ਜਦੋਂ ਤਲਾਅ ਦਾ ਪਾਣੀ ਜਵਾਨਾਂ ਦੇ ਖੂਨ ਨਾਲ ਹੋ ਗਿਆ ਸੀ ਲਾਲ

0
294

article-rehan-fazal

ਕੈਪਸ਼ਨ- 4 ਸਿੱਖ ਦੇ ਜਵਾਨਾਂ ਨਾਲ ਹੱਥ ਮਿਲਾਉਂਦੇਹੋਏ ਭਾਰਤ ਦੇ ਉਸ ਵੇਲੇ ਦੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਣ
ਰੇਹਾਨ ਫ਼ਜ਼ਲ
ਫ਼ਿਰੋਜ਼ਪੁਰ ਛਾਉਣੀ ਵਿਚ ਇਕ ਲਾਲ ਪੱਥਰ ਦਾ ਸਮਾਰਕ ਬਣਿਆ ਹੋਇਆ ਹੈ, ਜਿਸ ‘ਤੇ ਲਿਖਿਆ ਹੈ, ‘ਬਰਕੀ, 10 ਸਤੰਬਰ 1965’। ਉਸ ਦੇ ਨਾਲ ਹੀ ਪਾਕਿਸਤਾਨ ਦਾ ਪੈਟਨ ਟੈਂਕ ਖੜ੍ਹਿਆ ਹੈ ਤੇ ਇਕ ਮੀਲ ਪੱਥਰ ਵੀ ਲੱਗਾ ਹੈ, ਜਿਸ ‘ਤੇ ਲਿਖਿਆ ਹੈ, ਲਾਹੌਰ 15 ਮੀਲ।

6 ਸਤੰਬਰ 1965 ਨੂੰ ਸਿੱਖ ਜਵਾਨਾਂ ਨੂੰ ਪਾਕਿਸਤਾਨੀ ਸਰਹੱਦ ਵੱਲ ਵਧਣ ਲਈ ਕਿਹਾ ਗਿਆ। ਰਾਤ ਹੁੰਦੇ ਹੁੰਦੇ ਉਹ ਖਾਲੜਾ ਪਹੁੰਚ ਗਏ। ਖਾਲੜਾ ਤੇ ਬਰਕੀ ਵਿਚਾਲੇ ਪਿੰਡ ਪੈਂਦਾ ਹੈ ਹੁਡਿਆਰਾ। ਇਸੇ ਨਾਂ ਨਾਲ ਇਥੇ ਨਾਲਾ ਵੀ ਹੈ। ਉਸ ਦਿਨ 48 ਇਨਫ਼ੈਂਟਰੀ ਬ੍ਰਿਗੇਡ ਹੁਡਿਆਰਾ ਤਾਂ ਪਹੁੰਚ ਗਈ ਪਰ ਪਾਕਿਸਤਾਨ ਵਲੋਂ ਆ ਰਹੀ ਜ਼ਬਰਦਸਤ ਗੋਲੀਬਾਰੀ ਨੇ ਉਨ੍ਹਾਂ ਨੂੰ ਨਾਲਾ ਪਾਰ ਨਾ ਕਰਨ ਦਿੱਤਾ। ਯੋਜਨਾ ਬਣਾਈ ਗਈ ਕਿ ਰਾਤ ਦੇ ਹਨੇਰੇ ਵਿਚ ਪਾਕਿਸਤਾਨੀ ਫ਼ੌਜ ‘ਤੇ ਹਮਲਾ ਬੋਲਿਆ ਜਾਵੇ ਪਰ ਇਹ ਯੋਜਨਾ ਉਦੋਂ ਧਰੀ-ਧਰਾਈ ਰਹਿ ਗਈ ਜਦੋਂ ਪਾਕਿਸਤਾਨੀ ਫ਼ੌਜੀਆਂ ਨੇ ਹੁਡਿਆਰਾ ਪੁਲ ਉਡਾ ਕੇ ਪੁਜ਼ੀਸ਼ਨਾਂ ਲੈ ਲਈਆਂ।

ਪਾਕਿਸਤਾਨੀਆਂ ਨੇ ਆਪਣਾ ਹੀ ਪੁਲ ਉਡਾਇਆ…
ਕਰਨਲ ਮਨਮੋਹਨ ਸਿੰਘ ਮੰਨਦੇ ਹਨ ਕਿ ਪਾਕਿਸਤਾਨੀਆਂ ਦੇ ਇਸ ਕਦਮ ਨਾਲ ਭਾਰਤੀ ਟੈਂਕ ਉਥੇ ਹੀ ਖੜ੍ਹੇ ਰਹਿ ਗਏ। ਉਹ ਕਹਿੰਦੇ ਹਨ, ‘ਵੈਸੇ ਤਾਂ ਨਾਲਾ ਸਿਰਫ਼ ਡੇਢ ਫੁੱਟ ਡੂੰਘਾ ਸੀ ਪਰ ਕਿਉਂਕਿ ਉਸ ਦੀ ਚੌੜਾਈ 50 ਫੁੱਟ ਸੀ, ਇਸ ਲਈ ਉਸ ਵਿਚ ਟੈਂਕ ਉਤਾਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ।’ ਪਾਕਿਸਤਾਨੀ ਗੋਲੀਬਾਰੀ ਦੌਰਾਨ 4 ਸਿੱਖ ਦੀਆਂ ਦੋ ਕੰਪਨੀਆਂ ਪੁਲ ਦੁਬਾਰਾ ਬਣਾਉਣ ਵਿਚ ਲੱਗ ਗਈਆਂ। ਸ਼ਾਮ ਤਕ ਪੁਲ ਬਣ ਕੇ ਤਿਆਰ ਹੋ ਗਿਆ ਪਰ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਟੈਂਕ ਲੰਘਣ ਲਈ ਇਹ ਜਗ੍ਹਾ ਹਾਲੇ ਵੀ ਕਾਫ਼ੀ ਨਹੀਂ ਹੈ।

ਜਹਾਜ਼ ਮਾਰੂ ਤੋਪਾਂ ਦਾ ਇਸਤੇਮਾਲ…
ਪਰ ਪਾਕਿਸਤਾਨ ਵਲੋਂ ਜ਼ਬਰਦਸਤ ਗੋਲੀਬਾਰੀ ਕੀਤੀ ਜਾ ਰਹੀ ਸੀ। ਕਰਨਲ ਮਨਮੋਹਨ ਸਿੰਘ ਯਾਦ ਕਰਦੇ ਹਨ, ‘ਫ਼ੌਜੀ ਭਾਸ਼ਾ ਵਿਚ ਅਸੀਂ ਇਸ ਨੂੰ ਕਾਰਪਟ ਬੰਬਿੰਗ ਕਹਿੰਦੇ ਹਾਂ। ਉਸ ਇਲਾਕੇ ਦੇ ਇਕ ਇੰਚ ‘ਤੇ ਉਨ੍ਹਾਂ ਦੇ ਗੋਲੇ ਡਿੱਗ ਰਹੇ ਸਨ। ਚੰਗੀ ਗੱਲ ਇਹ ਰਹੀ ਕਿ ਰਾਤ ਨੂੰ ਹੀ ਅਸੀਂ ਖੱਡਾ ਖੋਦ ਲਿਆ ਸੀ। ਅਸੀਂ ਉਸ ਅੰਦਰ ਚਲੇ ਗਏ। ਅਸੀਂ ਆਪਣੇ ਸਿਰ ਹੇਠ ਰੱਖੇ ਤੇ ਗੋਲੇ ਸਾਡੇ ਉਪਰੋਂ ਲੰਘਦੇ ਰਹੇ।’
ਪਾਕਿਸਤਾਨੀਆਂ ਨੇ ਨਵੀਂ ਗੱਲ ਇਹ ਕੀਤੀ ਕਿ ਇਸ ਗੋਲਾਬਾਰੀ ਦੌਰਾਨ ਉਨ੍ਹਾਂ ਨੇ ਆਪਣੀ ਜਹਾਜ਼ ਮਾਰੂ ਤੋਪਾਂ ਦਾ ਮੂੰਹ ਹੇਠ ਕਰਕੇ ਬਰਕੀ ਵੱਲ ਵਧਦੇ ਭਾਰਤੀ ਫ਼ੌਜੀਆਂ ਵੱਲ ਕਰ ਦਿੱਤਾ। ਬ੍ਰਿਗੇਡੀਅਰ ਕੰਵਲਜੀਤ ਸਿੰਘ ਯਾਦ ਕਰਦੇ ਹਨ, ‘ਸਾਡੇ ਸਿਰ ਉਪਰ ਮੱਚਦਾ ਹੋਇਆ ਸੂਰਜ ਸੀ ਤੇ ਖੱਡਿਆਂ ਵਿਚ ਸਾਡਾ ਦਮ ਘੁੱਟ ਰਿਹਾ ਸੀ। ਅਸੀਂ ਬੁਰੀ ਤਰ੍ਹਾਂ ਪਿਆਸੇ ਸੀ ਪਰ ਸਾਡੇ ਜਵਾਨਾਂ ਨੇ ਗ਼ਜ਼ਬ ਦਾ ਜਲ ਅਨੁਸ਼ਾਸਨ ਦਿਖਾਇਆ। ਕੋਈ ਵੀ ਆਪਣੀ ਥਾਂ ਤੋਂ ਨਾ ਹਿਲਿਆ।’

ਕਰਨਲ ਅਨੰਤ ਸਿੰਘ ਦਾ ਉਹ ਭਾਸ਼ਣ…
ਤੈਅ ਹੋਇਆ ਕਿ ਪਹਿਲਾਂ 4 ਸਿੱਖ ਦੇ ਫ਼ੌਜੀ ਰਾਤ ਨੂੰ ਬਰਕੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ। ਸੈਂਟਰਲ ਇੰਡੀਆ ਹਾਰਸ ਦੇ ਸ਼ਰਮਨ ਟੈਂਕ ਆਪਣੀਆਂ ਬੱਤੀਆਂ ਜਗਾਈ ਗੋਲੀਬਾਰੀ ਕਰਦੇ ਹੋਏ ਅੱਗੇ ਅੱਗੇ ਵਧਣਗੇ ਤੇ ਉਨ੍ਹਾਂ ਦੀ ਓਟ ਲੈਂਦੇ ਹੋਏ 4 ਸਿੱਖ ਦੇ ਜਵਾਨ ਜਾਣਗੇ। ਹਮਲੇ ਤੋਂ ਪਹਿਲਾਂ ਲੈਫ਼ਟੀਨੈਂਟ ਕਰਨਲ ਅਨੰਤ ਸਿੰਘ ਨੇ ਆਪਣੇ ਜਵਾਨਾਂ ਨੂੰ ਸੰਬੋਧਨ ਕੀਤਾ, ‘ਸਾਡੀ ਕਿਸਮਤ ਬਹੁਤ ਚੰਗੀ ਆ। ਅੱਜ ਮੌਕਾ ਮਿਲਿਆ ਵਾਪਸ ਆਪਣੇ ਘਰ ਜਾਣ ਦਾ। ਅੱਜ ਹਾਥੀਆਂ ਨਾਲ ਸਾਡੀ ਬਰਾਤ ਜਾਉਗੀ ਤੇ ਅਜਿਹੀ ਆਤਿਸ਼ਬਾਜ਼ੀ ਹੋਵੇਗੀ ਕਿ ਦੀਵਾਲੀ ਵੀ ਫਿੱਕੀ ਪੈ ਜਾਉਗੀ। ਬਰਕੀ ਵੋਹਟੀ ਵਾਂਗ ਹੈ। ਤੁਸੀਂ ਅੱਜ ਲਾੜੇ ਹੋ। ਸ਼ੇਰੋ ਤਗ਼ੜੇ ਹੋ ਜਾਵੋ। ਅੱਜ ਬਰਕੀ ਵਿਆਹੁਣੀ ਐ।’

ਪਿਲ ਬਕਸਿਆਂ ‘ਚੋਂ ਉਗਲਦੀ ਅੱਗ…
ਪਰ ਲਗਦਾ ਹੈ ਪਾਕਿਸਤਨੀਆਂ ਨੂੰ ਭਾਰਤੀ ਹਮਲੇ ਦਾ ਖ਼ਦਸ਼ਾ ਹੋ ਗਿਆ। ਉਨ੍ਹਾਂ ਨੇ ਆਪਣੇ ਤੋਪਖਾਨੇ ਨਾਲ ਭਾਰੀ ਫਾਇਰ ਕਰਨਾ ਸ਼ੁਰੂ ਕਰ ਦਿੱਤਾ। ਕੰਵਲਜੀਤ ਸਿੰਘ ਯਾਦ ਕਰਦੇ ਹਨ, ‘ਦੁਸ਼ਮਣ ਦੀ ਆਰਟਲਰੀ ਫਾਇਰ ਏਨੀ ਤੀਬਰ ਸੀ ਕਿ ਉਨ੍ਹਾਂ ਨੇ ਪੌਣੇ ਘੰਟੇ ਵਿਚ ਸਾਡੇ ਉਪਰ 3000 ਗੋਲੇ ਚਲਾਏ।’ ਪਾਕਿਸਤਾਨੀਆਂ ਨੇ ਪੂਰੇ ਪਿੰਡ ਵਿਚ 11 ਪਿਲ ਬਾਕਸ ਬਣਾ ਰੱਖੇ ਸਨ। ਉਹ ਕੰਕਰੀਟ ਤੇ ਇਸਪਾਤ ਨਾਲ  ਬਣੇ ਸਨ। ਉਨ੍ਹਾਂ ਵਿਚ ਮੋਹਰੀਆਂ ਵੀ ਸਨ ਤਾਂ ਕਿ ਗੰਨ ਫਾਇਰਿੰਗ ਕੀਤੀ ਜਾ ਸਕੇ। ਹਰ ਪਿਲ ਬਾਕਸ ਵਿਚ ਘੱਟੋ-ਘੱਟ 3 ਜਵਾਨ ਸਨ ਤੇ ਉਨ੍ਹਾਂ ਕੋਲ ਮੀਡੀਅਮ ਮਸ਼ੀਨ ਗੰਨ, ਲਾਈਟ ਮਸ਼ੀਨ ਗੰਨ ਤੇ ਸਟੇਨ ਗੰਨ ਸੀ।
ਕਰਨਲ ਮਨਮੋਹਨ ਸਿੰਘ ਯਾਦ ਕਰਦੇ ਹਨ, ‘ਸਾਡੀਆਂ 25 ਪੌਂਡ ਦੀਆਂ ਤੋਪਾਂ ਦਾ ਵੀ ਉਨ੍ਹਾਂ ਪਿਲ ਬਾਕਸ ‘ਤੇ ਕੋਈ ਅਸਰ ਨਹੀਂ ਪੈ ਰਿਹਾ ਸੀ। ਐਂਟੀ ਟੈਂਕ ਗੰਨ ਵੀ ਪੂਰੇ ਪਿਲ ਬਾਕਸ ਨੂੰ ਮਾਮੂਲੀ ਨੁਕਸਾਨ ਹੀ ਪਹੁੰਚਾ ਰਿਹਾ ਸੀ। ਉਨ੍ਹਾਂ ਨੂੰ ਰੋਕਣ ਦਾ ਸਿਰਫ਼ ਇਕੋ ਤਰੀਕਾ ਸੀ, ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਨ੍ਹਾਂ ਪਿਲ ਬਕਸਿਆਂ ਵਿਚ ਵੜਿਆ ਜਾਵੇ ਜਾਂ ਇਨ੍ਹਾਂ ਅੰਦਰ ਹੈਂਡ ਗਰਨੇਡ ਸੁੱਟ ਕੇ ਫਾਇਰਿੰਗ ਕਰ ਰਹੇ ਲੋਕਾਂ ਨੂੰ ਖ਼ਤਮ ਕੀਤਾ ਜਾਵੇ।’

ਟੈਂਕਾਂ ਨੇ ਆਪਣਿਆਂ ‘ਤੇ ਵਰ੍ਹਾਏ ਗੋਲੇ…
ਜਦੋਂ ਬਰਕੀ 250 ਮੀਟਰ ਰਹਿ ਗਿਆ ਤਾਂ 4 ਸਿੱਖ ਤੇ ਪਾਕਿਸਤਾਨੀ ਜਵਾਨਾਂ ਵਿਚਾਲੇ ਹੱਥਾਂ ਦੀ ਲੜਾਈ  ਹੋਣ ਲੱਗੀ। ਭਾਰਤੀ ਜਵਾਨ ਰੇਂਗਦੇ ਹੋਏ ਪਿਲ ਬਾਕਸ ਵੱਲ ਵਧੇ ਤੇ ਉਨ੍ਹਾਂ ਅੰਦਰ ਗਰਨੇਡ ਸੁੱਟ ਕੇ ਉਨ੍ਹਾਂ ਬੰਦੂਕਾਂ ਨੂੰ ਸ਼ਾਂਤ ਕੀਤਾ। ਉਧਰ ਲੈਫਟੀਨੈਂਟ ਕੰਵਲਜੀਤ ਸਿੰਘ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ 16ਵੇਂ ਮਾਈਲ ਸਟੋਨ ‘ਤੇ ਰੁਕ ਕੇ ਪਿਛੋਂ ਆ ਰਹੇ ਟੈਂਕਾਂ ਦਾ ਇੰਤਜ਼ਾਰ ਕਰਨ ਤੇ ਫਿਰ ਉਨ੍ਹਾਂ ਨਾਲ ਅੱਗੇ ਵਧਣ। ਜਦੋਂ 8 ਵਜੇ ਤਕ ਟੈਂਕ ਨਹੀਂ ਆਏ ਤਾਂ ਲੈਫ਼ਟੀਨੈਂਟ ਕਰਨਲ ਅਨੰਤ ਸਿੰਘ ਰੇਡੀਓ ‘ਤੇ ਚਿਲਾਏ, ‘ਭਾਈਬੰਡ ਆਰ ਨੌ ਭਾਈਬੰਡ। ਐਵਰੀ ਜਵਾਨ ਆਫ਼ 4 ਸਿੱਖ ਇਜ਼ ਭਾਈਬੰਡ। ਟੈੱਲ ਦੈੱਮ ਟੂ ਮੂਵ।’
ਕੰਵਲਜੀਤ ਸਿੰਘ ਜਾਣਦੇ ਸਨ ਕਿ ‘ਭਾਈਬੰਡ’ ਕੋਡ ਵਰਡ ਹੈ, ਜਿਸ ਦਾ ਮਤਲਬ ਸੀ ਟੈਂਕ। ਵੀਹ ਮਿੰਟਾਂ ਵਿਚ ਹੀ ਉਥੇ ਟੈਂਕ ਪਹੁੰਚ ਗਏ। ਉਨ੍ਹਾਂ ਨੇ ਆ ਦੇਖਿਆ, ਨਾ ਤਾਅ, ਬਰਕੀ ‘ਤੇ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਭਾਰਤੀ ਫ਼ੌਜੀ ਪਹਿਲਾਂ ਹੀ ਬਰਕੀ ਪਹੁੰਚ ਗਏ ਸਨ ਤੇ ਉਨ੍ਹਾਂ ਦੇ ਗੋਲੇ ਭਾਰਤੀ ਫ਼ੌਜੀਆਂ ਉਪਰ ਹੀ ਪੈ ਰਹੇ ਸਨ। ਕੰਵਲਜੀਤ ਸਿੰਘ ਤੁਰੰਤ ਸਭ ਤੋਂ ਅੱਗੇ ਚਲ ਰਹੇ ਟੈਂਕ ਵੱਲ ਦੌੜੇ। ਟੈਂਕ ਚਲਾ ਰਹੇ ਸ਼ਖ਼ਸ ਨੇ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ। ਉਹ ਟੈਂਕ ਦੇ ਕਪੋਲਾ ਉਪਰ ਚੜ੍ਹੇ ਤੇ ਉਸ ਦੇ ਉਪਰ ਆਪਣੀ ਸਟੇਨ ਗਨ ਨਾਲ ਜ਼ੋਰ ਦੀ ਆਵਾਜ਼ ਕੀਤੀ। ਉਨ੍ਹਾਂ ਨੂੰ ਬਾਹਰ ਕੱਢ ਦਫ਼ਾਦਾਰ ਨੂੰ ਦੱਸਿਆ ਕਿ ਸੜਕ ਦੀ ਸੇਧ ਵਿਚ ਤੁਰੰਤ ਫਾਇਰਿੰਗ ਰੋਕੋ ਤੇ ਖੱਬੇ ਪਾਸੇ ਫਾਇਰ ਕਰੋ। ਤੁਰੰਤ ਇਹ ਸੰਦੇਸ਼ ਸਾਰੇ ਟੈਂਕਾਂ ਨੂੰ ਪਹੁੰਚਾਇਆ ਗਿਆ ਤੇ ਤਾਂ ਜਾ ਕੇ ਖੱਬੇ ਪਾਸੇ ਫਾਇਰਿੰਗ ਹੋਈ।
