ਕੌਣ ਸਨ ਗੁਰੂਆਂ ਦੇ ਸਾਥੀ ਸਾਈਂ ਮੀਆਂ ਮੀਰ

0
208

mia-meer-ji
ਬਲਜੀਤ ਸਿੰਘ
ਸਾਈਂ ਮੀਆਂ ਮੀਰ  16ਵੀਂ ਸਦੀ ਦੇ ਪ੍ਰਸਿੱਧ ਸੂਫ਼ੀ ਫ਼ਕੀਰ ਸਨ, ਜਿਨ੍ਹਾਂ ਦੇ ਦੋਸਤਾਨਾ ਸੰਬੰਧ ਸਿਰਫ਼ ਮੁਗ਼ਲਾਂ ਤੱਕ ਹੀ ਸੀਮਤ ਨਹੀਂ ਸਨ, ਸਗੋਂ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਵੀ ਸੁਖਾਲੇ ਸਨ। ਉਹਨਾਂ ਦੀ ਸ਼ਹਾਦਤ ਤੋਂ ਮਗਰੋਂ ਉਹਨਾਂ ਦੇ ਪੁੱਤਰ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਮਿੱਤਰਤਾਪੂਰਨ ਰਹੇ ਹਨ। ਸਾਈਂ ਮੀਆਂ ਮੀਰ ਦਾ ਜਨਮ 1550 ਈਸਵੀ ਵਿੱਚ ਸੀਸਤਨ ਦੇ ਕਾਜ਼ੀ ਹਜ਼ਰਤ ਸਹੀਨ ਦਿੱਤਾ ਦੇ ਘਰ ਮਾਤਾ ਬੀਬੀ ਫ਼ਾਤਮਾ ਦੀ ਕੁੱਖੋਂ ਹੋਇਆ। ਸੀਸਤਨ ਠੱਠਾ ਤੇ ਭੱਕਰ ਵਿਚਕਾਰ ਇੱਕ ਪ੍ਰਸਿੱਧ ਮੰਡੀ ਸੀ। ਆਪ ਜੀ ਦੇ ਤਿੰਨ ਭਰਾ-ਕਾਜ਼ੀ ਬੋਲਣ, ਕਾਜ਼ੀ ਉਸਮਾਨ ਅਤੇ ਕਾਜ਼ੀ ਤਾਹਿਰ ਅਤੇ ਦੋ ਭੈਣਾਂ ਜਮਾਲ ਤੇ ਜਲਾਲ ਸਨ। ਸਾਈਂ ਮੀਆਂ ਮੀਰ ਕਾਦਰੀ ਸਿਲਸਿਲੇ ਨਾਲ ਸੰਬੰਧਿਤ ਸਨ। ਉਹ ਦੂਜੇ ਧਾਰਮਿਕ ਵਿਚਾਰਾਂ ਪ੍ਰਤੀ ਬਹੁਤ ਉਦਾਰ ਸਨ। ਡਾ. ਰਤਨ ਸਿੰਘ ਜੱਗੀ ਅਨੁਸਾਰ ਮੀਆਂ ਮੀਰ ਦਾ ਨਾਂ ਸ਼ੇਖ ਮੁਹੰਮਦ ਫਾਰੂਕੀ ਸੀ ਪਰ ਪੀਰ ਸ਼ਾਹ, ਮੀਆਂ ਮੀਰ, ਬਾਲਾ ਪੀਰ ਕਰਕੇ ਉਹ ਕਈ ਨਾਵਾਂ ਨਾਲ ਜਾਣੇ ਜਾਂਦੇ ਸਨ। ਆਪ ਦਾ ਬਚਪਨ ਸਿੰਧ ਵਿੱਚ ਗੁਜ਼ਰਿਆ। ਮੁਗ਼ਲ ਬਾਦਸ਼ਾਹ ਜਹਾਂਗੀਰ, ਦਾਰਾ ਸ਼ਿਕੋਹ ਅਤੇ ਨੂਰ ਜਹਾਂ ਸਾਈਂ ਮੀਆਂ ਮੀਰ ਦੇ ਸ਼ਾਗਿਰਦ ਸਨ। ਇਸ ਤੱਥ ਦਾ ਹਵਾਲਾ ਮਹਿਮਾ ਪ੍ਰਕਾਸ਼ ਵਿੱਚ ਮਿਲਦਾ ਹੈ :
ਮੀਆਂ ਮੀਰ ਜਗ ਅਵਲ ਫ਼ਕੀਰ।
ਭਏ ਮੁਰੀਦ ਤਾਂ ਕੇ ਜਹਾਂਗੀਰ।
ਏਕ ਚਟਾਈ ਰਾਖੇ ਫਰਸ।
ਵਹ ਪਾਕ ਮੁਸਲਾ ਸਾਨੋ ਅਰਸ਼।
ਏਕਾ ਘੜਾ ਪਿਆਲਾ ਮਾਟੀ ਕਾ ਰਹੈ।
ਬਹੁਤ ਮੁੱਕਤ ਕਾ ਸਭ ਜਗ ਕਹੈ।
