ਨਦੀ ਦੀ ਪੂਜਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

0
576

subhashni-sehgal

ਕੈਪਸ਼ਨ-ਆਪਣੇ ਜਨਮ ਦਿਨ ‘ਤੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਚ ਬਣੇ ਸਰਦਾਰ ਸਰੋਵਰ ਬੰਨ੍ਹ ਦੇ ਉਦਘਾਟਨ ਦੌਰਾਨ

ਮੋਦੀ ਦਾ ਜਨਮ ਦਿਨ ਤੇ ਇਨ੍ਹਾਂ ਲੋਕਾਂ ਦਾ ਮਰਨ ਦਿਨ…
ਸੁਭਾਸ਼ਿਨੀ ਸਹਿਗਲ ਅਲੀ
ਜਿਸ ਨਰਮਦਾ ‘ਤੇ ਬਣੇ ਬੰਨ੍ਹ ਦਾ ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤਾ, ਉਸ ਨਦੀ ਵਿਚ ਆਪਣੇ ਪੁਨਰਵਾਸ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਸੈਂਕੜੇ ਲੋਕ ਜਲ ਸਤਿਆਗ੍ਰਹਿ ਕਰ ਰਹੇ ਹਨ। 17 ਸਤੰਬਰ ਨੂੰ ਨਰਿੰਦਰ ਮੋਦੀ ਦਾ ਜਨਮ ਦਿਨ ਸੀ। ਇਸ ਨੂੰ ਮਨਾਉਣ ਦਾ ਵੱਡਾ ਪਰਪੰਚ ਰਚਿਆ ਗਿਆ। ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ਵਿਚ ਨਰਮਦਾ ਦੇ ਕਿਨਾਰੇ ਇਹ ਪ੍ਰੋਗਰਾਮ ਕੀਤਾ ਗਿਆ। ਭਗਵਾਧਾਰੀ ਸਾਧੂ-ਸੰਤਾਂ ਦੀ ਮੌਜੂਦਗੀ ਵਿਚ ਨਰਮਦਾ ਨਦੀ ਦਾ ਪਾਣੀ ਗੁਜਰਾਤ ਲਿਆਂਦਾ ਜਾ ਰਿਹਾ ਹੈ।

ਗਵਾਂਢ ਦੇ ਮੱਧ ਪ੍ਰਦੇਸ਼ ਵਿਚ ਕੁਝ ਲੋਕ ਮੋਦੀ ਦੇ ਜਨਮ ਦਿਨ ਨੂੰ ਆਪਣੇ ਮਰਨ ਦਿਨ ਵਜੋਂ ਦੇਖ ਰਹੇ ਹਨ। ਨਿਮਾੜ ਖੇਤਰ ਦੇ ਹਜ਼ਾਰਾਂ ਪੇਂਡੂ ਪਰਿਵਾਰ ਆਪਣੇ ਘਰਾਂ ਤੇ ਜੀਵਨ ਨਿਰਵਾਹ ਦੀ ਮੌਤ ਦੇਖਣ ਲਈ ਮਜਬੂਰ ਕੀਤੇ ਜਾ ਰਹੇ ਹਨ।
ਇਹ ਉਹ ਲੋਕ ਹਨ ਜਿਨ੍ਹਾਂ ਲਈ ਸਦੀਆਂ ਤੋਂ ਮਾਂ ਨਰਮਦਾ ਇਕ ਦਿਆਲੂ ਦੇਵੀ ਰਹੀ ਹੈ। ਨਦੀ ਦੇ ਤਟ ‘ਤੇ, ਉਨ੍ਹਾਂ ਦੀ ਸ਼ਰਧਾ ਵਿਚ, ਸੈਂਕੜੇ ਮੱਠ, ਮੰਦਿਰ, ਮਸਜਿਦ ਤੇ ਮਜ਼ਾਰ ਬਣਾਏ ਗਏ ਹਨ। ਪਿੰਡਾਂ ਤੇ ਛੋਟੀਆਂ ਆਬਾਦੀਆਂ ਦੇ ਲੋਕਾਂ ਨੇ ਘਾਟਾਂ ਦਾ ਨਿਰਮਾਣ ਕੀਤਾ ਹੈ ਤੇ ਬੜੇ ਪਿਆਰ ਨਾਲ ਉਨ੍ਹਾਂ ਦਾ ਰੱਖ-ਰਖਾਵ ਕਰਦੇ ਹਨ। ਇਨ੍ਹਾਂ ਘਾਟਾਂ ‘ਤੇ ਰੋਜ਼ ਆਰਤੀ ਹੁੰਦੀ ਹੈ ਤੇ ਨਰਮਦਾ ਦੇ ਨਾਂ ਪੂਜਾ ਕੀਤੀ ਜਾਂਦੀ ਹੈ।
ਇਹੀ ਨਹੀਂ, ਇਨ੍ਹਾਂ ਘਾਟਾਂ ‘ਤੇ ਤਮਾਮ ਕਿਸ਼ਤੀਆਂ ਬੰਨ੍ਹਦੀਆਂ, ਖੁੱਲ੍ਹਦੀਆਂ ਰਹਿੰਦੀਆਂ ਹਨ। ਇਹ ਅਣਗਿਣਤ ਮਛਵਾਰਿਆਂ ਦੇ ਘਰ ਹਨ, ਜਿਨ੍ਹਾਂ ਦਾ ਜੀਵਨ ਕਿਸ਼ਤੀ ‘ਤੇ ਲੋਕਾਂ ਨੂੰ ਇਕ ਘਾਟ ਤੋਂ ਦੂਸਰੇ ਤਕ ਪਹੁੰਚਾਉਣ ਤੇ ਮੱਛੀ ਦਾ ਸ਼ਿਕਾਰ ਕਰਨ ‘ਤੇ ਟਿਕਿਆ ਹੈ। ਨਰਮਦਾ ਦੇ ਤਟ ‘ਤੇ ਵਸੇ ਇਸ ਖੇਤਰ ਦੇ ਪਿੰਡ ਤੇ ਕਸਬੇ ਕਾਫ਼ੀ ਖੁਸ਼ਹਾਲ ਹਨ। ਇਸੇ ਰਾਜ ਦੇ ਉਹ ਇਲਾਕੇ ਜੋ ਸੋਕਾਗ੍ਰਸਤ ਰਹਿੰਦੇ ਹਨ ਤੇ ਉਹ ਇਲਾਕੇ ਵੀ ਜੋ ਨਦੀ ਦੇ ਉਪਰੀ ਹਿੱਸੇ ਦੇ ਦੋਹਾਂ ਪਾਸਿਆਂ ‘ਤੇ ਵਸੇ ਹੋਏ ਹਨ, ਜਿਨ੍ਹਾਂ ਨੂੰ ਇਸ ਨਦੀ ਦੇ ਪਾਣੀ ਤੋਂ ਹੀ ਵਾਂਝਾ ਰੱਖਿਆ ਜਾ ਰਿਹਾ ਹੈ, ਇ੍ਹਾਂ ਸਾਰਿਆਂ ਦੀ ਤੁਲਨਾ ਵਿਚ ਨਿਮਾੜ ਦਾ ਇਹ ਇਲਾਕਾ ਨਰਮਦਾ ਮਾਂ ਦੀ ਕ੍ਰਿਪਾ ਨਾਲ ਖ਼ੁਸ਼ਹਾਲ ਹੈ। ਉਪਰੀ ਇਲਾਕੇ ਦਾ ਪਾਣੀ ਹੁਣ ਉਥੇ ਰਹਿਣ ਵਾਲਿਆਂ ਤੋਂ ਜਬਰੀ ਖੋਹ ਕੇ ਦੂਰ ਦੂਰ ਪਹੁੰਚਾਇਆ ਜਾ ਰਿਹਾ ਹੈ, ਵੱਡੇ ਪੂੰਜੀਵਾਦੀ ਘਰਾਣਿਆਂ ਨੂੰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਾਣੀ ਦੇ ਇਸ ਤਬਾਦਲੇ ਦੇ ਪੱਖ ਵਿਚ ਇਹ ਕਿਹਾ ਗਿਆ ਸੀ ਕਿ ਇਸ ਦਾ ਇਸਤੇਮਾਲ ਬਿਜਲੀ ਘਰਾਂ ਨੂੰ ਬਣਾਉਣ ਤੇ ਇਨ੍ਹਾਂ ਵਿਚੋਂ ਪੈਦਾ ਕੀਤੀ ਜਾਣ ਵਾਲੀ ਬਿਜਲੀ, ਇਥੋਂ ਦੇ ਕਿਸਾਨਾਂ ਦੇ ਕੰਮ ਆਏਗੀ। ਪਰ ਜੋ ਬਿਜਲੀ ਘਰ ਬਣੇ ਉਹ ਨਿੱਜੀ ਮਾਲਕਾਂ ਦੇ ਹਨ।
ਉਨ੍ਹਾਂ ਦੀ ਬਿਜਲੀ ਉਚੇ ਦਰਾਂ ‘ਤੇ ਸਰਕਾਰ ਖ਼ਰੀਦਦੀ ਹੈ। ਇਹ ਮਹਿੰਗੀ ਬਿਜਲੀ ਉਨ੍ਹਾਂ ਕਿਸਾਨਾਂ ਦੇ, ਜੋ ਪਾਣੀ ਦੀ ਕਮੀ ਕਾਰਨ ਸੁੱਕੇ ਖੇਤਾਂ ਦੇ ਮਾਲਕ ਬਣ ਗਏ ਹਨ, ਪਹੁੰਚ ਤੋਂ ਬਾਹਰ ਹੈ। ਅੱਜ ਨਿਮਾੜ ਵਿਚ ਰਹਿਣ ਵਾਲੇ ਪੇਂਡੂ ਲੋਕਾਂ ਅੱਗੇ ਉਨ੍ਹਾਂ ਦੀ ਖ਼ੁਸ਼ਹਾਲੀ ਹੀ ਨਹੀਂ ਬਲਕਿ ਉਨ੍ਹਾਂ ਦੀ ਹੋਂਦ ਨੂੰ ਹੀ ਨਿਗਲ ਜਾਣ ਵਾਲੀ ਆਫ਼ਤ ਮੂੰਹ ਅੱਡੀ ਖੜ੍ਹੀ ਹੈ।
ਇਸ ਖੇਤਰ ਦੀ ਉਪਜਾਉ ਕਾਲੀ ਧਰਤੀ ਨਰਮਦਾ ਦੇ ਪਾਣੀ ਵਿਚ ਨਹਾ ਕੇ ਕਪਾਹ, ਦੂਰ-ਦੂਰ ਤਕ ਮਸ਼ਹੂਰ ਪਪੀਤਾ, ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਤੇ ਤਮਾਮ ਅਨਾਜ ਪੈਦਾ ਕਰਦੀਆਂ ਹਨ। ਪਰ ਇਹੀ ਉਹ ਇਲਾਕਾ ਹੈ, ਜੋ ਪਿਛਲੇ 2 ਦਹਾਕਿਆਂ ਤੋਂ ‘ਡੁੱਬਣ’ ਦੇ ਡਰ ਨਾਲ ਘਿਰੀ ਜ਼ਿੰਦਗੀ ਬਿਤਾ ਰਿਹਾ ਹੈ ਤੇ ਉਸ ਖ਼ਿਲਾਫ਼ ਲਗਾਤਾਰ ਮੁਕਤੀ ਹਾਸਲ ਕਰਨ ਦੀ ਲੜਾਈ ਵੀ ਲੜ ਰਿਹਾ ਹੈ।
2006 ਵਿਚ ਹੀ ਇਸ ਇਲਾਕੇ ਨੂੰ ਡੁੱਬ ਜਾਣਾ ਚਾਹੀਦਾ ਸੀ ਪਰ ਆਖ਼ਰੀ ਪਲਾਂ ਵਿਚ ਸੁਪਰੀਮ ਕੋਰਟ ਨੇ ਦਖ਼ਲ ਦੇ ਕੇ ਉਸ ਨੂੰ ਬਚਾ ਲਿਆ। ਅਦਾਲਤ ਬੰਨ੍ਹ ਦੀ ਉਚਾਈ ‘ਤੇ ਰੋਕ ਨਹੀਂ ਲਗਾ ਰਿਹਾ ਸੀ ਪਰ ਉਹ ਡੋਬੇ ਕਾਰਨ ਪ੍ਰਾਭਵਤ ਹੋਣ ਵਾਲੇ ਲੋਕਾਂ ਦੇ ਪੁਨਰਵਾਸ ਨੂੰ ਲੈ ਕੇ ਚਿੰਤਤ ਸੀ। ਉਸ ਦਾ ਕਹਿਣਾ ਸੀ ਕਿ ਪੁਰਨਵਾਸ ਤੇ ਮੁਆਵਜ਼ੇ ਦਾ ਇੰਤਜ਼ਾਮ ਪਹਿਲਾਂ ਕਰੋ, ਫਿਰ ਇਲਾਕੇ ਨੂੰ ਪਾਣੀ ਦੇ ਹਵਾਲੇ ਕਰੋ। ਇਹ ਦਖ਼ਲ ਇਲਾਕੇ ਦੇ ਲੋਕਾਂ ਦੇ ਅਣਮਿੱਥੇ ਸੰਘਰਸ਼ ਦਾ ਨਤੀਜਾ ਸੀ, ਇਕ ਅਜਿਹਾ ਸੰਘਰਸ਼ ਜਿਸ ਦੀਆਂ ਅਗਲੀਆਂ ਕਤਾਰਾਂ ਵਿਚ ਕਿਸਾਨ, ਮਜ਼ਦੂਰ, ਮਛਵਾਰੇ ਘਰਾਂ ਦੀਆਂ ਔਰਤਾਂ ਸਨ।
ਆਪਣੀ ਜ਼ਮੀਨ, ਆਪਣਾ ਜੀਵਨ ਨਿਰਵਾਹ, ਆਪਣੇ ਸਮਾਜ ਤੇ ਆਪਣੇ ਸਭਿਆਚਾਰ ਨੂੰ  ਬਚਾਉਣ ਲਈ ਉਨ੍ਹਾਂ ਨੇ ਜੋ ਆਪਣੀ ਕਮਰ ਕੱਸੀ ਤਾਂ ਫਿਰ ਉਹ ਦਹਾਕਿਆਂ ਤਕ ਕੱਸੀ ਹੀ ਰਹੀ ਹੈ। ਇਸ ਅੰਦੋਲਨ ਦੀ ਅਗਵਾਈ ਨਰਮਦਾ ਬਚਾਓ ਅੰਦੋਲਨ ਤੇ ਉਸ ਦੀ ਸਮਰਪਿਤ ਤੇ ਨਿਡਰ ਨੇਤਾ ਮੇਧਾ ਪਾਟਕਰ ਕਰ ਰਹੀ ਸੀ। ਇਹ ਸੰਘਰਸ਼ ਅੱਜ ਤਕ ਚੱਲ ਰਿਹਾ ਹੈ ਪਰ ਅੱਜ ਉਸ ਦੀ ਹੋਂਦ ਖ਼ਤਰੇ ਵਿਚ ਹੈ। ਪੁਨਰਵਾਸ ਤੇ ਮੁਆਵਜ਼ਾ ਅੱਜ ਤਕ ਦੂਰ ਦਾ ਸੁਪਨਾ ਹੀ ਹੈ। ਉਨ੍ਹਾਂ ਦੀ ਥਾਂ ਲੋਕਾਂ ਨੂੰ ਝੂਠੇ ਵਾਅਦੇ-ਦਾਅਵੇ ਤੇ ਜ਼ਮੀਨੀ ਹਕੀਕਤਾਂ ਦੀ ਝੂਠੀ ਤਸੱਲੀ ਹੀ ਹੱਥ ਲੱਗੀ ਹੈ।
ਸੂਬਾ ਤੇ ਕੇਂਦਰ ਸਰਕਾਰਾਂ ਦੇ ਦਾਅਵਿਆਂ ਤੋਂ ਅਦਾਲਤ ਵੀ ਅਸੰਤੁਸ਼ਟ ਹੈ। ਉਨ੍ਹਾਂ ਨੇ ਵਾਰ ਵਾਰ ਦਿੱਤੇ ਗਏ ਮੁਆਵਜ਼ਿਆਂ ਤੇ ਕੀਤੇ ਗਏ ਪੁਨਰਵਾਸ ਦਾ ਸਬੂਤ ਮੰਗਿਆ ਹੈ। ਇਸ ਗੱਲ ਦੀ ਲਗਾਤਾਰ ਉਮੀਦ ਕੀਤੀ ਗਈ ਕਿ ਲੋਕਾਂ ਨੂੰ ਉਨ੍ਹਾਂ ਦੇ ਸੰਘਰਸ਼ ਤੇ ਇਸ ਦੇ ਨਾਲ ਜਾਰੀ ਉਨ੍ਹਾਂ ਦੀ ਹੱਡ-ਭੰਨਵੀਂ ਮਿਹਨਤ ਦਾ ਜਾਇਜ਼ ਫਲ ਮਿਲੇਗਾ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਡੋਬੇ ਦਾ ਸਾਹਮਣਾ ਕਰਨਾ ਪਏਗਾ।
ਪਰ ਸਾਡੇ ਪ੍ਰਧਾਨ ਮੰਤਰੀ ਜਲਦੀ ਵਿਚ ਰਹਿੰਦੇ ਹਨ। ਇਹੀ ਨਹੀਂ, ਉਨ੍ਹਾਂ ਦੇ ਜਨਮ ਦਿਨ ਨੂੰ ਮਨਾਉਣਾ ਜ਼ਰੂਰੀ ਹੈ। ਨਾਲ ਹੀ ਮੱਧ ਪ੍ਰਦੇਸ਼ ਦਾ ਪਾਣੀ ਗੁਜਰਾਤ ਵਿਚ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਦਿਖਾਉਣਾ ਵੀ ਜ਼ਰੂਰੀ ਹੈ।
ਇਸ ਲਈ ਨਦੀ ਦੇ ਉਪਰੀ ਹਿੱਸੇ ਵਿਚ ਬੰਨ੍ਹ ਦੇ ਫਾਟਕਾਂ ਨੂੰ ਕੁਝ ਦਿਨ ਪਹਿਲਾਂ ਖੋਲ੍ਹ ਦਿੱਤਾ ਗਿਆ। ਜਿਸ ਪਾਣੀ ਦੀ ਉਥੇ ਬਹੁਤ ਜ਼ਿਆਦਾ ਜ਼ਰੂਰਤ ਸੀ, ਉਸ ਨੂੰ ਨਿਮਾੜ ਦਾ ਡੋਬਾ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ ਜਾਣ ਲੱਗਾ। ਇਸ ਡੋਬੇ ਮਗਰੋਂ ਹੀ ਗੁਜਰਾਤ ਵਿਚ ਚਮਤਕਾਰ ਸੰਭਵ ਹੁੰਦਾ ਪਰ ਇਸ ਪਾਣੀ ਦਾ ਲਾਭ ਗੁਜਰਾਤ ਦੇ ਕਿਸਾਨਾਂ ਨੂੰ ਵੀ ਨਹੀਂ ਹੋਣ ਵਾਲਾ ਹੈ। ਕੁਝ ਦਿਨ ਪਹਿਲਾਂ ਹੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੁਭਾਸ਼ ਮਹਿਤਾ ਜੋ ਭਾਜਪਾ ਦੇ ਹੀ ਹਨ, ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਕਿ ਹੁਣ ਤਕ ਉਹ ਨਹਿਰਾਂ ਬਣੀਆਂ ਹੀ ਨਹੀਂ ਹਨ, ਜੋ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਲਈ ਜ਼ਰੂਰੀ ਹਨ।
ਤਾਂ ਇਹ ਪਾਣੀ ਗੁਜਰਾਤ ਦੇ ਕਿਸਾਨਾਂ ਦੇ ਸੁੱਕੇ ਖੇਤਾਂ ਨੂੰ ਹਰਾ ਭਰਿਆ ਬਣਾਉਣ ਦਾ ਕੰਮ ਨਾ ਕਰਕੇ ਕਈ ਪੂੰਜੀਪਤੀਆਂ ਤੇ ਠੰਢੇ ਜਲ ਘਰਾਂ ਦੇ ਉਤਪਾਦਕਾਂ ਨੂੰ ਮਾਲਾਮਾਲ ਬਣਾਉਣ ਲਈ ਉਪਯੋਗ ਵਿਚ ਲਿਆਂਦਾ ਜਾਵੇਗਾ।
ਜਨਮ ਦਿਨ ‘ਤੇ ਹੋਣ ਵਾਲੇ ਚਮਤਕਾਰ ਦੀ ਤਿਆਰ ਦੌਰਾਨ ਨਿਮਾੜ ਵਿਚ ਨਦੀ ਦਾ ਪਾਣੀ ਕੁਝ ਦਿਨ ਪਹਿਲਾਂ ਉਮੜਨ ਲੱਗਾ ਹੈ। 15 ਸਤੰਬਰ ਨੂੰ ਮੀਂਹ ਪੈ ਗਿਆ। ਇਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ। ਉਸੇ ਦਿਨ ਡੋਬੇ ਖ਼ਿਲਾਫ਼ ਪ੍ਰਤੀਰੋਧ ਪੂਰੇ ਖੇਤਰ ਵਿਚ ਫੁੱਟ ਪਿਆ। 14 ਸਤੰਬਰ ਦੀ ਸ਼ਾਮ ਤੋਂ ਹੀ ਚਿਖਾਲਦਾ ਪਿੰਡ ਵਿਚ ਪਾਣੀ ਘਰਾਂ ਵਿਚ ਆਉਣ ਲੱਗਾ ਤੇ ਉਥੇ ਪੂਰਾ ਪਿੰਡ ਧਰਨੇ ‘ਤੇ ਬੈਠ ਗਿਆ। 15 ਸਤੰਬਰ ਨੂੰ ਸਵੇਰ ਹੁੰਦਿਆਂ ਹੀ ਮੀਂਹ ਸ਼ੁਰੂ ਹੋ ਗਿਆ ਪਰ ਇਸ ਦਾ ਜ਼ਰਾ ਵੀ ਅਸਰ ਉਨ੍ਹਾਂ ਹਿੰਮਤੀ ਔਰਤਾਂ ਤੇ ਪੁਰਸ਼ਾਂ ‘ਤੇ ਨਹੀਂ ਪਿਆ ਜੋ ਅੰਜਡ ਸ਼ਹਿਰ ਵਿਚ ਰੈਲੀ ਲਈ ਇਕੱਤਰ ਹੋਏ ਸਨ।
ਅੰਜਡ ਇਕ ਪ੍ਰਾਚੀਨ ਤੇ ਮਹੱਤਵਪੂਰਨ ਕਸਬਾ ਹੈ ਜੋ ਇਲਾਕੇ ਦੀ ਮਹੱਤਵਪੂਰਨ ਮੰਡੀ ਵੀ ਹੈ। ਇਥੋਂ ਦੇ ਵਪਾਰੀ ਜ਼ਮਾਨੇ ਤੋਂ ਭਾਜਪਾ ਦੇ ਸਮਰਥਕ ਹਨ ਪਰ 15 ਸਤੰਬਰ ਨੂੰ ਅੰਦੋਲਨ ਪ੍ਰਤੀ ਉਨ੍ਹਾਂ ਦੀ ਦ੍ਰਿੜਤਾ ਬੇਮਿਸਾਲ ਸੀ। ਲਗਾਤਾਰ ਵਰ੍ਹਦੇ ਪਾਣੀ ਵਿਚ ‘ਨਰਮਦਾ ਬਚਾਓ, ਮਾਨਵਤਾ ਬਚਾਓ’ ਦੇ ਨਾਅਰੇ ਲਗਾਉਂਦੇ ਹੋਏ ਹਜ਼ਾਰਾਂ ਔਰਤਾਂ-ਮਰਦ ਸ਼ਹਿਰ ਦੀਆਂ ਗਲੀਆਂ ‘ਚੋਂ ਜਲੂਸ ਕੱਢ ਰਹੇ ਸਨ ਤੇ ਪੂਰਾ ਸ਼ਹਿਰ ਘਰ ਤੋਂ ਨਿਕਲ ਕੇ ਉਨ੍ਹਾਂ ਨਾਲ ਭਿੱਜਣ ਤੇ ਉਨ੍ਹਾਂ ਦਾ ਸਾਥ ਦੇਣ ਦਾ ਕੰਮ ਕਰ ਰਿਹਾ ਸੀ।
ਦੁਕਾਨਦਾਰ, ਵਪਾਰੀ, ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਤੇ ਨੌਜਵਾਨ, ਸਭ ਘਰਾਂ ਦੇ ਬਾਹਰ ਸਨ। ਸ਼ਹਿਰ ਦੇ ਵਿਚਾਲੇ ਰੈਲੀ ਕੀਤੀ ਗਈ। ਇਸ ਨੂੰ ਮੇਧਾ ਤੇ ਅੰਦੋਲਨ ਦੇ ਵਰਕਰਾਂ ਨੇ ਸੰਬੋਧਨ ਕੀਤਾ।
ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਮੈਂ ਵੀ ਉਨ੍ਹਾਂ ਦੇ ਨਾਲ ਆਪਣਾ ਭਾਈਚਾਰਾ ਤੇ ਸਮਰਥਨ ਜ਼ਾਹਰ ਕੀਤਾ। ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ ਪਰ ਕਿਸੇ ਵਿਅਕਤੀ ਨੇ ਉਸ ਤੋਂ ਬਚਣ ਦੀ ਕੋਸ਼ਿਸ ਨਹੀਂ ਕੀਤੀ। ਉਸ ਤੋਂ ਬਾਅਦ ਰੈਲੀ ਛੋਟਾ ਬੜਦਾ ਲਈ ਨਿਕਲੀ। ਇਹ ਪਿੰਡ ਵੀ ਡੋਬੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪਿੰਡ ਦੇ ਬਾਹਰ ਲੋਕਾਂ ਨੇ ਵੱਡਾ ਬੈਨਰ ਟੰਗ ਦਿੱਤਾ ਹੈ, ‘ਇਥੋਂ ਸਿਰਫ਼ ਭੂਤ-ਪ੍ਰੇਤ ਰਹਿੰਦੇ ਹਨ, ਕਿਉਂਕਿ ਸਰਕਾਰ ਅਨੁਸਾਰ ਪਿੰਡ ਖਾਲੀ ਹੋ ਚੁੱਕਾ ਹੈ, ਪਿੰਡ ਵਾਸੀਆਂ ਦਾ ਪੁਨਰਵਾਸ ਹੋ ਚੁੱਕਾ ਹੈ। ਪਰ ਪਿੰਡ ਦੇ ਲੋਕ ਤਾਂ ਉਥੇ ਮੌਜੂਦ ਸਨ ਤੇ ਉਹ ਵੀ ਰੈਲੀ ਵਿਚ ਸ਼ਾਮਲ ਹੋ ਗਏ।
ਜਲੂਸ ਪਿੰਡ ਵਿਚ ਨਾਅਰੇ ਲਾਉਂਦੇ ਹੋਏ ਘਾਟ ਪਹੁੰਚਿਆ। ਘਾਟ ‘ਤੇ ਪਾਣੀ ਪਹੁੰਚ ਚੁੱਕਾ ਸੀ। ਉਸ ਤੋਂ ਹੇਠਾਂ ਜਾਣ ਵਾਲੀਆਂ ਪੌੜੀਆਂ ਕਦੇ ਦਿਖਾਈ ਦਿੰਦੀਆਂ ਕਦੇ ਲੁਕਦੀਆਂ ਸਨ। ਘਾਟ ‘ਤੇ ਵੱਡੀ ਰੈਲੀ ਹੋਈ ਤੇ ਫਿਰ ਐਲਾਨ ਹੋਇਆ ਕਿ 24 ਘੰਟਿਆਂ ਦਾ ‘ਜਲ ਸਤਿਆਗ੍ਰਹਿ’ ਸ਼ੁਰੂ ਹੋ ਜਾਵੇਗਾ।
ਸਾਰੇ ਲੋਕ ਘਾਟ ਵੱਲ ਵਧੇ। ਉਥੇ ਮਾਂ ਨਰਮਦਾ ਦੀ ਉਸਤਤ ਵਿਚ ਗੀਤ ਗਾਏ ਗਏ। ਉਨ੍ਹਾਂ ਦੇ ਸੁਰ ਇਸ ਉਮੀਦ ਨਾਲ ਭਰੇ ਹੋਏ ਸਨ ਕਿ ਉਨ੍ਹਾਂ ਦੀ ਨਰਮਦਾ ਮਾਂ ਉਨ੍ਹਾਂ ਨੂੰ ਬਚਾਏਗੀ। ਉਨ੍ਹਾਂ ਨੂੰ ਜ਼ਿੰਦਾ ਰੱਖੇਗੀ, ਉਨ੍ਹਾਂ ਦੀ ਮੌਤ ਦਾ ਸਬਬ ਨਹੀਂ ਬਣੇਗੀ। ਉਹ ਪਲ ਕਿੰਨਾ ਭਾਵੁਕ ਸੀ, ਦੱਸਣਾ ਮੁਸ਼ਕਲ ਹੈ। ਉਸ ਤੋਂ ਬਾਅਦ, ਮੇਧਾ 40 ਔਰਤਾਂ ਨਾਲ ਘੱਟ ‘ਤੇ ਬੈਠ ਗਈ। ਉਨ੍ਹਾਂ ਦੇ ਪੈਰ ਪਾਣੀ ਵਿਚ ਸਨ। ਇਨ੍ਹਾਂ ਵਿਚੋਂ ਕੁਝ ਔਰਤਾਂ ਕਾਫ਼ੀ ਉਮਰਦਰਾਜ਼ ਹਨ। ਕੁਝ ਕਾਫ਼ੀ ਕਮਜ਼ੋਰ ਹਨ। ਮੰਜੁਲਾ ਆਪਣੇ ਬਿਮਾਰ ਪਤੀ ਨੂੰ ਘਰ ਛੱਡ ਕੇ ਆਈ ਸੀ। ਪਤੀ ਨੇ ਕਿਹਾ, ‘ਸੰਘਰਸ਼ ਹੈ ਤਾਂ ਜੀਵਨ ਹੈ, ਵਰਨਾ ਮਰਨਾ ਤਾਂ ਲਿਖਿਆ ਹੀ ਹੈ ਤਾਂ ਤੂੰ ਜਾ ਸੰਘਰਸ਼ ਕਰ। ਉਹ ਖੁਦ ਵੀ ਕੰਬ ਰਹੀ ਸੀ ਪਰ ਬੜੀ ਦ੍ਰਿੜਤਾ ਨਾਲ, ਪਾਣੀ ਵਿਚ ਬੈਠ ਗਈ। ਸ਼ਿਆਮਾ, ਭਗਵਤੀ ਤੇ ਉਨ੍ਹਾਂ ਵਰਗੀਆਂ ਹੋਰ ਤਮਾਮ ਔਰਤਾਂ ਜੋ ਤਮਾਮ ਸੰਘਰਸ਼ਾਂ ਦੀਆਂ ਲੜਾਕੂ ਹਨ, ਜਿਨ੍ਹਾਂ ਦੇ ਸਰੀਰ ‘ਤੇ ਤਮਾਮ ਜ਼ਖ਼ਮਾਂ ਦੇ ਨਿਸ਼ਾਨ ਹਨ, ਉਹ ਸਾਰੀਆਂ ਵੀ ਪਾਣੀ ਵਿਚ ਬੈਠ ਗਈਆਂ। ਇਨ੍ਹਾਂ ਸੰਘਰਸ਼ਾਂ ਨੇ ਪਤੀ ਨਹੀਂ ਕਿਵੇਂ ਮਾਮੂਲੀ ਲੋਕਾਂ ਨੂੰ ਗੈਰ ਮਾਮੂਲੀ ਬਣਾ ਦਿੱਤਾ ਹੈ। ਨਦੀ ਦਾ ਪਾਣੀ ਸਤਿਆਗ੍ਰਹਿ ‘ਤੇ ਬੈਠਣ ਵਾਲਿਆਂ ਦੀ ਕਮਰ ਤੋਂ ਉਪਰ ਚਲਾ ਗਿਆ। ਸਰਕਾਰ ਦੀ ਜ਼ਿੱਦ ਨੂੰ ਤੋੜਨ ਲਈ ਉਨ੍ਹਾਂ ਨੇ ਆਪਣਾ ਸਤਿਆਗ੍ਰਹਿ ਵਧਾ ਦਿੱਤਾ। ਤੇ ਸਤਿਆਗ੍ਰਹਿ ‘ਤੇ ਬੈਠਣ ਵਾਲੀਆਂ ਔਰਤਾਂ ਦੀ ਸੰਖਿਆ 129 ਹੋ ਗਈ। ਸਮਰਥਨ ਕਰਨ ਵਾਲੇ ਹਜ਼ਾਰਾਂ ਦੀ ਸੰਖਿਆ ਵਿਚ ਇਕੱਤਰ ਹੋ ਗਏ। ਬੀਤੇ ਸ਼ਨਿੱਚਰਵਾਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਹਿ ਦਿੱਤਾ ਕਿ ਉਹ ਮੋਦੀ ਜੀ ਦਾ ਜਨਮ ਦਿਨ ਮਨਾਉਣ ਗੁਜਰਾਤ ਨਹੀਂ ਜਾਣਗੇ। ਸ਼ਾਇਦ ਉਨ੍ਹਾਂ ਦੀ ਸਮਝ ਵਿਚ ਆ ਰਿਹਾ ਹੈ ਕਿ ਆਪਣੇ ਹੀ ਲੋਕਾਂ ਨਾਲ ਬੇਵਫ਼ਾਈ ਕਰਨਾ ਕਿੰਨਾ ਮਹਿੰਗਾ ਸਿੱਧ ਹੋ ਸਕਦਾ ਹੈ।
ਮੀਂਹ ਵੀ ਰੁਕ ਗਿਆ। ਪਾਣੀ ਦਾ ਵਧਣਾ ਵੀ ਰੁਕ ਗਿਆ। ਸ਼ਾਇਦ ਡੋਬੇ ਦਾ ਖ਼ਤਰਾ ਇਕ ਵਾਰ ਫਿਰ ਹਟ ਜਾਵੇਗਾ। ਇਕ ਫ਼ਸਲ ਹੋਰ ਬੀਜੀ ਜਾਵੇਗੀ, ਵੱਢੀ ਜਾਵੇਗੀ। ਸੰਘਰਸ਼ ਦੇ ਅਗਲੇ ਸੈਸ਼ਨ ਦੀ ਫਿਰ ਨਵੀਂ ਤਾਕਤ ਨਾਲ ਤਿਆਰੀ ਕੀਤੀ ਜਾਵੇਗੀ। ਉਨ੍ਹਾਂ ਦੇ ਇਸ ਸੰਘਰਸ਼ ਨੇ ਪਰ ਪ੍ਰਧਾਨ ਮੰਤਰੀ ਦਾ ਜਨਮ ਦਿਨ ਆਪਣਾ ਮਰਨ ਦਿਨ ਬਣਨ ਨਹੀਂ ਦਿੱਤਾ।

ਮੋਦੀ ਨੇ ਨਰਮਦਾ ਨਦੀ ਦੀ ਮੌਤ ਦਾ ਉਤਸਵ ਮਨਾਇਆ
ਹਿਮਾਂਸ਼ੁ ਠੱਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਸਰੋਵਰ ਬੰਨ੍ਹ ਭਾਰਤ ਨੂੰ ਸਮਰਪਿਤ ਕਰ ਦਿੱਤਾ ਪਰ ਹਾਲੇ ਤਕ ਇਹ ਯੋਜਨਾ ਪੂਰੀ ਹੀ ਨਹੀਂ ਹੋਈ ਹੈ। ਨਹਿਰ ਦਾ ਢਾਂਚਾ ਮੁਸ਼ਕਲ ਨਾਲ 30 ਫ਼ੀਸਦੀ ਕਮਾਂਡ ਏਰੀਆ ਲਈ ਹੀ ਬਣਿਆ ਹੈ ਤੇ ਸਰੋਵਰ ਵੀ ਨਹੀਂ ਭਰਿਆ ਹੈ।
ਇਸ ਪ੍ਰੋਜੈਕਟ ਵਿਚ ਹਾਲੇ ਤਕ ਜਿੰਨੀ ਲਾਗਤ ਲੱਗ ਚੁੱਕੀ ਹੈ, ਓਨੀ ਹੀ ਹਾਲੇ ਹੋਰ ਲਗਣ ਦੀ ਸੰਭਾਵਨਾ ਹੈ। ਸਮੱਸਿਆ ਇਹ ਹੈ ਕਿ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਦਾ ਸਾਨੂੰ ਪਤਾ ਹੀ ਨਹੀਂ ਹੈ। ਮੋਟੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਪ੍ਰੋਜੈਕਟ ਨਾਲ ਨੁਕਸਾਨ ਹੀ ਜ਼ਿਆਦਾ ਹੋਇਆ ਹੈ ਜਦਕਿ ਨਫ਼ਾ ਬਹੁਤ ਘੱਟ ਹੈ।
ਕਿਸ ਲਈ ਬਣੀ ਯੋਜਨਾ?