ਬੋਲੇ ਸੋ ਨਿਹਾਲ…
ਇਸੇ ਦੌਰਾਨ ਜ਼ਖ਼ਮੀ ਹੋ ਚੁੱਕੇ ਭਾਰਤੀ ਫ਼ੌਜੀਆਂ ਨੂੰ ਫਰਸਟ ਏਡ ਵੀ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਛੂਹਿਆ ਤਕ ਨਾ ਗਿਆ ਕਿਉਂਕਿ ਉਥੇ ਇਕ ਇਕ ਮਿੰਟ ਦੀ ਕੀਮਤ ਸੀ। ਬਰਕੀ ਵੱਲ ਆਖ਼ਰੀ 90 ਮੀਟਰ ਬਹੁਤ ਮੁਸ਼ਕਲ ਸਿੱਧ ਹੋਏ। ਪਰ 4 ਸਿੱਖ ਦੇ ਜਵਾਨ, ‘ਬੋਲੇ ਸੋ ਨਿਹਾਲ, ਸਤ ਸ਼੍ਰੀ ਅਕਾਲ’ ਦਾ ਨਾਅਰਾ ਲਾਉਂਦੇ ਹੋਏ ਅੱਗੇ ਵਧੇ। ਉਦੋਂ ਤਕ ਬਹਾਦੁਰੀ ਨਾਲ ਮੁਕਾਬਲਾ ਕਰ ਰਹੇ ਪਾਕਿਸਤਾਨੀ ਫ਼ੌਜੀਆਂ ਦਾ ਹੌਸਲਾ ਪਸਤ ਹ ਗਿਆ ਤੇ ਅਚਾਨਕ ਉਨ੍ਹਾਂ ਵਲੋਂ ਆ ਰਿਹਾ ਤੇਜ਼ ਪ੍ਰਤੀਰੋਧ ਬੰਦ ਹੋ ਗਿਆ। ਤਾਂ ਆਕਾਸ਼ ਵਿਚ 2 ਫਲੇਅਰਜ਼ ਸੁੱਟ ਦਿੱਤੇ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ ਉਹ ਖੁਸ਼ੀ ਵਿਚ ਨੱਚਣ ਲੱਗੇ। ਇਸ ਦਾ ਮਤਲਬ ਸੀ ਬਰਕੀ ‘ਤੇ ਹੁਣ ਭਾਰਤੀ ਫ਼ੌਜੀਆਂ ਦਾ ਕਬਜ਼ਾ ਹੋ ਚੁੱਕਾ ਸੀ।

ਲਾਲ ਰੰਗ ਦਾ ਤਲਾਅ ਦਾ ਪਾਣੀ…
ਬ੍ਰਿਗੇਡੀਅਰ ਕੰਵਲਜੀਤ ਸਿੰਘ ਯਾਦ ਕਰਦੇ ਹਨ, ‘ਅਗਲੇ ਦਿਨ ਮੈਂ ਆਪਣੇ ਸਾਥੀ ਲੈਫਟੀਨੈਂਟ ਬੀ.ਐਸ. ਚਾਹਲ ਨਾਲ ਟਰੈਂਚ ਵਿਚ ਸੀ। ਪਿਆਸ ਨਾਲ ਮੇਰਾ ਗਲਾ ਸੁੱਕ ਰਿਹਾ ਸੀ। ਮੈਂ ਇਕ ਜਵਾਨ ਨੂੰ ਪਾਣੀ ਲਿਆਉਣ ਲਈ ਕਿਹਾ। ਉਹ ਇਕ ਗਿਲਾਸ ਪਾਣੀ ਲੈ ਆਇਆ। ਜਦੋਂ ਮੈਂ ਘੁੱਟ ਭਰਿਆ ਤਾਂ ਮੈਨੂੰ ਉਸ ਦਾ ਸਵਾਦ ਕੁਝ ਅਜੀਬ ਲੱਗਾ। ਜਦੋਂ ਮੈਂ ਦੇਖਿਆ ਤਾਂ ਉਸ ਦਾ ਰੰਗ ਕੁਝ ਲਾਲ ਜਿਹਾ ਸੀ।’ ਇਸ ਤੋਂ ਕੰਵਲਜੀਤ ਸਿੰਘ ਨੇ ਜਵਾਨ ਨੂੰ ਪੁਛਿਆ, ‘ਇਹ ਪਾਣੀ ਤੂੰ ਕਿਥੋਂ ਲੈ ਕੇ ਆਇਐਂ?’ ਉਸ ਨੇ ਨੇੜੇ ਦੇ ਤਲਾਅ ਵੱਲ ਇਸ਼ਾਰਾ ਕੀਤਾ। ਜਦੋਂ ਮੈਂ ਉਸ ਤਲਾਅ ‘ਤੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਉਹ ਪਾਕਿਸਤਾਨੀ ਫ਼ੌਜੀਆਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਸੀ। ਉਸ ਵਿਚ ਮਰੇ ਹੋਏ ਜਾਨਵਰਾਂ ਵੀ ਤੈਰ ਰਹੇ ਸਨ। ਉਨ੍ਹਾਂ ਦੇ ਖ਼ੂਨ ਨਾਲ ਤਲਾਅ ਦਾ ਰੰਗ ਲਾਲ ਹੋ ਗਿਆ ਸੀ। ਮੈਂ ਏਨਾ ਪਿਆਸਾ ਸੀ ਕਿ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਪਾਣੀ ਦੇ 2 ਘੁੱਟ ਭਰੇ ਤੇ ਨਾਲ ਹੀ ਉਲਟੀ ਆ ਗਈ।’

ਪਾਕਿਸਤਾਨ ਦੇ ਹੀਰੋ ਮੇਜਰ ਅਜ਼ੀਜ਼ ਭੱਟੀ…
ਪਾਕਿਸਤਾਨ ਵਲੋਂ ਬਰਕੀ ਦੀ ਲੜਾਈ 17 ਪੰਜਾਬ ਨੇ ਲੜੀ, ਜਿਸ ਦੀ ਅਗਵਾਈ ਕਰ ਰਹੇ ਸਨ ਮੇਜਰ ਰਾਜਾ ਅਜ਼ੀਜ਼ ਭੱਟੀ। ਉਹ ਬਹੁਤ ਬਹਾਦੁਰੀ ਨਾਲ ਲੜੇ ਤੇ ਬਰਕੀ ‘ਤੇ ਕਬਜ਼ੇ ਤੋਂ ਇਕ ਦਿਨ ਬਾਅਦ ਭਾਰਤੀ ਗੋਲੇ ਦਾ ਸ਼ਿਕਾਰ ਹੋ ਗਏ। ਉਸ ਸਮੇਂ ਉਹ ਦਰਖ਼ਤ ‘ਤੇ ਚੜ੍ਹ ਕੇ ਭਾਰਤੀ ਫ਼ੌਜੀਆਂ ‘ਤੇ ਗੋਲੀਆਂ ਚਲਾ ਰਹੇ ਸਨ।
ਬ੍ਰਿਗੇਡੀਅਰ ਕੰਵਲਜੀਤ ਸਿੰਘ ਕਹਿੰਦੇ ਹਨ, ‘ਸਾਡੇ ਉਪਰ ਪਾਕਿਸਤਾਨੀ ਗੋਲੀਬਾਰੀ ਏਨੀ ਤੇਜ਼ੀ ਨਾਲ ਹੋ ਰਹੀ ਸੀ, ਕਿ ਉਨ੍ਹਾਂ ਦਾ ਲੀਡਰ ਏਨੇ ਉਚੇ ਪੱਧਰ ਦਾ ਸੀ। ਇਹ ਉਨ੍ਹਾਂ ਦੀ ਮੁਹਾਰਤ ਸੀ ਕਿ ਉਨ੍ਹਾਂ ਨੇ ਉਸ ਲੜਾਈ ਨੂੰ ਏਨੀ ਦੇਰ ਤਕ ਤੇ ਏਨੀ ਚੰਗੀ ਤਰ੍ਹਾਂ ਸੰਭਾਲਿਆ ਸੀ।’
ਬੀਬੀਸੀ ਤੋਂ ਧੰਨਵਾਦ ਸਹਿਤ