ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੀਆਂ ਵੱਖ-ਵੱਖ ਕੈਲੰਡਰਾਂ ਦੀਆਂ ਤਾਰੀਖ਼ਾਂ

0
550

nnakshahi-calender
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ 2016 ਈ: ਵਿਚ 16 ਜਨਵਰੀ ਆਇਆ ਸੀ ਅਤੇ ਹੁਣ 2017 ਵਿੱਚ 5 ਜਨਵਰੀ ਨੂੰ। ਇਸ ਤੋਂ ਅਗਲਾ ਦਿਹਾੜਾ ਇਸੇ ਸਾਲ 25 ਦਸੰਬਰ (2017 ਈ:) ਨੂੰ ਆਵੇਗਾ। ਇਸ ਹਿਸਾਬ ਨਾਲ ਤਾਂ ਉਸ ਤੋਂ ਅਗਲਾ ਦਿਹਾੜਾ 14 ਦਸੰਬਰ 2018 ਈ: ਨੂੰ ਆਉਣਾ ਚਾਹੀਦਾ ਹੈ ਪਰ ਅਜੇਹਾ ਨਹੀ ਹੋਵੇਗਾ। ਹੁਣ ਇਹ ਦਿਹਾੜਾ 29 ਪੋਹ/13 ਜਨਵਰੀ 2019 ਈ: ਦਿਨ ਐਤਵਾਰ ਨੂੰ ਆਵੇਗਾ।

ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੀਆਂ ਇਹ ਦੋ ਵੱਖ-ਵੱਖ ਕੈਲੰਡਰਾਂ ਦੀਆਂ ਤਾਰੀਖ਼ਾਂ, 23 ਪੋਹ ਅਤੇ ਪੋਹ ਸੁਦੀ 7 ਭਾਵੇਂ ਅੱਜ ਤੋਂ 350 ਸਾਲ ਪਹਿਲਾ ਇਕੋ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। 1666 ਈ: ਤੋਂ ਪਿਛੋਂ ਇਹ 1685, 1704 ਅਤੇ 1742 ਈ: ਇਕੱਠੀਆਂ ਆਈਆਂ ਸਨ। ਹਰ ਸਾਲ ਦੋਵਾਂ ਤਾਰੀਖ਼ਾਂ ਦਾ ਇਕੱਠੇ ਨਾ ਆਉਣ ਦਾ ਕਾਰਨ ਇਹ ਹੈ ਕਿ, ਇਨ੍ਹਾਂ ਵਿਚੋਂ ਇਕ ਤਾਰੀਖ 23 ਪੋਹ, ਸੂਰਜੀ ਬ੍ਰਿਕਮੀ ਕੈਲੰਡਰ ਦੀ ਹੈ ਅਤੇ ਦੂਜੀ ਪੋਹ ਸੁਦੀ 7, ਚੰਦਰ ਸੂਰਜੀ  ਬ੍ਰਿਕਮੀ ਕੈਲੰਡਰ ਦੀ ਹੈ। ਅੱਜ ਇਨ੍ਹਾਂ ਦੋ ਤਾਰੀਖ਼ਾਂ ਵਿਚ ਇਕ ਤਾਰੀਖ ਦੀ ਚੋਣ ਕਰਨੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਬਣਦੀ ਜਾਂ ਰਹੀ। ਇਹ ਚੁਣੌਤੀ, ਕਿਸੇ ਹੋਰ ਨੇ ਨਹੀ ਦਿੱਤੀ ਸਗੋਂ ਸਾਡੇ ਧਾਰਮਿਕ ਮੁਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾਂ ਰਹੀ ਇਸ ਸਮੱਸਿਆ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰੀਏ।
ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ‘ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਹਨੇਰੇ ਦਾ ਹੀ ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਵਿਦਵਾਨ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨ੍ਹਿਆ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਪਹਿਲਾਂ ਚੰਦ ਆਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਉਂ-ਜਿਉਂ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਆਧਾਰਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚਲਤ ਹੈ। ਹਿੰਦੂ ਧਰਮ ਵਿਚ ਚੰਦਰ-ਸੂਰਜੀ ਬ੍ਰਿਕਮੀ ਕੈਲੰਡਰ ਪ੍ਰਚਲਤ ਹੈ ਅਤੇ ਸਿੱਖ ਧਰਮ ਚੰਦਰ-ਸੂਰਜੀ ਬ੍ਰਿਕਮੀ, ਸੂਰਜੀ ਬ੍ਰਿਕਮੀ ਅਤੇ ਗਰੈਗੋਰੀਅਨ ਕੈਲੰਡਰ ਜਿਸ ਨੂੰ ਸੀ: ਈ: ਕੈਲੰਡਰ  ਵੀ ਕਹਿੰਦੇ ਹਨ, ਪ੍ਰਚਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀਂ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜ੍ਹਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ, ਜਿਸ ਨੂੰ ਦਿਨ ਅਤੇ ਰਾਤ ਕਿਹਾ ਜਾਂਦਾ ਹੈ, 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.2422 ਦਿਨਾਂ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ ਕਿਹਾ ਜਾਂਦਾ ਹੈ। ਧਰਤੀ ਉਪਰ ਰੁੱਤਾਂ ਇਸ ਮੁਤਾਬਕ ਬਦਲਦੀਆਂ ਹਨ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ। ਇਹ ਚੱਕਰ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਵਿਚ ਪੂਰਾ ਦਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਰੁੱਤੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ। ਹੁਣ ਜੇ ਹਿਜਰੀ ਕੈਲੰਡਰ ਵਾਂਗੂ ਹੀ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਰ ਸਾਲ ਉਹ ਦਿਹਾੜਾ ਪਹਿਲੇ ਸਾਲ ਨਾਲੋਂ 11 ਦਿਨ ਪਹਿਲਾਂ ਆ ਜਾਵੇਗਾ ਅਤੇ 33 ਸਾਲ ਪਿਛੋਂ ਮੁੜ ਉਸੇ ਤਾਰੀਖ ਦੇ ਨੇੜੇ-ਤੇੜੇ ਆ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ 2016 ਈ: ਵਿਚ 16 ਜਨਵਰੀ ਆਇਆ ਸੀ ਅਤੇ ਹੁਣ 2017 ਵਿੱਚ 5 ਜਨਵਰੀ ਨੂੰ। ਇਸ ਤੋਂ ਅਗਲਾ ਦਿਹਾੜਾ ਇਸੇ ਸਾਲ 25 ਦਸੰਬਰ (2017 ਈ:) ਨੂੰ ਆਵੇਗਾ। ਇਸ ਹਿਸਾਬ ਨਾਲ ਤਾਂ ਉਸ ਤੋਂ ਅਗਲਾ ਦਿਹਾੜਾ 14 ਦਸੰਬਰ 2018 ਈ: ਨੂੰ ਆਉਣਾ ਚਾਹੀਦਾ ਹੈ ਪਰ ਅਜੇਹਾ ਨਹੀ ਹੋਵੇਗਾ। ਹੁਣ ਇਹ ਦਿਹਾੜਾ 29 ਪੋਹ/13 ਜਨਵਰੀ 2019 ਈ: ਦਿਨ ਐਤਵਾਰ ਨੂੰ ਆਵੇਗਾ। ਅਜੇਹਾ ਕਿਉਂ?