ਸਾਈਂ ਮੀਆਂ ਮੀਰ ਜੀ 1575-1576 ਦੇ ਕਰੀਬ ਲਾਹੌਰ ਆ ਕੇ ਰਹਿਣ ਲੱਗ ਪਏ। ਇੱਥੇ ਹੀ ਉਨ੍ਹਾਂ ਦਾ ਰਾਬਤਾ ਗੁਰੂ ਅਰਜਨ ਦੇਵ ਜੀ ਨਾਲ ਕਾਇਮ ਹੋ ਗਿਆ। ਇਹ ਸਾਂਝ ਕੇਵਲ ਵਿਚਾਰਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਰੂਹਾਨੀਅਤ ਦੇ ਮੰਡਲਾਂ ਤੱਕ ਜਾ ਪੁੱਜੀ। ਗੁਰੂ ਅਰਜਨ ਦੇਵ ਜੀ ਸੂਫ਼ੀ ਫ਼ਕੀਰਾਂ ਦਾ ਬਹੁਤ ਆਦਰ ਕਰਦੇ ਸਨ। ਇਸ ਗੱਲ ਦੀ ਗਵਾਹੀ ਗੁਰੂ ਅਰਜਨ ਦੇਵ ਦੁਆਰਾ ਆਦਿ ਗੰ੍ਰਥ ਵਿੱਚ ਵਿੱਚ ਬਾਬਾ ਫ਼ਰੀਦ ਦੇ ਸੰਕਲਨ ਤੇ ਸੰਪਾਦਤ ਕੀਤੇ 112 ਸ਼ਲੋਕਾਂ ਤੇ ਚਾਰ ਸ਼ਬਦਾਂ ਤੋਂ ਮਿਲਦੀ ਹੈ। ਬਾਬਾ ਫ਼ਰੀਦ ਦੀ ਬਾਣੀ ਦਾ ਪ੍ਰਭਾਵ ਅਤੇ ਵਿਸ਼ਾ ਵਸਤੂ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਮਿਲਦਾ ਹੈ। ਅਸਲ ਵਿੱਚ ਸਿੱਖ ਧਰਮ ਦੂਸਰੇ ਧਰਮਾਂ ਦੇ ਵਿਰੋਧ ਵਜੋਂ ਨਹੀਂ ਉਪਜਿਆ, ਸਗੋਂ ਸਮਕਾਲੀਨ ਸਮਾਜ ਵਿੱਚ ਮੌਜੂਦ ਧਰਮਾਂ ਦੀਆਂ ਫੋਕੀਆਂ ਰੀਤਾਂ-ਰਸਮਾਂ ਅਤੇ ਕੁਰੀਤੀਆਂ ਨੂੰ ਖੰਡਨ ਕਰਨ ਦੇ ਪ੍ਰਤੀ ਰੂਪ ਵਜੋਂ ਹੋਂਦ ਵਿੱਚ ਆਇਆ ਹੈ।
ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਮੇਲ ਖਾਣ ਵਾਲੀ ਬਾਣੀ, ਚਾਹੇ ਉਹ ਭਗਤਾਂ, ਫ਼ਕੀਰਾਂ, ਭੱਟਾਂ ਆਦਿ ਦੀ ਸੀ, ਬਿਨਾਂ ਵੈਰ ਵਿਰੋਧ ਤੋਂ ਆਦਿ ਗੰ੍ਰਥ ਵਿੱਚ ਦਰਜ ਕਰ ਲਈ ਗਈ ਹੈ। ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪੂਰਵਵਰਤੀ ਗੁਰੂਆਂ, ਭੱਟਾਂ, ਭਗਤਾਂ ਆਦਿ ਦੀ ਬਾਣੀ ਦਾ ਸੰਕਲਨ ਅਤੇ ਸੰਪਾਦਨ ਕੀਤਾ। ਗੁਰੂ ਅਰਜਨ ਦੇਵ ਜੀ ਦੇ ਆਦਿ ਗੰ੍ਰਥ ਦੀ ਪਹਿਲੀ ਬੀੜ ਦਾ ਪ੍ਰਕਾਸ਼ 1604 ਈਸਵੀ ਵਿੱਚ ਬਾਬਾ ਬੁੱਢਾ ਜੀ ਤੋਂ ਹਰਿਮੰਦਰ ਸਾਹਿਬ ਵਿੱਚ ਕਰਵਾਇਆ ਗਿਆ। ਹਰਿਮੰਦਰ ਸਾਹਿਬ, ਦੀ ਉਸਾਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ। ਇਸ ਦੀ ਉਸਾਰੀ ਨੇ ਸਿਰਫ਼ ਅੰਮ੍ਰਿਤਸਰ ਦੀ ਮਹੱਤਤਾ ਵਿੱਚ ਹੀ ਵਾਧਾ ਨਹੀਂ ਕੀਤਾ, ਸਗੋਂ ਰੂੜ੍ਹੀਵਾਦੀ ਵਿਸ਼ਵਾਸਾਂ ਨੂੰ ਤੋੜਨ ਵਾਲੇ ਕੜੀ ਵਜੋਂ ਅਹਿਮ ਭੂਮਿਕਾ ਨਿਭਾਈ। ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਗਏ ਸਨ। ਹਿੰਦੂਆਂ ਦੇ ਧਾਰਮਿਕ ਸਥਾਨ ਜ਼ਿਆਦਾਤਰ ਨਦੀਆਂ ਦੇ ਕੰਢੇ ਬਣਾਏ ਜਾਂਦੇ ਸਨ, ਜੋ ਭਵ-ਸਾਗਰ ਪਾਰ ਕਰਾਉਣ ਦੇ ਪ੍ਰਤੀਕ ਮੰਨੇ ਜਾਂਦੇ ਹਨ। ਇਸ ਧਾਰਨਾ ਦੇ ਉਲਟ ਗੁਰੂ ਅਰਜਨ ਦੇਵ ਜੀ ਨੇ ਭਵ-ਸਾਗਰ ਪਹਿਲਾਂ ਤਰ ਕੇ ਅਕਾਲ ਪੁਰਖ ਦੇ ਘਰ ਵਿੱਚ ਦਾਖਲ ਹੋਣ ਦਾ ਇੱਕ ਨਿਵੇਕਲਾ ਤੇ ਵਿਲੱਖਣ ਨਮੂਨਾ ਪੇਸ਼ ਕੀਤਾ ਹੈ।
19ਵੀਂ ਸਦੀ ਤੱਕ ਇਹ ਮੰਨਿਆ ਜਾਂਦਾ ਸੀ ਕਿ ਇਸ ਧਾਰਮਿਕ ਸਥਾਨ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਰੱਖੀ, ਪਰ ਬਾਅਦ ਦੀਆਂ ਸਿੱਖ ਰਵਾਇਤਾਂ, ਸਾਹਿਤ ਤੇ ਵਿਦਵਾਨਾਂ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਇਸ ਦੀ ਨੀਂਹ ਸਾਈਂ ਮੀਆਂ ਮੀਰ ਜੀ ਤੋਂ ਗੁਰੂ ਅਰਜਨ ਦੇਵ ਜੀ ਨੇ ਰਖਵਾਈ। ਹੁਣ ਪਹਿਲਾਂ ਅਸੀਂ ਉਨ੍ਹਾਂ ਵਿਦਵਾਨਾਂ ਦਾ ਜ਼ਿਕਰ ਕਰਦੇ ਹਾਂ ਜਿਹੜੇ ਕਿ ਇਸ ਦੀ ਨੀਂਹ ਗੁਰੂ ਅਰਜਨ ਦੇਵ ਜੀ ਦੁਆਰਾ ਰੱਖੀ ਮੰਨਦੇ ਹਨ:
ਸੰਤੋਖ ਸਿੰਘ ਅਨੁਸਾਰ :
ਇਮਿ ਅਰਦਾਸ ਕਰੀ ਬ੍ਰਿਧ ਜਬੋ।
ਸ੍ਰੀ ਅਰਜਨ ਕਰ ਪੰਕਜ ਤਬੋ£
ਗਹੀ ਈਂਟ ਤਹਿ ਕਰੀ ਟਿਕਾਵਨ।
ਅੰਦਰ ਅਵਿਚਲ ਨੀਵ ਰਖਾਵਨ£
ਤਬ ਕਾਰੀਗਰ ਨਿਕਟ
ਸੁਹੇਗਿਹੋਤ ਜਨਾਵਨਤਮੀ ਬਡੇਰ£
ਨਿਜ ਕਰਤੇ ਉਠਾਇ ਸੋ ਲੀਨ।
ਫੇਰ ਘਰ ਧਰਿ ਦੀਨ£
ਸ੍ਰੀ ਅਰਜਨ ਅਵਿ ਲੋਕਨ ਕਰਯੋ।
ਕਹਾਂ ਕੀਨ ਤੋਂ?
