ਕਿੱਥੋਂ ਲੱਭ ਕੇ ਲਿਆਈਏ ਸ਼ੇਰੇ ਪੰਜਾਬ ਨੂੰ

0
18

maharaja_ranjit_singh_1200x1200ਅੱਜ ਹੋਵੇ ਤਾਂ ਸਰਕਾਰ ਮੁਲ ਪਾਵੇ…
ਪ੍ਰੋ. ਬਲਵਿੰਦਰਪਾਲ ਸਿੰਘ 9815700916

ਅੱਜ ਪੰਜਾਬ ਰੁਲ ਗਿਆ, ਸਿੱਖ ਰੁਲ ਗਏ, ਖਾਲਸਾ ਪੰਥ ਗੁਆਚ ਗਿਆ। ਪੰਜਾਬ ਬੰਜਰ, ਬੇਰੁਜ਼ਗਾਰ, ਖੇਤੀ, ਸਨਅਤ ਵਿਹੂਣਾ, ਨਸ਼ਿਆਂ ਤੇ ਜਾਤਪਾਤ ਤੇ ਫਿਰਕੂਵਾਦ ਵਿਚ ਗੜੁਚ। ਫਿਰ ਕਿਥੋਂ ਲੱਭ ਲਿਆਈਏ ਆਪਣੇ ਦੇਸ ਪੰਜਾਬ ਦੇ ਮਹਾਰਾਜਾ ਸ਼ੇਰੇ ਪੰਜਾਬ ਨੂੰ, ਜਿਸ ਦੀ ਸਿੰਘ ਗਰਜਣਾ ਤੋਂ ਅਫਗਾਨਿਸਤਾਨ, ਦਿਲੀ, ਕਸ਼ਮੀਰ, ਚੀਨ ਥਰ ਥਰ ਕੰਬਦੇ ਸਨ। ਖਾਲਸਾ ਪੰਥ ਦੇ ਝੰਡੇ ਬੁਲੰਦ ਸਨ। ਉਸ ਸਮੇਂ ਦਾ ਕਵੀ ਸ਼ਾਹ ਮਹੁੰਮਦ ਲਿਖਦਾ ਹੈ।
”ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,
ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ।
ਇਸ ‘ਜੰਗਨਾਮੇ’ ਦਾ ਇੱਕ ਹੋਰ ਕਾਵਿ ਬੰਦ ਹੈ:
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਅਫਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜਾਤ ਆਈ।”
ਖਾਲਸਾ ਪੰਥ ਕਦੇ ਵੀ ਦੇਸ ਪੰਜਾਬ ਵਿੱਚ ਤੀਸਰੀ ਜਾਤ ਨਹੀਂ ਸਨ। ਤੀਸਰੀ ਜਾਤ ਫਿਰੰਗੀਆਂ ਦੀ ਬ੍ਰਿਟਿਸ਼ ਹਕੂਮਤ ਸੀ।ਜੋ ਸ਼ੇਰੇ ਪੰਜਾਬ ਤੋਂ ਥਰ ਥਰ ਕੰਬਦੀ ਸੀ ਤੇ ਉਸ ਦਾ ਜਿਗਰਾ ਨਹੀਂ ਸੀ ਕਿ ਉਹ ਸ਼ੇਰੇ ਪੰਜਾਬ ਨੂੰ ਲਲਕਾਰ ਸਕੇ ਤੇ ਦੇਸ ਪੰਜਾਬ ਵਿਚ ਆਪਣੇ ਨਾਪਾਕ ਕਦਮ ਧਰ ਸਕੇ। ਖਾਲਸਾ ਪੰਥ ਦੇਸ ਪੰਜਾਬ ਦੇ ਸਿਧਾਂਤਕ ਅਗਵਾਈ ਕਰਨ ਵਾਲੇ ਰਖਵਾਲੇ ਤੇ ਪਹਿਰੇਦਾਰ ਸਨ। ਪਰ ਅੱਜ ਖਾਲਸਾ ਪੰਥ ਦੀ ਦੀ ਪਹਿਰੇਦਾਰੀ ਗਾਇਬ ਹੈ ਤੇ ਖਾਲਸਾ ਪੰਥ ਤੀਸਰੀ ਜਾਤ ਬਣ ਬੈਠਾ ਹੈ। ਇਹੀ ਪੰਜਾਬ ਤੇ ਸਿੱਖ ਪੰਥ ਦੇ ਖੁਆਰ ਹੋਣ ਦਾ ਕਾਰਣ ਹੈ। ਤੀਸਰੀ ਜਾਤ ਵਿਚ ਫਸੇ ਖਾਲਸਾ ਪੰਥ ਵਿਚੋਂ ਪੰਜਾਬ ਦੇ ਭਵਿਖ ਦੀ ਸਿਆਸਤ ਨਹੀਂ ਉਸਰੇਗੀ । ਸੰਤ ਫਤਹਿ ਸਿੰਘ ਬਰਨਾਲਾ ਤੇ ਬਾਦਲ ਦਲ ਵਾਲਾ ਉਜੱਡਵਾਦ ਵਾਲਾ ਅਜਗਰ ਨਿਗਲੇਗਾ ਜੋ ਆਪਣੇ ਪੰਥ ਤੇ ਪੰਜਾਬ ਨੂੰ ਨਿਗਲੇਗਾ।
ਕਈ ਵਾਰ ਅਸੀਂ ਇਸ ਸਭ ਕਾਸੇ ਲਈ ਜੱਟਵਾਦ ਨੂੰ ਦੋਸ਼ੀ ਠਹਿਰਾ ਕੇ ਨਵੀ ਜਾਤੀ ਨਫਰਤ ਫੈਲਾ ਦੇਂਦੇ ਹਾਂ। ਇਸਨੂੰ ਜੱਟਵਾਦ ਕਹਿਣ ਦੀ ਥਾਂ ਉਜੱਡਵਾਦ ਜਾਂ ਬਿਪਰਨਵਾਦ ਤੇ ਬਾਹਮਣਵਾਦ ਕਹਿਣਾ ਚਾਹੀਦਾ। ਸਰਵਉੱਚਤਾ ਦਾ ਵਿਚਾਰ ਮਨੂ ਸਿਮਰਤੀਆਂ ਦਾ ਹੈ, ਕਿਸੇ ਕਬੀਲੇ ਜਾਤ ਦਾ ਨਹੀਂ। ਪੰਜਾਬ ਦੀ ਏਕਤਾ ਲਈ ਇਸ ਸਥਿਤੀ ਤੇ ਵਿਚਾਰ ਨੂੰ ਸਮਝਣਾ ਜਰੂਰੀ ਹੈ। ਜ਼ਮੀਨ, ਸੱਤਾ ਤੇ ਮਾਇਆ ਦੀ ਮਾਲਕੀ ਜਦੋਂ ਜਾਦੂ ਵਾਂਗ ਤੁਹਾਡੇ ਸਿਰ ਤੇ ਬੋਲਦੀ ਹੈ ,ਉਹ ਉਜੱਡਵਾਦ ਪੈਦਾ ਕਰਦੀ ਹੈ। ਇਹੀ ਉਜੱਡਵਾਦ ਤੁਹਾਡੇ ਖਿਤੇ, ਰਾਜ, ਸਮਾਜ, ਕੌਮ, ਪੰਥ ਨੂੰ ਨਾਗਨੀ ਵਾਂਗ ਡੰਗਦਾ ਹੈ
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ।।
(ਗੁਰੂ ਗ੍ਰੰਥ ਸਾਹਿਬ, ਪੰਨਾ 510)
ਸੱਪ ਵੱਡੇ ਤੋਂ ਵੱਡੇ ਜਾਨਵਰ ਦੇ ਚਾਰੋਂ ਪਾਸੇ ਲਿਪਟ ਜਾਂਦਾ ਹੈ ਤੇ ਜਕੜ ਕੇ ਮਾਰ ਦੇਂਦਾ ਹੈ। ਆਮਤੌਰ ‘ਤੇ ਵੇਖਣ ਸੁਣਨ ਨੂੰ ਮਿਲਦਾ ਹੈ ਕਿ ਸੱਪ ਨੇ ਜੋ ਕੁਝ ਖਾਣਾ ਹੁੰਦਾ ਹੈ ਉਸ ਲਈ ਉਸਨੂੰ ਦੰਦਾਂ ਦੀ ਲੋੜ ਨਹੀਂ ਹੁੰਦੀ ਅਤੇ ਕਿਸੇ-ਕਿਸੇ ਸੱਪ ਦੇ ਤਾਂ ਕੇਵਲ ਦੋ ਦੰਦ ਹੁੰਦੇ ਹਨ, ਜਿਨ੍ਹਾਂ ਰਾਹੀਂ ਸ਼ਿਕਾਰ ਨੂੰ ਜ਼ਖਮ ਕਰਕੇ ਜ਼ਹਿਰ ਦੇਣਾ ਹੀ ਹੁੰਦਾ ਹੈ ਪਰ ਕੁਝ ਵੀ ਖਾਣ ਲਈ ਸੱਪ ਕੇਵਲ ਨਿਗਲਦਾ ਹੀ ਹੈ, ਚਬਾਉਂਦਾ ਨਹੀਂ।
ਮਾਇਆ ਮਮਤਾ ਮੋਹਣੀ
ਜਿਨਿ ਵਿਣੁ ਦੰਤਾ ਜਗੁ ਖਾਇਆ ।।
(ਗੁਰੂ ਗ੍ਰੰਥ ਸਾਹਿਬ, ਪੰਨਾ 643)
ਜਦੋਂ ਮਨੁੱਖ ‘ਮਾਈ ਮਾਇਆ ਛਲੁ’ ਦੇ ਭਰਮ ਜਾਲ ਉਜਡਵਾਦ ਵਿਚ ਫੱਸਦਾ ਹੈ ਤਾਂ ਕੌਮ ਪੰਥ ਦਾ ਜੀਵਨ ਉਸੀ ਜਾਨਵਰ ਵਾਂਗੂੰ ਮੁੱਕ ਜਾਂਦਾ ਹੈ, ਜਿਸ ਨੂੰ ਨਾਗਨੀ ਬਿਨਾ ਦੰਦਾਂ ਤੋਂ ਨਿਗਲ ਜਾਂਦੀ ਹੈ।
ਅੱਜ ਇਹੀ ਹਸ਼ਰ ਸਾਡਾ ਹੋ ਰਿਹਾ ਹੈ। ਸਾਨੂੰ ਸ਼ੇਰੇ ਪੰਜਾਬ ਦਾ ਕਲਚਰ ਪੰਜਾਬ ਵਿਚ ਫਿਰ ਜਿਉਂਦਾ ਰੱਖਣਾ ਪਵੇਗਾ। ਉਜਡਵਾਦ ਤੇ ਜਾਤੀਵਾਦ ਦਾ ਨਾਸ ਕਰਨਾ ਪਵੇਗਾ। ਹਿੰਦੂ, ਮੁਸਲਿਮ ਮੂਲਨਿਵਾਸੀ, ਈਸਾਈ ਸਭ ਨੂੰ ਗਲੇ ਲਗਾ ਕੇ ਪੰਜਾਬ ਦੇ ਭਲੇ ਲਈ ਸਮਾਜ ਤੇ ਸਿਆਸੀ ਤਬਦੀਲੀ ਲਈ ਲਹਿਰ ਸ਼ੁਰੂ ਕਰਨੀ ਪਵੇਗੀ। ਜੇ ਸ਼ੇਰੇ ਪੰਜਾਬ ਜਿਉਂਦਾ ਸਾਡੀ ਅਣਖ ਜਿਉਂਦੀ ਹੈ ਸਾਡਾ ਪੰਜਾਬ ਜਿਉਦਾ। ਸ਼ੇਰੇ ਪੰਜਾਬ ਦੀਆਂ ਨੀਤੀਆਂ ਤੇ ਕਲਚਰ ਹੀ ਪੰਜਾਬ ਨੂੰ ਬਚਾ ਸਕਦੇ ਹਨ।
ਬਰਗਾੜੀ ਮੋਰਚੇ ਤੋਂ ਇਹ ਗਲ ਸ਼ੁਰੂ ਹੋ ਸਕਦੀ ਹੈ ਜੇਕਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਆਪ ਪੰਜਾਬ ਦੇ ਹਿੰਦੂ, ਮੁਸਲਮ, ਸਿੱਖ, ਮੂਲਨਿਵਾਸੀ, ਈਸਾਈ ਭਾਈਚਾਰੇ ਨੂੰ ਪਰੇਰ ਕੇ ਬਰਗਾੜੀ ਮੋਰਚੇ ਵਿਚ ਸ਼ਾਮਲ ਕਰਾਉਣ। ਜੇ ਤੁਸੀਂ ਅਜਿਹਾ ਕਰਨ ਵਿਚ ਸਫਲ ਹੋਏ ਤਾਂ ਸਰਕਾਰ ਤੁਹਾਡੇ ਅਗੇ ਝੁਕ ਕੇ ਸਭ ਮੰਗਾਂ ਮੰਨੇਗੀ। ਫਿਰ ਇਹੀ ਵਿਚਾਰ ਨੀਤੀ ਵਿਚ ਬਦਲ ਕੇ ਸਿਆਸਤ ਤੇ ਪੰਜਾਬ ਦੇ ਭਵਿਖ ਲਈ ਲਾਗੂ ਕੀਤਾ ਜਾ ਸਕਦਾ ਹੈ। ਨਾਹਰੇਬਾਜ਼ੀ ਨਾਲ ਕੁਝ ਨਹੀਂ ਸੰਵਰਨਾ।