ਸ਼੍ਰੋਮਣੀ ਕਮੇਟੀ ਵਲੋਂ ਸਾਜ਼ਿਸ਼ ਅਧੀਨ ਇਤਿਹਾਸ ਨਾਲ ਕੀਤੀ ਜਾ ਰਹੀ ਹੈ ਛੇੜਛਾੜ

0
361

ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ (ਚੇਤ ਤੋਂ ਫੱਗਣ) ਛਾਪਿਆ ਜਾਂਦਾ ਹੈ, ਉਸ ਦੇ ਵੀ 365 ਦਿਨ ਹੀ ਬਣਦੇ ਹਨ। 365 ਦਿਨਾਂ ਦੇ ਸਾਲ ਵਿਚ ਹਰ ਦਿਨ-ਤਿਉਹਾਰ, ਹਰ ਸਾਲ ਉਸੇ ਤਾਰੀਖ਼ ਨੂੰ ਹੀ ਆਉਂਦਾ ਹੈ। ਜਿਵੇਂ ਸਾਡਾ ਜਨਮ ਦਿਨ। ਪਰ ਹੈਰਾਨੀ ਹੋਈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਪਿਛਲੇ ਸਾਲਾਂ ਦੇ ਕੈਲੰਡਰ ਵੇਖੇ। ਉੱਥੇ ਤਾਂ ਹਰ ਸਾਲ, ਹਰ ਗੁਰਪੁਰਬ ਦੀ ਬਦਲਵੀਂ ਤਾਰੀਖ਼ ਦਰਜ ਹੈ।
ਸਰਵਜੀਤ ਸਿੰਘ ਸੈਕਰਾਮੈਂਟੋ
ਰਾਗੀਆਂ-ਢਾਡੀਆਂ ਵੱਲੋਂ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਬਹੁਤ ਹੈ ਪਰ ਸਾਂਭਿਆ ਨਹੀਂ। ਇਹ ਹੈ ਵੀ ਸੱਚ। ਇਤਿਹਾਸ ਨੂੰ ਸੰਭਾਲਣਾ ਕੋਈ ਸਾਧਾਰਨ ਕੰਮ ਨਹੀਂ ਹੁੰਦਾ। ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਨੂੰ ਚੰਗੀ ਤਰ੍ਹਾਂ ਪਰਖ ਪੜਚੋਲ ਕਰਕੇ ਹੀ ਅੰਕਿਤ ਕੀਤਾ ਜਾ ਸਕਦਾ ਹੈ। ਪਰ ਸਿੱਖਾਂ ਪਾਸ ਏਨਾ ਸਮਾਂ ਕਿੱਥੇ ਸੀ। ਹਕੂਮਤਾਂ ਵੱਲੋਂ ਤਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸਨ, ਸਿੱਖ ਤਾਂ ਜੰਗਲਾਂ ਦੇ ਵਾਸੀ ਸਨ। ਜੋ ਵੀ ਇਤਿਹਾਸ ਲਿਖਿਆ ਮਿਲਦਾ ਹੈ, ਉਸ ਵਿਚ ਬਹੁਤ ਕੁਝ ਅਜੇਹਾ ਦਰਜ ਹੈ, ਜਿਸ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਸ ਵਿਚ ਪਰਖ-ਪੜਚੋਲ ਦੀ ਲੋੜ ਹੈ। ਅੱਜ ਇਹ ਕੰਮ ਕਈ ਵਿਦਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਹੁਣ ਜਦੋਂ ਕਈ ਕਥਾ ਕਹਾਣੀਆਂ ਰੱਦ ਹੋ ਰਹੀਆਂ ਹਨ ਤਾਂ ਕੁਝ ਸੱਜਣਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ। ਜਿਸ ਕਾਰਨ ਕਈ ਵਾਰ ਅਣਸੁਖਾਵੀਆਂ ਸਥਿਤੀਆਂ ਵੀ ਪੈਦਾ ਹੋ ਜਾਂਦੀਆਂ ਹਨ। ਖ਼ੈਰ, ਅੱਜ ਸਾਡਾ ਵਿਸ਼ਾ ਪੁਰਾਤਨ ਇਤਿਹਾਸ ਦੀ ਖੋਟ ਨਹੀਂ, ਸਗੋਂ ਮੌਜੂਦਾ ਸਮੇਂ ਕਿਸੇ ਸਾਜ਼ਿਸ਼ ਅਧੀਨ ਇਤਿਹਾਸ ਨਾਲ ਕੀਤੀ ਜਾ ਰਹੀ ਛੇੜ-ਛਾੜ ਹੈ। ਜੋ ਕਿਸੇ ਵਿਰੋਧੀ ਵੱਲੋਂ ਨਹੀਂ, ਸਗੋਂ ਸਾਡੇ ਆਪਣਿਆਂ ਵੱਲੋਂ ਹੀ ਕੀਤੀ ਜਾ ਰਹੀ ਹੈ। ਇਹ ਹੈ ਸਿੱਖਾਂ ਦੀ ਆਖੀ ਜਾ ਰਹੀ ਸਰਬ ਉੱਚ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਮਤ 535 ਨਾਨਕਸ਼ਾਹੀ (2003 ਈ:) ਵਿਚ, ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਜਿਸ ਦੇ ਸਾਲ ਦੀ ਲੰਬਾਈ, ਮਹੀਨੇ ਦਾ ਅਰੰਭ, ਮਹੀਨੇ ਦੇ ਦਿਨ, ਸਾਰੇ ਇਤਿਹਾਸਿਕ ਦਿਹਾੜਿਆਂ ਅਤੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਸਦਾ ਲਈ, ਵਿਦਵਾਨਾਂ ਵੱਲੋਂ ਪੱਕੀਆਂ ਕਰ ਦਿੱਤੀਆਂ ਗਈਆਂ ਸਨ। ਸਮੇਂ ਦੇ ਹਾਣੀ ਅਤੇ ਵਿਗਿਆਨਿਕ ਕੈਲੰਡਰ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਆਪਣੇ ਭਵਿੱਖ ਲਈ ਕਲਿਆਣ ਕਾਰੀ ਮੰਨਦੇ ਹੋਏ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ ਸੀ। ਅਚਾਨਕ ਹੀ ਅਕਤੂਬਰ 2009 ਈ: ਵਿਚ ਕੈਲੰਡਰ ਵਿਚ ਸੋਧ ਕਰਨ ਲਈ, ਭਾਈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਦੀ, ਦੋ ਮੈਂਬਰੀ ਕਮੇਟੀ ਬਣਾਉਣ ਦੀ ਖ਼ਬਰ ਆ ਗਈ। ਇਸ ਕਮੇਟੀ ਦੀ ਰਿਪੋਰਟ ਮੁਤਾਬਕ ਸੋਧ ਦੇ ਨਾਮ ਹੇਠ ਵਿਗਾੜ ਕੇ, ਸ਼੍ਰੋਮਣੀ ਕਮੇਟੀ ਵੱਲੋਂ ਸੰਮਤ 542 ਨਾਨਕਸ਼ਾਹੀ (2010 ਈ:) ਵਿਚ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਮਿਲਗੋਭਾ ਕੈਲੰਡਰ ਬਣਾ ਦਿੱਤਾ ਗਿਆ। ਵਿਦੇਸ਼ਾਂ ਵਿਚ ਖ਼ਾਸ ਕਰਕੇ ਪਾਕਿਸਤਾਨ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਕਾਰਨ, ਹਰ ਸਾਲ ਹੀ ਤਾਰੀਖ਼ਾਂ ਦਾ ਰੇੜਕਾ ਪਿਆ ਰਹਿੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਇਸ ਵਿਵਾਦ ਲਈ ਜ਼ਿੰਮੇਵਾਰ ਹੈ, ਵੱਲੋਂ ਪਿਛਲੇ ਸਾਲਾਂ ਵਿਚ ਵਾਰ-ਵਾਰ ਬੇਨਤੀਆਂ ਕਰਨ ਦੇ, ਇਸ ਵਿਵਾਦ ਨੂੰ ਸੁਲਝਾਉਣ ਲਈ ਸੁਹਿਰਦ ਯਤਨ ਕਰਨੇ ਤਾਂ ਇਕ ਪਾਸੇ, ਅੱਜ ਤੱਕ ਇਹ ਵੀ ਨਹੀਂ ਦੱਸਿਆ ਕਿ ਕੈਲੰਡਰ ਨੂੰ ਵਿਗਾੜਨ ਪਿੱਛੇ, ਜਿਸ ਨੂੰ ਉਹ ਸੋਧ ਕਹਿੰਦੇ ਨੇ, ਦੇ ਕੀ ਕਾਰਨ ਸਨ?