ਜਿਵੇ ਕਿ ਉਪਰ ਪੜ੍ਹ ਚੁੱਕੇ ਹੋ, ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਜਦੋਂ ਚੰਦ ਦਾ ਸਾਲ, ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿੱਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। 2018 ਈ: ਵਿਚ ਚੰਦ ਦੇ ਕੈਲੰਡਰ ਵਿੱਚ ਜੇਠ ਦਾ ਮਹੀਨਾ ਦੋ ਵਾਰੀ ਆਵੇਗਾ। 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ। ਇਹ ਤੇਰਵਾਂ ਮਹੀਨਾ ਜਿਸ ਨੂੰ ਮਲਮਾਸ ਜਾਂ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਸ ਮਹੀਨੇ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਨਤੀਜੇ ਵੱਜੋਂ,  ਮਲਮਾਸ ਤੋਂ ਪਿਛੋਂ ਆਉਣ ਵਾਲੇ ਗੁਰਪੁਰਬ ਪਿਛਲੇ ਸਾਲ ਨਾਲੋਂ 18/19 ਦਿਨ ਪਛੜ ਜਾਂਦੇ ਹਨ। 2018 ਈ: ਵਿਚ ਚੰਦ ਦੇ ਸਾਲ ਦੇ 13 ਮਹੀਨੇ ਅਤੇ 383/84 ਦਿਨ ਹੋਣਗੇ। ਚੰਦ ਦਾ ਸਾਲ ਜੋ ਆਮ ਤੌਰ ਤੇ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ, ਇਸ ਸਾਲ 18/19 ਦਿਨ ਵੱਡਾ ਹੋਵੇਗਾ। ਇਸ ਕਾਰਨ ਜਿਹੜਾ ਦਿਹਾੜਾ 14 ਦਸੰਬਰ 2018 ਈ: ਨੂੰ ਆਉਣਾ ਚਾਹੀਦਾ ਸੀ ਹੁਣ ਉਹ 2019 ਵਿਚ 13 ਜਨਵਰੀ ਨੂੰ ਆਵੇਗਾ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਗੁਰਪੁਰਬ 11 ਦਿਨ ਪਹਿਲਾ ਭਾਵ 2 ਜਨਵਰੀ 2020 ਈ: ਨੂੰ ਆਵੇਗਾ। ਇਹ ਹੈ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਸਮੱਸਿਆ। ਹੁਣ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਹੀ ਰੱਖਣਾ ਹੈ ਤਾਂ ਕਿਉ ਨਾ ਸੂਰਜੀ ਕੈਲੰਡਰ ਹੀ ਅਪਣਾ ਲਿਆ ਜਾਵੇ?
ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਸੀ। ਜਦੋਂ ਇਸੇ ਤਾਰੀਖ ਨੂੰ ਜੂਲੀਅਨ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 22 ਦਸੰਬਰ 1666 ਈ: ਲਿਖੀ ਗਈ। ਸੀ। ਯਾਦ ਰਹੇ ਸਾਡੇ ਦੇਸ਼ ਵਿੱਚ ਇਹ ਕੈਲੰਡਰ ਗੋਰਿਆਂ ਦੇ ਆਉਣ ਨਾਲ ਹੀ ਆਇਆ ਸੀ। 