਿ ਉਸ ਦੇ ਪਿਛੇ ਆ ਰਿਹਾ ਵਗ ਲਹੂ ਲੁਹਾਣ ਹੋਣ ਤੋਂ ਬਚ ਜਾਵੇ।
ਹੁਣ ਮੈਂ ਪਾਠਕਾਂ ਦਾ ਧਿਆਨ ਇਸ ਗੱਲ ਵੱਲ ਦਿਵਾਉਂਦਾ ਹਾਂ ਕਿ ਇਹ ਭਾਣਾ ਵਾਪਰਨ ਦੇ ਕਾਰਨ ਕੀ ਸਨ। ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਸਾਡੇ ਪ੍ਰਚਾਰਕ, ਰਾਗੀ, ਢਾਡੀ ਤੇ ਨੇਤਾ ਸਟੇਜਾਂ ਉੱਤੇ ਗੱਜ ਵਜ ਕੇ ਇਹ ਕਹਿ ਦਿੰਦੇ ਹਨ ਕਿ ਪੰਜਾਬ ਸਦੀਆਂ ਤੋਂ ਦੇਸ਼ ਦੀ ਖੜਗ ਭੁਜਾ ਰਿਹਾ ਹੈ। ਕਿਉਂਕਿ ਪੱਛਮੀ ਜਰਵਾਣੇ ਜਦੋਂ ਵੀ ਦੇਸ਼ ‘ਤੇ ਹਮਲਾ ਕਰਦੇ ਸਨ, ਤਾਂ ਪਹਿਲੇ ਪੰਜਾਬ ਨਾਲ ਹੀ ਉਨ੍ਹਾਂ ਦਾ ਵਾਹ ਪੈਂਦਾ ਸੀ। ਇਤਿਹਾਸ ਦੇ ਖੋਜੀਆਂ ਨੂੰ ਪਤਾ ਹੈ ਕਿ ਸਾਡੇ ਦੇਸ਼ ‘ਤੇ ਅੱਠਵੀਂ ਸਦੀ ਤੋਂ ਲੈ ਕੇ ਲਗਭਗ ਅਠਾਰ੍ਹਵੀਂ, ਉਨ੍ਹੀਵੀਂ, ਸਦੀ ਤੱਕ ਕਈ ਜਰਵਾਣੇ ਗੱਜ ਵਜ ਕੇ ਆਉਂਦੇ ਰਹੇ ਤੇ ਦੇਸ਼ ਨੂੰ ਲੁੱਟਦੇ ਰਹੇ। ਮੁਹੰਮਦ ਗੌਰੀ, ਮਹਿਮੂਦ ਗਜ਼ਨਵੀਂ, ਅਹਿਮਦ ਸ਼ਾਹ ਅਬਦਾਲੀ, ਨਾਦਰ ਵਰਗਿਆਂ ਨੇ 10-10,12-12 ਹਮਲੇ ਕੀਤੇ। ਦੇਸ਼ ਦੀ ਖੜਗ ਭੁਜਾ ਦਾ ਜੇਕਰ ਖੜਗ ਭੁਜਾ ਵਾਲਾ ਰੋਲ ਹੁੰਦਾ ਤਾਂ ਐਨੇ ਹਮਲੇ ਕਿਵੇਂ ਸੰਭਵ ਹੋ ਸਕਦੇ ਹਨ।
ਮੈਂ ਇਤਿਹਾਸਕਾਰ ਕਰਮ ਸਿੰਘ, ਪਿਆਰਾ ਸਿੰਘ ਪਦਮ, ਡਾ. ਕਿਰਪਾਲ ਸਿੰਘ, ਪ੍ਰੋ. ਸਾਹਿਬ ਸਿੰਘ, ਡਾ. ਸੰਗਤ ਸਿੰਘ, ਡਾ. ਹਰਜਿੰਦਰ ਸਿੰਘ ‘ਦਿਲਗੀਰ’ ਦਾ ਲਿਖਿਆ ਇਤਿਹਾਸ ਪੜ੍ਹਿਆ ਹੈ। ਲਗਭਗ ਇਹ ਸਾਰੇ ਹੀ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਅਬਦਾਲੀ ਦੇਸ਼ ਅੰਦਰ ਦਾਖਲ ਹੁੰਦਾ ਸੀ, ਉਸ ਵੇਲੇ ਸਾਡੇ ਜਥੇਦਾਰ ਉਸ ਨਾਲ ਲੜਨ ਦੀ ਬਜਾਏ ਜੰਗਲਾਂ ਵਿਚ ਜਾ ਕੇ ਛੁਪ ਜਾਂਦੇ ਸਨ, ਇਕ ਤਰ੍ਹਾਂ ਅਬਦਾਲੀ ਨੂੰ ਹਰੀ ਝੰਡੀ ਦੇ ਦਿੰਦੇ ਸਨ। ਪਰ ਜਦੋਂ ਸਾਰੇ ਦੇਸ਼ ਨੂੰ ਲੁੱਟ ਕੇ ਉਹ ਵਾਪਸ ਅਉਂਦਾ ਸੀ ਉਦੋਂ ਸਤਿਲੁਜ, ਬਿਆਸ, ਰਾਵੀ, ਜਿਹਲਮ, ਝਨਾਬ ਝੰਗ ਦੇ ਅੱਟਕ ਦਰਿਆ ਦੇ ਨੇੜੇ ਜਾ ਕੇ ਉਸ ਦੇ ਕਾਫ਼ਲੇ ਨੂੰ ਲੁਟਦੇ ਸਨ। ਉਸ ਦਾ ਕਾਫਲਾ 10-10 ਮੀਲ ਲੰਬਾ ਹੁੰਦਾ ਸੀ। ਜਦੋਂ ਤੱਕ ਮੂਹਰੇ ਅਬਦਾਲੀ ਤੱਕ ਖ਼ਬਰ ਪਹੁੰਚਦੀ ਸੀ ਉਦੋਂ ਤੱਕ ਸਿੰਘ ਆਪਣਾ ਕੰਮ ਕਰਕੇ ਝੱਲਾਂ ਵਿਚ ਜਾ ਵੜਦੇ ਸਨ।
ਸਿੱਖ ਜਥੇਦਾਰਾਂ ਤੋਂ ਇਲਾਵਾ ਮਹਾਰਾਸ਼ਟਰ ਮਰਹੱਟੇ ਵੀ ਉਸ ਨੂੰ ਲੁੱਟਦੇ ਸਨ। ਇਕ ਵਾਰ ਅਬਦਾਲੀ ਨੇ ਆਪਣੇ ਸੂਬੇਦਾਰਾਂ ਨੂੰ ਪੁੱਛਿਆ, ਕਿ ਇਹ ਕੌਣ ਲੋਕ ਹਨ ਜੋ ਮੈਨੂੰ ਵੀ ਲੁੱਟ ਆ ਪੈਂਦੇ ਹਨ? ਸੂਬੇਦਾਰਾਂ ਨੇ ਜਵਾਬ ਦਿੱਤਾ ਕਿ ਜਨਾਬ, ਸਾਰੇ ਭਾਰਤ ਵਿਚ ਸਾਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ, ਬੱਸ ਦੋ ਹੀ ਕੌਮਾਂ ਹਨ ਇਕ ‘ਮਹਾਰਾਸ਼ਟਰ ਦੇ ਮਰਹੱਟੇ’ ਦੂਜੇ ‘ਪੰਜਾਬ ਦੇ ਸਿੱਖ’। ਅਬਦਾਲੀ ਨੇ ਸੋਚ ਵਿਚਾਰ ਕਰਕੇ ਇਕ ਵਿਸ਼ੇਸ਼ ਗੇੜਾ ਮਰਹੱਟਿਆਂ ਨੂੰ ਖਤਮ ਕਰਨ ਲਈ ਮਾਰਿਆ। ਸੰਨ 1761 ਦੇ ਮਈ ਜੂਨ ਨੂੰ ਉਹ ਚੜ੍ਹ ਕੇ ਆ ਗਿਆ। ਮਰਹੱਟਿਆਂ ਨੂੰ ਸਾਰੇ ਦੇਸ਼ ਵਿਚੋਂ ਘੇਰ ਕੇ ਪਾਣੀਪਤ ਦੇ ਮੈਦਾਨ ਵਿਚ ਲਿਆਂਦਾ ਅਤੇ ਇਕ ਦਿਨ ਵਿਚ ਹੀ ਲਗਭਗ ਇਕ ਲੱਖ ਮਰਹੱਟਾ ਕਤਲ ਕੀਤਾ ਤੇ ਵਾਪਸ ਚਲਾ ਗਿਆ। ਇਸ ਘਟਨਾ ਨੂੰ ਪਾਣੀਪਤ ਦੀ ਤੀਜੀ ਲੜਾਈ ਕਰਕੇ ਜਾਣਿਆ ਜਾਂਦਾ ਹੈ। ਮੈਂ ਤਾਂ ਮਹਿਸੂਸ ਕਰਦਾ ਹਾਂ ਕਿ ਇਹ ਲੜਾਈ ਕੀ ਸੀ, ਇਹ ਤਾਂ ਇਕ ਕਿਸਮ ਦਾ ਕਤਲੇਆਮ ਸੀ। ਖੈਰ! ਮੈਂ ਜਿਸ ਗੱਲ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਕੀ ਇਸ ਘਟਨਾ ਦਾ ਸਿੱਖਾਂ ਨੂੰ ਪਤਾ ਨਹੀਂ ਲੱਗਿਆ ਹੋਵੇਗਾ? ਹੁਣ ਜੂਨ 1761 ਤੇ ਫਰਵਰੀ 1762 ਵਿਚ ਕਿੰਨੇ ਕੁ ਸਾਲਾਂ ਦਾ ਵਕਫ਼ਾ ਹੈ। ਉਹ ਰੱਬ ਦਾ ਬੰਦਾ ਅਬਦਾਲੀ ਜਨਵਰੀ 1762 ਵਿਚ ਫਿਰ ਚੜ੍ਹ ਕੇ ਆ ਗਿਆ। ਇਸ ਵਾਰ ਉਸ ਦਾ ‘ਨਿਸ਼ਾਨਾ’ ਪੰਜਾਬ ਦੇ ਸਿੱਖ ਸਨ। ਸੋ, ਉਸ ਨੇ ਸਿੱਖਾਂ ਨੂੰ ਕੁੱਪ ਰਹੀੜੇ (ਮਲੇਰਕੋਟਲੇ ਨੇੜੇ) ਘੇਰ ਕੇ ਇਕ ਦਿਨ ਵਿਚ ਹੀ ਲਗਭਗ 30 ਹਜ਼ਾਰ ਸਿੱਖ ਮਾਰ ਦਿੱਤੇ।
ਮੈਂ ਕਈ ਵਾਰ ਸੋਚਦਾ ਹਾਂ ਕਿ ਦਸਵੇਂ ਪਾਤਸ਼ਾਹ ਨੇ 14 ਜੰਗਾਂ ਲੜੀਆਂ ਪਰ ਕਿਸੇ ਵੀ ਜੰਗ ਵਿਚੋਂ ਕੋਈ ਇਲਾਕਾ, ਧਨ ਦੌਲਤ ਜਾਂ ਰੁਪਈਆ ਪੈਸਾ ਲੁੱਟਣ ਦੀ ਪਿਰਤ ਨਹੀਂ ਪਾਈ। ਖੈਰ, ਜੇ ਸਮੇਂ ਦੀ ਲੋੜ ਸੀ, ਕਿਉਂਕਿ ਅਬਦਾਲੀ ਵੀ ਇਕ ਲੁਟੇਰਾ ਹੀ ਸੀ, ਲੁਟੇਰੇ ਨੂੰ ਲੁੱਟਣਾ ਕੋਈ ਪਾਪ ਤਾਂ ਨਹੀਂ ਹੋ ਸਕਦਾ। ਪਰ ਜਦੋਂ ਸਿੱਖਾਂ ਨੂੰ ਪਤਾ ਲੱਗ ਚੁੱਕਾ ਸੀ, ਕਿ ਇਸ ਨੇ ਮਰਹੱਟਿਆਂ ਨਾਲ ਕੀ ਕੀਤਾ ਹੈ, ਤਾਂ ਉਨ੍ਹਾਂ ਨੂੰ ਖ਼ਬਰਦਾਰ ਹੋ ਜਾਣਾ ਚਾਹੀਦਾ ਸੀ, ਇਸ ਘੱਲੂਘਾਰੇ ਨੂੰ ਰੋਕਣਾ ਲਈ ਕੋਈ ਉਪਰਾਲਾ ਸੋਚਣਾ ਚਾਹੀਦਾ ਸੀ। ਹਾਇ! ਐਸਾ ਨਾ ਹੋ ਸਕਿਆ।