ਕੋਈ ਸਮਾਂ ਸੀ ਜਦੋਂ ਇਨਸਾਨ ਨੂੰ ਦਿਨ ਦੇ ਚਾਨਣ ਅਤੇ ਰਾਤ ਦੇ ਹਨੇਰੇ ਦਾ ਹੀ ਗਿਆਨ ਸੀ। ਇਸ ਪਿੱਛੋਂ ਇਨਸਾਨ ਨੂੰ ਚੰਦ ਦੇ ਵਧਣ-ਘਟਣ ਅਤੇ ਚਾਨਣੀ-ਹਨੇਰੀ ਰਾਤ ਦਾ ਵੀ ਗਿਆਨ ਹੋਇਆ ਹੋਵੇਗਾ। ਖ਼ਿਆਲ ਕਰੋ, ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨ੍ਹਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਤਬਦੀਲੀ ਆਈ ਹੋਵੇਗੀ। ਅੱਜ ਵੀ ਚੰਦ ਆਧਾਰਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਜਿਉਂ-ਜਿਉਂ ਮਨੁੱਖ ਦੀ ਰੁੱਤਾਂ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਇਨਸਾਨ ਦੀ ਜਾਣਕਾਰੀ ਵਿਚ ਵਾਧਾ ਹੁੰਦਾ ਗਿਆ ਤਾਂ ਕੈਲੰਡਰ ਵਿਚ ਲੋੜ ਮੁਤਾਬਕ ਸੋਧ ਵੀ ਹੁੰਦੀ ਰਹੀ। ਇਸੇ ਵਿਕਾਸ ਦੀ ਹੀ ਦੇਣ ਹੈ ਨਾਨਕਸ਼ਾਹੀ ਕੈਲੰਡਰ।
ਕੈਲੰਡਰ, ਚੰਦ ਆਧਾਰਤ ਜਾਂ ਸੂਰਜੀ, ਦੋ ਤਰ੍ਹਾਂ ਬਣਾਏ ਜਾਂਦੇ ਹਨ। ਚੰਦ ਧਰਤੀ ਦੇ ਦੁਆਲੇ ਘੁੰਮਦਾ ਹੈ। ਇਹ ਚੱਕਰ 29.53059 ਦਿਨ ਵਿਚ ਪੂਰਾ ਹੁੰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ ਵਿਚ ਵੀ ਬਾਰ੍ਹਾਂ ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ। ਸਾਲ ਦੀ ਲੰਬਾਈ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਮੰਨੀ ਗਈ ਹੈ। ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.2422 ਦਿਨਾਂ ਵਿਚ ਪੂਰਾ ਹੁੰਦਾ ਹੈ, ਇਸ ਨੂੰ ਰੁੱਤੀਂ ਸਾਲ ਕਹਿੰਦੇ ਹਨ। ਇਸ ਤੋਂ ਸਪਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਇਹੀ ਕਾਰਨ ਹੈ ਕਿ ਚੰਦ ਦੇ ਕੈਲੰਡਰ ਦਾ ਰੁੱਤਾਂ ਨਾਲ ਕੋਈ ਸਬੰਧ ਨਹੀਂ ਹੁੰਦਾ। ਰੁੱਤਾਂ ਦਾ ਸਬੰਧ ਸੂਰਜੀ ਕੈਲੰਡਰ ਨਾਲ ਹੁੰਦਾ ਹੈ। ਦੁਨੀਆ ਦੇ ਸਾਂਝੇ ਕੈਲੰਡਰ (ਸੀ:ਈ:) ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਵੀ 365.2425 ਦਿਨ ਹੈ। ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਨਾਮ ਹੇਠ ਛਾਪੇ ਜਾਂਦੇ ਬਿਕਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2563 ਦਿਨ ਹੈ। ਦੂਜੇ ਸ਼ਬਦਾਂ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਸੂਰਜੀ ਸਾਲ ਦੇ 365 ਦਿਨ ਹੁੰਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ (ਚੇਤ ਤੋਂ ਫੱਗਣ) ਛਾਪਿਆ ਜਾਂਦਾ ਹੈ, ਉਸ ਦੇ ਵੀ 365 ਦਿਨ ਹੀ ਬਣਦੇ ਹਨ। 365 ਦਿਨਾਂ ਦੇ ਸਾਲ ਵਿਚ ਹਰ ਦਿਨ-ਤਿਉਹਾਰ, ਹਰ ਸਾਲ ਉਸੇ ਤਾਰੀਖ਼ ਨੂੰ ਹੀ ਆਉਂਦਾ ਹੈ। ਜਿਵੇਂ ਸਾਡਾ ਜਨਮ ਦਿਨ। ਪਰ ਹੈਰਾਨੀ ਹੋਈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਪਿਛਲੇ ਸਾਲਾਂ ਦੇ ਕੈਲੰਡਰ ਵੇਖੇ। ਉੱਥੇ ਤਾਂ ਹਰ ਸਾਲ, ਹਰ ਗੁਰਪੁਰਬ ਦੀ ਬਦਲਵੀਂ ਤਾਰੀਖ਼ ਦਰਜ ਹੈ।

saravjit

ਇਹ ਠੀਕ ਹੈ ਕਿ ਵੱਖ-ਵੱਖ ਸੂਰਜੀ ਕੈਲੰਡਰਾਂ ਮੁਤਾਬਕ ਸਾਲ ਦੀ ਲੰਬਾਈ ਵਿਚ ਕੁਝ ਮਿੰਟਾਂ ਦਾ ਫ਼ਰਕ ਹੈ। ਇਹ ਫ਼ਰਕ ਵਧਦਾ-ਵਧਦਾ ਕੁਝ ਸਾਲਾਂ ਪਿੱਛੋਂ ਇਕ ਦਿਨ ਦਾ ਫ਼ਰਕ ਬਣ ਜਾਂਦਾ ਹੈ। ਇਸ ਕਾਰਨ ਲੰਮੇ ਸਮੇਂ ਪਿੱਛੋਂ ਸੂਰਜੀ ਕੈਲੰਡਰ ਦਾ ਸਬੰਧ ਵੀ ਰੁੱਤਾਂ ਨਾਲੋਂ ਟੁੱਟ ਜਾਂਦਾ ਹੈ। ਜਿਵੇਂ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365 ਦਿਨ 6 ਘੰਟੇ ਮੰਨੀ ਗਈ ਸੀ। 1582 ਈ: ਵਿਚ ਰੋਮ ਵਾਸੀਆਂ ਨੂੰ ਗਿਆਨ ਹੋਇਆ ਕਿ ਰੁੱਤਾਂ ਦਾ ਸਬੰਧ ਕੈਲੰਡਰ ਨਾਲੋਂ ਟੁੱਟ ਗਿਆ ਹੈ ਤਾਂ ਵਿਦਵਾਨਾਂ ਵੱਲੋਂ ਪੜਤਾਲ ਕਰਨ ‘ਤੇ ਇਹ ਤੱਥ ਸਾਹਮਣੇ ਆਇਆ ਕਿ ਅਸਲ ਵਿਚ ਸਾਲ ਦੀ ਲੰਬਾਈ 365 ਦਿਨ 6 ਘੰਟੇ ਨਹੀਂ ਸਗੋਂ 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਹੈ। ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ, ਧਰਤੀ ਦੇ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਅਸਲ ਸਮੇਂ ਤੋਂ ਲਗਭਗ 11.25 ਮਿੰਟ ਵੱਧ ਸੀ, ਜਿਸ ਕਾਰਨ 128 ਸਾਲ ਪਿੱਛੋਂ (1440/11.25×128) ਇਕ ਦਿਨ ਦਾ ਫ਼ਰਕ ਪੈ ਜਾਂਦਾ ਸੀ। ਇਸ ਫ਼ਰਕ ਨੂੰ ਸਹੀ ਕਰਨ ਲਈ ਹੀ ਉਨ੍ਹਾਂ ਨੇ 1582 ਈ: ਵਿਚ ਵੀਰਵਾਰ 4 ਅਕਤੂਬਰ ਤੋਂ ਪਿੱਛੋਂ ਸ਼ੁੱਕਰਵਾਰ ਨੂੰ 15 ਅਕਤੂਬਰ ਕਰ ਕੇ 10 ਤਾਰੀਖ਼ਾਂ ਖ਼ਤਮ ਕਰ ਦਿੱਤੀਆਂ। ਪਰ ਸਾਡੇ ਪਾਸੇ ਤਾਂ ਸਾਲ ਦੀ ਲੰਬਾਈ 24 ਮਿੰਟ (ਸੂਰਜੀ ਸਿਧਾਂਤ) ਵੱਧ ਸੀ, ਜਿਸ ਕਾਰਨ ਹਰ 60 ਸਾਲ ਪਿੱਛੋਂ (1440/24×60) ਹੀ ਇਕ ਦਿਨ ਦਾ ਫ਼ਰਕ ਪੈ ਜਾਂਦਾ ਸੀ। 