ਕੀ ਮਨਮੋਹਨ ਸਹੀ ਅਤੇ ਮੋਦੀ ਗਲਤ ਸਾਬਤ ਹੋਏ?

0
430

manmohan-singh-modi
ਚੀਨ ਅਤੇ ਜਾਪਾਨ ਤੋਂ ਬਾਅਦ ਏਸ਼ੀਆ ਦੀ ਤੀਜੀ ਸਭ ਤੋਂ ਵੱਧ ਅਰਥਵਿਵਸਥਾ ਭਾਰਤ ਦੀ ਕਮਜ਼ੋਰ ਹੋ ਰਹੀ ਸਿਹਤ ਦੀ ਚਰਚਾ ਦੁਨੀਆਂ ਭਰ ਦੇ ਮੀਡੀਆ ‘ਚ ਹੋ ਰਹੀ ਹੈ।
ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦੀ ਚਾਰੇ ਪਾਸੇ ਨਿਖੇਧੀ ਹੋ ਰਹੀ ਹੈ। ਅਜਿਹਾ ਪਾਰਟੀ ਅੰਦਰ ਯਸ਼ਵੰਤ ਸਿਨਹਾ ਜਿਹੇ ਨੇਤਾ ਕਰ ਰਹੇ ਹਨ ਤਾਂ ਦੂਜੇ ਪਾਸੇ ਸ਼ਿਵਸੈਨਾ ਜਿਹੀ ਸਹਿਯੋਗੀ ਪਾਰਟੀ ਵੀ ਕਰ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਜੀਡੀਪੀ ‘ਚ ਗਿਰਾਵਟ ਨੋਟਬੰਦੀ ਅਤੇ ਜੀਐਸਟੀ ਕਾਰਨ ਹੈ।

ਜਦੋਂ ਸਾਲ 2014 ‘ਚ ਸੱਤਾ ਬਦਲੀ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਅਰਥਵਿਵਸਥਾ ਨੂੰ ਤੇਜ਼ੀ ਮਿਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਸੀ। ਸਾਲ 2016 ‘ਚ ਅਰਥਵਿਵਸਥਾ ਲਗਭਗ 7 ਫ਼ੀਸਦੀ ਦੀ ਦਰ ਨਾਲ ਵਧੀ। ਅੱਜ ਦੀ ਤਰੀਕ ‘ਚ ਇਹ ਸਾਰੇ ਸਾਲਾਂ ‘ਚ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਹਾਲੇ 5.7 ਫ਼ੀਸਦੀ ਦੀ ਦਰ ਨਾਲ ਭਾਰਤੀ ਅਰਥਵਿਵਸਥਾ ਵੱਧ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਦੀ ਪ੍ਰੇਸ਼ਾਨੀ ਵੱਧ ਗਈ ਹੈ ਅਤੇ ਵਿਰੋਧੀ ਧਿਰ ਵੀ ਹਮਲਾਵਰ ਹੋ ਗਿਆ ਹੈ।
ਮੋਦੀ ਸਰਕਾਰ ਨੇ ਜਿਹੜੀ ਆਰਥਿਕ ਸਲਾਹਕਾਰ ਪ੍ਰੀਸ਼ਦ ਨੂੰ ਆਉਂਦੇ ਹੀ ਭੰਗ ਕਰ ਦਿੱਤਾ ਸੀ, ਉਸ ਨੂੰ ਫਿਰ ਤੋਂ ਅਰਥਸ਼ਾਸਤਰੀ ਵਿਵੇਕ ਦੇਬਰਾਏ ਦੀ ਪ੍ਰਧਾਨਗੀ ‘ਚ ਬਹਾਲ ਕਰ ਦਿੱਤਾ ਗਿਆ ਹੈ। ਮੋਦੀ ਸਰਕਾਰ ਦੇ ਇਸ ਯੂਟਰਨ ਨੂੰ ਅਰਥਵਿਵਸਥਾ ‘ਤੇ ਉਸ ਦੀ ਵੱਧ ਰਹੀ ਚਿੰਤਾ ਵਜੋਂ ਵੇਖਿਆ ਜਾ ਸਕਦਾ ਹੈ। ਮੋਦੀ ਸਰਕਾਰ ਦੀ ਅਰਥ ਨੀਤੀ ‘ਤੇ ਨਾ ਸਿਰਫ ਵਿਰੋਧੀ ਧਿਰ ਸਵਾਲ ਚੁੱਕ ਰਿਹਾ ਹੈ, ਸਗੋਂ ਪਾਰਟੀ ਅੰਦਰ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ।
ਅਟਲ ਬਿਹਾਰੀ ਵਾਜਪਾਈ ਸਰਕਾਰ ‘ਚ ਵਿੱਤ ਮੰਤਰੀ ਰਹੇ ਯਸ਼ਵੰਤ ਸਿਨਹਾ ਨੇ ਆਪਣੀ ਪਾਰਟੀ ਦੀ ਸਰਕਾਰ ‘ਤੇ ਅਰਥਵਿਵਸਥਾ ਨੂੰ ਹੇਠਾਂ ਲਿਜਾਣ ਦੇ ਗੰਭੀਰ ਦੋਸ਼ ਲਗਾਏ ਹਨ। ਯਸ਼ਵੰਤ ਸਿਨਹਾ ਨੇ ਇਥੋਂ ਤਕ ਕਿਹਾ ਕਿ ਜੇ ਇਹ ਸਰਕਾਰ ਅਰਥਵਿਵਸਥਾ ਦੀ ਵਾਧਾ ਦਰ ਨੂੰ ਮਾਪਣ ਦਾ ਤਰੀਕਾ ਨਾ ਬਦਲਦੀ ਤਾਂ ਅਸਲ ਵਾਧਾ ਦਰ 3.7 ਫ਼ੀਸਦੀ ਹੀ ਹੁੰਦਾ।
ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦੀ ਚਾਰੇ ਪਾਸੇ ਨਿਖੇਧੀ ਹੋ ਰਹੀ ਹੈ। ਅਜਿਹਾ ਪਾਰਟੀ ਅੰਦਰ ਯਸ਼ਵੰਤ ਸਿਨਹਾ ਜਿਹੇ ਨੇਤਾ ਕਰ ਰਹੇ ਹਨ ਤਾਂ ਦੂਜੇ ਪਾਸੇ ਸ਼ਿਵਸੈਨਾ ਜਿਹੀ ਸਹਿਯੋਗੀ ਪਾਰਟੀ ਵੀ ਕਰ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਜੀਡੀਪੀ ‘ਚ ਗਿਰਾਵਟ ਨੋਟਬੰਦੀ ਅਤੇ ਜੀਐਸਟੀ ਕਾਰਨ ਹੈ।
ਵਿਦੇਸ਼ੀ ਮੀਡੀਆ ‘ਚ ਵੀ ਨਿਖੇਧੀ
ਭਾਰਤ ਦੀ ਅਰਥਵਿਵਸਥਾ ‘ਚ ਆਈ ਮੰਦੀ ਅਤੇ ਇਸ ਨਾਲ ਜੂਝਣ ਦੀ ਮੋਦੀ ਸਰਕਾਰ ਦੀ ਨੀਤੀ ਦੀ ਨਾਕਾਮੀ ਦੀ ਚਰਚਾ ਚੀਨੀ ਮੀਡੀਆ ‘ਚ ਵੀ ਹੋ ਰਹੀ ਹੈ। ਚੀਨ ਦੇ ਸਰਕਾਰੀ ਗਲੋਬਲ ਟਾਈਮਜ਼ ਨੇ ਮੋਦੀ ਸਰਕਾਰ ਦੇ ਕਥਿਤ ਦੋਹਰੇ ਰਵੱਈਏ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਗਲੋਬਲ ਟਾਈਮਜ਼ ਨੇ ਲਿਖਿਆ, ”ਮੋਦੀ ਨੂੰ ਬਿਜ਼ਨੈਸ ਸਮਰਥਕ ਮੰਨਿਆ ਜਾਂਦਾ ਹੈ, ਪਰ ਉਨ੍ਹਾਂ ਦੀ ਕਥਨੀ ਅਤੇ ਕਰਨੀ ‘ਚ ਕਾਫੀ ਅੰਤਰ ਹੈ।”
ਇਸ ਤੋਂ ਪਹਿਲਾਂ 24 ਜੂਨ ਨੂੰ ‘ਦੀ ਇਕਨੋਮਿਸਟ’ ਨੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਸੀ। ‘ਦੀ ਇਕਨੋਮਿਸਟ’ ਨੇ ਕਿਹਾ ਸੀ ਕਿ ਮੋਦੀ ਜਿੰਨੇ ਵੱਡੇ ਸੁਧਾਰਕ ਵਿਖਾਈ ਦਿੰਦੇ ਹਨ, ਓਨੇ ਵੱਡੇ ਨਹੀਂ ਹਨ ਅਤੇ ਮੋਦੀ ਨੂੰ ਇਕ ਸੁਧਾਰਕ ਦੇ ਮੁਕਾਬਲੇ ਪ੍ਰਸ਼ਾਸਕ ਵੱਧ ਦਸਿਆ ਸੀ।
‘ਗਲੋਬਲ ਟਾਈਮਜ਼’ ਨੇ ਆਪਣੀ ਰਿਪੋਰਟ ‘ਚ ‘ਦੀ ਇਕਨੋਮਿਸਟ’ ਦੇ ਇਸ ਲੇਖ ਦਾ ਵੀ ਜ਼ਿਕਰ ਕੀਤਾ ਹੈ। ਗਲੋਬਲ ਟਾਈਮਜ਼ ਨੇ ਲਿਖਿਆ ਹੈ, ”ਭਾਰਤ ਅਤੇ ਚੀਨ ਦੋਨਾਂ ਦੀ ਅਰਥਵਿਵਸਥਾ ਦੀ ਯਾਤਰਾ ਇਕ ਨਿਯੰਤਰਿਤ ਅਰਥਵਿਵਸਥਾ ਤੋਂ ਸ਼ੁਰੂ ਹੋਈ ਸੀ ਅਤੇ ਅੱਜ ਦੀ ਤਰੀਕ ‘ਚ ਬਾਜ਼ਾਰ ਦੇ ਨਾਲ ਕਦਮ ਮਿਲਾ ਕੇ ਚੱਲਣ ਦੇ ਮੁਕਾਮ ਤਕ ਪਹੁੰਚ ਚੁੱਕੀ ਹੈ। ਭਾਰਤ ਨੂੰ ਆਰਥਿਕ ਨੀਤੀਆਂ ਦੇ ਪੱਧਰ ‘ਤੇ ਚੀਨ ਤੋਂ ਸਿਖਲਾਈ ਲੈਣੀ ਚਾਹੀਦੀ ਹੈ। ਮੋਦੀ ਨੂੰ ਛੋਟੇ ਪੱਧਰ ‘ਤੇ ਸਥਾਈ ਨੀਤੀਆਂ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਅਚਾਨਕ ਹੈਰਾਨ ਕਰਨ ਵਾਲੇ ਫੈਸਲਿਆਂ ਤੋਂ ਬਚਣ ਦੀ ਲੋੜ ਹੈ।
ਭਾਜਪਾ ਦੀਆਂ ਆਰਥਿਕ ਨੀਤੀਆਂ ਨੂੰ ਲੈ ਕੇ ਫਾਰਚਿਊਨ ਨੇ ਵੀ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਫਾਰਚਿਊਨ ਨੇ ਲਿਖਿਆ ਹੈ ਕਿ ਭਾਜਪਾ ਦੇ ਦਿਮਾਗ਼ ‘ਚ ਕਿਹੜੀ ਅਰਥਵਿਵਸਥਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਆਸਾਨ ਨਹੀਂ ਹੈ।
ਫਾਰਚਿਊਨ ਨੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ, ”ਸਾਲ 2012 ‘ਚ ਸਤੰਬਰ ਦਾ ਮਹੀਨਾ ਸੀ। ਤਰੀਕ ਸੀ 27। ਥਾਂ ਸੀ ਅਮਰੀਕਾ ਦੀ ਸਟੈਨਫੋਰਟ ਯੂਨੀਵਰਸਟੀ। ਲਗਭਗ 500 ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਇਕੱਠ ਸੀ। ਉਥੇ ਮੌਜੂਦ ਸਨ ਭਾਰਤ ‘ਚ ਚਾਰ ਵਾਰ ਆਮ ਬਜਟ ਪੇਸ਼ ਕਰ ਚੁੱਕੇ ਅਤੇ ਆਰਥਿਕ ਸੁਧਾਰਾਂ ਦੇ ਹਮਾਇਤੀ ਯਸ਼ਵੰਤ ਸਿਨਹਾ। ਬਾਜ਼ਾਰ ਨਾਲ ਦੋਸਤਾਨਾ ਨੀਤੀਆਂ ਦੇ ਸਮਰਥਕ ਯਸ਼ਵੰਤ ਸਿਨਹਾ ਉਸ ਦਿਨ ਦੁਖੀ ਅਤੇ ਅਫਸੋਸ ਨਾਲ ਮੌਜੂਦ ਸਨ।”
ਫਾਰਚਿਊਨ ਨੇ ਅੱਗੇ ਲਿਖਿਆ ਹੈ, ”ਯਸ਼ਵੰਤ ਸਿਨਹਾ ਸਾਲ 2004 ‘ਚ ਭਾਜਪਾ ਦੀ ਹਾਰ ਦਾ ਦੋਸ਼ ਆਪਣੇ ਉੱਪਰ ਲੈ ਰਹੇ ਸਨ। ਉਨ੍ਹਾਂ ਕਿਹਾ ਸੀ – ਮੈਂ ਮਹਿਸੂਸ ਕਰਦਾ ਹਾਂ ਕਿ ਸਾਲ 2004 ‘ਚ ਪਾਰਟੀ ਦੀ ਹਾਰ ਲਈ ਸਿਰਫ ਮੈਂ ਜ਼ਿੰਮੇਵਾਰ ਹਾਂ। ਉਨ੍ਹਾਂ ਚੋਣਾਂ ‘ਚ ਮੈਂ ਜਿਹੜਾ ਸਬਕ ਲਿਆ, ਉਸ ਨੂੰ ਕਦੇ ਭੁੱਲ ਨਹੀਂ ਸਕਦਾ।”
ਜਦੋਂ ਯਸ਼ਵੰਤ ਸਿਨਹਾ ਸਟੈਨਫੋਰਡ ਯੂਨੀਵਰਸਿਟੀ ‘ਚ ਇਹ ਸਭ ਕਹਿ ਰਹੇ ਸਨ ਤਾਂ ਮੋਦੀ ਸਰਕਾਰ ਨਹੀਂ ਬਣੀ ਸੀ। ਉਦੋਂ ਉਹ ਲੋਕ ਸਭਾ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਨੂੰ ਉਮੀਦ ਰਹੀ ਹੋਵੇਗੀ ਕਿ ਸਾਲ 2014 ‘ਚ ਭਾਜਪਾ ਜਿੱਤ ਪ੍ਰਾਪਤ ਕਰਦੀ ਹੈ ਤਾਂ ਉਹ ਫਿਰ ਵਿੱਤ ਮੰਤਰੀ ਬਣ ਸਕਦੇ ਹਨ।
ਯਸ਼ਵੰਤ ਸਿਨਹਾ ਦੇ ਬਿਆਨ ਨੂੰ ਫਾਰਚਿਊਨ ਨੇ ਲਿਖਿਆ ਹੈ, ”ਮੈਂ ਵਿੱਤ ਮੰਤਰੀ ਰਹਿੰਦੇ ਹੋਏ ਕੈਰੋਸੀਨ ਤੇਲ ਕੀਮਤ ਢਾਈ ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 9.50 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਸੀ। ਪੇਂਡੂ ਭਾਰਤ ‘ਚ ਕੈਰੋਸੀਨ ਤੇਲ ਦੀ ਵਰਤੋਂ ਵੱਡੇ ਪੱਧਰ ‘ਤੇ ਰੌਸ਼ਨੀ ਅਤੇ ਖਾਣਾ ਬਣਾਉਣ ਲਈ ਹੁੰਦੀ ਹੈ। ਜਦੋਂ ਮੈਂ ਆਪਣੇ ਲੋਕ ਸਭਾ ਖੇਤਰ ‘ਚ ਇਕ ਪਿੰਡ ਵਿਚ ਚੋਣ ਪ੍ਰਚਾਰ ਕਰਨ ਗਿਆ ਤਾਂ ਇਕ ਬਜ਼ੁਰਗ ਔਰਤ ਨੂੰ ਵੋਟ ਦੇਣ ਲਈ ਕਿਹਾ ਅਤੇ ਉਸ ਨੇ ਕਿਹਾ ਕਿ ਠੀਕ ਹੈ ਪਰ ਕੀ ਮੈਂ ਕੈਰੋਸੀਨ ਦੀ ਕੀਮਤ ਵਧਾਉਣ ਲਈ ਜ਼ਿੰਮੇਵਾਰ ਨਹੀਂ ਸੀ? ਕੀ ਇਸ ਕਾਰਨ ਉਸ ਬਜ਼ੁਰਗ ਔਰਤ ਦੀ ਜ਼ਿੰਦਗੀ ਹੋਰ ਮੁਸ਼ਕਲ ਨਹੀਂ ਹੋਈ ਸੀ?”
ਸਿਨਹਾ ਨੇ ਕਿਹਾ ਸੀ, ”ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਵਿਕਾਸ ਦੇ ਕਈ ਕੰਮ ਕੀਤੇ ਸਨ, ਜਿਨ੍ਹਾਂ ‘ਚ ਹਾਈਵੇਅ ਦਾ ਨਿਰਮਾਣ ਸਭ ਤੋਂ ਅਹਿਮ ਸੀ। ਹਾਲਾਂਕਿ ਸਾਨੂੰ ਚੋਣਾਂ ਜਿੱਤਣ ‘ਚ ਮਦਦ ਨਹੀਂ ਮਿਲੀ। ਸਾਲ 2014 ‘ਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਜਪਾ ਨੂੰ ਨਰਿੰਦਰ ਮੋਦੀ ਦੀ ਅਗਵਾਈ ‘ਚ ਵੱਡੀ ਜਿੱਤ ਮਿਲੀ।
ਮਹਿੰਗਾਈ ਅਤੇ ਪੈਟਰੋਲ
ਇਕ ਵਾਰ ਫਿਰ ਮੋਦੀ ਸਰਕਾਰ ਮਹਿੰਗਾਈ ਅਤੇ ਖਾਸ ਕਰ ਪੈਟਰੋਲ ਦੀ ਮਹਿੰਗਾਈ ਨੂੰ ਲੈ ਕੇ ਘਿਰੀ ਹੋਈ ਹੈ। ਯਸ਼ਵੰਤ ਸਿਨਹਾ ਦਾ ਕਹਿਣਾ ਹੈ ਕਿ ਸਰਕਾਰ ਨੇ ਨੋਟਬੰਦੀ ਜਿਹਾ ਫੈਸਲਾ ਲੈ ਕੇ ਅਰਥਵਿਵਸਥਾ ਨੂੰ ਡੂੰਘੀ ਸੱਟ ਪਹੁੰਚਾਈ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਜਿਹੜੇ ਰੁਜ਼ਗਾਰ ਪੈਦਾ ਕਰਨ ਦਾ ਵਾਅਦਾ ਕੀਤਾ ਸੀ, ਉਸ ‘ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਭਾਰਤੀ ਅਰਥਵਿਵਸਥਾ ‘ਤੇ ਜੋਬਲੈਸ ਗ੍ਰੋਥ ਦਾ ਦੋਸ਼ ਕੋਈ ਨਵੀਂ ਗੱਲ ਨਹੀਂ ਹੈ।
ਜਦੋਂ ਨੋਟਬੰਦੀ ‘ਤੇ ਸੰਸਦ ‘ਚ ਬਹਿਸ ਹੋ ਰਹੀ ਸੀ ਤਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਦੀ ਜੀਡੀਪੀ ‘ਚ ਘੱਟੋ-ਘੱਟ 2 ਫੀਸਦੀ ਦੀ ਗਿਰਾਵਟ ਆਵੇਗੀ। ਉਦੋਂ ਜੋ ਵਾਧਾ ਦਰ ਹੈ, ਉਸ ‘ਚ ਮਨਮੋਹਨ ਸਿੰਘ ਦਾ ਕਿਹਾ ਬਿਲਕੁਲ ਸਹੀ ਸਾਬਤ ਹੋਇਆ ਹੈ। ਜਦੋਂ ਜੀਐਸਟੀ ਨੂੰ ਸੰਸਦ ‘ਚ ਪਾਸ ਕੀਤਾ ਗਿਆ ਤਾਂ ਸਰਕਾਰ ਦਾ ਮੰਨਣਾ ਸੀ ਕਿ ਇਸ ਨਾਲ ਜੀਡੀਪੀ ਉੱਪਰ ਜਾਵੇਗੀ।
ਸਰਕਾਰ ਦਾ ਆਂਕਲਨ ਗਲਤ ਸਾਬਤ ਹੋਇਆ। ਪਰ ਮਨਮੋਹਨ ਸਿੰਘ ਸਹੀ ਸਾਬਤ ਹੋਏ। ਦਰਅਸਲ ਮੋਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਜੀਐਸਟੀ ਨੂੰ ਲਾਗੂ ਕੀਤਾ ਗਿਆ, ਉਸ ‘ਤੇ ਸਵਾਲ ਪੈਦਾ ਹੋ ਰਹੇ ਹਨ। ਦੇਸ਼ ‘ਚ ਸਰਕਾਰ ਨੇ ਇਕ ਜੁਲਾਈ ਨੂੰ ਜੀਐਸਟੀ ਲਾਗੂ ਕਰਨ ਦਾ ਐਲਾਨ ਕੀਤਾ ਸੀ। ਜੀਐਸਟੀ ਬਾਰੇ ਕਿਹਾ ਗਿਆ ਕਿ 1991 ‘ਚ ਭਾਰਤੀ ਅਰਥਵਿਵਸਥਾ ਖੋਲ੍ਹੇ ਜਾਣ ਤੋਂ ਬਾਅਦ ਇਹ ਸਭ ਤੋਂ ਵੱਡਾ ਸੁਧਾਰ ਹੈ। ‘ਇਕ ਦੇਸ਼ ਇਕ ਟੈਕਸ’ ਦਾ ਨਾਅਰਾ ਦਿੱਤਾ ਗਿਆ।
ਸ਼ੁਰੂਆਤ ‘ਚ ਜੀਐਸਟੀ ਨੂੰ ਲੈ ਕੇ ਕਾਫੀ ਭੰਬਲਭੂਸਾ ਰਿਹਾ। ‘ਇਕ ਦੇਸ਼ ਇਕ ਟੈਕਸ’ ਦਾ ਨਾਅਰਾ ਭਾਵੇਂ ਦਿੱਤਾ ਗਿਆ, ਪਰ ਟੈਕਸ ਦੇ ਕਈ ਪੱਧਰ ਬਣਾਏ ਗਏ ਹਨ। ਦੂਜੇ ਪਾਸੇ ਜਿਨ੍ਹਾਂ ਦੇਸ਼ਾਂ ‘ਚ ਜੀਐਸਟੀ ਹੈ, ਉਥੇ ਟੈਕਸ ਦੇ ਰੇਟ ਵੱਖ-ਵੱਖ ਨਹੀਂ ਹਨ। ਵਪਾਰੀਆਂ ਦਾ ਦਾਅਵਾ ਹੈ ਕਿ ਭਾਰੀ ਟੈਕਸ ਦਰਾਂ ਕਾਰਨ ਸਰਕਾਰ ਨੂੰ ਫਾਇਦੇ ਦੇ ਬਦਲੇ ਨੁਕਸਾਨ ਹੀ ਹੋਣਾ ਹੈ।
‘ਬਲੂਮਬਰਗ’ ਨੇ ਲਿਖਿਆ ਹੈ, ”ਭਾਰਤ ਦੀ ਕਰੰਸੀ ਅਤੇ ਬਾਂਡ ਮਾਰਕਿਟ ‘ਤੇ ਸੰਕਟ ਦੇ ਬੱਦਲ ਛਾ ਰਹੇ ਹਨ। ਵਿਦੇਸ਼ੀ ਸ਼ੇਅਰ ਮਾਰਕਿਟ ਤੋਂ ਆਪਣਾ ਬਾਂਡ ਵੇਚ ਰਹੇ ਹਨ। ਭਾਰਤੀ ਬਾਜ਼ਾਰ ‘ਤੇ ਲੋਕਾਂ ਦਾ ਭਰੋਸਾ ਘੱਟ ਹੋ ਰਿਹਾ ਹੈ ਅਤੇ ਇਸ ਨਾਲ ਅਰਥਵਿਵਸਥਾ ‘ਚ ਹੋਰ ਗਿਰਾਵਟ ਦੀ ਸੰਭਾਵਨਾ ਵੱਧ ਗਈ ਹੈ। ਆਉਣ ਵਾਲੇ ਸਮੇਂ ‘ਚ ਰੁਪਇਆ ਡਾਲਰ ਦੇ ਮੁਕਾਬਲੇ ਹੋਰ ਕਮਜ਼ੋਰ ਪੈ ਸਕਦਾ ਹੈ।”
ਬੀ.ਬੀ.ਸੀ. ਤੋਂ ਧੰਨਵਾਦ ਸਹਿਤ