1666 ਈ: ਤੋਂ ਪਿਛੋਂ 1685 ਅਤੇ 1704 ਈ: ਵਿੱਚ ਇਹ ਤਿੰਨੇ ਤਾਰੀਖ਼ਾਂ ਇਕੱਠੀਆਂ ਆਈਆਂ ਸਨ। ਪਰ ਹੁਣ ਮੁੜ ਇਹ ਤਿੰਨੇ ਤਾਰੀਖ਼ਾਂ ਹਜ਼ਾਰਾਂ ਸਾਲ ਇਕੱਠੀਆਂ ਨਹੀਂ ਆਉਣਗੀਆਂ ਕਿਉਂਕਿ ਇੰਗਲੈਂਡ ਵਾਲਿਆਂ ਨੇ 1752 ਈ: ਵਿਚ 3 ਸਤੰਬਰ ਨੂੰ 14 ਸਤੰਬਰ ਮੰਨ ਕੇ ਜੂਲੀਅਨ ਨੂੰ ਗਰੈਗੋਰੀਅਨ ਬਣਾ ਦਿੱਤਾ ਗਿਆ ਸੀ। 1753 ਈ: ਵਿੱਚ 23 ਪੋਹ 2 ਜਨਵਰੀ ਨੂੰ ਆਈ ਸੀ। ਫਰਜ਼ ਕਰੋ ਕਿ ਇੰਗਲੈਂਡ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ ਅਕਤੂਬਰ 1582 ਈ: ਵਿੱਚ ਹੀ ਮਾਨਤਾ  ਦੇ ਦਿੰਦਾ ਤਾਂ ਇਹ ਤਾਰੀਖ ਗਰੈਗੋਰੀਅਨ ਕੈਲੰਡਰ ਵਿੱਚ ਲਿਖੀ ਜਾਣੀ ਸੀ, ਜੋ 1 ਜਨਵਰੀ 1667 ਈ: ਹੋਣੀ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਨਹੀਂ! ਇਸ ਨਾਲ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀਂ ਵਦੀ-ਸੁਦੀ ਦੇ ਮੱਕੜ ਜਾਲ ਵਿਚ ਨਿਕਲ ਜਾਂਦੇ ਹਾਂ ਅਤੇ ਇਹ ਤਾਰੀਖ ਵੀ ਸਭ ਨੂੰ ਯਾਦ ਹੋ ਜਾਵੇਗੀ। ਸਾਡਾ ਇਹ ਨਫ਼ਾ ਸ਼ਾਇਦ ਕਿਸੇ ਹੋਰ ਲਈ ਨੁਕਸਾਨਦਾਇਕ ਹੋ ਸਕਦਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਮੁਖੀਆਂ ਨੂੰ ਸਾਡੇ ਲਾਭ ਨਾਲੋਂ ਕਿਸੇ ਹੋਰ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜ਼ਿਆਦਾ ਫਿਕਰ ਹੈ।
ਹੁਣ ਜਦੋਂ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਇਹ ਦਿਨ ਹਰ ਸਾਲ ਤਕਰੀਬਨ ਇਕ ਹੀ ਤਾਰੀਖ ਨੂੰ ਆਉਂਦਾ ਹੈ। 1666 ਤੋਂ 1751 ਤਾਈਂ 23 ਪੋਹ 22 ਦਸੰਬਰ (ਜੂਲੀਅਨ) ਨੂੰ ਹੀ ਆਉਂਦਾ ਰਿਹਾ ਹੈ। ਬਿਕ੍ਰਮੀ ਸਾਲ ਦੀ ਲੰਬਾਈ ਦੇ ਫਰਕ ਕਾਰਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। 1753 ਈ: ਵਿਚ 23 ਪੋਹ 2 ਜਨਵਰੀ ਦਿਨ ਮੰਗਲਵਾਰ ਨੂੰ ਸੀ। ਹੁਣ ਇਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਰੁੱਤੀ ਕੈਲੰਡਰ ਦੀ ਲੰਬਾਈ ਵਿਚ ਅੰਤਰ। 1964 ਈ: ਤੋਂ ਪਹਿਲਾਂ ਸਾਰੇ ਭਾਰਤ ਵਿਚ ਸੂਰਜੀ ਸਿਧਾਂਤ ‘ਤੇ ਆਧਾਰਤ ਬਿਕ੍ਰਮੀ ਕੈਲੰਡਰ ਲਾਗੂ ਸੀ। ਜਿਸ ਦੀ ਲੰਬਾਈ 365.2587 ਦਿਨ ਸੀ। ਇਹ ਲੰਬਾਈ ਰੁੱਤੀ ਸਾਲ ਤੋਂ ਲਗਭਗ 24 ਮਿੰਟ ਵੱਧ ਹੋਣ ਕਾਰਨ ਇਨ੍ਹਾਂ ਦੋਵਾਂ ਵਿੱਚ 60 ਸਾਲਾਂ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਇਸ ਵਿਚ ਸੋਧ ਕਰਨ ਉਪਰੰਤ ਦ੍ਰਿਕਗਿਣਤ ਸਿਧਾਂਤ ਮੁਤਾਬਕ ਬਿਕ੍ਰਮੀ ਕੈਲੰਡਰ ਹੋਂਦ ਵਿਚ ਆਇਆ, ਜਿਸ ਦੀ ਲੰਬਾਈ 365. 2563 ਦਿਨ ਮੰਨੀ ਗਈ ਹੈ। ਸਾਲ ਦੀ ਇਹ ਲੰਬਾਈ ਵੀ ਰੁੱਤੀ ਸਾਲ ਤੋਂ ਲਗਭਗ 20 ਮਿੰਟ ਵੱਧ ਹੈ। ਇਕ ਕਾਰਨ ਰੁੱਤੀ ਸਾਲ ਨਾਲੋਂ 72 ਸਾਲਾਂ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ।
ਇਥੋਂ ਸ਼ੁਰੂ ਹੁੰਦੀ ਹੈ ਨਾਨਕਸ਼ਾਹੀ ਕੈਲੰਡਰ ਦੀ ਕਹਾਣੀ। ਜਦੋਂ ਵਿਦਵਾਨਾਂ ਨੇ ਇਹ ਸੋਚਿਆ ਕਿ ਇਹ ਫਰਕ ਤਾਂ ਵਧਦਾ ਹੀ ਰਹੇਗਾ ਤਾਂ ਸੂਰਜੀ ਬਿਕ੍ਰਮੀ ਸਾਲ ਦੀ ਲੰਬਾਈ, ਜੋ ਦ੍ਰਿਕਗਿਣਤ ਸਿਧਾਂਤ ਅਨੁਸਾਰ 365.2563 ਦਿਨ ਹੈ, ਨੂੰ ਰੁੱਤੀ ਸਾਲ ਦੀ ਲੰਬਾਈ ਦੇ ਬਰਾਬਰ ਭਾਵ 365.2425 ਦਿਨ ਅਤੇ ਵਦੀ-ਸਦੀ ਦੀ ਥਾਂ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਗਿਆ ਤਾਂ ਜੋ ਹਰ ਸਾਲ ਇਹ ਦਿਹਾੜਾ, 11 ਦਿਨ ਪਹਿਲਾਂ ਜਾਂ 18/19 ਦਿਨ ਪਿਛੋਂ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਦਾ ਲਾਭ ਇਹ ਹੋਇਆ ਕਿ ਹਰ ਸਾਲ ਜਦੋਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਭਾਵ  23 ਪੋਹ ਆਵੇਗੀ ਤਾਂ ਗਰੈਗੋਰੀਅਨ ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2003 ਈ: ਵਿਚ ਇਸ ਕੈਲੰਡਰ ਨੂੰ ਮਾਨਤਾ ਦੇ ਦਿੱਤੀ। ਪਰ ਅਚਾਨਕ ਹੀ ਬਿਨਾਂ ਕਿਸੇ ਕਾਰਨ ਦੇ 2010 ਈ: ਵਿੱਚ 23 ਪੋਹ ਨੂੰ ਰੱਦ ਕਰਕੇ, ਮੁੜ ਪੋਹ ਸੁਦੀ 7 ਨੂੰ ਮੁੱਖ ਰੱਖ ਲਿਆ ਗਿਆ। 2017 ਈ: ਵਿੱਚ ਜਦੋਂ ਅਸੀਂ 350ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਤਾਂ ਇਸ ਸਾਲ ਪੋਹ ਸੁਦੀ 7, ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਮੁਤਾਬਕ 23 ਪੋਹ/5 ਜਨਵਰੀ ਨੂੰ ਹੀ ਆ ਗਈ ਹੈ। ਕਿੰਨਾ ਚੰਗਾ ਹੋਵੇ ਕਿ ਅਸੀਂ ਹਰ ਸਾਲ ੨੩ ਪੋਹ (ਨਾਨਕਸ਼ਾਹੀ) ਨੂੰ ਹੀ ਇਹ ਗੁਰਪੁਰਬ ਮਨਾਇਆ ਕਰੀਏ ਤਾਂ ਕਿ ਈਸਾਈ ਜਗਤ ਦੀ ਕ੍ਰਿਸਮਿਸ ਵਾਂਗ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਵੀ, ਸਾਰੇ ਜਗਤ ਨੂੰ ਯਾਦ ਹੋ ਜਾਵੇ।