1964 ਈ: ਵਿਚ ਹਿੰਦੂ ਵਿਦਵਾਨਾਂ ਨੇ ਇਸ ਵਿਚ ਸੋਧ ਕਰਕੇ ਸਾਲ ਦੀ ਲੰਬਾਈ ਲਗਭਗ 4 ਮਿੰਟ ਘੱਟ ਕੀਤੀ ਸੀ। ਅੱਜ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਿਹਾ ਜਾਂਦਾ ਹੈ। ਹੁਣ ਵੀ ਇਹ ਲੰਬਾਈ ਲਗਭਗ 20 ਮਿੰਟ ਵੱਧ ਹੋਣ ਕਾਰਨ, 72 ਸਾਲ ਪਿੱਛੋਂ (1440/20×72) ਇਕ ਦਿਨ ਦਾ ਫ਼ਰਕ ਪੈ ਜਾਂਦਾ ਹੈ।
savrkot
ਉਪ੍ਰੋਕਤ ਚਰਚਾ ਤੋਂ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਸੀ: ਈ: ਕੈਲੰਡਰ ਦੇ ਸਾਧਾਰਨ ਸਾਲ ਵਿਚ 365 ਦਿਨ (1 ਜਨਵਰੀ ਤੋਂ 30 ਦਸੰਬਰ) ਦਿਨ ਹੀ ਹੁੰਦੇ ਹਨ। ਇਸੇ ਕਾਰਨ ਹੀ ਸਾਡਾ ਜਨਮ ਦਿਨ ਹਰ ਸਾਲ ਮੁੜ ਉਸੇ ਤਾਰੀਖ਼ ਨੂੰ ਹੀ ਆਉਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕਰਮੀ ਕੈਲੰਡਰ ਵਿਚ ਵੀ, 1 ਚੇਤ ਤੋਂ 30 ਫੱਗਣ ਤੀਕ 365 ਦਿਨ ਹੀ ਬਣਦੇ ਹਨ। ਜਿਸ ਮੁਤਾਬਕ ਵਸਾਖੀ ਹਰ ਸਾਲ 1 ਵੈਸਾਖ ਨੂੰ ਹੀ ਆਉਂਦੀ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਗੁਰਪੁਰਬ, ਹਰ ਸਾਲ ਮੁੜ ਉਸੇ ਪ੍ਰਵਿਸ਼ਟੇ (ਤਾਰੀਖ਼) ਨੂੰ ਕਿਉਂ ਨਹੀਂ ਆਉਂਦੇ? ਹਰ ਸਾਲ ਹਰ ਗੁਰਪੁਰਬ ਦੀ ਤਾਰੀਖ਼ ਕਿਉਂ ਬਦਲ ਦਿੱਤੀ ਜਾਂਦੀ ਹੈ? ਇਹ ਹੈ ਸ਼੍ਰੋਮਣੀ ਕਮੇਟੀ ਵੱਲੋਂ, ਇਤਿਹਾਸ ਨੂੰ ਜਾਣ ਬੁਝ ਕੇ ਵਿਗਾੜਨ ਦੀ ਕੋਝੀ ਸਾਜ਼ਿਸ਼। ਸਾਡਾ ਇਹ ਦਾਅਵਾ ਉਦੋਂ ਤੱਕ ਕਾਇਮ ਰਹੇਗਾ, ਜਦੋਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ, ਤੱਥਾਂ ਆਧਾਰਤ ਲਿਖਤੀ ਰੂਪ ਵਿਚ ਆਪਣਾ ਪੱਖ ਪੇਸ਼ ਕਰਕੇ ਬਦਲਵੀਂਆਂ ਤਾਰੀਖ਼ਾਂ ਨੂੰ ਸਹੀ ਸਾਬਤ ਨਹੀਂ ਕੀਤਾ ਜਾਂਦਾ। ਖ਼ਾਲਸਾ ਜੀ ਜਾਗੋ, ਕੀ ਅਸੀਂ ਲੰਘ ਗਏ ਸੱਪ ਦੀ ਲੀਕ ਪਿੱਟਣ ਜੋਗੇ ਹੀ ਹਾਂ? ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਸਾਜ਼ਿਸ਼ ਅਧੀਨ ਗੁਰ ਇਤਿਹਾਸ ਨੂੰ ਵਿਗਾੜ ਰਹੀ ਹੈ ਤਾਂ ਕੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ? ਉੱਠੋ! ਆਪਣਾ ਫ਼ਰਜ਼ ਪਛਾਣੋ!