ਸਿੱਖ ਕੌਮ ਬਾਰੇ ਸਰਦਾਰ ਕਪੂਰ ਸਿੰਘ ‘ਸਰ ਫਜਲ ਹੁਸੈਨ’ ਦਾ ‘ਇਕ ਵੀਚਾਰ ‘ਬਿਖ ਮਹਿ ਅੰਮ੍ਰਿਤ’ ਕਿਤਾਬ ਦੇ ਪੰਨਾ 4 ‘ਤੇ ਲਿਖਦੇ ਹਨ ਕਿ ਹਿੰਦੂ ਬੜਾ ਦੂਰਦਰਸ਼ਕ ਹੈ। ਆਉਣ ਵਾਲੀ ਸਥਿਤੀ ਨੂੰ ਪਹਿਲਾ ਹੀ ਭਾਂਪ ਲੈਂਦਾ ਹੈ ਤੇ ਕੋਈ ਪ੍ਰਬੰਧ ਕਰ ਲੈਂਦਾ ਹੈ। ਪਰ ਮੁਸਲਮਾਨ ਜਦੋਂ ਕੋਈ ਸਥਿਤੀ ਸਿਰ ਉਪਰ ਆ ਜਾਵੇ ਤਾਂ ਚੌਕੰਨਾ ਹੋ ਜਾਂਦਾ ਹੈ ਤੇ ਉਸ ਨਾਲ ਮਿਲਣ ਦਾ ਰਾਹ ਲੱਭ ਲੈਂਦਾ ਹੈ। ਪਰ ਸਿੱਖ, ਜਿੰਨਾ ਚਿਰ ਵੇਲਾ ਲੰਘ ਨਾ ਜਾਵੇ, ਨਾ ਕੁਝ ਸੋਚਦਾ ਹੈ ਅਤੇ ਨਾ ਹੀ ਕਿਸੇ ਸੋਚਵਾਨ ਦੀ ਗੱਲ ਸੁਣਦਾ ਹੈ, ਫੜ੍ਹਾਂ ਮਾਰੀ ਜਾਂਦਾ ਹੈ ਤੇ ਫੋਕੇ ਦਮਗਜੇ ਮਾਰੀ ਜਾਂਦਾ ਹੈ।
ਸੰਨ 1762 ਤੋਂ 14 ਸਾਲ ਪਹਿਲਾਂ ਸਿੱਖਾਂ ਨੇ 12 ਮਿਸਲਾਂ ਦਾ ਗਠਨ ਕਰ ਲਿਆ ਸੀ। ਮੇਰਾ ਭਾਵ ਹੈ ਕਿ ਉਸ ਸਮੇਂ ਸਿੱਖਾਂ ਦੀ ਹਾਲਤ (ਫੌਜੀ ਪੱਖੋਂ) ਐਨੀ ਮਾੜੀ ਨਹੀਂ ਸੀ। ਦੂਜੀ ਗੱਲ ਜਿਸ ਸਮੇਂ ਭਾਣਾ ਵਾਪਰਿਆ ਉਸ ਵੇਲੇ ਪਟਿਆਲੇ ਵਿਚ ਬਾਬਾ ਆਲਾ ਸਿੰਘ ਦਾ ਰਾਜ ਸੀ। ਪਟਿਆਲੇ ਤੋਂ ਕੁੱਪ ਰਹੀੜਾ ਕਿੰਨੇ ਕੁ ਮੀਲ ਹੈ। ਮੇਰਾ ਖਿਆਲ ਹੈ 20-30 ਕੁ ਮੀਲ ਹੀ ਹੋਵੇਗਾ। ਖੈਰ, ਜੇ ਸਿੱਖ ਸਰਦਾਰ ਅਤੇ ਮਰਹੱਟੇ ਰਲ ਕੇ ਵੀ ਅਬਦਾਲੀ ਨੂੰ ਪੈ ਜਾਂਦੇ ਤਾਂ ਇਤਿਹਾਸ ਕੁਝ ਹੋਰ ਹੋਣਾ ਸੀ।
ਅਠਾਰਵ੍ਹੀਂ ਸਦੀ ਦੇ ਪਿਛਲੇ ਅੱਧ ਵਿਚ ਦਿੱਲੀ ਅਤੇ ਲਾਹੌਰ ਸ਼ਹਿਰਾਂ ਦੀ ਹਾਲਤ (ਸੱਤਾ ਦੇ ਪੱਖ ਤੋਂ) ਬਹੁਤ ਪਤਲੀ ਹੋ ਗਈ ਸੀ। ਭਾਵ ਕਿ ਕੋਈ ਸ਼ਕਤੀਸ਼ਾਲੀ ਰਾਜਾ ਇਨ੍ਹਾਂ ਸ਼ਹਿਰਾਂ ਵਿਚ ਸਥਾਪਤ ਨਹੀਂ ਸੀ। ਇਸ ਸਮੇਂ ਵਿਚ ਵੀ ਸਿੱਖ ਲੁੱਟ ਮਾਰ ਕਰਨਾ ਹੀ ਜਾਰੀ ਰੱਖਦੇ ਰਹੇ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ‘ਪੂਰਨ ਸੱਚ ਭਰੇ’ ਕਿਤਾਬ ਵਿਚ ਪੰਨਾ 228-229 ‘ਤੇ ਲਿਖਦੇ ਹਨ ਕਿ ਸੰਨ 1765 ਤੋਂ ਲੈ ਕੇ 1787 ਤੱਕ ਸਿੱਖਾਂ ਨੇ ਦਿੱਲੀ ਨੂੰ 15 ਵਾਰੀ ਲੁੱਟਿਆ। ਤੇ ਇਸੇ ਤਰ੍ਹਾਂ ਕਈ ਵਾਰ ਲਾਹੌਰ ਨੂੰ ਵੀ ਲੁੱਟਿਆ। ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਿੱਖਾਂ ਨੇ ਉਸ ਸਮੇਂ ਰਾਜ ਆਪਣੇ ਹੱਥਾਂ ਵਿਚ ਨਾ ਲਿਆ। ਸਿੱਖ ਇਹ ਹੀ ਕਹਿੰਦੇ ਰਹੇ ਕਿ ਸਿੱਖੀ ਪ੍ਰੇਮ ਮੂਹਰੇ ਰਾਜ ਕੀ ਅਹਿਮੀਅਤ ਰੱਖਦਾ ਹੈ। ਅਸੀਂ ਰਾਜ ਕੀ ਕਰਨਾ ਹੈ। ਉਹ ਇਹ ਭੁੱਲਦੇ ਰਹੇ ਕਿ ਰਾਜ ਆਪਣੇ ਹੱਥ ਨਾ ਹੋਣ ਦੀ ਵਜ੍ਹਾ ਕਰਕੇ ਹੀ ਐਨੇ ਸਾਲ ਸਿੱਖਾਂ ਨੂੰ ਜ਼ੁਲਮ ਸਹਿਣੇ ਪਏ।