ਇਹ ਯੋਜਨਾ ਬਣੀ ਸੀ ਕੱਛ, ਸੌਰਾਸ਼ਟਰ ਤੇ ਉਤਰੀ ਗੁਜਰਾਤ ਲਈ। ਇਹ ਗੁਜਰਾਤ ਦੇ ਸੋਕਾਗ੍ਰਸਤ ਇਲਾਕੇ ਹਨ। ਇਥੇ ਪਾਣੀ ਦੇਣ ਲਈ ਇਕੋ-ਇਕ ਬਦਲ ਵਜੋਂ ਇਹ ਯੋਜਨਾ ਬਣੀ ਸੀ। ਪਰ ਅੱਜ ਤਕ ਇਨ੍ਹਾਂ ਇਲਾਕਿਆਂ ਵਿਚ ਪਾਣੀ ਨਹੀਂ ਪਹੁੰਚਿਆ ਹੈ।
ਜ਼ਿਆਦਾਤਰ ਪਾਣੀ ਮੱਧ ਗੁਜਰਾਤ ਜਿਵੇਂ ਅਹਿਮਦਾਬਾਦ, ਬੜੌਦਾ, ਖੇੜਾ, ਬਰੂਚ ਵਰਗੇ ਜ਼ਿਲ੍ਹਿਆਂ ਵਿਚ ਜਾ ਰਿਹਾ ਹੈ। ਅਹਿਮਦਾਬਾਦ ਵਿਚ ਜੋ ਸਾਬਰਮਤੀ ਨਦੀ ਵਹਿ ਰਹੀ ਹੈ, ਉਸ ਵਿਚ ਵੀ ਨਰਮਦਾ ਦਾ ਹੀ ਪਾਣੀ ਹੈ।
ਇਸ ਲਈ ਹਾਲੇ ਤਕ ਤਾਂ ਇਸ ਯੋਜਨਾ ਨੂੰ ਨਫ਼ੇ ਵਜੋਂ ਨਹੀਂ ਦੇਖ ਸਕਦੇ, ਕਿਉਂਕਿ ਜਿਨ੍ਹਾਂ ਇਲਾਕਿਆਂ ਨੂੰ ਪਾਣੀ ਦੀ ਜ਼ਰੂਰਤ ਸੀ, ਉਥੇ ਤਾਂ ਪਾਣੀ ਨਹੀਂ ਪਹੁੰਚਿਆ ਤੇ ਜਿੱਥੇ ਪਹੁੰਚਿਆ ਹੈ, ਉਥੇ ਪਹਿਲਾਂ ਤੋਂ ਹੀ ਲੋੜੀਂਦੀ ਮਾਤਰਾ ਵਿਚ ਪਾਣੀ ਸੀ।
ਕਿੰਨਾ ਨੁਕਸਾਨ ਹੋਇਆ…
ਇਸ ਯੋਜਨਾ ਕਾਰਨ ਘੱਟੋ-ਘੱਟ 50 ਹਜ਼ਾਰ ਪਰਿਵਾਰਾਂ ਦਾ ਉਜਾੜਾ ਹੋਇਆ। ਨਰਮਦਾ ਨਦੀ ਖ਼ਤਮ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਉਤਸਵ ਮਨਾਇਆ, ਉਹ ਇਕ ਤਰ੍ਹਾਂ ਨਾਲ ਨਰਮਦਾ ਨਦੀ ਦੀ ਮੌਤ ਦਾ ਉਤਸਵ ਸੀ। ਕਿਉਂਕਿ ਬੰਨ੍ਹ ਹੇਠਾਂ ਜੋ 150 ਕਿਲੋਮੀਟਰ ਤਕ ਨਦੀ ਸੀ, ਉਹ ਵਹਿਣਾ ਬੰਦ ਹੋ ਗਈ ਹੈ। ਉਧਰ ਬੰਨ੍ਹ ਦੇ ਉਪਰ ਜੋ 200 ਕਿਲੋਮੀਟਰ ਤੋਂ ਲੰਬਾ ਸਰੋਵਰ ਏਰੀਆ ਬਣਿਆ ਹੈ, ਉਥੇ ਵੀ ਨਦੀ ਨਹੀਂ ਵਹਿ ਰਹੀ ਹੈ। ਨਦੀ ਦੇ ਹੇਠਲੇ ਇਲਾਕਿਆਂ ਵਿਚ ਜੋ 10 ਹਜ਼ਾਰ ਪਰਿਵਾਰ ਰਹਿ ਰਹੇ ਸਨ, ਉਹ ਮੱਛੀ ਪਾਲਣ ‘ਤੇ ਨਿਰਭਰ ਸਨ। ਉਨ੍ਹਾਂ ਦਾ ਜੀਵਨ ਨਿਰਵਾਹ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ।
ਯੋਜਨਾ ਦਾ ਉਦੇਸ਼ ਕੀ ਸੀ?…
ਸਾਨੂੰ ਇਹ ਸਮਝਣਾ ਪਏਗਾ ਕਿ ਇਸ ਯੋਜਨਾ ਨੂੰ ਕਿਸ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਨਾਲ ਅਸਲ ਵਿਚ ਕਿੰਨਾ ਲਾਭ ਹੋਵੇਗਾ। ਤੇ ਅੰਤ ਵਿਚ ਇਹ ਵੀ ਦੇਖਣਾ ਹੋਵੇਗਾ ਕਿ ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਕੀ ਇਹ ਯੋਜਨਾ ਸਭ ਤੋਂ ਬਿਹਤਰ ਬਦਲ ਸੀ।
ਜਦੋਂ ਅਸੀਂ ਇਨ੍ਹਾਂ 3 ਸਵਾਲਾਂ ਦੇ ਜਵਾਬ ਲੱਭਦੇ ਹਾਂ ਤਾਂ ਪਾਉਂਦੇ ਹਾਂ ਕਿ ਇਹ ਯੋਜਨਾ ਗੁਜਰਾਤ, ਉਥੇ ਦੇ ਸੋਕਾ ਪੀੜਤ ਇਲਾਕਿਆਂ ਤੇ ਦੇਸ਼ ਲਈ ਲਈ ਸਭ ਤੋਂ ਬਿਹਤਰ ਬਦਲ ਨਹੀਂ ਸੀ। ਕੁਝ ਦਿਨ ਪਹਿਲਾਂ ਮੋਦੀ ਨਾਲ ਬੁਲੇਟ ਟਰੇਨ ਦੀ ਸ਼ੁਰੂਆਤ ਕਰਨ ਵਾਲੇ ਜਪਾਨ ਨੇ ਹੀ ਸਭ ਤੋਂ ਪਹਿਲਾਂ ਇਸ ਯੋਜਨਾ ਤੋਂ ਆਪਣੇ ਹੱਥ ਖਿੱਚੇ ਸਨ। ਉਨ੍ਹਾਂ ਨੂੰ ਜਦੋਂ ਪਤਾ ਚਲਿਆ ਕਿ ਇਸ ਯੋਜਨਾ ਕਾਰਨ ਕਈ ਹਜ਼ਾਰ ਲੋਕਾਂ ਦਾ ਉਜਾੜਾ ਹੋ ਰਿਹਾ ਹੈ, ਤਾਂ ਉਹ ਪਿਛੇ ਹਟ ਗਏ। ਸਾਲ 1992 ਵਿਚ ਵਿਸ਼ਵ ਬੈਂਕ ਨੇ ਆਪਣੀ ਆਜ਼ਾਦ ਜਾਂਚ ਕਰਵਾਈ ਸੀ, ਤੇ ਉਸ ਵਿਚ ਪਾਇਆ ਸੀ ਕਿ ਇਸ ਯੋਜਨਾ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ, ਇਸ ਲਈ ਵਿਸ਼ਵ ਬੈਂਕ ਨੇ ਵੀ ਇਸ ਯੋਜਨਾ ‘ਤੇ ਪੈਸਾ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਸਾਲ 1993-94 ਵਿਚ ਜਦੋਂ ਭਾਰਤ ਸਰਕਾਰ ਨੇ ਆਪਣੀ ਆਜ਼ਾਦ ਜਾਂਚ ਕਰਵਾਈ ਸੀ, ਉਸ ਵਿਚ ਵੀ ਇਸ ਯੋਜਨਾ ਨੂੰ ਅਸਫਲ ਦੱਸਿਆ ਗਿਆ ਸੀ। ਸਰਕਾਰ ਤਾਂ ਸਿਰਫ਼ ਆਪਣੇ ਨੇਤਾ ਦੀ ਗੱਲ ਦੇ ਅੱਗੇ ਠੱਪਾ ਲਾਉਣ ਦਾ ਕੰਮ ਕਰਦੀ ਹੈ। ਦੇਸ਼ ਦੀ ਬਦਕਿਸਮਤੀ ਹੈ ਕਿ ਇਥੋਂ ਦੇ ਨੌਕਰਸ਼ਾਹ ਆਜ਼ਾਦ ਫ਼ੈਸਲਾ ਨਹੀਂ ਲੈ ਸਕਦੇ।
ਸਰਦਾਰ ਸਰੋਵਰ ਬੰਨ੍ਹ ਦੇ 5 ਵੱਡੇ ਨੁਕਸਾਨ…
ਕੱਛ, ਸੌਰਾਸ਼ਟਰ, ਉਤਰ ਗੁਜਰਾਤ ਨੂੰ ਲਾਭ ਨਹੀਂ ਹੋਵੇਗਾ
ਨਰਮਦਾ ਨਦੀ ਖ਼ਤਮ ਹੋ ਗਈ
ਘੱਟੋ-ਘੱਟ 50 ਹਜ਼ਾਰ ਪਰਿਵਾਰ ਉਜੜ ਗਏ, 10 ਹਜ਼ਾਰ ਮਛਵਾਰਾ ਪਰਿਵਾਰ ਦਾ ਜੀਵਨ ਨਿਰਵਾਹ ਖ਼ਤਮ ਹੋ ਗਿਆ
ਇਸ ਯੋਜਨਾ ਵਿਚ 50 ਹਜ਼ਾਰ ਕਰੋੜ ਖ਼ਰਚ ਹੋ ਚੁੱਕੇ ਹਨ ਤੇ ਏਨਾ ਹੀ ਹੋਰ ਖ਼ਰਚ ਆਏਗਾ
ਇਹ ਯੋਜਨਾ ਪ੍ਰਸ਼ਾਸਨ ਦੀ ਅਸਫਲਤਾ ਹੈ, ਜਿਨ੍ਹਾਂ ਲੋਕਾਂ ਦਾ ਪੁਨਰਵਾਸ ਨਹੀਂ ਹੋਇਆ ਹੈ, ਉਨ੍ਹਾਂ ਦਾ ਨਿਆਂਪਾਲਿਕਾ ਤੋਂ ਭਰੋਸਾ ਘੱਟ ਹੋ ਗਿਆ ਹੈ।
(ਬੀ.ਬੀ.ਸੀ. ਤੋਂ ਧੰਨਵਾਦ ਸਹਿਤ)