ਬਾਕ ਉਚਰਯੋ£
ਹਮ ਗੁਰ ਸਿਮਰ ਸਮੈ ਸਭ ਜਾਨਾ।
ਧਰ ਈਂਟ ਹਿਤ ਅਚਲ ਸਥਾਨਾ।
ਚਿਨਬੇ ਹਾਰ ਆਜ ਤੇ ਪਏ।
ਈਟ ਅਪਰ ਜੋ ਧਰਿਹੈ ਆਛੇ।
ਤਿਸ ਉਖੇਰ ਪੁਨ ਆਪ ਧਾਰੋ ਹੈ।
ਕਾਰੀਗਰ ਬਿਖੈ ਅਸ ਹ੍ਵੈ ਹੈ।
ਇਸ ਕੇ ਸ੍ਰਪ ਕਹਯੋ ਗੁਰ ਫੇਰ।
ਅਸ ਕ੍ਰਿਤਿ ਤੇ ਹਮਲੀਨ ਸੁ ਹੇਰਿ£
ਭਾਈ ਕਾਨ੍ਹ ਸਿੰਘ ਨਾਭਾ ਮੀਆਂ ਮੀਰ ਜੀ ਨੂੰ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਰਮ ਸਨੇਹੀ ਤਾਂ ਮੰਨਦਾ ਹੈ ਪਰ ਇਹ ਗੱਲ ਸਪੱਸ਼ਟ ਕਹਿੰਦਾ ਹੈ ਕਿ ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਰੱਖੀ।
ਬੂਟੇ ਸ਼ਾਹ ਨੇ 18ਵੀਂ ਸਦੀ ਦੇ ਅਖੀਰ ਵਿੱਚ ਇੱਕ ਕਿਤਾਬ ਵਿੱਚ ਲਿਖਿਆ ਹੈ ਕਿ ਹਰਿਮੰਦਰ ਸਾਹਿਬ ਦੀ ਨੀਂਹ ਮੀਆਂ ਮੀਰ ਜੀ ਨੇ ਰੱਖੀ।
ਗਿਆਨ ਸਿੰਘ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਇਸ ਮੰਦਰ ਦੀ ਨੀਂਹ ਕੱਤਕ ਸੁਦੀ 5 ਸੰਮਤ 1645 ਬਿ. ਨੂੰ ਰੱਖੀ।
ਕੁਛ ਰਿਸ ਧਰ ਗੁਰੂ ਅਲਾਘੋ£
ਇਹ ਸਭ ਇਕ ਬਿਰ ਜਾਇ ਅਟਾਯੋ£
ਬਨੈ ਨਵੀਨ ਢੇਰ ਸਰ ਸਾਰਾ£
ਕਰ ਹੈ ਬਹੁ ਜੀਵਨ ਨਿਸਤਾਰਾ£
ਰਖੀ ਮਸੰਦਨ ਜੈਸ ਕਦਾਈ£
ਤਿਉਂ ਹੀ ਸਿਖ ਫਿਰ ਕਰੈ ਪਕਾਈ£
ਗੁਰ ਕਾ ਬਚਨ ਸੱਤ ਸੌ ਭਯੋ£
ਅਹਮਦਸ਼ਾਹ ਜਬੈ ਥਾ ਅਯੋ£
ਪਿੰ੍ਰਸੀਪਲ ਤੇਜਾ ਸਿੰਘ ਤੇ ਗੰਡਾ ਸਿੰਘ ਅਨੁਸਾਰ 1589 ਈਸਵੀ ਵਿੱਚ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਨੀਂਹ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਨੀਂਹ ਰੱਖੀ। ਇਸ ਦੇ ਦਰਵਾਜ਼ੇ ਸਭ ਪਾਸੇ ਨੂੰ ਖੁੱਲ੍ਹਦੇ ਹਨ ਜਿਸ ਦਾ ਭਾਵ ਇਹ ਸੀ ਕਿ ਸਿੱਖ ਪੂਜਾ ਅਸਥਾਨ ਸਭ ਲਈ ਇੱਕ ਸਮਾਨ ਖੁੱਲ੍ਹਾ ਹੈ।
ਜੰਗ ਸਿੰਘ ਗਿਆਨੀ ਅਨੁਸਾਰ ਹਰਿਮੰਦਰ ਸਾਹਿਬ ਦੀ ਨੀਂਹ ਮੀਆਂ ਮੀਰ ਪਾਸੋਂ ਸੰਮਤ 1640 ਬਿਕ੍ਰਮੀ ਵਿੱਚ ਰਖਵਾਈ ਗਈ। ਅਜਿਹੇ ਸਮੇਂ ਜਦੋਂ ਦਿੱਲੀ ਦੇ ਤਖ਼ਤ ਉੱਤੇ ਜਹਾਂਗੀਰ ਬਾਦਸ਼ਾਹ ਵਰਗਾ ਮਜ਼੍ਹਬੀ ਈਰਖਾ ਦਾ ਗ੍ਰਸਿਆ ਹੋਇਆ ਆਦਮੀ ਬੈਠਾ ਸੀ। ਇੱਕ ਮੁਸਲਮਾਨ ਪੀਰ ਪਾਸੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਉਣੀ ਧਰਮ ਨਿਰਪੱਖਤਾ ਦਾ ਇੱਕ ਨਵਾਂ ਆਦਰਸ਼ ਪੇਸ਼ ਕਰਨ ਦਾ ਬੇਮਿਸਾਲ ਕਾਰਨਾਮਾ ਸੀ।
ਖੁਸ਼ਵੰਤ ਸਿੰਘ ਅਨੁਸਾਰ ਗੁਰੂ ਅਰਜਨ ਦੇਵ ਜੀ ਦਾ ਪਹਿਲਾ ਕਾਰਜ ਚੱਕ ਰਾਮਦਾਸ ਵਿਖੇ ਮੰਦਰ ਦੀ ਇਮਾਰਤ ਨੂੰ ਪੂਰਾ ਕਰਨਾ ਸੀ। ਇਸ ਵਾਸਤੇ ਉਨ੍ਹਾਂ ਨੇ ਹਰਿਮੰਦਰ ਸਾਹਿਬ, ਅਕਾਲ ਪੁਰਖ ਦੇ ਮੰਦਰ ਦੀ ਨੀਂਹ ਲਾਹੌਰ ਦੇ ਮੁਸਲਿਮ ਫ਼ਕੀਰ ਮੀਆਂ ਮੀਰ ਜੀ ਤੋਂ ਰਖਵਾਈ।
ਡਾ. ਸੁਖਦਿਆਲ ਸਿੰਘ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਸਾਂਈਂ ਜੀ ਦੇ ਪਵਿੱਤਰ ਕਰ ਕਮਲਾਂ ਨਾਲ ਸਿੱਖ ਕੌਮ ਦੇ ਸਭ ਤੋਂ ਮਹਾਨ ਧਾਰਮਿਕ ਸਥਾਨ ਦਾ ਨੀਂਹ ਪੱਥਰ ਰਖਵਾ ਕੇ ਦਰਸਾ ਦਿੱਤਾ ਸੀ ਕਿ ਸਿੱਖ ਗੁਰੂ ਸਾਹਿਬਾਨ ਹਰ ਉਸ ਵਿਅਕਤੀ ਨੂੰ ਮਾਣ ਸਤਿਕਾਰ ਦੇਣ ਲਈ ਤੱਤਪਰ ਸਨ, ਜੋ ਮਨੁੱਖਤਾ ਵਿੱਚ ਭਾਈਚਾਰਕ ਸਾਂਝ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ।
ਡਾ. ਸੁਰਿੰਦਰ ਸਿੰਘ ਕੋਹਲੀ ਅਨੁਸਾਰ ਹਰਿਮੰਦਰ ਸਾਹਿਬ ਦੀ ਨੀਂਹ 1645 ਬਿਕਰਮੀ (1588 ਈ.) ਗੁਰੂ ਅਰਜਨ ਦੇਵ ਜੀ  ਨੇ ਕਾਦਰੀ ਸਿਲਸਿਲੇ ਦੇ ਪ੍ਰਸਿੱਧ ਸੂਫ਼ੀ ਸੰਤ ਸਾਂਈਂ ਮੀਆਂ ਮੀਰ ਦੇ ਹੱਥੋਂ ਰਖਵਾਈ।
ਹਰੀ ਰਾਮ ਗੁਪਤਾ ਅਨੁਸਾਰ 1589 ਈ. ਵਿੱਚ ਅੰਮ੍ਰਿਤਸਰ ਸਰੋਵਰ ਦੇ ਮੱਧ ਵਿੱਚ ਹਰਿਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਦੀ ਨੀਂਹ ਲਾਹੌਰ ਦੇ ਪ੍ਰਸਿੱਧ ਮੁਸਲਮਾਨ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖੀ।
ਇਸ ਤੱਥ ਦੀ ਪੁਸ਼ਟੀ ਨਾ ਤਾਂ ਪਹਿਲੇ ਸਿੱਖ ਸੋਮੇ ਤੇ ਨਾ ਹੀ ਫਾਰਸੀ ਸ੍ਰੋਤ ਕਰਦੇ ਹਨ, ਇੱਥੋਂ ਤੱਕ ਕਿ ਮੀਆਂ ਮੀਰ ਦੀ ਜੀਵਨੀ ਵੀ ਚੁੱਪ ਹੈ। ਇਹ ਗੱਲ 20ਵੀਂ ਸਦੀ ਦੇ ਸਿੱਖ ਸਾਹਿਤ ਵਿੱਚ ਜ਼ਿਆਦਾ ਪ੍ਰਚੱਲਿਤ ਹੋਈ, ਜਿਸ ਨੂੰ ਭਾਰਤੀ ਤੇ ਯੂਰਪੀਅਨ ਵਿਦਵਾਨਾਂ ਨੇ ਸਵੀਕਾਰ ਕੀਤਾ। ਇਤਨਾ ਹੀ ਨਹੀਂ, ਦਰਬਾਰ ਸਾਹਿਬ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਵੀ ਇਸ ਨੂੰ ਮੰਨਿਆ ਗਿਆ ਹੈ।
ਗਿਆਨ ਸਿੰਘ ਅਨੁਸਾਰ ਇਸ ਦੀ ਨੀਂਹ ਸਾਂਈਂ ਮੀਆਂ ਮੀਰ ਜੀ ਨੇ ਰੱਖੀ।
ਸੰਮਤ ਸੋਲਾਂ ਸੌ ਇਕਤਾਲੀ।
ਮੈਂ ਮੰਦਰ ਯਹਿ ਰਚਾ ਬਿਸਾਲੀ।
ਮੀਆਂ ਮੀਰ ਤੋ ਨੀਊ ਰਖਾਈ।
ਕਾਰੀਗਰ ਪਲਟਿ-ਕਰਿ ਲਾਈ।
ਯਹਿ ਪਿਖਿ ਧੁਨ ਗੁਰੂ ਯੋ ਬਚਨ ਕਹੇ।
ਘਰੀ ਤੁਰਕ ਕੀ ਨੀਉ ਨਾ ਰਹੇ।
ਏਕ ਬਾਰ ਜਰ ਤੋ ਉਡ ਜੋ ਹੋ।
ਪੁਨ ਸਿੱਖਨ ਕਰ ਤੋ ਕਿਢ ਹੋਵ ਹੋ।
ਡਾ. ਗੰਡਾ ਸਿੰਘ ਲਿਖਦੇ ਹਨ ਕਿ ਮੀਆਂ ਮੀਰ ਗੁਰੂ ਅਰਜਨ ਦੇਵ ਜੀ ਦੀ ਬੇਨਤੀ ਤੇ ਅੰਮ੍ਰਿਤਸਰ ਆਇਆ ਅਤੇ ਆਪਣੇ ਹੱਥਾਂ ਨਾਲ ਚਾਰ ਇੱਟਾਂ ਹਰ ਦਿਸ਼ਾ ਵੱਲ ਰੱਖੀਆਂ ਅਤੇ ਇੱਕ ਸਰੋਵਰ ਦੇ ਵਿਚਕਾਰ। ਸੋਹਨ ਲਾਲ ਸੂਰੀ ਆਪਣੀ ਕਿਤਾਬ ਉਮਦਤ-ਉਤ-ਤਵਾਰੀਖ (1885) ਵਿੱਚ ਲਿਖਦਾ ਹੈ ਕਿ ਗੁਰੂ ਅਰਜਨ ਦੇਵ ਜੀ ਲਾਹੌਰ ਮੀਆਂ ਮੀਰ ਨੂੰ ਮਿਲਣ ਗਏ ਅਤੇ ਅੰਮ੍ਰਿਤਸਰ ਵਿਖੇ ਇਮਾਰਤ ਤੇ ਤਲਾਅ ਦੀ ਉਸਾਰੀ ਵਾਸਤੇ ਸਹਾਇਤਾ ਲਈ ਅਰਜ ਕੀਤੀ।
ਮੈਂ ਉਪਰੋਕਤ ਸਭ ਵਿਚਾਰਾਂ ਨੂੰ ਗਹੁ ਨਾਲ ਵਾਚਣ ‘ਤੇ ਇਸ ਸਿੱਟੇ ‘ਤੇ ਪਹੁੰਚਦੇ ਹਾਂ ਕਿ ਗੁਰੂ ਜੀ ਨੇ ਪੁਰਾਣੀਆਂ ਰਵਾਇਤਾਂ, ਜਾਤ ਬੰਧਨਾਂ ਦਾ ਖੰਡਨ ਕਰਦਿਆਂ ਹਰਿਮੰਦਰ ਸਾਹਿਬ ਸਾਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਦਾ ਸਾਂਝਾ ਤੀਰਥ ਅਸਥਾਨ ਤਸੱਵਰ ਕੀਤਾ ਹੈ। ਦੂਜੇ ਧਰਮਾਂ ਦੇ ਧਾਰਮਿਕ ਅਸਥਾਨ ਉੱਚੀ ਜਗ੍ਹਾ ‘ਤੇ ਬਣਾਏ ਜਾਂਦੇ ਹਨ, ਪਰ ਇਨ੍ਹਾਂ ਦੇ ਵਿਰੋਧ ਵਿੱਚ ਹਰਿਮੰਦਰ ਸਾਹਿਬ ਦੀ ਇਮਾਰਤ ਆਲੇ-ਦੁਆਲੇ ਤੋਂ ਨੀਵੀਂ ਬਣਾਈ ਗਈ ਹੈ, ਤਾਂ ਜੋ ਮਨੁੱਖ ਆਪਣੀ ਹਉਮੈਂ ਨੂੰ ਖ਼ਤਮ ਕਰਕੇ, ਨੀਵਾਂ (ਨਿਮਰਤਾ ਗ੍ਰਹਿਣ ਕਰਕੇ) ਹੋ ਕੇ ਇਸ ਅੰਦਰ ਪ੍ਰਵੇਸ਼ ਕਰੇ। ਦੂਜੇ ਧਰਮਾਂ ਦੇ ਉਲਟ ਇਹ ਸਰੋਵਰ ਵਿੱਚ ਬਣਾਇਆ ਗਿਆ ਹੈ। ਦੂਜੇ ਧਰਮਾਂ ਖ਼ਾਸ ਕਰਕੇ  ਹਿੰਦੂ ਧਰਮ ਵਿੱਚ ਇਹ ਮੰਨਿਆ ਗਿਆ ਹੈ ਕਿ ਅਠਸਠ ਤੀਰਥ ਦੀ ਯਾਤਰਾ ਨਾਲ ਮਨੁੱਖ ਇਸ ਸੰਸਾਰ ਰੂਪੀ ਭਵਸਾਗਰ ਨੂੰ ਤਰਨ ਦੇ ਸਮਰੱਥ ਹੋ ਜਾਂਦਾ ਹੈ। ਪਰ ਗੁਰੂ ਸਾਹਿਬ ਨੇ ਇਸ ਹਰਿਮੰਦਰ (ਭਾਵ ਅਕਾਲ ਪੁਰਖ ਦੇ ਘਰ) ਵਿੱਚ ਮਨੁੱਖ ਨੂੰ ਪ੍ਰਵੇਸ਼ ਕਰਨ ਤੋਂ ਪਹਿਲਾਂ ਮਾਇਆ ਰੂਪੀ ਭਵਸਾਗਰ ਨੂੰ ਤਰ ਕੇ ਆਉਣ ਵੱਲ ਸੰਕੇਤ ਕੀਤਾ ਹੈ।
ਹਰਿਮੰਦਰ ਸਾਹਿਬ ਦੀ ਨੀਂਹ ਸਾਂਈਂ ਮੀਆਂ ਮੀਰ ਨੇ ਰੱਖੀ ਹੈ। ਗੁਰੂ ਸਾਹਿਬ ਦੁਆਰਾ ਵਸਾਏ ਹੋਰ ਨਗਰਾਂ ਅਤੇ ਅਸਥਾਨਾਂ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਰੱਖੀ ਸੀ, ਕਿਸੇ ਹੋਰ ਕੋਲੋਂ ਨਹੀਂ ਰਖਵਾਈ। ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੋਰ ਗੁਰੂ ਸਾਹਿਬਾਨ ਨੇ ਵੀ ਕਈ ਨਗਰ ਵਸਾਏ ਹਨ, ਉਨ੍ਹਾਂ ਵਿੱਚ ਤੀਰਥ ਸਥਾਨ ਵੀ ਬਣਾਏ ਹਨ, ਪਰ ਸਰੋਵਰ ਵਿੱਚ ਹਰਿਮੰਦਰ ਸਾਹਿਬ ਦੇ ਸੁਸ਼ੋਭਿਤ ਹੋਣ ਦਾ ਮਾਣ ਸਿਰਫ਼ ਇਸੇ ਨੂੰ ਹੀ ਹਾਸਲ ਹੈ। ਸ਼ਾਇਦ ਇਸ ਦੀ ਅਜਿਹੀ ਵਿਲੱਖਣਤਾ ਕਾਇਮ ਕਰਨ ਵਾਸਤੇ ਹੀ ਗੁਰੂ ਸਾਹਿਬ ਨੇ ਇਸ ਦੀ ਨੀਂਹ ਸਾਈਂ ਮੀਆਂ ਮੀਰ ਕੋਲੋਂ ਰਖਵਾਈ ਹੋਵੇ। ਇਸ ਦਾ ਦੂਜਾ ਕਾਰਨ ਸਾਂਈਂ ਮੀਆਂ ਮੀਰ ਦੀ ਗੁਰੂ ਸਾਹਿਬਾਨ ਨਾਲ ਸਾਂਝ ਵੀ ਹੋ ਸਕਦੀ ਹੈ। ਤੀਜਾ ਕਾਰਨ ਇਹ ਹੋ ਸਕਦਾ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਸੰਕੀਰਣਤਾ ਨੂੰ ਸੱਟ ਮਾਰਨ ਵਾਸਤੇ ਹੀ ਗੁਰੂ ਸਾਹਿਬ ਨੇ ਇਹ ਕਾਰਜ ਸਾਈਂ ਮੀਆਂ ਮੀਰ ਨੂੰ ਬਖ਼ਸ਼ਿਆ ਹੋਵੇ। ਗੁਰੂ ਸਾਹਿਬਾਨ ਦਾ ਜਾਤਾਂ-ਪਾਤਾਂ, ਧਾਰਮਿਕ ਸੰਕੀਰਣਤਾ ਤੋਂ ਬੇਲਾਗ ਹੋਣ ਦਾ ਸਬੂਤ ‘ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ‘ਤੇ ਸਭ ਜਗ ਉਪਜਿਆ ਕੌਨ ਭਲੇ ਕੋ ਮੰਦੇ’ ਟੂਕ ਤੋਂ ਮਿਲ ਸਕਦਾ ਹੈ। ਜੇਕਰ ਫਾਰਸੀ ਸ੍ਰੋਤ ਸਾਂਈਂ ਮੀਆਂ ਮੀਰ ਪਾਸੋਂ ਨੀਂਹ ਰਖਵਾਉਣ ਦੇ ਨੁਕਤੇ ਨਿਗਾਹ ਤੋਂ ਖ਼ਾਮੋਸ਼ ਹਨ ਤਾਂ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਸ ਸਮੇਂ ਜ਼ਿਆਦਾਤਰ ਵਿਦਵਾਨ ਰਾਜ ਦੇ ਅਧਿਕਾਰੀ ਹੁੰਦੇ ਸਨ, ਜੋ ਸਿਰਫ਼ ਰਾਜ ਦਰਬਾਰ ਤੱਕ ਮਹਿਦੂਦ ਸਨ। ਅਜਿਹੇ ਸਮੇਂ ਕੱਟੜ ਤੇ ਧਾਰਮਿਕ ਸੰਕੀਰਣਤਾ ਨਾਲ ਓਤਪੋਤ ਮੁਸਲਮਾਨ ਬਾਦਸ਼ਾਹ ਜਹਾਂਗੀਰ ਦਾ ਦਰਬਾਰੀ ਹੋ ਕੇ ਕਿਸੇ ਹੋਰ ਧਰਮ ਜਾਂ ਧਾਰਮਿਕ ਸਥਾਨ ਬਾਰੇ ਲਿਖਣਾ ਨਾਮੁਮਕਿਨ ਹੈ। ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ‘ਤੇ ਬੈਠੇ ਤਾਂ ਉਨ੍ਹਾਂ ਦੀ ਦੋਸਤੀ ਦੀ ਪੁਸ਼ਟੀ ਸਰੂਪ ਦਾਸ ਭੱਲਾ (ਮਹਿਮਾ ਪ੍ਰਕਾਸ਼, ਪੰਨਾ 454) ਇਸ ਬਾਰੇ ਦਿੰਦਾ ਹੈ। ਸ੍ਰੀ ਗੁਰੂ ਪੰਥ ਪ੍ਰਕਾਸ਼ (703-704) ਅਤੇ ਮੈਕਸ ਆਰਥਰ ਮੈਕਾਲਿਫ (“he Sikh Religion, p. ੪੧-੪੨) ਜਹਾਂਗੀਰ ਤੇ ਸਾਂਈਂ ਮੀਆਂ ਮੀਰ ਦੀ ਮੁਲਾਕਾਤ ਦਾ ਹਵਾਲਾ ਦਿੰਦੇ ਹਨ, ਜਿਸ ਵਿੱਚ ਗੁਰੂ ਅਰਜਨ ਦੇਵ ਦੇ ਪੁੱਤਰ ਤੇ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉੱਚਤਾ, ਸ਼ਖ਼ਸੀਅਤ ਅਤੇ ਗੁਣਾਂ ਬਾਰੇ ਜਾਗਰੂਕ ਹੁੰਦੇ ਹਨ। ਇਹ ਵੀ ਉਨ੍ਹਾਂ ਕਾਰਨਾਂ ਵਿੱਚੋਂ ਇੱਕ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਜਹਾਂਗੀਰ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕੀਤਾ। ਇਸ ਵਿਚਾਰ-ਚਰਚਾ ਤੋਂ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਸਾਈਂ ਮੀਆਂ ਮੀਰ ਦੀ ਸਿੱਖ ਧਰਮ ਨੂੰ ਮਹੱਤਵਪੂਰਨ ਦੇਣ ਹੈ, ਜਿਸ ਨੂੰ ਸਿੱਖ ਧਰਮ, ਇਤਿਹਾਸਕਾਰ ਤੇ ਵਿਦਵਾਨ ਅੱਖੋਂ ਪਰੋਖੇ ਨਹੀਂ ਕਰ ਸਕਦੇ।