ਦਸਮੇਂ ਪਾਤਿਸ਼ਾਹ ਜੀ ਨੇ ਰਾਜ ਦੇ ਸਬੰਧ ਵਿਚ ਬੜੇ ਸਾਫ਼ ਵਚਨ ਕੀਤੇ ਹੋਏ ਹਨ। ਸ੍ਰੀ ਮੁੱਖ ਵਾਕ ਭਨਿਓ ਗਰੀਬ ਨਿਵਾਜ, ਸਸ਼ਤਰਨ ਕੇ ਅਧੀਨ ਹੈ ਰਾਜ।
ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮੇਲ ਹੈ।।  ‘ਸੂਰਜ ਪ੍ਰਕਾਸ਼’ ਭਾਵ ਰਾਜ ਲੈਣਾ ਕੋਈ ਮਾੜਾ ਨਹੀਂ ਹੁੰਦਾ ਜੇਕਰ ਰਾਜ ਪਾ ਕੇ ਧਰਮ ਦਾ ਪ੍ਰਚਾਰ ਕੀਤਾ ਜਾਵੇ। ਕਿਉਂਕਿ ਪਾਠਕਾਂ ਨੂੰ ਪਤਾ ਹੀ ਹੈ ਕਿ ਜੇ ਬੁੱਧ ਧਰਮ ਭਾਰਤ ਅਤੇ ਭਾਰਤ ਤੋਂ ਬਾਹਰਲੇ ਦੇਸ਼ਾਂ ਵਿਚ ਫੈਲਿਆ ਤਾਂ ਇਹ ਰਾਜਾ ਅਸ਼ੋਕ ਦੀ ਮਿਹਰਬਾਨੀ ਨਾਲ ਹੀ ਹੋ ਸਕਿਐ ਕਿਉਂਕਿ ਰਾਜਾ ਅਸ਼ੋਕ ਨੇ ਹੀ ਬਹੁਤ ਸਾਰੇ ਬੋਧੀ ਭਿਕਸ਼ੂ ਭਾਰਤ ਤੋਂ ਬਾਹਰਲੇ ਦੇਸ਼ਾਂ ਵਿਚ ਭੇਜੇ ਸਨ, ਜਿਨ੍ਹਾਂ ਦੀ ਮਿਹਰਬਾਨੀ ਸਦਕਾ ਬੁੱਧ ਧਰਮ ਚੀਨ, ਨੇਪਾਲ, ਬਰਮਾ, ਸ੍ਰੀ ਲੰਕਾ ਅਰਬ ਅਤੇ ਅਫਰੀਕਾ ਵਗੈਰਾ ਵਿਦੇਸ਼ਾਂ ਵਿਚ ਸਥਾਪਤ ਹੋ ਸਕਿਆ।
ਮੁਸਲਮਾਨ ਰਾਜਿਆਂ ਨੇ ਵੀ ਇਸਲਾਮ ਨੂੰ ਵੱਡੀ ਪੱਧਰ ‘ਤੇ ਦੁਨੀਆ ਵਿਚ ਪ੍ਰਚਲਤ ਕਰਨ ਵਿਚ ਆਪਣਾ ਯੋਗਦਾਨ ਪਾਇਆ। ਇਸੇ ਕਰਕੇ ਈਸਾਈ, ਯਹੂਦੀ, ਇਸਲਾਮ ਤੇ ਬੁੱਧ ਧਰਮ ਦੁਨੀਆ ਵਿਚ ਪਹਿਲੇ ਅਸਥਾਨਾਂ ‘ਤੇ ਸ਼ੁਮਾਰ ਕੀਤੇ ਜਾਂਦੇ ਹਨ।
ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਜਿਹੇ ਸਮੇਂ ਸਿੱਖਾਂ ਨੇ ਰਾਜ ਹੀ ਨਹੀਂ ਲਿਆ ਧਰਮ ਦਾ ਪ੍ਰਚਾਰ ਕਿੱਥੇ ਤੇ ਕਿਸ ਨੇ ਕਰਨਾ ਸੀ। ਅੰਗਰੇਜ਼ ਵਿਦਵਾਨ ‘ਮੈਕਾਲਫ’ ਇਕ ਜਗ੍ਹਾ ਹਉਕਾ ਭਰ ਕੇ ਕਹਿੰਦਾ ਹੈ ਕਿ ”ਕਾਸ਼ ਕਿਤੇ ਗੁਰੂ ਗੋਬਿੰਦ ਸਿੰਘ ਜੀ ਇੰਗਲੈਂਡ ਵਿਚ ਜਨਮੇ ਹੁੰਦੇ, ਅਸੀਂ ਸਾਰੀ ਦੁਨੀਆ ਵਿਚ ਸਿੱਖੀ ਦਾ ਝੰਡਾ ਝੁਲਾ ਦੇਂਦੇ।’
ਕੌਮ ਦੀਆਂ ਅਣਗਹਿਲੀਆਂ ਹੀ ਸਮਝੀਏ ਕਿ ਪਹਿਲਾਂ ਇਤਿਹਾਸ ਵਿਚ 1762 ਵਾਲੇ ਘੱਲੂਘਾਰੇ ਨੂੰ ‘ਵੱਡਾ ਘੱਲੂਘਾਰਾ’ ਕਿਹਾ ਜਾਂਦਾ ਸੀ, ਜਿਸ ਵਿਚ ਸਿੱਖਾਂ ਦਾ 30 ਹਜ਼ਾਰ ਦਾ ਜਾਨੀ ਨੁਕਸਾਨ ਹੋਇਆ ਸੀ। ਪਰ ਜੂਨ 1984 ਵਿਚ ਦਰਬਾਰ ਸਾਹਿਬ ਵਿਚ ਐਸਾ ਘੱਲੂਘਾਰਾ ਹੋਇਆ ਜਿਸ ਵਿਚ ਜੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਮੇਰਠ ਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਹੋਇਆ ਜਾਨੀ ਨੁਕਸਾਨ ਦੇਖਿਆ ਜਾਵੇ ਤਾਂ ਇਹ ਗਿਣਤੀ ਲਗਭਗ ਦੋ ਲੱਖ ਨੂੰ ਪਹੁੰਚ ਜਾਂਦੀ ਹੈ। ਹੁਣ ਤਾਂ ਇਸੇ ਜੂਨ 1984 ਵਾਲੇ ਘੱਲੂਘਾਰੇ ਨੂੰ ਵੱਡਾ ਘੱਲੂਘਾਰਾ ਕਹਿਣਾ ਚਾਹੀਦਾ ਹੈ। ਜੋ ਕਿ ਆਪਣੇ ਹੀ ਦੇਸ਼ ਦੀ ਕੇਂਦਰੀ ਸਰਕਾਰ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਕੀਤਾ। ਇਸ ਘੱਲੂਘਾਰੇ ਬਾਰੇ ਬੀ.ਬੀ.ਸੀ. ਲੰਡਨ ਦੇ ਪੱਤਰਕਾਰ ਮਾਰਕ ਟਲੀ, ਸਤੀਸ਼ ਜੈਕਬ, ਖੁਸ਼ਵੰਤ ਸਿੰਘ, ਕੁਲਦੀਪ ਨਈਅਰ, ਪੱਤਰਕਾਰ ਦਲਬੀਰ ਸਿੰਘ, ਪੱਤਰਕਾਰ ਹਰਬੀਰ ਸਿੰਘ ਭੰਵਰ, ਏ.ਆਰ. ਦਰਸ਼ੀ, ਡਾ. ਸੰਗਤ ਸਿੰਘ ਤੇ ਹੋਰ ਕਈ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ ਹਨ। ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ‘ਸੱਚ’ ਦਾ ਪਤਾ ਨਹੀਂ ਹੈ, ਉਹ ਆਮ ਤੌਰ ‘ਤੇ ਸਾਰਾ ਦੋਸ਼ ਸਿੱਖਾਂ ਸਿਰ ਹੀ ਮੜ੍ਹ ਦਿੰਦੇ ਹਨ। ਇਸ ਸਾਰੇ ਰਾਮ ਰੌਲੇ ਵਿਚ ਇਕ ਗੱਲ ਬਹੁਤ ਧਿਆਨ ਮੰਗਦੀ ਹੈ। ਜਦੋਂ ਜੂਨ 1984 ਤੋਂ ਪਹਿਲਾਂ ਸਿੱਖ ਲੀਡਰਾਂ ਦੀਆਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਪੰਜਾਬ ਸਮੱਸਿਆ ਬਾਰੇ ਮੀਟਿੰਗਾਂ ਚਲਦੀਆਂ ਸਨ ਤਾਂ ਘੱਟੋ-ਘੱਟ ਦੋ ਵਾਰੀ ਉਸ ਵੇਲੇ ਦੇ ਵਿਦੇਸ਼ ਮੰਤਰੀ ਸਵਰਨ ਸਿੰਘ ਨੇ ਦੋਹਾਂ ਧਿਰਾਂ ਵਿਚ ਪੈ ਕੇ ਦੋਹਾਂ ਧਿਰਾਂ ਨੂੰ ਮਨਾ ਕੇ ਰਾਜ਼ੀ ਕਰ ਲਿਆ ਸੀ। ਸਾਰੀ ਸਮੱਸਿਆ ਮੁੱਕ ਗਈ ਸੀ, ਬੱਸ ਸਵੇਰ ਨੂੰ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਜਾ ਕੇ ਐਲਾਨ ਕਰਨਾ ਸੀ। ਪਰ ਹਾਇ ਦੋਹਾਂ ਵੇਲੇ ਹੀ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਜਾ ਕੇ ਐਲਾਨ ਨਾ ਕੀਤਾ। ਇਹ ਦੇਖ ਕੇ ਸਵਰਨ ਸਿੰਘ ਨੇ ਦੁਖੀ ਹੋ ਕੇ ਇਹ ਗੱਲ ਕੀਤੀ ਕਿ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਦਿਆਨਤਦਾਰ ਨਹੀਂ। ਇਹ ਗੱਲ ਪਾਠਕ ਮਾਰਕ ਟਲੀ, ਸ਼ਤੀਸ ਜੈਰਬ ਦੀ ਕਿਤਾਬ ‘ਇੱਛਾ ਗਾਂਧੀ ਦੀ ਅੱਤਕੀ ਲੜਾਈ’ ਵਿਚ ਪੜ੍ਹ ਸਕਦੇ ਹਨ। ਜ਼ਿਆਦਾ ਵਿਸਥਾਰ ਨਾਲ ਡਾ. ਸੰਗਤ ਸਿੰਘ ਦੀ ਕਿਤਾਬ ‘ਇਤਿਹਾਸ ਵਿਚ ਸਿੱਖ’ ਵਿਚ ਵੀ ਪੜ੍ਹ ਸਕਦੇ ਹਨ। ਇਸ ਗੱਲ ਤੋਂ ਸਾਬਤ ਹੋ ਜਾਂਦਾ ਹੈ ਜਿਵੇਂ ਕਿ ਡਾ. ਸੰਗਤ ਸਿੰਘ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਨੇ ਇਹ ਕਾਰਾ ਕਰਨ ਲਈ ਪੱਕੀ ਠਾਣੀ ਹੋਈ ਸੀ ‘ਭਿੰਡਰਾ ਵਾਲੇ’ ਤਾਂ ਇਕ ਬਹਾਨਾ ਬਣ ਗਏ।
ਹੁਣ ਮੈਂ ਅਸਲ ਗੱਲ ਵੱਲ ਆਉਂਦਾ ਹਾਂ। ਜੇ ਅਠਾਰਵ੍ਹੀਂ-ਉਨ੍ਹੀਂਵੀਂ ਸਦੀ ਦੇ ਜਥੇਦਾਰਾਂ ਅਤੇ ਅੱਜ ਦੇ ਪੰਥਕ ਜਥੇਦਾਰਾਂ ਦਾ ਮੁਕਾਬਲਾ ਕਰੀਏ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਬੁਨਿਆਦੀ ਫਰਕ ਕੀ ਹੈ? ਪੁਰਾਣੇ ਜਥੇਦਾਰ ‘ਸਿੱਖੀ ਪ੍ਰੇਮ’ ਦੇ ਸਾਹਮਣੇ ‘ਰਾਜ’ ਨੂੰ ਟਿੱਚ (ਘਟੀਆ) ਸਮਝਦੇ ਸਨ। ਪਰ ਅੱਜ ਦੇ ਜਥੇਦਾਰ ‘ਰਾਜ’ ਦੇ ਸਾਹਮਣੇ ‘ਸਿੱਖ ਪ੍ਰੇਮ’ ਨੂੰ ਟਿਚ ਸਮਝਦੇ ਹਨ। ਸਮੀਕਰਨ ਬਦਲ ਗਿਆ ਹੈ।
ਹੁਣ ਦੇ ਜਥੇਦਾਰ ’84 ਦੇ ਘੱਲੂਘਾਰੇ ਲਈ ਕਾਂਗਰਸ ਨੂੰ ਦੋਸ਼ੀ ਕਹਿ ਕੇ ਪੱਲਾ ਝਾੜ ਦਿੰਦੇ ਹਨ। ਉਹ ਇਹ ਨਹੀਂ ਦਸਦੇ ਕਿ ਜਿਹੜੇ ਨੇਤਾ ਉਸ ਵੇਲੇ ‘ਕਾਂਗਰਸ’ ਵਿਚ ਸਨ, ਉਹ ਹੁਣ ਕਿਹੜੀ ਪਾਰਟੀ ਵਿਚ ਹਨ? ਕਿਉਂਕਿ ਜਿਹੜੇ ਭਾਜਪਾ ਵਿਚ ਨੇਤਾ ਹਨ, ਉਨ੍ਹਾਂ ਨੇ ਉਸ ਸਮੇਂ ਪ੍ਰਧਾਨ ਮੰਤਰੀ ਨੂੰ ‘ਵਧਾਈਆਂ ਦਿੱਤੀਆਂ ਸਨ ਅਤੇ ਅੰਮ੍ਰਿਤਸਰ ਸਾਹਿਬ ਆ ਕੇ ਬਿਆਨ ਦੇ ਦਿੱਤਾ ਕਿ ਇਹ ਮੰਦਭਾਗੀ ਘਟਨਾ ਸੀ। ਇਨ੍ਹਾਂ ਨੇਤਾਵਾਂ ਦੀ ਪਾਰਟੀ ਨਾਲ ਅਕਾਲੀ ਪਾਰਟੀ ਦੀ ਸਾਂਝ ਹੈ ਤੇ ਜਥੇਦਾਰ ਜੀ ਕਹਿ ਰਹੇ ਹਨ ਕਿ ਇਨ੍ਹਾਂ ਨਾਲ ਸਾਡਾ ਪਤੀ-ਪਤਨੀ ਵਾਲਾ ਰਿਸ਼ਤਾ ਹੈ। ਇਨ੍ਹਾਂ ਹਾਲਤਾਂ ਵਿਚ ਇਸ ਪਾਰਟੀ ਕੋਲੋਂ ਇਸ ਬਿਆਨ ਦੀ ਕਿੱਥੇ ਆਸ ਰੱਖੀ ਜਾ ਸਕਦੀ ਹੈ ਕਿ ਜੋ ਜੂਨ 1984 ਵਿਚ ਸਿੱਖਾਂ ਉਤੇ ਹੋਇਆ, ਉਹ ਜ਼ੁਲਮ ਸੀ। ਤੇ ਸਾਨੂੰ ਇਸ ‘ਤੇ ਅਫ਼ਸੋਸ ਹੈ। ਜੂਨ 1984 ਤੋਂ ਬਾਅਦ ਪੱਤਰਕਾਰ ਖੁਸ਼ਵੰਤ ਸਿੰਘ ਨੇ ਕਿਹਾ ਸੀ ਕਿ ਸ਼ਾਇਦ 50 ਕੁ ਸਾਲਾਂ ਬਾਅਦ ਸਿੱਖੀ ਖਤਮ ਹੀ ਹੋ ਜਾਵੇ। ਪਰ ਸਾਡੇ ਅਜੋਕੇ ਜਥੇਦਾਰ ਇਸ ਗੱਲ ਨੂੰ ਪੜ੍ਹ ਸੁਣ ਕੇ ਜ਼ਿਆਦਾ ਫਿਕਰਮੰਦ ਨਜ਼ਰ ਨਹੀਂ ਆਉਂਦੇ।
