ਮਨੁੱਖ ਨੂੰ ਇਨਸਾਨੀਅਤ ਸਿਖਾਉਣ ਦਾ ਇਕ ਕੀਮਤੀ ਗੁਰਮਤਿ ਸਿਧਾਂਤ ਹੈ ਲੰਗਰ

0
12

langer
ਵੀਰ ਭੁਪਿੰਦਰ ਸਿੰਘ

ਲੰਗਰ ਗੁਰਮਤਿ ਦਾ, ਮਨੁੱਖਤਾ ਨੂੰ ਇਨਸਾਨੀਅਤ ਸਿਖਾਉਣ ਦਾ ਇਕ ਕੀਮਤੀ ਸਿਧਾਂਤ ਹੈ। ਕਾਸ਼ ! ਗੁਰਮਤਿ ਦਾ ਇਹ ਕੀਮਤੀ ਸਿਧਾਂਤ ਅਸੀਂ ਰੈਡ ਕਰਾਸ, ਯੂਐਨਓ, ਯੂਨੈਸਕੋ ਨੂੰ ਦੱਸ ਸਕੀਏ ਕਿ ਲੰਗਰ ਸਾਰੀ ਮਨੁੱਖਤਾ ਨੂੰ ਏਕਤਾ ਸਿਖਾਉਣ ਦਾ ਢੰਗ ਹੈ। ਪੁਰਾਤਨ ਸਮੇਂ ਤੋਂ ਹੀ ਧਰਮ ਅਸਥਾਨਾਂ ਉਤੇ ਲੰਗਰ, ਜਿਸ ਨੂੰ  ਭੰਡਾਰਾ ਜਾਂ ਯੱਗ ਕਹਿੰਦੇ ਸਨ, ਕੀਤਾ ਜਾਂਦਾ ਸੀ। ਜਿਸ ਜਗ੍ਹਾ ਉੱਚ ਜਾਤ ਵਾਲਿਆਂ ਦਾ ਲੰਗਰ ਹੁੰਦਾ ਸੀ ਉੱਥੇ ਨੀਵੀਂ ਜਾਤ ਵਾਲੇ ਨਹੀਂ ਆ ਸਕਦੇ ਸਨ, ਨਾ ਹੀ ਉਨ੍ਹਾਂ ਭਾਂਡਿਆਂ ਨੂੰ ਵਰਤ ਸਕਦੇ ਸਨ ਅਤੇ ਨਾ ਹੀ ਉਨ੍ਹਾਂ ਵਿਚ ਵਰਤਾਅ ਸਕਦੇ ਸਨ। ਇਸ ਉੱਚੀ-ਨੀਵੀਂ ਜਾਤ ਅਤੇ ਅਮੀਰ-ਗ਼ਰੀਬ ਦੇ ਵਿਤਕਰੇ ਨੂੰ ਖ਼ਤਮ ਕਰਨ ਲਈ ਗੁਰੂ ਘਰ ਵਿਚ ਲੰਗਰ ਦੀ ਵਿਲੱਖਣ ਪ੍ਰਥਾ ਚਲਾਈ। ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਵਿਚ ਬਾਦਸ਼ਾਹ ਅਕਬਰ ਜਦੋਂ ਗੁਰੂ ਘਰ ਵਿਚ ਆਉਂਦਾ ਹੈ ਤਾਂ ਉਸ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੇ ਉਸ ਦੇ ਮਨ ਵਿਚ ਇਹ ਖ਼ਿਆਲ ਹੈ ਕਿ ਉਹ ਰਾਜਾ ਹੈ ਅਤੇ ਬਾਕੀ ਮਨੁੱਖ ਨੀਵੇਂ ਹਨ ਤਾਂ ਉਹ ਗੁਰੂ ਘਰ ਆਉਣ ਤੋਂ ਪਹਿਲਾਂ ਬਾਹਰ ਹੀ ਖਾਣਾ ਛਕ ਕੇ ਆਏ। ਜੇ ਉਹ ਗੁਰੂ ਘਰ ਵਿਚ ਲੰਗਰ ਛਕਣਾ ਚਾਹੁੰਦਾ ਹੈ ਤਾਂ ਆਪਣੇ ਮਨ ‘ਚੋਂ ਉੱਚੇ-ਨੀਵੇਂ ਦੀ ਭਾਵਨਾ ਕੱਢ ਕੇ, ਪੰਗਤ ਵਿਚ ਸਭ ਮਨੁੱਖਾਂ ਨਾਲ ਰਲ ਕੇ ਬੈਠੇ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਗੁਰੂ ਘਰ ਵਿਚ ਲੰਗਰ ਦੀ ਪ੍ਰਥਾ ਦੀ ਸ਼ੁਰੂਆਤ ਬਰਾਬਰਤਾ ਸਿਖਾਉਣ ਲਈ ਹੋਈ ਸੀ। ਲੰਗਰ ਦਾ ਮਕਸਦ ਸੀ : ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।। (ਗੁਰੂ ਗ੍ਰੰਥ ਸਾਹਿਬ, ਪੰਨਾ 15)
ਜਿਸ ਲੰਗਰ ਵਿਚ ਗ਼ਰੀਬਾਂ ਨੂੰ ਜੰਗਲੇ, ਗੇਟ ਤੋਂ ਬਾਹਰ ਖੜ੍ਹਾ ਰੱਖਿਆ ਜਾਵੇ, ਉਥੇ ਅਕਸਰ ਗੁਰੂ ਪਾਤਸ਼ਾਹ ਦਾ ਬਰਾਬਰਤਾ ਵਾਲਾ ਨੁਕਤਾ ਟੁੱਟ ਜਾਂਦਾ ਹੈ। ਗੁਰੂ ਕੇ ਲੰਗਰਾਂ ਵਿਚ ਜੇ ਕੋਈ ਆਪਣੇ ਅਮੀਰਜ਼ਾਦੇ ਜਾਂ ਉੱਚ ਜਾਤੀ ਦੇ ਸਾਥੀ ਨੂੰ ਵੇਖ ਕੇ ਉਸ ਨਾਲ ਹੀ ਬੈਠਦਾ ਹੈ ਤੇ ਜੇਕਰ ਲੰਗਰ ਵਿਚ ਕੋਈ ਹਿੰਦੂ, ਮੁਸਲਮਾਨ, ਗ਼ੈਰ ਸਿੱਖ ਜਾਂ ਗ਼ਰੀਬ ਨਾਲ ਵਿਤਕਰੇ ਦੀ ਭਾਵਨਾ ਕਰੇ, ਉਹ ਵੀ ਸਿੱਖ ਸਿਧਾਂਤਾਂ ਅਨੁਸਾਰ ਸਹੀ ਨਹੀਂ ਹੈ। ਉਹ ਸੱਜਣ ਮੁਬਾਰਕ ਹਨ ਜਿਹੜੇ ਵਿਤਕਰਾ ਨਹੀਂ ਕਰਦੇ ਪਰ ਜੇਕਰ ਅਸੀਂ ਇਹ ਸੋਚ ਕੇ ਕਿ ਫਲਾਣੇ ਦੇ ਕੱਪੜੇ ਗੰਦੇ ਹਨ, ਇਹ ਗ਼ੈਰ ਸਿੱਖ ਹੈ, ਪਤਿਤ ਹੈ, ਦੂਜੇ ਮਜ਼੍ਹਬ ਦਾ ਹੈ ਉਸ ਨਾਲ ਨਹੀਂ ਬੈਠਦੇ ਤਾਂ ਲੰਗਰ ਦਾ ਮਕਸਦ ਹੱਲ ਨਹੀਂ ਹੋਇਆ ਕਿਉਂਕਿ ਬਰਾਬਰਤਾ ਵਾਲਾ ਨੁਕਤਾ ਪੂਰਾ ਨਹੀਂ ਹੁੰਦਾ।
ਗੁਰਮਤਿ ਅਨੁਸਾਰ ਲੰਗਰ ਦੇ ਸਿਧਾਂਤ ਨੂੰ ਸਮਝਦੇ ਹੋਏ ਸਾਨੂੰ ਚਾਹੀਦਾ ਹੈ ਕਿ ਸਾਡੇ ਲੰਗਰਾਂ ਵਿਚ ਸਾਦਗੀ ਹੋਵੇ। ਜੇ ਸਾਡੇ ਲੰਗਰਾਂ ਵਿਚ ਸਾਦਗੀ ਨਹੀਂ ਹੈ ਤਾਂ ਇਹ ਲੰਗਰ ਭਾਈ ਲਾਲੋ ਵਾਲੇ ਨਹੀਂ ਹੋਣਗੇ। ਕਈ ਵਾਰ ਅਸੀਂ ਲੰਗਰ ਕੇਵਲ ਆਪਣੀ ਅਮੀਰੀ ਦੇ ਦਿਖਾਵੇ ਲਈ ਕਰਦੇ ਹਾਂ। ਜੇ ਇਕ ਗੁਰਪੁਰਬ ਉਤੇ ਅਮੀਰੀ ਦੇ ਦਿਖਾਵੇ ਵਾਲੇ ਇਹ ਲੰਗਰ ਨਾ ਕਰੀਏ ਤਾਂ ਸੋਮਾਲੀਆ, ਬੋਸਨੀਆ, ਬੰਗਲਾਦੇਸ਼ ਅਤੇ ਉੜੀਸਾ ਵਰਗੀਆਂ ਗ਼ਰੀਬ ਥਾਵਾਂ ਉਤੇ ਭੁੱਖੇ ਤੇ ਲਾਚਾਰ ਲੋਕਾਂ ਨੂੰ ਸਾਰੀ ਉਮਰ ਵਾਸਤੇ ਰੋਟੀ ਖੁਆ ਸਕਦੇ ਹਾਂ, ਉਨ੍ਹਾਂ ਦਾ ਪਾਲਣ-ਪੋਸ਼ਣ ਕਰ ਸਕਦੇ ਹਾਂ, ਉਨ੍ਹਾਂ ਨੂੰ ਕੰਮ-ਕਾਜ ਦੇ ਸਕਦੇ ਹਾਂ। ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ।। (ਗੁਰੂ ਗ੍ਰੰਥ ਸਾਹਿਬ, ਪੰਨਾ 1349)। ਏਕੁ ਪਿਤਾ ਏਕਸ ਕੇ ਹਮ ਬਾਰਿਕ £ (ਗੁਰੂ ਗ੍ਰੰਥ ਸਾਹਿਬ, ਪੰਨਾ 611)।
ਸਭ ਦੀਆਂ ਰਗਾਂ ‘ਚ ਇਕੋ ਕਿਸਮ ਦਾ ਲਹੂ ਵਗਦਾ ਹੈ, ਫਿਰ ਉੱਚੀ-ਨੀਵੀਂ ਜਾਤ ਅਤੇ ਅਮੀਰੀ-ਗ਼ਰੀਬੀ ਦਾ ਵਿਤਕਰਾ ਕਰਨਾ ਮਨੁੱਖਤਾ ਦਾ ਸਿਧਾਂਤ ਨਹੀਂ। ਇਹ ਗੱਲ ਸਾਨੂੰ ਸੁਨੇਹਾ ਦਿੰਦੀ ਹੈ ਕਿ ਸਾਨੂੰ ਜਾਤ-ਪਾਤ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਰਾਹੀਂ ਸਾਨੂੰ ਗੁਰੂਆਂ ਅਤੇ ਭਗਤਾਂ ਦੀ ਬਾਣੀ ਤੋਂ ਇਹੀ ਸੁਨੇਹਾ ਮਿਲਦਾ ਹੈ ਪਰ ਸਾਡਾ ਧਿਆਨ ਇਸ ਪਾਸੇ ਨਹੀਂ ਜਾਂਦਾ। ਅਫਸੋਸ ਇਸ ਗੱਲ ਦਾ ਹੈ ਕਿ ਸਰੋਵਰ ਅਤੇ ਲੰਗਰ ਦੀ ਪ੍ਰਥਾ ਚਲਾਉਣ ਦੇ ਬਾਵਜੂਦ ਅਸੀਂ ਜਾਤ-ਪਾਤ ਅਤੇ ਅਮੀਰੀ-ਗ਼ਰੀਬੀ ਦੇ ਵਿਤਕਰੇ ਵਾਲੀ ਖੇਡ ਕਰੀ ਜਾਂ ਰਹੇ ਹਾਂ। ਇਸ ਦਾ ਭਾਵ ਅਸੀਂ ਗੁਰੂ ਸਾਹਿਬਾਨ ਦੀ ਬਾਣੀ ਅਨੁਸਾਰ ਆਪਣਾ ਜੀਵਨ ਨਹੀਂ ਬਣਾ ਰਹੇ ਹਾਂ। ਲੰਗਰ ਦੀ ਪੰਗਤ ਵਿਚ ਬੈਠ ਕੇ ਬਰਾਬਰਤਾ ਸਿੱਖਦੇ ਹੋਏ ਅਸੀਂ ਆਪਣੇ ਆਪ ਨੂੰ ਆਤਮਕ ਤੌਰ ਉਤੇ ਵੀ ਉੱਚਾ ਕਰ ਸਕਦੇ ਹਾਂ।
ਲੰਗਰ ਵਿਚ ਸਾਦਗੀ ਅਤੇ ਸਫਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਮਲਕ ਭਾਗੋ ਨਾਮ, ਅਮੀਰੀ, ਦਿਖਾਵੇ ਅਤੇ ਹੇਰਾ-ਫੇਰੀ ਦੀ ਕਮਾਈ ਦਾ ਪ੍ਰਤੀਕ ਹੈ। ਉਸੀ ਤਰ੍ਹਾਂ ‘ਭਾਈ ਲਾਲੋ’ ਗਰੀਬ, ਮਿਹਨਤ-ਮੁਸ਼ੱਕਤ ਅਤੇ ਇਮਾਨਦਾਰੀ ਦੀ ਕਮਾਈ ਦਾ ਪ੍ਰਤੀਕ ਹੈ।
ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿਚ ਰੱਖੀਏ ਤਾਂ ਸਾਨੂੰ ਸਮਝ ਪੈਂਦੀ ਹੈ ਕਿ ਲੰਗਰ ਸਭ ਦੇ ਲਈ ਸਾਂਝਾ ਹੈ, ਲੰਗਰ ਪਕਾਉਣਾ ਅਤੇ ਵਰਤਾਉਣਾ ਅਮਲੀ ਤੌਰ ਉਤੇ ਬਰਾਬਰਤਾ ਸਿੱਖਣ ਦਾ ਇਕ ਢੰਗ ਹੈ। ਪੁਰਾਤਨ ਸਮੇਂ ਹੀ ਨਹੀਂ ਅੱਜ ਤੋਂ ਤੀਹ-ਪੈਂਤੀ ਸਾਲ ਪਹਿਲੋਂ ਤਕ ਵੀ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਆਪ ਲੰਗਰ ਪਕਾਉਂਦੀਆਂ ਸਨ ਅਤੇ ਪਕਾਉਣ ਸਮੇਂ ਗੁਰਦੁਆਰੇ ਵਿਚ ਚਲ ਜਿਹਾ ਗੁਰਬਾਣੀ ਦਾ ਕਥਾ/ਕੀਰਤਨ ਸੰਗਤਾਂ ਦੇ ਕੰਨੀਂ ਪੈਂਦਾ ਸੀ। ਇਸ ਤਰ੍ਹਾਂ ਸਹਿਜੇ ਹੀ ਗੁਰੂ ਦੀ ਗੱਲ ਵੀ ਸਮਝ ਪੈ ਜਾਂਦੀ ਸੀ। ਹਰ ਉਮਰ, ਹਰ ਵਰਗ, ਜਾਤ, ਧਰਮ ਅਤੇ ਲਿੰਗ ਵਾਲੇ ਇਕੱਠੇ ਬੈਠਦੇ, ਬਿਨਾ ਕਿਸੇ ਵਿਤਕਰੇ ਦੇ ਲੰਗਰ ਪਕਾਉਂਦੇ ਅਤੇ ਵਰਤਾਉਂਦੇ ਸਨ। ਲੰਗਰ ਪਕਾਉਣ ਦੇ ਇਸ ਤਰੀਕੇ ਰਾਹੀਂ ਨਿਮਰਤਾ, ਏਕਤਾ ਅਤੇ ਬਰਾਬਰਤਾ (ਏਕੁ ਪਿਤਾ ਏਕਸ ਕੇ ਹਮ ਬਾਰਿਕ) ਦਾ ਸਿਧਾਂਤ ਦ੍ਰਿੜ ਹੁੰਦਾ ਸੀ, ਜੋ ਕਿ ਗੁਰੂ ਦੀ ਅਸਲੀ ਸੇਵਾ ਹੈ। ਲੰਗਰ ਦੀ ਸੇਵਾ ਹੱਥੀਂ ਮਿਹਨਤ ਕਰਕੇ ਕਰਨਾ ਸਿਹਤ ਲਈ ਵੀ ਫਾਇਦੇਮੰਦ ਸਿੱਧ ਹੁੰਦਾ ਹੈ। ਭਾਵੇਂ ਅੱਜ ਵੀ ਗੁਰਪੁਰਬਾਂ ਜਾਂ ਇਤਿਹਾਸਕ ਸਥਾਨਾਂ ਉਤੇ ਹੱਥੀਂ ਲੰਗਰ ਤਿਆਰ ਕੀਤਾ ਜਾਂਦਾ ਹੈ ਪਰ ਅੱਜ-ਕੱਲ੍ਹ ਦੇ ਸਮੇਂ ਵਿਚ ਲੰਗਰ ਵਿਚੋਂ ਸਾਦਗੀ ਪੰਖ ਲਗਾ ਕੇ ਉਡ ਗਈ ਹੈ।
ਹਲਵਾਈਆਂ ਤੋਂ ਲੰਗਰ ਬਣਵਾਉਣਾ, ਹੋਟਲਾਂ ਤੋਂ ਮੰਗਵਾਉਣਾ ਜਾਂ ਢੇਰ ਸਾਰੇ ਪਕਵਾਨਾਂ ਨੂੰ ਲੰਗਰ ਦਾ ਨਾਮ ਦੇਣਾ ਗੁਰਮਤਿ ਅਸੂਲਾਂ ਤੋਂ ਵਿਰੁੱਧ ਹੈ। ਆਮ ਤੌਰ ਉਤੇ ਸੰਗਤਾਂ ‘ਚ ਆਏ ਦਿਨ ਹਲਵਾਈ ਜਾਂ ਹੋਟਲਾਂ ਤੋਂ ਲੰਗਰ ਮੰਗਵਾ ਕੇ ਵਰਤਾਉਣ ਦੀ ਵਾਦੀ ਵਧਦੀ ਜਾ ਰਹੀ ਹੈ ਜੋ ਕਿ ਢਹਿੰਦੀ ਕਲਾ ਦੀ ਨਿਸ਼ਾਨੀ ਹੈ। ਬਾਹਰਲੇ ਦੇਸ਼ਾਂ ‘ਚ ਵੀ ਕਈ ਥਾਵਾਂ ਉਤੇ ਹਲਵਾਈ ਨੂੰ ਗੁਰਦੁਆਰੇ ਬੁਲਵਾ ਕੇ ਲੰਗਰ ਪਕਵਾਉਂਦੇ ਹਨ। ਕਈ ਥਾਵਾਂ ‘ਤੇ ਭਾਵੇਂ ਸੰਗਤਾਂ ਆਪ ਵੀ ਲੰਗਰ ਪਕਾਉਂਦੀਆਂ ਹਨ ਪਰ ਉੱਥੇ ਵੀ ਲੰਗਰ ਵਿਚ ਕੋਕ, ਜਲੇਬੀ, ਸ਼ਰਬਤ, ਪਰੌਂਠੇ, ਲੱਡੂ, ਖੀਰ, ਬਦਾਮ, ਬਰਫੀ ਆਦਿ ਚੀਜ਼ਾਂ ਲੰਗਰ ਵਿਚ ਵਰਤਾਈਆਂ ਜਾਂਦੀਆਂ ਹਨ ਨਤੀਜਨ ਲੰਗਰ ਵਿੱਚੋਂ ਸਾਦਗੀ ਅਤੇ ਬਰਾਬਰਤਾ ਵਾਲਾ ਸਿਧਾਂਤ ਅਲੋਪ ਹੁੰਦਾ ਜਾ ਰਿਹਾ ਹੈ।
ਕੁਦਰਤ ਦੇ ਨਿਯਮਾਂ ਨੂੰ ਸਮਝਣ ਵਾਲੇ ਨੁਕਤੇ ਅਨੁਸਾਰ ਬੀਮਾਰ ਨੂੰ ਹਸਪਤਾਲ ਜਾਂ ਡਾਕਟਰਾਂ ਤੋਂ ਛੁਪ ਕੇ, ਬਿਨਾ ਪੁੱਛੇ ਲੰਗਰ ਇਸ ਖ਼ਿਆਲ ਨਾਲ ਖੁਆਉਣਾ ਕਿ ਉਨ੍ਹਾਂ ਦੇ ਰੋਗ ਦੂਰ ਹੋ ਜਾਣਗੇ, ਗੁਰਮਤਿ ਦੇ ਸਿਧਾਂਤ ਤੋਂ ਲਾਂਭੇ ਹੋਣਾ ਅਤੇ ਇਕ ਅੰਧਵਿਸ਼ਵਾਸ ਹੈ। ਇਸ ਬਾਰੇ ਲੰਗਰ ਪਕਾਉਣ, ਵਰਤਾਉਣ ਅਤੇ ਕਮੇਟੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਕਿ ਕਿਸੀ ਮਰੀਜ਼ ਨੂੰ ਕਿਨ੍ਹਾਂ ਹਾਲਾਤ ਵਿਚ ਅਤੇ ਡਾਕਟਰ ਦੀ ਰਾਇ ਮੁਤਾਬਕ ਲੰਗਰ ਦਿੱਤਾ ਜਾਵੇ ਕਿ ਨਹੀਂ। ਇਨ੍ਹਾਂ ਸਭ ਗੱਲਾਂ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਲੰਗਰ ਦੀ ਵਿੱਲਖਣਤਾ, ਮਹਾਨਤਾ ਅਤੇ ਬਰਾਬਰਤਾ ਜਿਹੇ ਸਾਰੇ ਗੁਣਾਂ ਨੂੰ ਜੀਵਤ ਰੱਖਿਆ ਜਾ ਸਕੇ। ਲੰਗਰ ਸਾਦਾ ਹੋਵੇ, ਸਾਫ ਹੋਵੇ ਅਤੇ ਸਰਬ ਸਾਂਝਾ ਹੋਵੇ। ਸਾਦੇ ਫੁਲਕੇ ਅਤੇ ਦਾਲ-ਸਬਜ਼ੀ ਤੋਂ ਵੱਧ ਲੰਗਰ ਵਿਚ ਵਿਖਾਵੇ ਨਾ ਕੀਤੇ ਜਾਣ ਬਲਕਿ ਸਭ ਦੀ ਉਮਰ ਵਾਲਿਆਂ ਦੀ ਸਿਹਤ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਕੇ ਲੰਗਰ ਪਕਾਉਣਾ ਲਾਹੇਵੰਦ ਹੋਵੇਗਾ।
ਸਾਦੇ ਲੰਗਰ ਕਰਨ ਨਾਲ ਖਰਚੇ ਬਚਣਗੇ, ਲੰਗਰ ਵੀ ਜ਼ਾਇਆ ਨਹੀਂ ਜਾਵੇਗਾ ਅਤੇ ਵੱਧ ਤੋਂ ਵੱਧ ਮਾਇਆ ਬਚਾ ਕੇ ਅਸੀਂ ਹਸਪਤਾਲ, ਯਤੀਮਖਾਨੇ, ਵਿਧਵਾ ਆਸ਼ਰਮ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਸਕਦੇ ਹਾਂ ਜੋ ਕਿ ਗੁਰੂ ਸਾਹਿਬਾਨ ਵੇਲੇ ਵੀ ਅਮਲੀ ਤੌਰ ਉਤੇ ਕੀਤਾ ਜਾਂਦਾ ਸੀ। ਜੇ ਕਿਤੇ ਹੜ੍ਹ ਆਵੇ, ਸੋਕਾ ਪੈ ਜਾਵੇ, ਭੂਚਾਲ ਆ ਜਾਵੇ, ਅੱਗ ਲੱਗ ਜਾਵੇ ਜਾਂ ਕੋਈ ਬੇਘਰ ਹੋ ਜਾਵੇ ਤਾਂ ਗੁਰਦੁਆਰੇ ਜਾਂ ਕਿਸੇ ਸੰਸਥਾ ਵੱਲੋਂ ਰਲ ਕੇ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ ਪਕਾਉਣ ਅਤੇ ਵਰਤਾਉਣ ਲਈ ਸੇਵਾ ਭਾਵਨਾ ਵਾਲੇ ਸੇਵਾਦਾਰ (ਵਲੰਟੀਅਰ) ਜਾਂਦੇ ਹਨ। ਇਹ ਗੁਰਮਤਿ ਦਾ ਇਕ ਅਨੋਖਾ ਅਤੇ ਸਰਬ ਸਾਂਝੀਵਾਲਤਾ ਨਾਲ ਜਿਊਣ ਦਾ ਵਿਲੱਖਣ ਢੰਗ ਹੈ। ਗੁਰਦੁਆਰਿਆਂ ਵਿਚ ਸਾਨੂੰ ”ਜਿਥੈ ਨੀਚ ਸਮਾਲੀਅਨਿ” ਵਾਲੇ ਨੁਕਤੇ ਵੱਲ ਧਿਆਨ ਕਰਨ ਦੀ ਲੋੜ ਹੈ। ਸੰਗਤਾਂ ਅਤੇ ਕਮੇਟੀਆਂ ਆਪ ਇਸ ਕੰਮ ਨੂੰ ਨਜਿੱਠ ਸਕਦੀਆਂ ਹਨ।
ਲੰਗਰ ਪਕਾਉਣਾ ਅਤੇ ਵਰਤਾਉਣਾ ਗੁਰਮਤਿ ਦਾ ਅਟੁੱਟ ਅੰਗ ਹੈ। ਇਸ ਰਾਹੀਂ ਨਿਮਰਤਾ ਅਤੇ ਬਰਾਬਰਤਾ ਦਾ ਸੁਭਾਅ ਪੱਕ ਜਾਂਦਾ ਹੈ। ਸਭ ਤੋਂ ਵੱਡਾ ਮਕਸਦ ਹੈ, ਗੁਰਮਤਿ ਨੂੰ ਸੁਣਨਾ, ਵਿਚਾਰਨਾ ਅਤੇ ਗੁਰਬਾਣੀ ਅਨੁਸਾਰ ਅਮਲੀ ਜੀਵਨੀ ਦਾ ਧਾਰਨੀ ਬਣਨਾ। ਜੇਕਰ ਅਸੀਂ ਲੰਗਰ ਪਕਾਉਣ ਅਤੇ ਵਰਤਾਉਣ ਵਿਚ ਆਪਣਾ ਤਨ, ਮਨ ਅਤੇ ਧਨ ਲਗਾਉਂਦੇ ਹਾਂ ਪਰ ਗੁਰਮਤਿ ਨਹੀਂ ਸਿੱਖਦੇ ਹਾਂ, ਅਮਲੀ ਜੀਵਨ ਵਾਲਾ ਸੁਭਾਅ ਨਹੀਂ ਬਣਾਉਂਦੇ ਹਾਂ, ਗੁੱਸੇ ਅਤੇ ਹੰਕਾਰੀ ਹੋ ਕੇ ਗਰੀਬ ਨੂੰ ਮਾੜੇ ਬੋਲ ਬੋਲਦੇ ਹਾਂ ਜਾਂ ਧੜੇਬਾਜ਼ੀ ਕਾਰਨ ਹੋਰਨਾਂ ਨੂੰ ਗਾਲਾਂ ਭਰੇ ਕੁਬੋਲ ਬੋਲਦੇ ਹਾਂ ਤਾਂ ਅਮਲੀ ਜੀਵਨ ਤੋਂ ਬਿਨਾ ਸਾਡਾ ਸਾਰਾ ਜੀਵਨ ਵਿਅਰਥ ਜਾ ਰਿਹਾ ਹੈ। ਲੰਗਰ ਪਕਾ ਕੇ, ਵਰਤਾਅ ਕੇ ਜਾਂ ਲੰਗਰ ਲਈ ਮਾਇਆ ਦੇ ਕੇ ਗੁਰਮਤਿ ਅਸੂਲਾਂ ਤੋਂ ਉਲਟ ਛੂਤ-ਛਾਤ, ਜਾਤ-ਪਾਤ, ਅਮੀਰ-ਗਰੀਬ ਦਾ ਵਿਤਕਰਾ ਅਤੇ ਪਖੰਡ, ਦਿਖਾਵੇ ਵਾਲੇ ਕਰਮਕਾਂਡ ਜੇਕਰ ਅਸੀਂ ਕਰਦੇ ਹਾਂ ਤਾਂ ਗਿਆਨ ਤੋਂ ਕੋਰੇ ਰਹਿੰਦੇ ਹਾਂ। ਸਾਡੀ ਸਾਰੀ ਮਿਹਨਤ ਅਜਾਈਂ ਜਾ ਰਹੀ ਹੈ ਅਤੇ ਨਿਰਾਰਥਕ ਹੀ ਸਿੱਧ ਹੋਵੇਗੀ।
ਭਾਵੇਂ ਲੰਗਰ ਪਕਾਈਏ, ਵਰਤਾਈਏ ਜਾਂ ਲੰਗਰ ਲਈ ਮਾਇਆ ਦੇਈਏ ਪਰ ਗੁਰਮਤਿ ਗਿਆਨ ਲੈਣਾ ਅਤੇ ਉਸ ਅਨੁਸਾਰ ਆਪਣਾ ਜੀਵਨ ਅਮਲੀ ਤੌਰ ਉਤੇ ਜਿਊਣਾ ਵੀ ਸਾਡੇ ਜੀਵਨ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਧਰਮ ਦੀ ਕਿਰਤ ਕਮਾਈ, ਹੱਕ-ਹਲਾਲ ਦੀ ਕਮਾਈ ਅਤੇ ਹੋਰਨਾਂ ਲਈ ਵੰਡ ਛਕਣਾ ਹੀ ਗੁਰਮਤਿ ਅਨੁਸਾਰ ਲੰਗਰ ਦਾ ਪ੍ਰਤੀਕ ਹੈ।