ਹਜ਼ਰਤ ਮੁਹੰਮਦ ਸਾਹਿਬ ਦਾ ਵਚਨ ਹੈ ਕਿ ਅਗਰ ਤੁਹਾਡੇ ਉਤੇ ਕੋਈ ਵਧੀਕੀ ਹੋ ਜਾਵੇ, ਤੇ ਤੁਸੀਂ ਬਹੁਤ ਲਾਚਾਰ ਹੋਵੋ, ਤੁਸੀਂ ਕੁਛ ਨਹੀਂ ਕਰ ਸਕਦੇ, ਪਰ ਤਾਂ ਵੀ ਤੁਸੀਂ ਆਪਣੇ ਘਰ, ਇਕ ਕਮਰੇ ਵਿਚ ਵੜ ਕੇ ਦਰਵਾਜ਼ਾ ਬੰਦ ਕਰਕੇ ਆਪਣੇ ਮਨ ਵਿਚ ਆਪ ਜ਼ਰੂਰ ਕਹਿ ਦਿਉ ਕਿ ਇਹ ਮੇਰੇ ਨਾਲ ਵਧੀਕੀ ਹੋਈ ਹੈ। ਅਗਰ ਤੁਸੀਂ ਇਸ ਤਰ੍ਹਾਂ ਵੀ ਕਰ ਲਿਆ ਤਾਂ ਅੱਲਾ ਤਾਲਾ ਤੁਹਾਨੂੰ ਇਸ ਦਾ ਵੀ ਸਵਾਬ (ਫਲ) ਦੇਵੇਗਾ।
ਸਿੱਖ ਕੌਮ ਦੀ ਅੱਜ ਕੱਲ੍ਹ ਦੀ ਹਾਲਤ ਦੇਖ ਕੇ ਮੈਨੂੰ ਪ੍ਰਸਿੱਧ ਦਾਰਸ਼ਨਿਕ ਓਸ਼ੋ ਦੀ ਕਹਾਣੀ ਯਾਦ ਆਉਂਦੀ ਹੈ। ਉਸ ਨੇ ਲਿਖਿਆ ਹੈ ਕਿ ਇਕ ਜਾਦੂਗਰ ਨੇ ਕਈ ਭੇਡਾਂ ਰੱਖੀਆਂ ਹੋਈਆਂ ਸਨ। ਹਫਤੇ-ਦਸ ਦਿਨਾਂ ਬਾਅਦ ਜਦੋਂ ਉਸ ਦਾ ਜੀਅ ਕਰਨਾ ਇਕ ਭੇਡ ਫੜ ਕੇ ਲੈ ਜਾਂਦਾ ਤੇ ਝਟਕ ਕੇ ਬਣਾ ਲੈਂਦਾ ਤੇ ਸਾਰਾ ਟੱਬਰ ਖਾ ਲੈਂਦਾ। ਹੌਲੀ ਹੌਲੀ ਭੇਡਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਸਾਨੂੰ ਫੜ ਕੇ ਕੀ ਕਰਦਾ ਹੈ। ਇਸ ਲਈ ਡੇਡਾਂ ਨੇ ਇਕ ਕੰਮ ਕੀਤਾ, ਜਦੋਂ ਉਹ ਜਾਦੂਗਰ ਵਾੜੇ ਵਿਚ ਆਵੇ ਤਾਂ ਭੇਡਾਂ ਦੂਰ ਦੂਰ ਭਜਣ ਲੱਗ ਪਈਆਂ। ਉਸ ਨੂੰ ਦੂਰੋਂ ਦੂਰੋਂ ਜਾ ਕੇ ਭੇਡਾਂ ਨੂੰ ਲਿਆਉਣਾ ਪੈਂਦਾ। ਉਹ ਬਹੁਤ ਦੁਖੀ ਹੋਇਆ ਅਤੇ ਉਹ ਭੇਡਾਂ ਨੂੰ ਪੁੱਛਣ ਲੱਗਾ ਕਿ ਤੁਸੀਂ ਭਜਦੀਆਂ ਕਿਉਂ ਹੋ? ਭੇਡਾਂ ਨੇ ਜਵਾਬ ਦਿੱਤਾ ਕਿ ਅਸੀਂ ਹੁਣ ਸਮਝ ਗਈਆਂ ਹਾਂ ਕਿ ਤੂੰ ਸਾਨੂੰ ਫੜ ਕੇ ਕਿੱਥੇ ਲੈ ਜਾਂਦਾ ਹੈ ਅਤੇ ਕੀ ਕਰਦਾ ਹੈ। ਤੂੰ ਸਾਡਾ ‘ਮਾਲਕ’ ਨਹੀਂ ਤੂੰ ਤਾਂ ਸਾਡਾ ‘ਦੁਸ਼ਮਣ’ ਬਣ ਗਿਆ ਹੈ।
ਫਿਰ ਉਸ ਜਾਦੂਗਰ ਨੇ ਬੈਠ ਕੇ ਸੋਚਿਆ ਕਿ ਹੁਣ ਕੀ ਕਰਾਂ। ਆਖਰ ਉਸ ਨੇ ਇਕ ਸਕੀਮ ਬਣਾਈ। ਉਸ ਨੇ ਭੇਡਾਂ ਲਈ ਇਕ ਦੀ ਬਜਾਏ ਦੋ ਵਾੜੇ ਬਣਾ ਦਿੱਤੇ। ਦੋਹਾਂ ਵਾੜਿਆਂ ਵਿਚ ਭੇਡਾਂ ਅੱਧੀਆਂ ਅੱਧੀਆਂ ਵੰਡ ਦਿੱਤੀਆਂ। ਇਕ ਦਿਨ ਇਕ ਨੰਬਰ ਵਾਲੇ ਵਾੜੇ ਵਿਚ ਜਾ ਕੇ ਉਸ ਨੇ ਭਾਸ਼ਣ ਦਿੱਤਾ। ਕਹਿਣ ਲੱਗਾ ਕਿ ਭੇਡੋ ਹੁਣ ਤੁਸੀਂ ਮੈਥੋਂ ਡਰੋ ਨਹੀਂ ਕਿਉਂਕਿ ਮੈਂ ਤੁਹਾਡੇ ਵਿਚੋਂ ਹੁਣ ਭੇਡਾਂ ਛਾਂਟ ਦਿੱਤੀਆਂ ਹਨ। ਜੋ ਤੁਹਾਡੇ ਵਿਚ ਭੇਡਾਂ ਸਨ, ਉਹ ਮੈਂ ਦੂਜੇ ਵਾੜੇ ਵਿਚ ਬੰਨ੍ਹ ਦਿੱਤੀਆਂ ਹਨ। ਤੁਸੀਂ ਭੇਡਾਂ ਥੋੜ੍ਹਾ ਹੀ ਹੋ। ਤੁਹਾਡੇ ਵਿਚ ਕਈ ਹਿਰਨ ਹਨ, ਕਈ ਘੋੜੇ ਹਨ ਕਈ ਜ਼ੈਬਰੇ ਹਨ। ਤੇ ਤੁਹਾਡੇ ਵਿਚ ਕਈ ਸ਼ੇਰ ਵੀ ਹਨ। ਤੁਹਾਨੂੰ ਥੋੜ੍ਹਾ ਮੈਂ ਵੱਢ ਕੇ ਖਾਵਾਂਗਾ। ਭੇਡਾਂ ਇਹ ਸੁਣ ਕੇ ਬਹੁਤ ਖੁਸ਼ ਹੋਈਆਂ। ਸਾਰੀਆਂ ਭੇਡਾਂ ਆਪਣੇ ਆਪ ਨੂੰ ਸ਼ੇਰ ਸਮਝਣ ਲਗ ਪਈਆਂ ਤੇ ਦੂਜੀਆਂ ਨੂੰ ਘੋੜੇ ਤੇ ਹਿਰਨ। ਹਰ ਇਕ ਭੇਡ ਸੋਚੇ ਕਿ ਮੈਂ ਤਾਂ ਸ਼ੇਰ ਹਾਂ ਮੈਨੂੰ ਥੋੜ੍ਹਾ ਉਹ ਵੱਢ ਕੇ ਖਾਵੇਗਾ। ਜਦੋਂ ਉਹ ਵਾੜੇ ਵਿਚ ਆ ਕੇ ਕਿਸੇ ਭੇਡ ਨੂੰ ਫੜ ਕੇ ਲੈ ਜਾਵੇ ਤਾਂ ਉਸ ਵੇਲੇ ਉਸ ਭੇਡ ਨੂੰ ਗਿਆਨ ਹੁੰਦਾ ਸੀ ਕਿ ਮੈਂ ਸ਼ੇਰ ਹਾਂ ਜਾਂ ਭੇਡ। ਦੂਜੀਆਂ ਭੇਡਾਂ ਇਹ ਸਮਝਦੀਆਂ ਸਨ ਕਿ ਉਹ ਤਾਂ ਭੇਡ ਸੀ ਤਾਂ ਉਸ ਨੂੰ ਉਹ ਲੈ ਗਿਆ ਹੈ, ਮੈਂ ਹਾਂ ਸ਼ੇਰ ਹਾਂ ਮੈਨੂੰ ਥੋੜ੍ਹਾ ਹੀ ਉਹ ਲੈ ਕੇ  ਜਾਵੇਗਾ।
ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ ਹੈ ਕਿ ਜਿਸ ਕਿਸੇ ਸਿੱਖ ਨੂੰ ਵਿਧਾਇਕ ਦੀ ਤਾਂ ਗੱਲ ਹੀ ਛੱਡੋ, ਸ਼੍ਰੋਮਣੀ ਕਮੇਟੀ ਦੀ ਮੈਂਬਰੀ ਦੀ ਵੀ ਗੱਲ ਛੱਡੋ, ਕਿਸੇ ਪਿੰਡ ਦੀ ਪੈਂਚੀ ਦੀ ਵੀ ਟਿਕਟ ਮਿਲ ਜਾਵੇ, ਉਹ ਸਭ ਕੁਝ ਭੁਲ ਭੁਲਾ ਜਾਂਦਾ ਹੈ। ਇਸ ਕਰਕੇ ਸਿੱਖ ਕੌਮ ਦਾ ਹੁਣ ਰੱਬ ਹੀ ਰਾਖਾ ਨਜ਼ਰ ਆਉਂਦਾ ਹੈ। ਗੁਰੂ ਕ੍ਰਿਪਾ ਕਰੇ।
ਸਰਦਾਰ ਕਪੂਰ ਸਿੰਘ ਦੀ ਕਿਤਾਬ ‘ਬਿਖੁ ਮਹਿ ਅੰਮ੍ਰਿਤ’ ਵਿਚ ਨੋਟ ਕਵਿਤਾ ਨਾਲ ਸਮਾਪਤੀ ਕਰਦੇ ਹਾਂ।
ਸ਼੍ਰੋਮਣੀ ਹਮਾਰੀ ਰਹੇ, ਸੇਵਾ ਚੰਦਾ ਜਾਰੀ ਰਹੇ।
ਸੰਘ ਨਾਲ ਯਾਰੀ ਰਹੇ, ਥਲੇ ਆਰੀਆ ਸਮਾਜ ਕੇ।
ਸਿੱਖੀ ਕੀ ਨਾ ਬਾਤ ਚਲੇ, ਪੰਥ ਕੀ ਨਾ ਗਾਥ ਚਲੈ,
ਲੁਟ ਦੋਨੋਂ ਹਾਥ ਚਲੈ, ਸੰਗ ਸਾਜ ਬਾਜ ਕੇ।
ਅਕਲ ਕੀ ਨ ਗੱਲ ਰਹੈ, ਇਕੋ ਕਾੱਲੀ ਦੱਲ ਰਹੈ,
ਨਿਤ ਤਰਥਲ ਰਹੈ, ਜਿੰਦਾਬਾਦ ਗਾਜ ਕੈ।
ਝੰਡੀ ਵਾਲੀ ਕਾਰ ਰਹੈ, ਫੂਲਨ ਕੇ ਹਾਰ ਰਹੈ,
ਗੋਲਕੇ ਭਰਪੂਰ ਰਹੈ, ਸਿੱਖ ਭਾਜ ਭਾਜ ਕੈ।
ਪੰਥ ਕੇ ਦਰਦ ਹਿੱਤ, ਬੁੱਧੀ ਕੀ ਜੋ ਸੇਧ ਦੇਵੇ,
ਨਿਕਟ ਨ ਆਵੇ ਪਾਵੈ, ਰਾਜ ਭਾਗ ਕਾਜ ਕੇ।
ਜਥੇਦਾਰ ਕਹਿਤ ਬਿਰਾਜੋ, ਮਤ ਤੁਸੀਂ ਭਾਜੋ ਸਿੱਖੋ,
ਝੂਲਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ।